ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਭਾਰਤੀ ਕ੍ਰਿਕਟ ਟੀਮ ਤੇ ਇਸ ਦੇ ਰੰਗਲੇ ਕਿਰਦਾਰ…

Posted On June - 10 - 2019

ਪੜ੍ਹਦਿਆਂ ਸੁਣਦਿਆਂ

ਓਲੰਪਿਕ ਖੇਡਾਂ ਜਾਂ ਹੋਰਨਾਂ ਵਿਸ਼ਵ ਪੱਧਰੀ ਮੁਕਾਬਲਿਆਂ ਸਮੇਂ ਉਨ੍ਹਾਂ ਬਾਰੇ ਦਰਜਨਾਂ ਕਿਤਾਬਾਂ ਮਾਰਕੀਟ ਵਿਚ ਆ ਜਾਣੀਆਂ ਇਕ ਪੁਰਾਣਾ ਵਰਤਾਰਾ ਹੈ। ਲੇਖਕ ਤੇ ਪ੍ਰਕਾਸ਼ਕ, ਜਨਤਕ ਉਤਸੁਕਤਾ ਨੂੰ ਨਗਦ ਰੂਪ ਵਿਚ ਭੁਨਾਉਣ ਦਾ ਕੋਈ ਮੌਕਾ ਨਹੀਂ ਖੁੰਝਾਉਂਦੇ। ਭਾਵੇਂ ਡਿਜੀਟਲ ਮੀਡੀਆ ਦੀ ਸਰਬ-ਵਿਆਪਕਤਾ ਤੇ ਸਰਬਾਂਗੀ ਪਹੁੰਚ ਨੇ ਪ੍ਰਿੰਟ ਮੀਡੀਆ ਦੇ ਕਾਰੋਬਾਰ ਉੱਤੇ ਮੰਦਾ ਅਸਰ ਪਾਇਆ ਹੈ, ਫਿਰ ਵੀ ਜੋ ਸਥਾਈਤਵ, ਭਰੋਸਾ ਤੇ ਇਤਬਾਰ ਕਿਤਾਬਾਂ ਦੇ ਰੂਪ ਵਿਚ ਪਰੋਸੀ ਸਮੱਗਰੀ ਉੱਤੇ ਹੁੰਦਾ ਹੈ, ਉਹ ਡਿਜੀਟਲ ਮੀਡੀਆ ਦੀ ਹਸਤੀ ਤੇ ਵਜੂਦ ਦਾ ਅਜੇ ਹਿੱਸਾ ਨਹੀਂ ਬਣ ਸਕਿਆ।
ਵਿਸ਼ਵ ਕ੍ਰਿਕਟ ਕੱਪ ਅੱਜਕੱਲ੍ਹ ਆਪਣੇ ਪੂਰੇ ਜਲੌਅ ’ਤੇ ਹੈ। ਇਹ ਵੀ ਕਿਤਾਬੀ ਵਬਾਅ ਦੇ ਹੱਲਿਆਂ ਤੋਂ ਬਚ ਨਹੀਂ ਸਕਿਆ। ਇਸ ਦੀ ਸ਼ੁਰੂਆਤ ਤੋਂ ਇਕ ਹਫ਼ਤਾ ਪਹਿਲਾਂ ਇਕੱਲੀ ਅੰਗਰੇਜ਼ੀ ਭਾਸ਼ਾ ਵਿਚ ਹੀ ਇਕ ਦਰਜਨ ਤੋਂ ਵੱਧ ਕਿਤਾਬਾਂ ਰਿਲੀਜ਼ ਹੋ ਗਈਆਂ। ਅਜਿਹੀਆਂ ਕੁਇੱਕ-ਫਿਕਸਨੁਮਾ ਕਿਤਾਬਾਂ ਤੋਂ ਡੂੰਘਾਈ ਤੇ ਮੌਲਿਕਤਾ ਦੀ ਉਮੀਦ ਨਹੀਂ ਰੱਖੀ ਜਾਣੀ ਚਾਹੀਦੀ, ਫਿਰ ਵੀ ਇਸ ਭੀੜ ਵਿਚੋਂ ਇਕ ਕਿਤਾਬ, ਚਿੱਕੜ ’ਚੋਂ ਉੱਭਰੇ ਕਮਲ ਵਾਂਗ ਸਾਹਮਣੇ ਆਈ। ਪੱਤਰਕਾਰ ਤੇ ਲੇਖਕ ਮਿਹਿਰ ਬੋਸ ਦੀ ਇਹ ਕਿਤਾਬ ‘ਦਿ ਨਾਈਨ ਵੇਵਜ਼’ (ਅਲਫ਼ ਬੁੱਕਸ, 561 ਪੰਨੇ, 999 ਰੁਪਏ) ਭਾਰਤੀ ਕ੍ਰਿਕਟ ਦਾ ਇਤਿਹਾਸ ਵੀ ਹੈ ਅਤੇ ਇਸ ਦੀ ਚੜ੍ਹਤ ਤੇ ਵਜਦ ਦਾ ਦਸਤਾਵੇਜ਼ੀ ਸਬੂਤ ਵੀ। ਵਿਸ਼ਾ ਸਮੱਗਰੀ ਪੱਖੋਂ ਇਹ ਇਕ ਮੁਕੰਮਲ ਖੋਜ-ਗਰੰਥ ਹੈ। ਸਿਰਫ਼ ਇਸੇ ਇਕ ਕਾਰਨ ਕਰਕੇ ਵੀ ਇਸ ਨੂੰ ਸਾਂਭਣਯੋਗ ਕਰਾਰ ਦਿੱਤਾ ਜਾ ਸਕਦਾ ਹੈ।
ਮਿਹਿਰ ਬੋਸ ਅੰਗਰੇਜ਼ੀ ਪੱਤਰਕਾਰੀ ਦੇ ਖੇਤਰ ਵਿਚ ਜਾਣਿਆ-ਪਛਾਣਿਆ ਨਾਮ ਹੈ। ਲੰਡਨ ਵਿਚ ਵਸਿਆ-ਰਸਿਆ ਹੋਣ ਕਾਰਨ ਉਸ ਦਾ ਲੇਖਣ ਦਾਇਰਾ ਖ਼ੂਬ ਵਸੀਹ ਹੈ। ਕ੍ਰਿਕਟ, ਫੁੱਟਬਾਲ ਤੇ ਬੌਲੀਵੁੱਡ ਨਾਲ ਉਸ ਦਾ (ਇਸੇ ਹੀ ਤਰਤੀਬ ਵਿਚ) ਪੱਕਾ ਮੋਹ ਹੈ। ਬਤੌਰ ਸਮਕਾਲੀ ਇਤਿਹਾਸਕਾਰ ਉਸ ਨੇ ਆਗ਼ਾ ਖ਼ਾਨਾਂ ਤੇ ਉਨ੍ਹਾਂ ਦੀ ਇਸਮਾਇਲੀ ਸ਼ੀਆ ਸੰਪਰਦਾ, ਮੈਮਨ ਮੁਸਲਮਾਨਾਂ, ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਕੁਝ ਜਾਸੂਸਾਂ ਬਾਰੇ ਖੋਜਪੂਰਨ ਕਿਤਾਬਾਂ ਵੀ ਲਿਖੀਆਂ ਹਨ। ਉਸ ਦੀਆਂ ਕਿਤਾਬਾਂ ਦੀ ਗਿਣਤੀ ਪਹਿਲਾਂ 27 ਸੀ, ਹੁਣ ਇਸ ਵਿਚ ‘ਨਾਈਨ ਵੇਵਜ਼’ ਵਾਲਾ ਇਜ਼ਾਫ਼ਾ ਹੋ ਗਿਆ ਹੈ। ਪੱਤਰਕਾਰੀ ਤੇ ਇਤਿਹਾਸ ਲੇਖਣ ਬਾਰੇ ਵੱਖੋ-ਵੱਖ ਪਹੁੰਚ, ਬੋਸ ਦੀ ਲਿਖਣ-ਸ਼ੈਲੀ ਦੀ ਵਿਸ਼ੇਸ਼ਤਾ ਹੈ। ਉਹ ਦੋਵਾਂ ਨੂੰ ਰਲ-ਗੱਡ ਨਹੀਂ ਕਰਦਾ। ਇਹੋ ਤੱਤ ਉਸ ਦੀਆਂ ਕਿਤਾਬਾਂ ਨੂੰ ਅਕਾਦਮਿਕ ਸੰਜੀਦਗੀ ਬਖ਼ਸ਼ਦਾ ਹੈ।

ਲਾਲਾ ਅਮਰਨਾਥ

ਉਂਜ, ਇਹ ਸੰਜੀਦਗੀ ਆਮ ਪਾਠਕ ਲਈ ਖੁਸ਼ਕੀ ਨਹੀਂ ਬਣਦੀ। ਆਪਣੇ ਵਿਚਾਰਾਂ, ਖਿਆਲਾਂ, ਸਿਧਾਂਤਾਂ ਤੇ ਜਾਇਜ਼ਿਆਂ ਨੂੰ ਟੋਟਕਿਆਂ ਵਾਲੀ ਰੋਚਕਤਾ ਦਾ ਤੜਕਾ ਲਾਉਣ ਬੋਸ ਨੂੰ ਖ਼ੂਬ ਆਉਂਦਾ ਹੈ। ਇਸੇ ਲਈ ‘ਦਿ ਨਾਈਨ ਵੇਵਜ਼’ ਰਤਾ ਵੀ ਉਕਤਾਹਟ ਪੈਦਾ ਨਹੀਂ ਕਰਦੀ। 1911 ਵਿਚ ਪਹਿਲੀ ਭਾਰਤੀ ਕ੍ਰਿਕਟ ਟੀਮ ਦੇ ਇੰਗਲੈਂਡ ਦੌਰੇ ਨਾਲ ਸ਼ੁਰੂ ਹੋ ਕੇ ਇਹ ਕਿਤਾਬ ਟੀਮ ਕੋਹਲੀ ਦੀ ਮੌਜੂਦਾ ਵਿਸ਼ਵ ਕੱਪ ਮੁਹਿੰਮ ਤਕ ਪੜਾਅਵਾਰ ਢੰਗ ਨਾਲ ਪਹੁੰਚਦੀ ਹੈ। ਕੁੱਲ ਨੌਂ ਪੜਾਅ ਹਨ ਜਿਨ੍ਹਾਂ ਨੂੰ ਨੌਂ ਲਹਿਰਾਂ ਵਾਂਗ ਪੇਸ਼ ਕੀਤਾ ਗਿਆ ਹੈ। ਇਕ ਤੋਂ ਬਾਅਦ ਦੂਜੀ ਵੱਧ ਵੇਗਵਾਨ, ਵੱਧ ਉਛਾਲ ਵਾਲੀ। ਇਸੇ ਨਿਰੰਤਰ ਉਛਾਲ ਸਦਕਾ ਭਾਰਤ ਅੱਜ ਆਲਮੀ ਕ੍ਰਿਕਟ ਦਾ ਏਟੀਐਮ ਵੀ ਹੈ ਅਤੇ ਫਿਕਸਡ ਡਿਪਾਜ਼ਿਟ ਵੀ। ਕ੍ਰਿਕਟ ਦੇ ਖੇਤਰ ਵਿਚ ਇਸ ਦਾ ਦਰਜਾ ਬਿਲਕੁਲ ਉਹੀ ਹੈ ਜੋ ਆਲਮੀ ਵਪਾਰ ਵਿਚ ਚੀਨ ਦਾ।
