ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਭਗਵਾਨ ਦੀ ਚਰਚਾ

Posted On June - 30 - 2019

ਹਰੀ ਮੋਹਨ ਝਾਅ
ਵਿਅੰਗ

ਚਾਚਾ ਫਾਲਸੇ ਦਾ ਸ਼ਰਬਤ ਪੀ ਰਿਹਾ ਸੀ। ਮੈਨੂੰ ਦੇਖ ਕੇ ਕਹਿਣ ਲੱਗਾ, ‘‘ਆ ਜਾ ਤੂੰ ਵੀ ਪੀ ਲੈ। ਹੈ ਤਾਂ ਇਹ ਬੇਸੁਆਦਾ ਜਿਹਾ ਜੇ ਥੋੜ੍ਹੀ ਤੁਰਸ਼ੀ ਨਾ ਹੋਵੇ ਤਾਂ।’’
‘‘ਚਾਚਾ, ਤੇਰੀਆਂ ਗੱਲਾਂ ’ਚ ਜਿਹੜਾ ਖੱਟਾ-ਮਿੱਠਾ ਸੁਆਦ ਰਹਿੰਦਾ ਹੈ ਉਹ ਕੀ ਇਸ ਤੋਂ ਘੱਟ ਹੈ?’’
‘‘ਬਈ ਉਸ ਵਿਚ ਤਾਂ ਮਿਰਚ ਵੀ ਕਾਫ਼ੀ ਹੁੰਦੀ ਹੈ। ਕਮਜ਼ੋਰ ਹਾਜ਼ਮੇ ਵਾਲੇ ਉਸ ਨੂੰ ਪਚਾ ਹੀ ਨਹੀਂ ਸਕਦੇ। ਪਰ ਕੀ ਕਰਾਂ, ਆਦਤ ਤੋਂ ਮਜਬੂਰ ਹਾਂ। ਘੁਮਾ ਫਿਰਾ ਕੇ ਗੱਲ ਕਰਨਾ ਮੇਰੀ ਆਦਤ ਨਹੀਂ। ਇਸੇ ਲਈ ਲੋਕ ਮੈਨੂੰ ਨਾਸਤਿਕ ਕਹਿੰਦੇ ਹਨ।’’
‘‘ਚਾਚਾ, ਸੱਚ ਦੱਸੀਂ ਤੂੰ ਭਗਵਾਨ ਨੂੰ ਮੰਨਦਾ ਏਂ ਕਿ ਨਹੀਂ।’’
ਚਾਚਾ ਮੁਸਕਰਾ ਕੇ ਬੋਲਿਆ, ‘‘ਤੂੰ ਇਉਂ ਸਮਝ ਲੈ ਬਈ ਭਗਵਾਨ ਹੀ ਮੈਨੂੰ ਨਹੀਂ ਮੰਨਦੇ। ਮੈਂ ਤਾਂ ਉਨ੍ਹਾਂ ਨੂੰ ਆਪਣਾ ਮਾਸੜ ਮੰਨਦਾ ਹਾਂ।’’
‘‘ਚਾਚਾ, ਤੈਨੂੰ ਹਮੇਸ਼ਾ ਹਾਸਾ-ਠੱਠਾ ਸੁਝਦਾ ਹੈ।’’
ਚਾਚਾ ਕਹਿਣ ਲੱਗਾ, ‘‘ਜੇ ਮੈਂ ਰੱਬ ਨੂੰ ਆਪਣਾ ਮਾਸੜ ਬਣਾ ਲਿਆ ਤਾਂ ਕਿਹੜੀ ਪਰਲੋ ਆ ਗਈ!’’
‘‘ਤੂੰ ਤਾਂ ਭਗਵਾਨ ਨਾਲ ਵੀ ਮਜ਼ਾਕ ਕਰਦਾ ਏਂ। ਭਲਾ ਰੱਬ ਤੇਰਾ ਮਾਸੜ ਕਿਵੇਂ ਲੱਗਿਆ?’’
‘‘ਦੇਖ, ਲਕਸ਼ਮੀ ਤੇ ਦਰਿੱਦਰਾ (ਗ਼ਰੀਬੀ) ਦੋਵੇਂ ਭੈਣਾਂ ਹਨ। ਭਗਵਾਨ ਹੋਏ ਲਕਸ਼ਮੀ ਦੇ ਸੁਆਮੀ ਤੇ ਮੈਂ ਦਰਿੱਦਰਾ ਦਾ ਪੁੱਤਰ। ਹੁਣ ਤੂੰ ਹੀ ਸੰਬੰਧ ਜੋੜ ਕੇ ਦੇਖ ਲੈ।
‘‘ਚਾਚਾ, ਤੂੰ ਤਾਂ ਮਖੌਲ ਕਰਦੈਂ। ਜੇ ਭਗਵਾਨ ਹੁੰਦੇ ਤਾਂ ਸਾਰੀ ਸ੍ਰਿਸ਼ਟੀ ਕਿਵੇਂ ਹੁੰਦੀ?’’
