ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਬਿਨਾਂ ਬੋਲੇ ਪੰਜਾਬ ਦੀ ਪੀੜ ਉਭਾਰਦੀ ‘ਸਟਰੇਅ ਸਟਾਰ’

Posted On June - 29 - 2019

ਡਾ.ਯਾਦਵਿੰਦਰ ਕੌਰ

ਸਮਕਾਲੀ ਪੰਜਾਬੀ ਸਿਨਮਾ ਦੇ ਵਪਾਰਕ ਦ੍ਰਿਸ਼ਟੀਕੋਣ ਦੀ ਲੀਹ ਤੋਂ ਹਟ ਕੇ ਡਾ. ਪਰਮਜੀਤ ਸਿੰਘ ਕੱਟੂ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਲਘੂ ਫ਼ਿਲਮ ‘ਸਟਰੇਅ ਸਟਾਰ’ ਨਾ ਸਿਰਫ਼ ਸਿਨਮਾ ਅਤੇ ਸਮਕਾਲੀ ਸਮੱਸਿਆ ਦੇ ਆਪਸੀ ਸਜੀਵ ਰਿਸ਼ਤੇ ਨੂੰ ਪੇਸ਼ ਕਰਦੀ ਹੈ ਬਲਕਿ ਪੰਜਾਬੀ ਸਿਨਮਾ ਨੂੰ ਵੀ ਅੰਤਰ-ਰਾਸ਼ਟਰੀ ਪੱਧਰ ’ਤੇ ਪਛਾਣ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਪਾਕੇਟ ਫਿਲਮਜ਼ ਵੱਲੋਂ ਇਸ ਮਹੀਨੇ ਹੀ ਰਿਲੀਜ਼ ਕੀਤੀ ਗਈ ਇਹ ਫ਼ਿਲਮ ਪੰਜਾਬੀ ਸਿਨਮਾ ਦੇ ਇਤਿਹਾਸ ਵਿਚ ਮੂਕ ਅਤੇ ਲਘੂ ਆਕਾਰ ਦੀ ਪਲੇਠੀ ਫ਼ਿਲਮ ਹੈ।
ਲਗਪਗ ਡੇਢ ਸਾਲ ਪਹਿਲਾਂ ਬਣੀ ਇਹ ਫ਼ਿਲਮ 15 ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਫ਼ਿਲਮ ਫੈਸਟੀਵਲਾਂ ਵਿਚ ਨਾਮਜ਼ਦ ਹੋ ਚੁੱਕੀ ਹੈ ਅਤੇ ਕਈ ਐਵਾਰਡ ਵੀ ਆਪਣੇ ਨਾਮ ਕਰਵਾ ਚੁੱਕੀ ਹੈ। ਇਹ ਫ਼ਿਲਮ ਜਾਗਰਣ ਫ਼ਿਲਮ ਫੈਸਟੀਵਲ 2018, ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ, 2019, ਜੇਮਜ਼ ਰੀਵਰ ਸ਼ੌਰਟ ਫਿਲਮਜ਼, 2018 (ਅਮਰੀਕਾ), ਮਿਸ਼ਨ ਸ਼ੌਰਟ ਫ਼ਿਲਮ ਫੈਸਟੀਵਲ, 2018 (ਕੈਨੇਡਾ), ਮਿਊਜ਼ਿਕ ਸ਼ੌਰਟ ਫ਼ਿਲਮ ਫੈਸਟੀਵਲ, 2019 (ਅਮਰੀਕਾ), ਫਸਟ ਟਾਈਮ ਫ਼ਿਲਮ-ਮੇਕਰ ਸੈਸ਼ਨਜ਼, 2019 (ਯੂ.ਕੇ.), ਦਿ ਲਿਫਟ ਆਫ ਸੈਸ਼ਨਜ਼, 2019 (ਯੂ.ਕੇ.), ਗੋਲਡਨ ਅਰਥ ਫ਼ਿਲਮ ਐਵਾਰਡਜ਼ (ਯੂਰੋਪ), ਸ਼ੌਰਟ ਸਿਨੇ ਫੈਸਟ, 2018, ਆਬ ਫ਼ਿਲਮ ਫੈਸਟੀਵਲ, 2018, ਗਲੋਬਲ ਗੋਲਡਨ ਫਰੇਮ ਫ਼ਿਲਮ ਫੈਸਟੀਵਲ, 2018 ਆਦਿ ਨਾਂ ਪ੍ਰਮੁੱਖ ਹਨ। ਪੈਰਟ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ, 2018 ਵਿਚ ‘ਸਟਰੇਅ ਸਟਾਰ’ ਬੈਸਟ ਬੈਕਗਰਾਊਂਡ ਸਕੋਰ ਦੀ ਇਨਾਮ ਜੇਤੂ ਰਹੀ। ਇਸ ਫ਼ਿਲਮ ਦੀਆਂ ਪ੍ਰਾਪਤੀਆਂ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਲਘੂ ਫ਼ਿਲਮ ਪੰਜਾਬੀ ਸਿਨਮਾ ਵਿਚ ਨਵੀਆਂ ਪਿਰਤਾਂ ਪਾਉਣ ਦੀ ਸਮਰੱਥਾ ਰੱਖਦੀ ਹੈ।