ਇਸ ਸਮੁੱਚੀ ਪ੍ਰਗਤੀ ਨੂੰ ਬੋਸ ਨੇ ਚੰਗੀ ਦਿਲਚਸਪ ਤਰਤੀਬ ਦਿੱਤੀ ਹੈ। ਉਸ ਪਾਸ ਟੋਟਕਿਆਂ ਦੀ ਕੋਈ ਤੋਟ ਨਹੀਂ। ਬਹੁਤੇ ਟੋਟਕੇ ਹਨ ਵੀ ਮੌਲਿਕ। ਉਹ ਕ੍ਰਿਕਟ ਦੀਆਂ ਹਸਤੀਆਂ ਤੋਂ ਇਲਾਵਾ ਸਿਆਸੀ-ਸਮਾਜਿਕ ਹਸਤੀਆਂ ਬਾਰੇ ਵੀ ਹਨ। ਸਮਰਾਟ ਜਾਰਜ ਪੰਚਮ ਤੋਂ ਲੈ ਕੇ ਡੇਵਿਡ ਕੈਮਰੌਨ ਤੇ ਟੈਰੇਜ਼ਾ ਮੇਅ ਵਰਗੇ ਬਿਟ੍ਰਿਸ਼ ਪ੍ਰਧਾਨ ਮੰਤਰੀਆਂ ਤਕ। ਨਹਿਰੂ ਤੋਂ ਲੈ ਕੇ ਨਰਿੰਦਰ ਮੋਦੀ ਤਕ। ਕ੍ਰਿਕਟ ਹਸਤੀਆਂ ਬਾਰੇ ਟੋਟਕੇ ਮੁਕਾਬਲਤਨ ਵੱਧ ਸੁਆਦਲੇ ਹਨ। ਲਾਲਾ ਅਮਰਨਾਥ ਦੀ ਮਿਸਾਲ ਹੀ ਲੈ ਲਓ। 1932 ਵਿਚ ਭਾਰਤ ਨੂੰ ਟੈਸਟ ਕ੍ਰਿਕਟ ਖੇਡਣ ਵਾਲੀ ਟੀਮ ਦਾ ਰੁਤਬਾ ਮਿਲਿਆ। ਉਸ ਮਗਰੋਂ ਇਹ ਇੰਗਲੈਂਡ ਵਿਚ ਟੈਸਟ ਲੜੀ ਖੇਡਣ ਗਈ। ਕ੍ਰਿਕਟ ਦੇ ਮੱਕੇ ਵਜੋਂ ਜਾਣੇ ਜਾਂਦੇ ਮੈਦਾਨ ਲਾਰਡ’ਜ਼ ਵਿਚ ਲਾਲਾ ਅਮਰਨਾਥ ਨੇ ਸੈਂਕੜਾ ਬਣਾਇਆ। ਦਿਨ ਦੀ ਖੇਡ ਖ਼ਤਮ ਹੁੰਦਿਆਂ ਹੀ ਬੰਬਈ ਦੇ ਇਕ ਮਸ਼ਹੂਰ ਜੌਹਰੀ ਦੀ ਧੀ ਹੀਰਿਆਂ ਦੀ ਥੈਲੀ ਸਮੇਤ ਲਾਲਾ ਕੋਲ ਪਹੁੰਚੀ ਤੇ ਉਸ ਨੂੰ ਕਿਹਾ: ਚੱਲ, ਉਧਲ ਚੱਲੀਏ। ਲਾਲਾ ਅਮਰਨਾਥ ਨੇ ਆਪਣਾ ਸਿਰ ਖੁਰਕਿਆ ਅਤੇ ਨਾਂਹ ਕਰ ਦਿੱਤੀ। ਚਾਰ ਦਹਾਕਿਆਂ ਬਾਅਦ ਬੋਸ ਵੱਲੋਂ ਇਕ ਇੰਟਰਵਿਊ ਦੌਰਾਨ ਇਸ ਨਾਂਹ ਦੀ ਵਜ੍ਹਾ ਪੁੱਛੇ ਜਾਣ ’ਤੇ ਅਮਰਨਾਥ ਨੇ ਬੜਾ ਮੁਖ਼ਤਸਰ ਜਿਹਾ ਜਵਾਬ ਦਿੱਤਾ: ‘‘ਉਹ ਮੇਰੇ ਟਾਈਪ ਦੀ ਨਹੀਂ ਸੀ।’’
ਅਜਿਹੇ ਨਾਜ਼-ਨਖ਼ਰੇ ਦੇ ਬਾਵਜੂਦ ਲਾਲਾ ਅਮਰਨਾਥ ਸੀ ਪੂਰਾ ਰੰਗੀਨਮਿਜ਼ਾਜ। ਉਂਜ, ਰੰਗੀਨਮਿਜ਼ਾਜੀ ਦੇ ਨਾਲ ਨਾਲ ਤੁਨਕਮਿਜ਼ਾਜੀ ਵੀ ਉਸ ਵਿਚ ਘੱਟ ਨਹੀਂ ਸੀ। ਮੁਅੱਤਲੀਆਂ ਤੇ ਬਰਤਰਫੀਆਂ ਵੀ ਉਸ ਨੂੰ ਇਸ ਪੱਖੋਂ ਲਗਾਮ ਨਹੀਂ ਪਾ ਸਕੀਆਂ। ਉਸ ਦੀਆਂ ਪਟਿਆਲਾਸ਼ਾਹੀ ਗਾਲਾਂ ਸਭ ਤੋਂ ਵੱਧ ਨਵਾਬ ਪਟੌਦੀ ਸੀਨੀਅਰ ਨੇ ਝੇਲੀਆਂ। ਇਸੇ ਨਵਾਬ ਨੇ ਹੀ ਲਾਲਾ ਨੂੰ ਖੁੱਡੇ ਲਾਈ ਰੱਖਣ ਲਈ ਸਭ ਪਾਕ-ਨਾਪਾਕ ਹੀਲੇ ਵਰਤੇ। ਇਸ ਸਭ ਦੇ ਬਾਵਜੂਦ ਲਾਲਾ 51 ਵਰ੍ਹਿਆਂ ਦੀ ਉਮਰ ਤਕ ਪ੍ਰਥਮ ਦਰਜਾ ਕ੍ਰਿਕਟ ਖੇਡਦਾ ਰਿਹਾ।
ਬੋਸ ਅਨੁਸਾਰ ਭਾਰਤ ਨੂੰ ਕ੍ਰਿਕਟ ਦੇ ਖੇਤਰ ਵਿਚ ਮਹਾਂਸ਼ਕਤੀ ਬਣਾਉਣ ਦੀ ਨੀਂਹ ਜਵਾਹਰਲਾਲ ਨਹਿਰੂ ਨੇ ਰੱਖੀ ਸੀ- ਆਜ਼ਾਦੀ ਤੋਂ ਪਹਿਲਾਂ ਭਾਰਤੀ ਟੀਮਾਂ ਨੂੰ ਥਾਪੜੇ ਦੇ ਕੇ ਅਤੇ ਆਜ਼ਾਦੀ ਤੋਂ ਤੁਰੰਤ ਬਾਅਦ ਸਰਦਾਰ ਪਟੇਲ ਦੇ ਵਿਰੋਧ ਦੇ ਬਾਵਜੂਦ ਭਾਰਤ ਨੂੰ ਰਾਸ਼ਟਰਮੰਡਲ ਦਾ ਮੈਂਬਰ ਬਣਾ ਕੇ। ਨਹਿਰੂ ਨੂੰ ਕ੍ਰਿਕਟ ਤੇ ਸਿਆਸਤ ਦੇ ਨਾਤੇ ਦੀਆਂ ਬਾਰੀਕੀਆਂ ਦੀ ਪਛਾਣ ਸੀ। ਉਸ ਨੇ ਆਪਣੇ ਵਿੱਦਿਅਕ ਜੀਵਨ ਦੌਰਾਨ ਇੰਗਲੈਂਡ ਵਿਚ ਕ੍ਰਿਕਟ ਖੇਡੀ ਹੋਈ ਸੀ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਉਹ ਸੰਸਦ ਮੈਂਬਰਾਂ ਦੇ ਸਾਲਾਨਾ ਮੈਚਾਂ ਵਿਚ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦਾ ਰਿਹਾ। ਫਿਲਮੀ ਸਿਤਾਰਿਆਂ, ਖ਼ਾਸ ਕਰਕੇ ‘ਸਿਤਾਰੀਆਂ’ ਨਾਲ ਚੈਰਿਟੀ ਮੈਚਾਂ ਵਿਚ ਹਿੱਸਾ ਲੈਣ ਪ੍ਰਤੀ ਉਸ ਨੇ ਕਦੇ ਵੀ ਝਿਜਕ ਨਹੀਂ ਦਿਖਾਈ। ਖੇਡਾਂ ਤੇ ਸਿਆਸਤ ਦੀ ਅਲਹਿਦਗੀ ਦਾ ਦਮ ਭਰਨ ਦੇ ਬਾਵਜੂਦ ਨਹਿਰੂ ਨੇ ਮਨਸੂਰ ਅਲੀ ਖਾਨ ਪਟੌਦੀ ਨੂੰ 1961 ਵਿਚ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਬਣਵਾਉਣ ਵਿਚ ਮੁੱਖ ‘ਪਿੱਠਵਰਤੀ’ ਭੂਮਿਕਾ ਨਿਭਾਈ- ਉਹ ਵੀ ਪਟੌਦੀ ਦੀ ਮਾਂ ਤੇ ਭੁਪਾਲ ਦੀ ਬੇਗ਼ਮ ਦੇ ਕਹਿਣ ’ਤੇ। ਪਟੌਦੀ ਦੇ ਨਾਂ ਦਾ ਐਲਾਨ ਉਸ ਸਮੇਂ ਹੋਇਆ ਜਦੋਂ ਚੰਦੂ ਬੋਰਡੇ ਨੂੰ ਸੀਨੀਅਰਤਾ ਤੇ ਬਿਹਤਰ ਕਾਰਗੁਜ਼ਾਰੀ ਦੇ ਆਧਾਰ ’ਤੇ ਕਪਤਾਨ ਥਾਪਣ ਦਾ ਫ਼ੈਸਲਾ ਲਗਪਗ ਹੋ ਚੁੱਕਾ ਸੀ। ਬੋਰਡੇ ਨੇ ਤਾਂ ਬਾਪੂ ਨਾਡਕਰਣੀ ਤੋਂ ਪੈਸੇ ਉਧਾਰ ਮੰਗ ਕੇ ਸ਼ਾਮ ਨੂੰ ਪਾਰਟੀ ਕਰਨ ਦੀ ਤਿਆਰੀ ਵੀ ਕਰ ਲਈ ਸੀ। ਬਾਅਦ ਵਿਚ ਉਹ ਇਹ ਗ਼ਿਲਾ ਕਰਦਿਆਂ ਸੁਣਿਆ ਗਿਆ ਕਿ ਮੁਸਲਮਾਨ (ਪਟੌਦੀ) ਨੇ ਇਸਾਈ (ਬੋਰਡੇ) ਨਾਲ ਧੱਕਾ ਕਰਕੇ ਭਾਰਤੀ ਘੱਟਗਿਣਤੀਆਂ ਦੇ ਏਕੇ ਨਾਲ ਧਰੋਹ ਕਮਾਇਆ ਹੈ।
ਸੌਰਵ, ਦ੍ਰਾਵਿੜ, ਸਚਿਨ, ਨਵਜੋਤ, ਅਜ਼ਹਰੂਦੀਨ, ਧੋਨੀ ਅਤੇ ਬੋਸ ਦੇ ਹਮਜਮਾਤੀ ਸੁਨੀਲ (ਗਾਵਸਕਰ) ਬਾਰੇ ਵੀ ਬੜਾ ਕੁਝ ਹੈ ਇਸ ਕਿਤਾਬ ਵਿਚ। ਹੋਰ ਵੇਰਵੇ ਕਦੇ ਫ਼ੇਰ ਸਹੀ!

