ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਭਾਰਤੀ ਸਮਾਜ ਅਤੇ ਔਰਤ

Posted On June - 25 - 2019

ਮੂਰਤੀ ਕੌਰ

ਭਾਰਤੀ ਸਮਾਜ ਵਿਚ ‘ਇਨਸਾਨੀਅਤ’ ਨਾਂ ਦੇ ਧਰਮ ਦੀ ਹੋਂਦ ਮਨਫ਼ੀ ਹੁੰਦੀ ਜਾ ਰਹੀ ਹੈ। ਜਿੱਥੇ ਔਰਤ ਨੂੰ ਦੇਵੀ ਦੇ ਰੂਪ ਵਿਚ ਪੂਜਿਆ ਜਾਂਦਾ ਹੈ ਉੱਥੇ ਜਿਉਂਦੀ ਜਾਗਦੀ ਔਰਤ ਦੀ ਜ਼ਿੰਦਗੀ ਤਰਸਯੋਗ ਬਣੀ ਹੋਈ ਹੈ। ਮੱਧਵਰਗੀ ਤੇ ਨੀਵੀਂ ਸ਼੍ਰੇਣੀ ਦੀਆਂ ਔਰਤਾਂ ਦੀ ਸਥਿਤੀ ਹੋਰ ਵੀ ਨਾਜ਼ੁਕ ਹੈ। ਸਾਡੇ ਸਮਾਜ ਵਿਚ ਔਰਤ ਨੂੰ ਮਨੁੱਖ ਨਹੀਂ ਬਲਕਿ ਵਰਤਣ ਦੀ ਸ਼ੈਅ ਸਮਝਿਆ ਜਾਂਦਾ ਹੈ। 21ਵੀਂ ਸਦੀ ਵਿਚ ਦੇਸ਼ ਦੀ ਤਰੱਕੀ ਦੀ ਕਹਾਣੀ ਅਧੂਰਾ ਸੱਚ ਹੈ ਕਿਉਂਕਿ ਇੱਥੇ ਔਰਤ ਹੋਣਾ ਸ਼ਰਾਪ ਬਣਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਔਰਤ ਪੜ੍ਹ-ਲਿਖ ਕੇ ਆਜ਼ਾਦ ਜੀਵਨ ਬਤੀਤ ਕਰ ਰਹੀ ਰਹੀ ਹੈ, ਪਰ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਹਨ। ਕੀ ਇਹ ਸੱਤਾਮਈ ਧਿਰਾਂ ਵੱਲੋਂ ਸਿਰਜਿਆ ਭੁਲੇਖਾ ਤਾਂ ਨਹੀਂ ਜਿਸ ਨੂੰ ਸਮਾਜ ਦਾ ਹਰ ਵਰਗ ਪ੍ਰਸ਼ਨ ਕਰਨ ਦੀ ਬਜਾਏ ਅੱਖਾਂ ਬੰਦ ਕਰਕੇ ਸਵੀਕਾਰ ਕਰੀ ਬੈਠਾ ਹੈ? ਕੀ ਔਰਤ ਇਸ ਸਮਾਜ ਅੰਦਰ ਬਿਨਾਂ ਕਿਸੇ ਡਰ ਦੇ ਆਜ਼ਾਦ ਵਿਚਰ ਸਕਦੀ ਹੈ? ਕੀ ਸਮਾਜ ਵਿਚ ਔਰਤ ਨੂੰ ਬਰਾਬਰ ਅਧਿਕਾਰ ਮਿਲ ਰਹੇ ਹਨ? ਸਮਾਜ ਅੰਦਰ ਔਰਤ ਨਾਲ ਨਿੱਤ ਦਿਹਾੜੇ ਵਾਪਰ ਰਹੀਆਂ ਘਟਨਾਵਾਂ ਜ਼ਰੀਏ ਔਰਤ ਦੀ ਹੋਣੀ ਦਾ ਦਰਦ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ।
2012 ਵਿਚ ਇਕ ਕੁੜੀ ਨਾਲ ਦਿੱਲੀ ਵਿਚ ਗੈਂਗਰੇਪ ਹੁੰਦਾ ਹੈ ਜਿਸ ਪਿੱਛੋਂ ਉਸ ਦੀ ਹਾਲਤ ਇੰਨੀ ਨਾਜ਼ੁਕ ਹੋ ਜਾਂਦੀ ਹੈ ਕਿ ਉਹ ਆਪਣੀ ਜ਼ਿੰਦਗੀ ਦੀ ਜੰਗ ਹਾਰ ਜਾਂਦੀ ਹੈ। ਇਸ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਜਨਵਰੀ 2018 ਵਿਚ ਅੱਠ ਸਾਲਾ ਬੱਚੀ ਆਸਿਫ਼ਾ ਨੂੰ ਬਲਾਤਕਾਰ ਪਿੱਛੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਅਜਿਹੀ ਹੀ ਇਕ ਘਟਨਾ ਪਿਛਲੇ ਦਿਨੀਂ ਸੰਗਰੂਰ ਜ਼ਿਲ੍ਹੇ ਦੇ ਛੋਟੇ ਜਿਹੇ ਸ਼ਹਿਰ ਧੂਰੀ ਵਿਚ ਵਾਪਰੀ ਹੈ। ਇਸ ਘਟਨਾ ਦਾ ਸਥਾਨ ਕੋਈ ਹੋਰ ਨਹੀਂ ਬਲਕਿ ਵਿੱਦਿਆ ਦਾ ਮੰਦਰ (ਸਕੂਲ) ਹੈ। ਇਸ ਘਟਨਾ ਦਾ ਸ਼ਿਕਾਰ ਹੋਈ ਬੱਚੀ ਦੀ ਉਮਰ ਸਿਰਫ਼ ਚਾਰ ਤੋਂ ਲੈ ਕੇ ਪੰਜ ਸਾਲ ਵਿਚਕਾਰ ਹੈ। ਸਕੂਲ ਬੱਸ ਦੇ ਕੰਡਕਟਰ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।
ਔਰਤਾਂ/ਬੱਚੀਆਂ ਨਾਲ ਜਦੋਂ ਇਕ ਵਾਰ ਅਜਿਹੀ ਘਟਨਾ ਵਾਪਰ ਜਾਂਦੀ ਹੈ, ਫਿਰ ਉਸਨੂੰ ਪਤਾ ਨਹੀਂ ਕਿੰਨੇ ਹੀ ਮਾਨਸਿਕ ਕਸ਼ਟ ਭੋਗਣੇ ਪੈਂਦੇ ਹਨ ਜੋ ਜ਼ਿੰਦਗੀ ਭਰ ਨਾਲ ਚੱਲਦੇ ਹਨ। ਅਜਿਹਾ ਵਾਪਰਨ ਪਿੱਛੋਂ ਭਾਵੇਂ ਕਾਨੂੰਨੀ ਪ੍ਰਕਿਰਿਆ ਦੌਰਾਨ ਉਸ ਦੀ ਪਛਾਣ ਨੂੰ ਲੁਕਾ ਕੇ ਰੱਖਿਆ ਜਾਂਦਾ ਹੈ, ਪਰ ਕੀ ਜਿਸ ਸਮਾਜ ਦਾ ਉਹ ਹਿੱਸਾ ਹੈ, ਉਨ੍ਹਾਂ ਦੀਆਂ ਨਜ਼ਰਾਂ ਤੋਂ ਉਸ ਨੂੰ ਬਚਾਇਆ ਜਾ ਸਕਦਾ ਹੈ? ਕੀ ਬਲਾਤਕਾਰ ਪੀੜਤ ਪਹਿਲਾਂ ਵਾਂਗ ਸਮਾਜ ਵਿਚ ਵਿਚਰ ਸਕਦੀ ਹੈ? ਕੀ ਸਮਾਜ ਇਸ ਹਾਦਸੇ ਪਿੱਛੋਂ ਉਸਨੂੰ ਅਪਣਾਉਣ ਲਈ ਤਿਆਰ ਹੋਵੇਗਾ?