‘‘ਸ੍ਰਿਸ਼ਟੀ ਦੀ ਰਚਨਾ ਤਾਂ ਹੁਣ ਵੀ ਹੋ ਰਹੀ ਹੈ। ਤੂੰ ਉਸ ਦੀ ਫ਼ਿਕਰ ਨਾ ਕਰ।’’
‘‘ਤੂੰ ਤਾਂ ਗੱਲ ਨੂੰ ਹੋਰ ਪਾਸੇ ਹੀ ਲੈ ਗਿਆ। ਮੇਰਾ ਮਤਲਬ ਹੈ ਕਿ ਆਦਿ ਰਚਨਾਕਾਰ ਨੂੰ ਤਾਂ ਮੰਨਣਾ ਹੀ ਪਏਗਾ।’’
‘‘ਪੁੱਤਰਾ! ਮੈਨੂੰ ਮੰਨਣ ’ਚ ਕੋਈ ਇਤਰਾਜ਼ ਨਹੀਂ, ਪਰ ਜ਼ਰਾ ਸਮਝਾ ਕੇ ਦੱਸ ਕਿ ਉਹ ਆਦਿ-ਪੁਰਖ ਕਦੋਂ ਤੇ ਕਿੱਥੋਂ ਆਏ। ਜਾਂ ਆਕਾਸ਼ ਤੋਂ ਟਪਕੇ। ਜਾਂ ਉਹ ਅਨੰਤ ਕਾਲ ਤੋਂ ਸੁੱਤੇ ਪਏ ਸੀ ਬਈ ਅਚਾਨਕ ਨੀਂਦ ਟੁੱਟੀ ਤਾਂ ਸ੍ਰਿਸ਼ਟੀ ਦੀ ਰਚਨਾ ’ਚ ਰੁੱਝ ਗਏ? ਜੀਵ-ਜੰਤੂਆਂ ’ਚੋਂ ਪਹਿਲਾਂ ਕੌਣ ਬਣਾਇਆ? ਪਹਿਲਾਂ ਇਸਤਰੀ ਬਣੀ ਕਿ ਪੁਰਸ਼?’’
‘‘ਚਾਚਾ ਤੇਰੇ ਨਾਲ ਕੌਣ ਬਹਿਸ ਕਰੇ। ਆਦਿ ਸ੍ਰਿਸ਼ਟੀ ਕਰਤਾ ਤਾਂ ਕੋਈ ਜ਼ਰੂਰ ਰਿਹਾ ਹੋਵੇਗਾ।’’
‘‘ਚੰਗਾ ਮੰਨ ਲਿਆ ਹੋਵੇਗਾ। ਪਰ ਹੁਣ ਉਹ ਕੀ ਕਰ ਰਿਹਾ ਹੈ। ਸ੍ਰਿਸ਼ਟੀ ਦਾ ਕੰਮ ਤਾਂ ਚੱਲ ਹੀ ਰਿਹਾ ਹੈ ਸਗੋਂ ਧੜੱਲੇ ਨਾਲ ਵਧ ਫੁੱਲ ਰਿਹਾ ਹੈ। ਨਿੱਤ ਲੱਖਾਂ ਦੀ ਗਿਣਤੀ ’ਚ ਰਚਨਾ ਹੋ ਰਹੀ ਹੈ। ਹੁਣ ਉਸ ਨੂੰ ਵਿਚ ਪੈਣ ਦੀ ਕੀ ਲੋੜ ਹੈ? ‘ਪੈਨਸ਼ਨ’ ਲੈ ਕੇ ਘਰ ਬੈਠੇ।’’
‘‘ਚਾਚਾ, ਉਹ ਕੀ ਚੁੱਪਚਾਪ ਬੈਠਣ ਵਾਲੇ ਨੇ! ਉਹ ਸਰਬ-ਵਿਆਪੀ ਹੈ ਤੇ ਸਾਰੇ ਬ੍ਰਹਮ ’ਚ ਸਮਾਇਆ।’’
‘‘ਹੁਣ ਤੂੰ ਗੂੜ੍ਹ-ਗਿਆਨ ਘੋਟਣ ਲੱਗ ਪਿਐਂ। ਪਰ ਜੋ ਕਹਿੰਦਾ ਏਂ ਉਸ ’ਤੇ ਵਿਸ਼ਵਾਸ ਵੀ ਕਰਦਾ ਏਂ?’’
‘‘ਬਿਲਕੁਲ। ਭਗਵਾਨ ਕਣ-ਕਣ ’ਚ ਵਾਸ ਕਰਦੇ ਨੇ।’’
‘‘ਵਾਹ ਉਏ ਬ੍ਰਹਮ-ਗਿਆਨੀ। ਫਿਰ ਤਾਂ ਸ਼ਰਾਬ ਦੇ ਪਿਆਲੇ ਤੇ ਸ਼ਰਾਬੀ ਵਿਚ ਵੀ ਵਾਸ ਕਰਦੇ ਹੋਣਗੇ। ਉਨ੍ਹਾਂ ਨੂੰ ਕਿਉਂ ਨਿੰਦਣਾ!’’