ਮੰਗੇਸ਼ਕਰ ਭੈਣਾਂ ਦੀ ਬਚਪਨ ਦੀ ਤਸਵੀਰ।

* * *
ਸ਼ਬਦ ਚਿੱਤਰ ਪੰਜਾਬੀ ਅਦਬ ਦੇ ਮੌਜੂਦਾ ਦੌਰ ਦਾ ਪਸੰਦੀਦਾ ਜ਼ਾਇਕਾ ਬਣ ਗਏ ਹਨ। ਹਰ ਮਹੀਨੇ ਸ਼ਬਦ ਚਿੱਤਰਾਂ ਦਾ ਕੋਈ ਨਾ ਕੋਈ ਸੰਗ੍ਰਹਿ ਸਾਡੇ ਹੱਥਾਂ ਵਿਚ ਪਹੁੰਚ ਰਿਹਾ ਹੈ।

ਸਾਹਿਤਕ-ਸੱਭਿਆਚਾਰਕ ਹਸਤੀਆਂ ਨਾਲ ਸਾਧਾਰਨ ਪਾਠਕ ਦੀ ਨੇੜਲੀ ਜਾਣ-ਪਛਾਣ ਕਰਵਾਉਣ ਦਾ ਜ਼ਰੀਆ ਹੈ ਇਹ ਵਿਧਾ। ਨਵਦੀਪ ਗਿੱਲ ਦੀ ਕਿਤਾਬ ‘ਨੌਲੱਖਾ ਬਾਗ਼’ ਇਸੇ ਸਿਲਸਿਲੇ ਦਾ ਨਵਾਂ ਹਿੱਸਾ ਹੈ।
ਨਵਦੀਪ ਪੇਸ਼ੇ ਤੋਂ ਵੀ ਲੋਕ ਸੰਪਰਕ ਅਫ਼ਸਰ ਹੈ ਅਤੇ ਸੁਭਾਅ ਤੇ ਸੁਹਜ ਪੱਖੋਂ ਵੀ। ਇਹ ਤੱਤ ਉਸ ਦੀ ਲੇਖਣੀ ਨੂੰ ਮਜ਼ਬੂਤੀ ਵੀ ਬਖ਼ਸ਼ਦਾ ਹੈ ਅਤੇ ਕਮਜ਼ੋਰੀ ਵੀ। ਬੇਬਾਕੀ ਜਾਂ ਬੇਤਕਲੁੱਫੀ, ਸ਼ਬਦ ਚਿੱਤਰਾਂ ਦੀ ਜਿੰਦ-ਜਾਨ ਹੁੰਦੀ ਹੈ। ਇਹ ਇਨ੍ਹਾਂ ਪਾਤਰਾਂ ਨੂੰ ਵੱਧ ਸਜੀਵ, ਵੱਧ ਸਜਿੰਦ ਬਣਾਉਂਦੀ ਹੈ। ਨਵਦੀਪ ਨੇ ਇਸ ਦਿਸ਼ਾ ਵਿਚ ਕੁਝ ਕਦਮ ਪੁੱਟੇ ਹਨ, ਪਰ ਅਜੇ ਹੋਰ ਮਿਹਨਤ ਦੀ ਲੋੜ ਹੈ। ਉਹ ਇਕ ਸਮੇਂ ਮੇਰਾ ਸਹਿਕਰਮੀ ਸੀ। ਉਦੋਂ ਤੋਂ ਹੁਣ ਦਰਮਿਆਨ ਉਸ ਦੀ ਲਿਖਣ-ਸ਼ੈਲੀ ਵਿਚ ਜੋ ਨਿਖਾਰ ਆਇਆ ਹੈ, ਉਹ ਸਵਾਗਤਯੋਗ ਹੈ। ਜਿਨ੍ਹਾਂ ਨੌਂ ਰਤਨਾਂ ਨੂੰ ਉਸ ਨੇ ਚਿਤਰਿਆ ਹੈ, ਉਨ੍ਹਾਂ ਵਿਚ ਰਾਮ ਸਰੂਪ ਅਣਖੀ, ਜਗਦੇਵ ਸਿੰਘ ਜੱਸੋਵਾਲ, ਓਮ ਪ੍ਰਕਾਸ਼ ਗਾਸੋ, ਪ੍ਰਿੰਸੀਪਲ ਸਰਵਣ ਸਿੰਘ, ਰਵਿੰਦਰ ਭੱਠਲ, ਸਿੱਧੂ ਦਮਦਮੀ, ਗੁਰਭਜਨ ਗਿੱਲ, ਸ਼ਮਸ਼ੇਰ ਸੰਧੂ ਤੇ ਨਿਰਮਲ ਜੌੜਾ ਸ਼ਾਮਲ ਹਨ। ਇਹ ਸਾਰੀਆਂ ਹਸਤੀਆਂ ਹੀ ਕਲਮੀ ਅਕੀਦਤ ਦੀਆਂ ਸੁਪਾਤਰ ਹਨ।
* * *