ਮੂਕ ਫ਼ਿਲਮ ਹੋਣ ਕਾਰਨ ਇਹ ਭਾਸ਼ਾਈ ਹੱਦਾਂ ਤੋਂ ਪਾਰ ਦੀ ਗੱਲ ਹੈ, ਪਰ ਫਿਰ ਵੀ ਇਹ ਪੰਜਾਬੀ ਸਿਨਮਾ ਦੀ ਹੀ ਹਸਤਾਖ਼ਰ ਬਣਕੇ ਅੰਤਰ-ਰਾਸ਼ਟਰੀ ਫ਼ਿਲਮ ਫੈਸਟੀਵਲਾਂ ਵਿਚ ਸ਼ਲਾਘਾ ਖੱਟ ਰਹੀ ਹੈ। ਇਹ ਫ਼ਿਲਮ ਪੰਜਾਬ ਦੀਆਂ ਦੋ ਪ੍ਰਮੁੱਖ ਸਮੱਸਿਆਵਾਂ ਭਾਵ ਕਿਸਾਨ ਖ਼ੁਦਕੁਸ਼ੀਆਂ ਅਤੇ ਪਰਵਾਸ ਨੂੰ ਬਿਨਾਂ ਬੋਲੇ ਬਾਖ਼ੂਬੀ ਪੇਸ਼ ਕਰਦੀ ਹੈ। ਫ਼ਿਲਮ ਦੇ ਨਿਰਮਾਤਾ ਜਸਵਿੰਦਰ ਸਿੰਘ ਢਿੱਲੋਂ ਅਤੇ ਸਿਨਮੈਟੋਗ੍ਰਾਫਰ ਗੁਰਪ੍ਰੀਤ ਚੀਮਾ ਹਨ ਤੇ ਇਹ ‘ਆਈਪਿਕਚਰ ਪ੍ਰੋਡਕਸ਼ਨਜ਼’ ਬੈਨਰ ਹੇਠ ਬਣਾਈ ਗਈ ਹੈ। ਇਸ ਵਿਚ ਲੱਖਾ ਲਹਿਰੀ ਨੇ ਮੁੱਖ ਭੂਮਿਕਾ ਨਿਭਾਈ ਹੈ। ਸਾਢੇ ਸੱਤ ਮਿੰਟ ਦੀ ਫ਼ਿਲਮ ਵਿਚ ਖੇਤਾਂ ਦੀ ਹਰਿਆਵਲ, ਸ਼ਹਿਰਾਂ ਵਿਚ ਉਸਰੇ ਬੇਤਹਾਸ਼ਾ ਆਈਲੈਟਸ ਕੋਚਿੰਗ ਸੈਂਟਰ ਅਤੇ ਬੀਆਬਾਨ ਮਾਰੂਥਲ ਤਿੰਨ ਉਹ ਅਹਿਮ ਦ੍ਰਿਸ਼ ਹਨ ਜੋ ਪੰਜਾਬ ਦੇ ਭੂਤ, ਵਰਤਮਾਨ ਅਤੇ ਭਵਿੱਖ ਦੀ ਨਿਸ਼ਾਨਦੇਹੀ ਕਰਦੇ ਹਨ। ਆਖਰੀ ਦ੍ਰਿਸ਼ ਵਿਚ ਢਲਦਾ ਸੂਰਜ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਡੁੱਬਦੀ ਜੀਵਨ ਰੌਂਅ ਵੱਲ ਸੰਕੇਤ ਕਰਦਾ ਹੈ। ਇਹ ਫ਼ਿਲਮ ਪੰਜਾਬ ਤੋਂ ਧੜਾਧੜ ਹੋ ਰਹੇ ਪਰਵਾਸ ਦੇ ਆਧਾਰ ’ਤੇ ਇਸਦੇ ਭਵਿੱਖਮੁਖੀ ਸੰਕਟਾਂ ਵੱਲ ਇਸ਼ਾਰਾ ਕਰਕੇ ਇਹ ਸੰਦੇਸ਼ ਦਿੰਦੀ ਹੈ ਕਿ ਜੇਕਰ ਸਮਕਾਲੀ ਸਮੱਸਿਆਵਾਂ ਪ੍ਰਤੀ ਚੇਤੰਨ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਉਸ ਮਾਰੂਥਲ ਜਿਹਾ ਹੋ ਜਾਵੇਗਾ ਜਿੱਥੋਂ ਕੁਦਰਤ ਅਤੇ ਜੀਵਨ ਵੀ ਹਿਜਰਤ ਕਰ ਜਾਣਗੇ। ਇਹ ਫ਼ਿਲਮ ਪਰਵਾਸ ਦੀਆਂ ਉਹ ਪਰਤਾਂ ਪੇਸ਼ ਕਰਦੀ ਹੈ ਜਿਹੜੀਆਂ ਸਿੱਧੇ ਤੌਰ ’ਤੇ ਸਾਨੂੰ ਨਹੀਂ ਦਿਸਦੀਆਂ।

ਸੰਪਰਕ: 99158-59993


Comments Off on ਬਿਨਾਂ ਬੋਲੇ ਪੰਜਾਬ ਦੀ ਪੀੜ ਉਭਾਰਦੀ ‘ਸਟਰੇਅ ਸਟਾਰ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.