‘‘ਚਾਚਾ, ਗੱਲਾਂ ’ਚ ਤੇਰੇ ਤੋਂ ਜਿੱਤਣਾ ਬੜਾ ਮੁਸ਼ਕਿਲ ਹੈ। ਪਰ ਭਗਵਾਨ ਦੀ ਮਹਿਮਾ ਅਨੰਤ ਹੈ। ਉਹ ਅੰਤਰਯਾਮੀ, ਸਰਬਸ਼ਕਤੀਮਾਨ ਤੇ ਕ੍ਰਿਪਾਲੂ…।’’
‘‘ਰੁਕ, ਰੁਕ ਬਈ, ਇਕੋ ਵਾਰੀ ਇੰਨੇ ਵਿਸ਼ੇਸ਼ਣ ਨਾ ਜੋੜੀ ਜਾ। ਵਾਰੀ ਵਾਰੀ ਸਮਝਾ ਕਿ ਉਨ੍ਹਾਂ ਨੂੰ ਅੰਤਰਯਾਮੀ ਕਿਉਂ ਕਹਿੰਦਾ ਹੈਂ।
‘‘ਕਿਉਂਕਿ ਉਹ ਸਭ ਦੇ ਅੰਤਰ-ਮਨ ’ਚ ਵਾਸ ਕਰਦੇ ਨੇ। ਮੈਂ ਤੇ ਤੂੰ ਜੋ ਵੀ ਕਰਦੇ ਹਾਂ ਉਨ੍ਹਾਂ ਦੀ ਪ੍ਰੇਰਣਾ ਨਾਲ ਹੀ ਕਰਦੇ ਹਾਂ।’’
‘‘ਹੁਣ ਇਸੇ ਗੱਲ ’ਤੇ ਕਾਇਮ ਰਹੀਂ। ਜੇ ਦੂਜੀ ਡੰਡੀ ਪਕੜੀ ਤਾਂ ਇਹ ਡੰਡਾ ਐ ਮੇਰੇ ਕੋਲ।’’
‘‘ਚਲੋ ਇਸੇ ਗੱਲ ’ਤੇ ਕਾਇਮ ਰਹਾਂਗਾ।’’
‘‘ਚੱਲ, ਇਹ ਦੱਸ ਜੇ ਭਗਵਾਨ ਆਪ ਹੀ ਸਭ ਕੁਝ ਕਰਨ-ਕਰਾਵਣਹਾਰ ਹੈ, ਫਿਰ ਅਸੀਂ ਤਾਂ ਉਹਦੇ ਹੱਥਾਂ ਦੀ ਕਠਪੁਤਲੀ ਹੋਏ ਜਿਵੇਂ ਨਚਾਏਗਾ ਉਵੇਂ ਨੱਚਾਂਗੇ।’’
‘‘ਬਿਲਕੁਲ।’’
‘‘ਫਿਰ ਮੈਂ ਪੁੱਛਦਾ ਹਾਂ ਕਿ ਸਾਧੂ ਤੇ ਚੋਰ ’ਚ ਕੀ ਅੰਤਰ ਹੈ!’’
‘‘ਸਾਧੂ ਚੰਗੇ ਕਰਮ ਕਰਦਾ ਹੈ ਇਸ ਲਈ ਉੱਤਮ। ਚੋਰ ਬੁਰਾ ਕੰਮ ਕਰਦਾ ਹੈ ਇਸ ਲਈ ਨੀਚ।’’
ਸੁਣਦਿਆਂ ਹੀ ਚਾਚੇ ਨੇ ਡੰਡਾ ਚੁੱਕਿਆ ਤੇ ਬੋਲਿਆ, ‘‘ਖ਼ਬਰਦਾਰ, ਜੇ ਗੱਲ ਤੋਂ ਪਲਟਿਆ ਤਾਂ। ਹੁਣੇ ਤੂੰ ਕਿਹਾ ਕਿ ਸਭ ਕੁਝ ਭਗਵਾਨ ਕਰਾਉਂਦੇ ਨੇ। ਉਹੀ ਸਾਧੂ ਦੇ ਹੱਥ ’ਚ ਮਾਲਾ ਤੇ ਚੋਰ ਦੇ ਹੱਥ ’ਚ ਤਾਲਾ ਧਰਦੇ ਨੇ। ਫਿਰ ਸਾਧੂ ਕਿਉਂ ਉੱਤਮ ਤੇ ਚੋਰ ਕਿਉਂ ਨੀਚ? ਜੋ ਕੁਝ ਕਹਿਣਾ ਏਂ ਭਗਵਾਨ ਨੂੰ ਹੀ ਕਹੋ।’’
‘‘ਚਾਚਾ, ਤੂੰ ਤਾਂ ਇਉਂ ਸ਼ਿਕੰਜੇ ’ਚ ਕਸ ਦਿੰਦਾ ਏਂ ਕਿ ਨਿਕਲਣ ਨੂੰ ਰਾਹ ਹੀ ਨਹੀਂ ਲੱਭਦਾ। ਪਰ ਇੰਨਾ ਤਾਂ ਜ਼ਰੂਰ ਹੈ ਕਿ ਭਗਵਾਨ ਦੀ ਮਾਇਆ ਅਪਰੰਪਾਰ ਹੈ। ਉਹਦੇ ਲਈ ਕੁਝ ਵੀ ਅਸੰਭਵ ਨਹੀਂ। ਉਹ ਜੋ ਚਾਹੇ ਕਰ ਸਕਦਾ ਹੈ।’’
‘‘ਜੇ ਇਹ ਗੱਲ ਹੈ ਤਾਂ ਮੈਂ ਇਕ ਪ੍ਰਸ਼ਨ ਪੁੱਛਦਾ ਹਾਂ। ਭਗਵਾਨ ਚਾਹੁਣ ਤਾਂ ਆਤਮ-ਹੱਤਿਆ ਕਰ ਸਕਦੇ ਨੇ ਜਾਂ ਜ਼ਹਿਰ ਖਾ ਕੇ ਜਾਂ ਫਾਂਸੀ ਲਗਾ ਕੇ ਮਰ ਸਕਦੇ ਹਨ?’’