ਇਨ੍ਹਾਂ ਘਟਨਾਵਾਂ ਨੂੰ ਵੇਖਦਿਆਂ ਲੱਗਦਾ ਹੈ ਕਿ ਸਾਡਾ ਸਮਾਜ ਕਿੰਨਾ ਨਿੱਘਰ ਚੁੱਕਿਆ ਹੈ। ਸਾਡੀਆਂ ਨਿੱਕੀਆਂ ਬੱਚੀਆਂ ਸਮੇਤ ਔਰਤ ਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਧਾਰਮਿਕ ਸਥਾਨਾਂ, ਕੰਮ ਕਰਨ ਦੀਆਂ ਥਾਂਵਾਂ, ਸਫ਼ਰ ਆਦਿ ਵਿਚ ਅਨੇਕਾਂ ਵਾਰ ਸਰੀਰਿਕ ਤੇ ਮਾਨਸਿਕ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਹੈ।
ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀ 2013 ਦੀ ਰਿਪੋਰਟ ਅਨੁਸਾਰ 2012 ਦੌਰਾਨ 24,923 ਬਲਾਤਕਾਰ ਦੇ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 98% ਕੇਸ ਪੀੜਤਾਂ ਦੇ ਜਾਣ-ਪਛਾਣ ਵਾਲਿਆਂ ਵੱਲੋਂ ਕੀਤੇ ਗਏ ਸਨ। ਇਸ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਔਰਤਾਂ ਆਪਣੇ ਸੰਗੀ-ਸਾਥੀਆਂ ਤੇ ਜਾਣਨ ਵਾਲਿਆਂ ਕੋਲੋਂ ਹੀ ਸੁਰੱਖਿਅਤ ਨਹੀਂ ਹਨ। ਇਸ ਤੋਂ ਇਲਾਵਾ ਅਜਿਹੀਆਂ ਬਹੁਤ ਹੀ ਘਟਨਾਵਾਂ ਹਨ ਜਿਨ੍ਹਾਂ ਨੂੰ ਸਮਾਜ ਵਿਚ ਇੱਜ਼ਤ ਦਾ ਸਵਾਲ ਸਮਝ ਕੇ ਅੰਦਰ ਹੀ ਦਬਾਅ ਲਿਆ ਜਾਂਦਾ ਹੈ। ਅਜਿਹੀਆਂ ਘਟਨਾਵਾਂ ਵਾਪਰਨ ਪਿੱਛੇ ਬਹੁਤ ਸਾਰੇ ਛੋਟੇ-ਵੱਡੇ ਕਾਰਨਾਂ ਸਮੇਤ ਅਸਲ ਕਾਰਨ ਹੈ ਕਿ ਸਾਡਾ ਸਮਾਜ ਇੰਨੇ ਪਿੱਛੜੇਪਣ ਦਾ ਸ਼ਿਕਾਰ ਹੈ ਕਿ ਉਹ ਨਾਰੀ ਦੀ ਮਨੁੱਖੀ ਹੋਂਦ, ਉਸ ਦੀ ਖ਼ੁਦਮੁਖ਼ਤਾਰੀ ਅਤੇ ਆਜ਼ਾਦ ਹਸਤੀ ਨੂੰ ਕਬੂਲ ਕਰਨ ਲਈ ਤਿਆਰ ਹੀ ਨਹੀਂ ਹੋਇਆ।
