ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਬਹੁਪੱਖੀ ਅਦਾਕਾਰ ਲਾਲਾ ਯਾਕੂਬ

Posted On June - 22 - 2019

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ

ਮਨਦੀਪ ਸਿੰਘ ਸਿੱਧੂ

ਭਾਰਤੀ ਫ਼ਿਲਮਾਂ ਦੇ ਉੱਘੇ ਚਰਿੱਤਰ ਅਦਾਕਾਰ, ਖ਼ਲਨਾਇਕ, ਫ਼ਿਲਮਸਾਜ਼ ਅਤੇ ਸੰਵਾਦ ਲੇਖਕ ਲਾਲਾ ਯਾਕੂਬ ਲਾਹੌਰੀ ਉਰਫ਼ ਮੁਹੰਮਦ ਯਾਕੂਬ ਦੀ ਪੈਦਾਇਸ਼ 31 ਅਕਤੂਬਰ 1907 ਨੂੰ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਪੰਜਾਬੀ ਮੁਸਲਿਮ ਖ਼ਾਨਦਾਨ ਵਿਚ ਹੋਈ। ਉਸਨੇ ਐਂਟਰਸ ਤਕ ਤਾਲੀਮ ਹਾਸਲ ਕਰਨ ਤੋਂ ਬਾਅਦ ਵਪਾਰ ਵਿਚ ਦਿਲਚਸਪੀ ਵਿਖਾਈ। ਮਿਹਨਤ ਨਾਲ ਵਪਾਰ ’ਚ ਖ਼ੂਬ ਦੌਲਤ ਕਮਾਈ ਤੇ ਧਨਾਢ ਬੰਦਿਆਂ ’ਚ ਸ਼ੁਮਾਰ ਹੋਣ ਲੱਗੇ, ਪਰ ਵਕਤ ਬਦਲਦਿਆਂ ਦੇਰ ਨਹੀਂ ਲੱਗੀ। ਕਿਸਮਤ ਨੇ ਪੁੱਠੀ ਕਰਵਟ ਲਈ ਤਾਂ ਉਹ ਨੌਕਰੀ ਕਰਨ ਲਈ ਮਜਬੂਰ ਹੋ ਗਿਆ। ਹਾਲਾਤ ਬਿਹਤਰ ਹੋਣ ਦੀ ਬਜਾਏ ਦਿਨ-ਬ-ਦਿਨ ਬਦਤਰ ਹੁੰਦੇ ਗਏ। ਅਖੀਰ ਉਸਨੇ ਫ਼ਿਲਮਾਂ ਵਿਚ ਜਾਣ ਦਾ ਫ਼ੈਸਲਾ ਕਰ ਲਿਆ। ਪਰਿਵਾਰ ਦੇ ਵਿਰੋਧ ਦੇ ਬਾਵਜੂਦ ਉਹ 1932 ਵਿਚ ਪਲੇਆਰਟ ਫੋਟੋਟੋਨ ਕੰਪਨੀ ਵਿਚ ਸ਼ਾਮਲ ਹੋ ਗਿਆ।
ਉਸਦੀ ਪਹਿਲੀ ਉਰਦੂ/ਹਿੰਦੀ ਫ਼ਿਲਮ ਪਲੇਆਰਟ ਫੋਟੋਟੋਨ ਕਾਰਪੋਰੇਸ਼ਨ, ਲਾਹੌਰ ਦੀ ਹਕੀਮ ਰਾਮ ਪ੍ਰਸ਼ਾਦ ਦੀ ਫ਼ਿਲਮਸਾਜ਼ੀ ਅਤੇ ਅਬਦੁੱਲ ਰਸ਼ੀਦ ਕਾਰਦਾਰ ਦੀ ਹਿਦਾਇਤਕਾਰੀ ’ਚ ਬਣੀ ‘ਹੀਰ ਰਾਂਝਾ’ ਉਰਫ਼ ‘ਹੂਰ-ਏ-ਪੰਜਾਬ’ (1932) ਸੀ। ਇਸ ਫ਼ਿਲਮ ਦੀ ਕਹਾਣੀ ਆਬਿਦ ਅਲੀ ਆਬਿਦ, ਸੰਵਾਦ ਲਾਲਾ ਯਾਕੂਬ, ਲਾਹੌਰੀ ਨੇ ਤਹਿਰੀਰ ਕਰਨ ਦੇ ਨਾਲ-ਨਾਲ ਅਦਾਕਾਰੀ ਵੀ ਕੀਤੀ। ਮੌਸੀਕੀ ਰਫ਼ੀਕ ਗ਼ਜ਼ਨਵੀ (ਸਹਾਇਕ ਭਾਈ ਗ਼ੁਲਾਮ ਹੈਦਰ) ਨੇ ਮੁਰੱਤਿਬ ਕੀਤੀ। ਇਹ ਫ਼ਿਲਮ 9 ਸਤੰਬਰ 1932 ਨੂੰ ਕੈਪੀਟਲ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ। ਇਸ ਉਰਦੂ ਫ਼ਿਲਮ ਨੂੰ ਪੰਜਾਬੀਆਂ ਨੇ ਨਕਾਰ ਦਿੱਤਾ। ਲਾਲਾ ਯਾਕੂਬ ਦੀ ਦੂਜੀ ਫ਼ਿਲਮ ਈਸਟ ਇੰਡੀਆ ਫ਼ਿਲਮ ਕੰਪਨੀ, ਕਲਕੱਤਾ ਦੀ ਧੀਰੇਨ ਗਾਂਗੁਲੀ ਨਿਰਦੇਸ਼ਿਤ ਤੇ ਬੀ. ਐੱਲ. ਖੇਮਕਾ ਦੀ ਫ਼ਿਲਮਸਾਜ਼ੀ ’ਚ ਬਣੀ ‘ਨਾਈਟ ਬਰਡ’ ਉਰਫ਼ ‘ਰਾਤ ਕਾ ਰਾਜਾ’ (1934) ਸੀ। ਇਹ ਫ਼ਿਲਮ 18 ਮਈ 1935 ਨੂੰ ਮੈਜਿਸਟਿਕ ਸਿਨਮਾ, ਬੰਬਈ ਵਿਖੇ ਪਰਦਾਪੇਸ਼ ਹੋਈ। ਈਸਟ ਇੰਡੀਆ ਫ਼ਿਲਮ ਕੰਪਨੀ ਦੀ ਏ. ਆਰ. ਕਾਰਦਾਰ ਨਿਰਦੇਸ਼ਿਤ ਫ਼ਿਲਮ ‘ਸੁਲਤਾਨਾ’ (1934) ’ਚ ਗੁਲ ਹਮੀਦ ਨੇ ਹੀਰੋ, ਜ਼ਰੀਨਾ ਨੇ ਟਾਈਟਲ ਰੋਲ (ਸੁਲਤਾਨਾ) ਕੀਤਾ ਅਤੇ ਲਾਲਾ ਯਾਕੂਬ ਚਰਿੱਤਰ ਕਿਰਦਾਰ ਨਿਭਾ ਰਿਹਾ ਸੀ। ਮੌਸੀਕੀ ਮੁਸ਼ਤਾਕ ਹੁਸੈਨ, ਮੰਜ਼ਰਨਾਮਾ ਤੇ ਮੁਕਾਲਮੇ ਏ. ਆਰ. ਕਾਰਦਾਰ ਨੇ ਲਿਖੇ। ਇਹ ਫ਼ਿਲਮ 29 ਮਾਰਚ 1934 ਨੂੰ ਪੈਰਾਮਾਊਂਟ ਸਿਨਮਾ, ਲਾਹੌਰ ਵਿਖੇ ਰਿਲੀਜ਼ ਹੋਈ। ਬਾਅਦ ਵਿਚ ਇਸੇ ਕਹਾਣੀ ’ਤੇ ਆਧਾਰਿਤ ਕਾਰਦਾਰ ਨੇ ਦੋ ਹਿੰਦੀ ਫ਼ਿਲਮਾਂ ‘ਦੁਲਾਰੀ’ (1949) ਤੇ ‘ਯਾਸਮੀਨ’ (1955) ਬਣਾਈਆਂ। ਈਸਟ ਇੰਡੀਆ ਕੰਪਨੀ ਦੀ ਮਧੂ ਬੋਸ ਨਿਰਦੇਸ਼ਿਤ ਫ਼ਿਲਮ ‘ਸਲੀਮਾ’ (1935) ’ਚ ਟਾਈਟਲ ਰੋਲ ਅਦਾਕਾਰਾ ਮਾਧਵੀ, ਹੀਰੋ ਗੁਲ ਹਮੀਦ ਅਤੇ ਲਾਲਾ ਯਾਕੂਬ ਨੇ ਨਿਭਾਏ।