‘‘ਚਾਚਾ, ਤੇਰੀਆਂ ਤਾਂ ਗੱਲਾਂ ਹੀ ਨਿਰਾਲੀਆਂ ਨੇ। ਭਲਾ, ਭਗਵਾਨ ਕਿਉਂ ਮਰਨਾ ਚਾਹੁਣਗੇ? ਜਦੋਂ ਧਰਤੀ ’ਤੇ ਪਾਪ ਵਧ ਜਾਂਦਾ ਹੈ ਤਾਂ ਭਗਵਾਨ ਜਨਮ ਲੈਂਦੇ ਹਨ।’’
‘‘ਅੱਛਾ, ਭਗਵਾਨ ਦੀਆਂ ਨਜ਼ਰਾਂ ’ਚ ਪਾਪ ਕੀ ਹੈ ਜਿਸ ਨੂੰ ਨਾਸ਼ ਕਰਨ ਲਈ ਉਹ ਅਵਤਾਰ ਲੈਂਦੇ ਹਨ?’’
‘‘ਹਿੰਸਾ ਤੇ ਕੁਕਰਮ ਭਾਵੇਂ ਮਾੜੇ ਕੰਮ।’’
ਚਾਚਾ ਮੁਸਰਕਾਉਣ ਲੱਗਿਆ ਤੇ ਬੋਲਿਆ, ‘‘ਇਹ ਭਗਵਾਨ ਨੂੰ ਪਸੰਦ ਨਹੀਂ?’’
‘‘ਬਿਲਕੁਲ ਨਹੀਂ।’’
ਚਾਚਾ ਸੁਪਾਰੀ ਦਾ ਕਤਰਾ ਕਰਦਿਆਂ ਬੋਲਿਆ, ‘‘ਫਿਰ ਮੈਂ ਪੁੱਛਦਾ ਹਾਂ ਉਸ ਆਦਿ-ਕਰਤਾ ਨੇ ਬਘਿਆੜ ਕਿਉਂ ਬਣਾਇਆ? ਸ਼ੇਰ ਨੂੰ ਅਜਿਹਾ ਖ਼ੂਨੀ ਪੰਜਾ ਕਿਉਂ ਦਿੱਤਾ? ਮਗਰਮੱਛ ਨੂੰ ਨੁਕੀਲੇ ਦੰਦ ਕਿਉਂ ਦਿੱਤੇ? ਸੱਪ ਨੂੰ ਜ਼ਹਿਰ ਨਾਲ ਕਿਉਂ ਭਰਿਆ? ਬਿੱਛੂ ਨੂੰ ਡੰਗ ਕਿਉਂ ਦਿੱਤਾ? ਕੁੱਤਾ, ਬਿੱਲੀ, ਗਿੱਦੜ ਆਦਿ ਨੂੰ ਮਾਸਾਹਾਰੀ ਕਿਉਂ ਬਣਾਇਆ? ਪਹਿਲਾਂ ਅੱਗ ਲਗਾ ਕੇ ਫਿਰ ਪਾਣੀ ਲੈ ਕੇ ਦੌੜਨਾ ਕਿਧਰ ਦੀ ਸਮਝਦਾਰੀ ਹੈ। ਜੇ ਉਨ੍ਹਾਂ ਨੂੰ ਕੁਕਰਮ ਬੁਰਾ ਲੱਗਦਾ ਹੈ ਤਾਂ ਉਨ੍ਹਾਂ ਨੇ ਮਨੁੱਖ ਦੀ ਅਜਿਹੀ ਪ੍ਰਵਿਰਤੀ ਬਣਾਈ ਹੀ ਕਿਉਂ!’’
‘‘ਭਗਵਾਨ ਨੇ ਮਨੁੱਖ ਨੂੰ ਬੁੱਧੀ ਦਿੱਤੀ ਹੈ ਜਿਸ ਨਾਲ ਉਹ ਪਾਪ ਪੁੰਨ ਵਿਚ ਫ਼ਰਕ ਸਮਝ ਕੇ ਧਰਮ ਦੇ ਰਸਤੇ ਚੱਲੇ।’’
‘‘ਫਿਰ ਮਨੁੱਖ ਪਾਪ ਕਿਉਂ ਕਰਦਾ ਹੈ?’’
‘‘ਭਗਵਾਨ ਨੇ ਮਨੁੱਖ ਨੂੰ ਇੱਛਾ ਦੇ ਮਾਮਲੇ ’ਚ ਸੁਤੰਤਰ ਰੱਖਿਆ ਹੈ।’’
‘‘ਕਿਉਂ ਰੱਖਿਆ? ਜਦੋਂ ਉਹ ਜਾਣਦੇ ਹਨ ਕਿ ਉਹ ਉਸ ਦੀ ਦੁਰਵਰਤੋਂ ਕਰ ਸਕਦਾ ਹੈ। ਫਿਰ ਉਸ ਨੂੰ ਅਜਿਹੀ ਖੁੱਲ੍ਹ ਕਿਉਂ ਦਿੱਤੀ! ਕੀ ਬੱਚੇ ਦੇ ਹੱਥ ’ਚ ਤਲਵਾਰ ਦੇਣਾ ਉਚਿਤ ਹੈ! ਜੇ ਉਹ ਇੰਨਾ ਵੀ ਨਹੀਂ ਜਾਣਦੇ, ਫਿਰ ਕਾਹਦੇ ਅੰਤਰਯਾਮੀ ਹੋਏ?’’
‘‘ਚਾਚਾ, ਭਗਵਾਨ ਦੀ ਲੀਲਾ ਅਪਾਰ ਹੈ। ਇਹ ਸਾਰਾ ਜੱਗ ਬ੍ਰਹਮ ਦੀ ਮਾਇਆ ਹੈ।’’
‘‘ਤੂੰ ਬ੍ਰਹਮਵਾਦੀ ਵੀ ਬਣਦੈਂ। ਪਾਪ-ਪੁੰਨ ਦਾ ਭੇਦ ਵੀ ਵਿਚਾਰਦੈਂ। ਇਕੋ ਵੇਲੇ ਦੋਵੇਂ ਗੱਲਾਂ ਕਿਵੇਂ ਹੋ ਸਕਦੀਆਂ ਹਨ। ਜੇ ਸਾਰੇ ਜਗਤ ’ਚ ਬ੍ਰਹਮ ਦਾ ਵਾਸ ਹੈ ਤਾਂ ਉਹੀ ਬ੍ਰਹਮ ਮੱਛੀ ਬਣ ਕੇ ਜਲ ’ਚ ਮਸਤੀ ਕਰਦੇ ਹਨ। ਉਹੀ ਸ਼ਿਕਾਰੀ ਬਣ ਕੇ ਉਸ ਨੂੰ ਫਸਾਉਂਦੇ ਹਨ। ਉਹੀ ਠੱਗ ਬਣ ਕੇ ਲੋਕਾਂ ਨਾਲ ਜਾਅਲਸਾਜ਼ੀ ਕਰਦੇ ਹਨ, ਉਹੀ ਜੱਜ ਬਣ ਕੇ ਸਜ਼ਾ ਦਿੰਦੇ ਹਨ। ਇਹ ਕਿਵੇਂ ਸੰਭਵ ਹੈ?’’