ਦੇਸ਼ ਵਿਚ ਔਰਤਾਂ ਖਿਲਾਫ਼ ਸਖ਼ਤ ਕਾਨੂੰਨ ਹੋਣ ਦੇ ਬਾਵਜੂਦ ਇਹ ਘਟਨਾਵਾਂ ਠੱਲ੍ਹ ਨਹੀਂ ਰਹੀਆਂ, ਸਗੋਂ ਇਨ੍ਹਾਂ ਵਿਚ ਰੋਜ਼ਾਨਾ ਵਾਧਾ ਹੋ ਰਿਹਾ ਹੈ। ਇਸ ਦਾ ਇਕ ਕਾਰਨ ਦੋਸ਼ੀਆਂ ’ਤੇ ਲੰਬਾ ਸਮਾਂ ਅਦਾਲਤਾਂ ਵਿਚ ਕਾਰਵਾਈ ਦਾ ਚੱਲਣਾ ਹੈ ਜਿਸ ਕਾਰਨ ਪੀੜਤਾਂ ਨੂੰ ਨਿਆਂ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ।
ਇਹ ਸਮੇਂ ਦੀ ਲੋੜ ਬਣ ਚੁੱਕੀ ਹੈ ਕਿ ਲੜਕੀਆਂ ਦਾ ਪਾਲਣ-ਪੋਸ਼ਣ ਇਸ ਢੰਗ ਨਾਲ ਕੀਤਾ ਜਾਵੇ ਕਿ ਉਹ ਸਿਰਫ਼ ਮਰਦ ਦੇ ਹੱਥਾਂ ਦੀ ਕਠਪੁਤਲੀ ਹੀ ਨਾ ਬਣੀ ਰਹੇ ਬਲਕਿ ਆਪਣੀ ਸੁਰੱਖਿਆ ਲਈ ਲੜਨ ਦੇ ਯੋਗ ਵੀ ਹੋਵੇ। ਪਰਿਵਾਰਕ ਮੈਂਬਰਾਂ ਤੇ ਸਕੂਲਾਂ ਆਦਿ ਵਿਚ ਬੱਚਿਆਂ ਨੂੰ ਇਹ ਸਿੱਖਿਆ ਦਿੱਤੀ ਜਾਵੇ ਕਿ ਜੇ ਕੋਈ ਗ਼ਲਤ ਤਰੀਕੇ ਨਾਲ ਉਨ੍ਹਾਂ ਦੇ ਸਰੀਰਿਕ ਅੰਗਾਂ ਨੂੰ ਛੋਹੇ ਤਾਂ ਉਹ ਬੇਝਿਜਕ ਦੂਜਿਆਂ ਨਾਲ ਇਹ ਗੱਲ ਸਾਂਝੀ ਕਰਨ। ਬਲਾਤਕਾਰ ਪੀੜਤ ਪ੍ਰਤੀ ਸਮਾਜ ਨੂੰ ਆਪਣਾ ਨਜ਼ਰੀਆ ਬਦਲਣ ਦੀ ਲੋੜ ਹੈ ਕਿਉਂਕਿ ਇਸ ਘਟਨਾ ਲਈ ਪੀੜਤਾ ਦਾ ਕੋਈ ਕਸੂਰ ਨਹੀਂ ਹੁੰਦਾ। ਸਰਕਾਰਾਂ ਨੂੰ ਇਨ੍ਹਾਂ ਘਟਨਾਵਾਂ ਦੇ ਹੱਲ ਲਈ ਉਚਿਤ ਕਦਮ ਉਠਾਉਣੇ ਚਾਹੀਦੇ ਹਨ। ਨਿਆਂ ਪ੍ਰਣਾਲੀ ਵਿਚ ਸੁਧਾਰ ਕਰਕੇ ਦੋਸ਼ੀਆਂ ਨੂੰ ਤੁਰੰਤ ਸਜ਼ਾ ਦਾ ਵਿਧਾਨ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅਜਿਹੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਵਿਅਕਤੀ ਸੋਚਣ ਲਈ ਮਜਬੂਰ ਹੋਵੇ।

*ਪਿੰਡ ਹਸਨਪੁਰ, ਜ਼ਿਲ੍ਹਾ ਸੰਗਰੂਰ


Comments Off on ਭਾਰਤੀ ਸਮਾਜ ਅਤੇ ਔਰਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.