ਸੁਰਿੰਦਰ ਸਿੰਘ ਤੇਜ

ਕੁਝ ਹਫ਼ਤੇ ਪਹਿਲਾਂ ਇਨ੍ਹਾਂ ਕਾਲਮਾਂ ਵਿਚ ਚਾਰ ਮੰਗੇਸ਼ਕਰ ਭੈਣਾਂ ਵੱਲੋਂ ਗਾਇਆ ਇਕ ਵੀ ਸਾਂਝਾ ਗੀਤ ਮੌਜੂਦ ਨਾ ਹੋਣ ਦਾ ਜ਼ਿਕਰ ਕੀਤਾ ਗਿਆ ਸੀ। ਹੁਣ ਇਹ ਤੱਥ ਸਾਹਮਣੇ ਆਇਆ ਹੈ ਕਿ ਫਿਲਮ ‘ਜਹਾਂਆਰਾ’ (1964) ਲਈ ਸੰਗੀਤਕਾਰ ਮਦਨ ਮੋਹਨ ਨੇ ਚਾਰੋ ਭੈਣਾਂ ਦੀ ਆਵਾਜ਼ ਵਿਚ ਇਕ ਗੀਤ ਰਿਕਾਰਡ ਕਰਵਾਇਆ ਸੀ। ਗੀਤਕਾਰ ਰਾਜਿੰਦਰ

ਕ੍ਰਿਸ਼ਨ (ਦੁੱਗਲ) ਵੱਲੋਂ ਲਿਖੇ ਇਸ ਗੀਤ ਦਾ ਮੁਖੜਾ ਸੀ ‘ਕਭੀ ਆਖੋਂ ਮੇਂ ਤੇਰੀ…।’ ਰਿਕਾਰਡ ਹੋਣ ਦੇ ਬਾਵਜੂਦ ਇਹ ਗੀਤ ਨਾ ਤਾਂ ਫਿਲਮਾਇਆ ਗਿਆ ਅਤੇ ਨਾ ਹੀ ਫਿਲਮ ਦੀ ਐਲ.ਪੀ. ਡਿਸਕ ਦਾ ਹਿੱਸਾ ਬਣਿਆ। ਅਜਿਹਾ ਫਿਲਮ ਦਾ ਖ਼ਰਚ, ਬਜਟ ਨਾਲੋਂ ਵਧ ਜਾਣ ਕਾਰਨ ਹੋਇਆ। ਇਸ ਬਾਰੇ ਹਾਲ ਹੀ ਵਿਚ ਸੰਪਰਕ ਕੀਤੇ ਜਾਣ ’ਤੇ ਮਰਹੂਮ ਮਦਨ ਮੋਹਨ ਦੇ ਵੱਡੇ ਬੇਟੇ ਸੰਜੀਵ ਕੋਹਲੀ ਨੇ ਈਮੇਲ ਰਾਹੀਂ ਦੱਸਿਆ ਕਿ ਇਹ ਗੀਤ ‘ਮਦਨ ਸਾਹਿਬ’ ਦੀਆਂ ਉਨ੍ਹਾਂ 13 ਮੈਗਨੈਟਿਕ ਟੇਪਾਂ ਵਿਚ ਸ਼ਾਮਲ ਸੀ ਜਿਹੜੀਆਂ ਉੱਲੀ ਲੱਗ ਜਾਣ ਕਾਰਨ ਖ਼ਰਾਬ ਹੋ ਗਈਆਂ। ਸੰਜੀਵ ਤੇ ਉਸ ਦੇ ਛੋਟੇ ਭਰਾ ਸਮੀਰ ਕੋਹਲੀ ਵੱਲੋਂ ਇਨ੍ਹਾਂ ਟੇਪਾਂ ਨੂੰ ਸੁਰਜੀਤ ਕੀਤੇ ਜਾਣ ਦੇ ਤਿੰਨ ਯਤਨ ਨਾਕਾਮ ਹੋ ਚੁੱਕੇ ਹਨ, ਪਰ ਹੁਣ ਇਨ੍ਹਾਂ ਨੂੰ ਸੁਰਜੀਤੀ ਲਈ ਮੁੜ ਲੰਡਨ ਭੇਜਿਆ ਗਿਆ ਹੈ। ਇਸ ਯਤਨ ਦੀ ਕਾਮਯਾਬੀ ਲਈ ਦੁਆ ਕਰਨੀ ਬਣਦੀ ਹੈ। ਂ


Comments Off on ਭਾਰਤੀ ਕ੍ਰਿਕਟ ਟੀਮ ਤੇ ਇਸ ਦੇ ਰੰਗਲੇ ਕਿਰਦਾਰ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.