‘‘ਚਾਚਾ, ਤੂੰ ਤਾਂ ਅਕਲ ਨੂੰ ਉਲਝਾ ਦਿੰਦਾ ਏਂ।’’
‘‘ਤੁਸੀਂ ਆਪਣੇ ਜਾਲ ’ਚ ਆਪ ਫਸਦੇ ਹੋ। ਕਦੇ ਕਹਿੰਦੇ ਹੋ ਕਰਮ ਪ੍ਰਧਾਨ ਹੈ ਜੋ ਜਿਹਾ ਕਰਮ ਕਰਦਾ ਹੈ, ਉਸ ਨੂੰ ਤਿਹਾ ਫਲ ਮਿਲਦਾ ਹੈ। ਫਿਰ ਕਹਿੰਦੇ ਹੋ- ਹੁੰਦਾ ਓਹੀ ਹੈ ਜੋ ਭਗਵਾਨ ਚਾਹੁੰਦਾ ਹੈ। ਦੋਵੇਂ ਗੱਲਾਂ ਇਕੋ ਵੇਲੇ ਕਿਵੇਂ ਸੱਚ ਹੋ ਸਕਦੀਆਂ ਨੇ? ਕਦੇ ਕਹਿੰਦੇ ਹੋ ਭਗਵਾਨ ਸਰਬ-ਵਿਆਪੀ ਹੈ। ਕਦੇ ਕਹਿੰਦੇ ਹੋ ਜਦੋਂ ਧਰਮ ਦੀ ਹਾਨੀ ਹੁੰਦੀ ਹੈ, ਉਦੋਂ ਭਗਵਾਨ ਧਰਤੀ ’ਤੇ ਜਨਮ ਲੈਂਦੇ ਹਨ। ਆਪ ਹੀ ਕਹਿੰਦੇ ਹੋ ਭਗਵਾਨ ਸਮਦਰਸ਼ੀ ਹੈ। ਫਿਰ ਕਹਿੰਦੋ ਹੋ, ਉਸ ਨੂੰ ਭਗਤ ਪਿਆਰੇ ਹਨ। ਇਕ ਪਾਸੇ ਅਦਵੈਤਵਾਦੀ ਬਣਦੇ ਹੋ, ਦੂਜੇ ਪਾਸੇ ਪਾਪ-ਪੁੰਨ ਦਾ ਭੇਦ ਵੀ ਮੰਨਦੇ ਹੋ, ਇਸੇ ਕਾਰਨ ਫਸਦੇ ਹੋ।’’
ਮੈਨੂੰ ਸੋਚਾਂ ’ਚ ਪਿਆ ਦੇਖ ਕੇ ਕਹਿਣ ਲੱਗਾ, ‘‘ਦੇਖ ਇਕ ਤਰ੍ਹਾਂ ਦੀ ਸਪਸ਼ਟ ਗੱਲ ਕਰ। ਕੀ ਕੋਈ ਲੁਟੇਰਾ ਆਪਣੀ ਇੱਛਾ ਨਾਲ ਲੁੱਟਮਾਰ ਕਰਦਾ ਹੈ ਜਾਂ ਭਗਵਾਨ ਦੀ ਪ੍ਰੇਰਨਾ ਨਾਲ? ਜੇ ਭਗਵਾਨ ਦੀ ਪ੍ਰੇਰਣਾ ਨਾਲ ਕਰਦਾ ਹੈ ਤਾਂ ਭਗਵਾਨ ਦੋਸ਼ੀ ਹੈ। ਜੇ ਆਪਣੀ ਇੱਛਾ ਨਾਲ ਕਰਦਾ ਹੈ ਤਾਂ ਇਹ ਦਲੀਲ ਬੇਮਾਅਨਾ ਹੈ ਕਿ ਜੋ ਕਰਾਉਂਦਾ ਹੈ, ਉਹੋ ਕਰਾਉਂਦਾ ਹੈ।’’
‘‘ਚਾਚਾ, ਮੈਂ ਕੀ ਕਹਾਂ! ਦੋਵਾਂ ’ਚੋਂ ਕੋਈ ਵੀ ਗੱਲ ਸੁੱਟ ਸਕਣ ਵਾਲੀ ਨਹੀਂ। ਭਗਵਾਨ ਦੀ ਇੱਛਾ ਬਿਨਾਂ ਪੱਤਾ ਨਹੀਂ ਹਿਲਦਾ। ਪਰ ਬੁਰੇ ਕੰਮਾਂ ਲਈ ਦੋਸ਼ੀ ਵੀ ਭਗਵਾਨ ਨੂੰ ਮੰਨਣਾ ਉਚਿਤ ਨਹੀਂ।’’
‘‘ਦੇਖ ਇਕ ਗੱਲ ’ਤੇ ਕਾਇਮ ਰਹੀਂ। ਨਹੀਂ ਤਾਂ ਆਹ ਡੰਡਾ ਵੇਖ। ਹਰ ਗੱਲ ਭਗਵਾਨ ਦੀ ਇੱਛਾ ਨਾਲ ਹੁੰਦੀ ਹੈ?’’
‘‘ਹਾਂ ਬਿਲਕੁਲ।’’
‘‘ਹੁਣ ਮੈਂ ਜੇ ਤੇਰੇ ਇਕ ਡੰਡਾ ਮਾਰ ਦਿਆਂ ਤਾਂ ਉਹ ਵੀ ਭਗਵਾਨ ਦੀ ਮਰਜ਼ੀ ਹੋਵੇਗੀ!’’
ਮੈਨੂੰ ਚੁੱਪ ਦੇਖ ਕੇ ਬੋਲਿਆ, ‘‘ਬੋਲਦਾ ਕਿਉਂ ਨਹੀਂ? ਜੇ ਸਭ ਘਟਨਾਵਾਂ ਪਿੱਛੇ ਭਗਵਾਨ ਦੀ ਇੱਛਾ ਹੁੰਦੀ ਹੈ ਤਾਂ ਜਿੰਨੀਆਂ ਹੱਤਿਆਵਾਂ, ਲੁੱਟ-ਮਾਰ, ਚੋਰੀਆਂ, ਡਕੈਤੀਆਂ ਹੁੰਦੀਆਂ ਹਨ, ਉਨ੍ਹਾਂ ਸਭ ਦਾ ਦੋਸ਼ ਉਸੇ ਸਿਰ ਜਾਂਦਾ ਹੈ।’’
‘‘ਚਾਚਾ, ਭਗਵਾਨ ਅਤਿਅੰਤ ਦਿਆਲੂ ਹੈ।’’
ਚਾਚੇ ਨੇ ਵਿਅੰਗ ਦੇ ਸੁਰ ’ਚ ਕਿਹਾ, ‘‘ਜਦੋਂ ਮੇਲਿਆਂ ’ਚ ਹਜ਼ਾਰਾਂ ਭਗਤ ਭੀੜ ਰਾਹੀਂ ਦਰੜ ਕੇ ਮਾਰੇ ਗਏ, ਪਲ-ਪਲ ਮੌਤ ਵੱਲ ਜਾਂਦੇ ਮਰਦ, ਔਰਤਾਂ ਤੇ ਬੱਚੇ ਉਸ ਨੂੰ ਪੁਕਾਰਦੇ ਰਹੇ, ਉਦੋਂ ਉਸ ਨੂੰ ਤਰਸ ਨਹੀਂ ਆਇਆ!
‘‘ਚਾਚਾ ਜੀ, ਅਜਿਹਾ ਨਾ ਕਹਿ। ਜਿਨ੍ਹਾਂ ਲੋਕਾਂ ਨੇ ਪਾਪ ਕੀਤਾ ਹੋਵੇਗਾ, ਉਨ੍ਹਾਂ ਨੂੰ ਕਸ਼ਟ ਭੋਗਣਾ ਪਿਆ।’’
‘‘ਫਿਰ ਤਾਂ ਜਿੰਨੇ ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਹਨ, ਉਹ ਸਭ ਪਾਪੀ ਹਨ। ਜੇ ਮਗਰਮੱਛ ਕਿਸੇ ਨੂੰ ਫੜ ਕੇ ਪਾਣੀ ’ਚ ਘਸੀਟਦਾ ਹੈ ਤਾਂ ਉਹ ਆਪਣੇ ਪੂਰਬਲੇ ਜਨਮ ਦਾ ਫਲ ਭੋਗਦਾ ਹੈ। ਉਸ ਨੂੰ ਡੁੱਬਣ ਦੇਣਾ ਚਾਹੀਦਾ ਹੈ। ਫਿਰ ਭਗਵਾਨ ਨੂੰ ਉਹਦੇ ਲਈ ਦੌੜਨ ਦੀ ਕੀ ਲੋੜ ਸੀ।’’
‘‘ਕਿਉਂਕਿ ਭਗਵਾਨ ਨੂੰ ਭਗਤ ਪਿਆਰੇ ਹਨ ਜੋ ਉਸ ਦੀ ਜਿੰਨੀ ਭਗਤੀ ਕਰਦਾ ਹੈ, ਉਸ ਨੂੰ ਓਨਾ ਹੀ ਫਲ ਮਿਲਦਾ ਹੈ।’’
‘‘ਫਿਰ ਤਾਂ ਭਗਵਾਨ ਬਾਣੀਆ ਹੈ। ਜਿੰਨੀ ਕੀਮਤ ਦਿਓਗੇ, ਉਸੇ ਦੇ ਹਿਸਾਬ ਨਾਲ ਤੁਲ ਕੇ ਸਾਮਾਨ ਮਿਲੇਗਾ। ਫਿਰ ਉਹਦੇ ਤੇ ਦਮੜੀ ਸ਼ਾਹ ’ਚ ਕੀ ਫ਼ਰਕ ਹੋਇਆ?’’
‘‘ਮੰਨ ਗਿਆ ਚਾਚਾ ਤੈਨੂੰ! ਤੂੰ ਤਾਂ ਇੰਨੇ ਸ਼ੰਕੇ ਖੜ੍ਹੇ ਕਰ ਦਿੰਦਾ ਏਂ ਕਿ ਆਸਤਿਕ ਦਾ ਮਨ ਵੀ ਡੋਲ ਜਾਂਦਾ ਹੈ। ਹੁਣ ਤੂੰ ਹੀ ਦੱਸ ਕਿ ਭਗਵਾਨ ਹੈ ਜਾਂ ਨਹੀਂ?’’
‘‘ਹੈ ਤਾਂ ਜ਼ਰੂਰ। ਪਰ ਸਵਾਲ ਇਹ ਹੈ ਕਿ ਉਹ ਸਾਡੀ ਰਚਨਾ ਕਰਕੇ ਆਪਣਾ ਮਨ ਪਰਚਾਉਂਦਾ ਹੈ ਜਾਂ ਅਸੀਂ ਉਸ ਦੀ ਸਿਰਜਨਾ ਕਰਕੇ ਆਪਣਾ ਮਨੋਰੰਜਨ ਕਰਦੇ ਹਾਂ?’’
‘‘ਚਾਚਾ, ਤੇਰੇ ਮੁਤਾਬਿਕ ਭਗਵਾਨ ਸਿਰਫ਼ ਕਲਪਨਾ ਹੈ?’’
‘‘ਨਹੀਂ ਬਈ ਅਸਲੀ ਭਗਵਾਨ ਵੀ ਹੁੰਦੇ ਨੇ। ਬ੍ਰਹਮਵੈਵਰਤ ਦੇ ਸ਼ਲੋਕ ਮੁਤਾਬਿਕ ਜਿਸ ਕੋਲ ‘ਭਗ’ ਹੈ, ਉਹੀ ਭਗਵਾਨ ਹੈ। ‘ਭਗ’ ਮਤਲਬ ਭਾਗ। ਜਿਸ ਨੂੰ ਜਿੰਨੀ ਜ਼ਿਆਦਾ ਮਾਤਰਾ ’ਚ ਮਿਲਦਾ ਹੈ, ਉਹ ਓਨਾ ਹੀ ਵੱਡਾ ਭਗਵਾਨ ਹੈ। ਜਿਸ ਨੂੰ ਇਹ ਸੁਭਾਗ ਨਹੀਂ ਮਿਲਦਾ ਉਹ ਅਭਾਗਾ ਜਾਂ ਅਭਗਵਾਨ ਹੈ। ਓਹ ਸ਼੍ਰਿਸਟੀ ਦੀ ਰਚਨਾ ਕੀ ਕਰੇਗਾ!’’
‘‘ਚਾਚਾ, ਤੂੰ ਭੰਗ ਦੀ ਤਰੰਗ ’ਚ ਭਗਵਾਨ ਨੂੰ ਵੀ ਲੈ ਡੁੱਬਦੈਂ। ਪਰ ਅਸ਼ਕੇ ਤੇਰੇ! ਤੂੰ ਵਿਅੰਗ ਵਿਚ ਵੀ ਤਰਕ ਦਾ ਪੱਲਾ ਨਹੀਂ ਛੱਡਦਾ।’’
‘‘ਓ ਬਈ ਤੂੰ ਭੁੱਲ ਜਾਦੈਂ ਕਿ ਅਸੀਂ ਵੰਸ਼ਜ ਕਿਸ ਦੇ ਹਾਂ। ਤਰਕ ਅਤੇ ਵਿਅੰਗ ’ਤੇ ਤਾਂ ਸਾਡਾ ਜਨਮ ਸਿੱਧ ਅਧਿਕਾਰ ਹੈ। ਇਸੇ ਤਰਕ ਸ਼ਕਤੀ ਦੇ ਜੋਸ਼ ਵਿਚ ਇਕ ਦਿਨ ਉਦਿਅਨ ਆਚਾਰੀਆ ਨੇ ਭਗਵਾਨ ਨੂੰ ਲਲਕਾਰਿਆ ਸੀ, ‘ਹੇ ਭਗਵਾਨ ਇਸ ਘੁਮੰਡ ਵਿਚ ਨਾ ਰਹਿਣਾ ਕਿ ਮੇਰੀ ਹੋਂਦ ਆਪਦੇ ਅਧੀਨ ਹੈ। ਬੋਧੀਆਂ ’ਚ ਆਪ ਦੀ ਹੋਂਦ ਵੀ ਮੇਰੇ ਅਧੀਨ ਹੁੰਦੀ ਹੈ।’ ਉਸੇ ਤਰ੍ਹਾਂ ਮੈਂ ਵੀ ਕਹਿੰਦਾ ਹਾਂ, ‘ਹੇ ਰੱਬ ਜੀ, ਤੁਸੀਂ ਚੋਰਾਂ ਵਾਂਗੂੰ ਓਹਲੇ ’ਚ ਕਿਉਂ ਰਹਿੰਦੇ ਹੋ? ਸਮਰੱਥਾ ਹੈ ਤਾਂ ਪਰਗਟ ਹੋ ਕੇ ਆਪਣੀ ਹੋਂਦ ਦਾ ਸਬੂਤ ਦਿਓ।’ ਕਿਧਰੇ ਹੋਏਗਾ ਤਾਂ ਸੁਣੇਗਾ ਹੀ। ਨਹੀਂ ਤਾਂ ਸਮਝਾਂਗਾ ਬੀਆਬਾਨ ’ਚ ਮੇਰੀ ਆਵਾਜ਼ ਗੁੰਮ ਹੋ ਗਈ। ਖ਼ੈਰ! ਕੁਝ ਵੀ ਹੋਵੇ ਅੱਜ ਇਸ ਬਹਾਨੇ ਦੋ ਘੜੀ ਭਗਵਾਨ ’ਤੇ ਚਰਚਾ ਤਾਂ ਹੋ ਗਈ।
ਏਕ ਘੜੀ ਆਧੀ ਘੜੀ, ਆਧੀ ਮੇਂ ਪੁਨਿਆਧ
ਕਛੁ ਚਰਚਾ ਭਗਵਾਨ ਕੀ, ਹਰੈ ਕੋਟਿ ਅਪਰਾਧ।’’

– ਪੰਜਾਬੀ ਰੂਪ: ਕਾਂਤਾ ਸ਼ਰਮਾ
ਸੰਪਰਕ: 97818-79362


Comments Off on ਭਗਵਾਨ ਦੀ ਚਰਚਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.