ਮੋਤੀ ਲਾਲ ਥੀਏਟਰ, ਕਲਕੱਤਾ ਦੀ ਸੇਠ ਮੋਤੀ ਲਾਲ ਚਾਮਰੀਆ (ਫ਼ਿਲਮਸਾਜ਼) ਤੇ ਏ. ਆਰ. ਕਾਰਦਾਰ ਨਿਰਦੇਸ਼ਿਤ ਫ਼ਿਲਮ ‘ਮਿਲਾਪ’ (1937) ’ਚ ਉਸਨੇ ਚਰਿੱਤਰ ਕਿਰਦਾਰ ਨਿਭਾਇਆ। ਮੁੱਖ ਭੂਮਿਕਾ ਪ੍ਰਿਥਵੀਰਾਜ ਕਪੂਰ ਤੇ ਇੰਦਰਾ ਦੇਵੀ ਨੇ ਅਦਾ ਕੀਤੀ। ਇਹ ਫ਼ਿਲਮ 8 ਅਕਤੂਬਰ 1937 ਨੂੰ ਨਿਸ਼ਾਤ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ। ਜਨਰਲ ਫ਼ਿਲਮਜ਼, ਬੰਬਈ ਦੀ ਸੇਠ ਸ਼ਿਰਾਜ਼ ਅਲੀ ਹਕੀਮ (ਫ਼ਿਲਮਸਾਜ਼) ਤੇ ਏ. ਆਰ. ਕਾਰਦਾਰ ਨਿਰਦੇਸ਼ਿਤ ਫ਼ਿਲਮ ‘ਬਾਗਬਾਨ’ (1938) ’ਚ ਲਾਲਾ ਯਾਕੂਬ ਇਕ ਵਾਰ ਫੇਰ ਚਰਿੱਤਰ ਅਦਾਕਾਰ ਵਜੋਂ ਛਾਇਆ। ਨਗ਼ਮਾਨਿਗਾਰ ਹਫ਼ੀਜ਼ ਜਲੰਧਰੀ ਤੇ ਮਿਰਜ਼ਾ ਮੁਸ਼ੱਰਫ਼ ਅਤੇ ਮੌਸੀਕੀ ਮੁਸ਼ਤਾਕ ਹੁਸੈਨ ਨੇ ਮੁਰੱਤਿਬ ਕੀਤੀ। ਰਣਜੀਤ ਮੂਵੀਟੋਨ, ਬੰਬਈ ਦੀ ਚਤੁਰਭੁਜ ਏ. ਦੋਸ਼ੀ ਨਿਰਦੇਸ਼ਿਤ ਫ਼ਿਲਮ ‘ਅਧੂਰੀ ਕਹਾਨੀ’ ਉਰਫ਼ ‘ਅਨਫਿਨਿਸ਼ਡ ਟੇਲ’ (1939) ’ਚ ਪ੍ਰਿਥਵੀਰਾਜ ਕਪੂਰ ਤੇ ਇਲਾ ਦੇਵੀ ਨਾਲ ਯਾਦਗਾਰੀ ਖ਼ਲ ਅਦਾਕਾਰੀ ਕੀਤੀ। ਫ਼ਿਲਮ ਦਾ ਸੰਗੀਤ ਗਿਆਨ ਦੱਤ ਅਤੇ ਗੀਤ ਜਮੁਨਾ ਸਵਰੂਪ ਕਸ਼ਯਪ ‘ਨਾਤਵਾਂ’ ਨੇ ਲਿਖੇ। ਜਨਰਲ ਫ਼ਿਲਮਜ਼, ਬੰਬੇ ਦੀ ਗੁੰਜਾਲ ਨਿਰਦੇਸ਼ਿਤ ਫ਼ਿਲਮ ‘ਪਤੀ ਪਤਨੀ’ (1939) ’ਚ ਅਦਾਕਾਰਾ ਸ਼ੋਭਨਾ ਸਮਰੱਥ ਅਤੇ ਰਿਆਸਤ ਅਲੀ ਵਾਸਤੀ ਨਾਲ ਲਾਲਾ ਯਾਕੂਬ ਦੂਜੇ ਹੀਰੋ ਵਜੋਂ ਮੌਜੂਦ ਸਨ। ਮੌਸੀਕੀ ਮੁਸ਼ਤਾਕ ਹੁਸੈਨ ਤੇ ਹਰੀਸ਼ਚੰਦਰ ਬਾਲੀ ਅਤੇ ਗੀਤ ਖ਼ਲਿਸ਼, ਸੰਤੋਸ਼ੀ, ਪੰਡਤ ਇੰਦਰ, ਜੀ. ਐੱਸ, ਕਸ਼ਯਪ ਅਤੇ ਮੁਣਸ਼ੀ ਅਜ਼ੀਜ਼ ਨੇ ਲਿਖੇ ਸਨ। ਇਹ ਫ਼ਿਲਮ 2 ਜੂਨ 1939 ਨੂੰ ਨਾਵਲਟੀ ਸਿਨਮਾ, ਬੰਬੇ ਵਿਖੇ ਪਰਦਾਪੇਸ਼ ਹੋਈ। ਰਣਜੀਤ ਮੂਵੀਟੋਨ, ਬੰਬਈ ਦੀ ਸੇਠ ਚੰਦੂ ਲਾਲ ਸ਼ਾਹ (ਫ਼ਿਲਮਸਾਜ਼) ਤੇ ਏ. ਆਰ. ਕਾਰਦਾਰ ਨਿਰਦੇਸ਼ਿਤ ਫ਼ਿਲਮ ‘ਠੋਕਰ’ ਉਰਫ਼ ‘ਦਿ ਕਿੱਕ’ (1939) ’ਚ ਲਾਲਾ ਯਾਕੂਬ ਨੇ ‘ਕਿਸ਼ੋਰ’ ਦਾ ਚਰਿੱਤਰ ਕਿਰਦਾਰ ਨਿਭਾਇਆ। ਕਹਾਣੀ ਅਤੇ ਮੁਕਾਲਮੇ ਐੱਮ. ਸਾਦਿਕ, ਮੌਸੀਕੀ ਗਿਆਨ ਦੱਤ ਅਤੇ ਗੀਤ ਪਿਆਰੇ ਲਾਲ ਸੰਤੋਸ਼ੀ ਨੇ ਲਿਖੇ। ਇਹ ਫ਼ਿਲਮ 28 ਅਪਰੈਲ 1939 ਨੂੰ ਰੀਜੈਂਟ ਸਿਨਮਾ, ਲਾਹੌਰ ਵਿਖੇ ਰਿਲੀਜ਼ ਹੋਈ ਅਤੇ ਸੁਪਰਹਿੱਟ ਰਹੀ।

ਮਨਦੀਪ ਸਿੰਘ ਸਿੱਧੂ

ਰਣਜੀਤ ਮੂਵੀਟੋਨ, ਬੰਬਈ ਦੀ ਚੰਦੂਲਾਲ ਸ਼ਾਹ ਨਿਰਦੇਸ਼ਿਤ ਫ਼ਿਲਮ ‘ਅਛੂਤ’ (1940) ’ਚ ਲਾਲਾ ਯਾਕੂਬ ਚਰਿੱਤਰ ਅਦਾਕਾਰ ਵਜੋਂ ਮੌਜੂਦ ਸਨ। ਹੀਰੋਇਨ ਦਾ ਪਾਰਟ ਗੌਹਰ ਅਤੇ ਹੀਰੋ ਦੇ ਤੌਰ ’ਤੇ ਮੋਤੀ ਲਾਲ ਆਪਣੇ ਫ਼ਨ ਦੀ ਪੇਸ਼ਕਾਰੀ ਕਰ ਰਹੇ ਸਨ। ਰਣਜੀਤ ਮੂਵੀਟੋਨ ਦੀ ਜਯੰਤ ਦੇਸਾਈ ਨਿਰਦੇਸ਼ਿਤ ਫ਼ਿਲਮ ‘ਆਜ ਕਾ ਹਿੰਦੋਸਤਾਨ’ ਉਰਫ਼ ‘ਇੰਡੀਆ ਟੂਡੇ’ (1940) ’ਚ ਲਾਲਾ ਯਾਕੂਬ ਨੇ ਪ੍ਰਿਥਵੀਰਾਜ ਕਪੂਰ, ਰੋਜ਼, ਈਸ਼ਵਰ ਲਾਲ ਆਦਿ ਨਾਲ ਅਦਾਕਾਰੀ ਕੀਤੀ। ਸੰਗੀਤ ਪੰਡਤ ਖੇਮਚੰਦ ਪ੍ਰਕਾਸ਼ (ਸਹਾਇਕ ਬੰਨੇ ਖ਼ਾਂ) ਅਤੇ ਨਗ਼ਮਾਨਿਗਾਰ ਪੰਡਤ ਦੀਨਾ ਨਾਥ ਮਧੋਕ ਸਨ। ਸ੍ਰੀ ਰਣਜੀਤ ਮੂਵੀਟੋਨ ਦੀ ਹੀ ਏ. ਆਰ. ਕਾਰਦਾਰ ਨਿਰਦੇਸ਼ਿਤ ਫ਼ਿਲਮ ‘ਹੋਲੀ’ (1940) ’ਚ ਲਾਲਾ ਯਾਕੂਬ ਨੇ ‘ਜੱਜ’ ਦਾ ਪਾਰਟ ਅਦਾ ਕੀਤਾ। ਕਹਾਣੀ ਅਤੇ ਸੰਵਾਦ ਐੱਮ. ਸਾਦਿਕ, ਗੀਤ ਪੰਡਤ ਦੀਨਾ ਨਾਥ ਮਧੋਕ ਅਤੇ ਤਰਜ਼ਾਂ ਪੰਡਤ ਖ਼ੇਮਚੰਦ ਪ੍ਰਕਾਸ਼ ਨੇ ਤਰਤੀਬ ਕੀਤੀਆਂ ਸਨ।
ਮਿਨਰਵਾ ਮੂਵੀਟੋਨ, ਬੰਬਈ ਦੀ ਸੋਹਰਾਬ ਮੋਦੀ ਨਿਰਦੇਸ਼ਿਤ ਫ਼ਿਲਮ ‘ਸਿਕੰਦਰ’ (1941) ’ਚ ਫ਼ਿਲਮ ਦਾ ਟਾਈਟਲ ਰੋਲ ਪ੍ਰਿਥਵੀਰਾਜ ਕਪੂਰ ਨੇ ਅਦਾ ਕੀਤਾ ਅਤੇ ਲਾਲਾ ਯਾਕੂਬ ਨੇ ਬਹਾਦਰ ਜਰਨੈਲ ‘ਸਲਿਊਕਸ’ ਦਾ ਕਿਰਦਾਰ ਨਿਭਾਇਆ। ਫ਼ਿਲਮ ’ਚ ਲਾਲਾ ਯਾਕੂਬ ਤੇ ਸਾਥੀਆਂ ਤੇ ਫ਼ਿਲਮਾਇਆ ਪੁਰਜ਼ੋਸ਼ ਗੀਤ ‘ਜ਼ਿੰਦਗੀ ਹੈ ਪਯਾਰ ਸੇ, ਪਯਾਰ ਸੇ ਬਿਤਾਏ ਜਾ, ਹੁਸਨ ਕੇ ਹਜ਼ੂਰ ਮੇਂ ਅਪਨਾ ਦਿਲ ਲੂਟਾਏ ਜਾ’ (ਰਫ਼ੀਕ ਗ਼ਜ਼ਨਵੀ) ਬੜਾ ਮਕਬੂਲ ਹੋਇਆ। ਰਣਜੀਤ ਮੂਵੀਟੋਨ ਦੀ ਕੇਦਾਰ ਸ਼ਰਮਾ ਨਿਰਦੇਸ਼ਿਤ ਤਾਰੀਖ਼ੀ ਫ਼ਿਲਮ ‘ਮੁਮਤਾਜ਼ ਮਹਿਲ’ (1944) ’ਚ ਉਸਨੇ ਖ਼ੁਰਸ਼ੀਦ ਬਾਨੋ ਅਤੇ ਚੰਦਰਮੋਹਨ ਨਾਲ ਕੰਮ ਕੀਤਾ। ਪੰਡਤ ਖ਼ੇਮਚੰਦ ਪ੍ਰਕਾਸ਼ ਦੇ ਸੰਗੀਤ ’ਚ ਵਲੀ ਸਾਹਿਬ ਦਾ ਲਿਖਿਆ ਇਕ ਪੰਜਾਬੀ ਗੀਤ ‘ਬਾਹਮਣਾ ਦੇ ਛੋਰੂਆ…ਪਰਬਤ ਖੜੀ ਪੁਕਾਰਾਂ’ ਵੀ ਖ਼ੂਬ ਚੱਲਿਆ। ਸ੍ਰੀ ਰਣਜੀਤ ਮੂਵੀਟੋਨ ਦੀ ਵਜ਼ਾਹਤ ਮਿਰਜ਼ਾ ਚੰਗੇਜ਼ੀ ਨਿਰਦੇਸ਼ਿਤ ਤਾਰੀਖ਼ੀ ਫ਼ਿਲਮ ‘ਸ਼ਹਿਨਸ਼ਾਹ ਬਾਬਰ’ (1944) ’ਚ ਸ਼ੇਖ਼ ਮੁਖਤਾਰ ਨੇ ਟਾਈਟਲ ਰੋਲ ਕੀਤਾ। ਰਣਜੀਤ ਮੂਵੀਟੋਨ ਦੀ ਕੇਦਾਰ ਸ਼ਰਮਾ ਨਿਰਦੇਸ਼ਿਤ ਫ਼ਿਲਮ ‘ਭੰਵਰਾ’ (1944) ਲਾਲਾ ਯਾਕੂਬ ਦੀ ਚਰਿੱਤਰ ਅਦਾਕਾਰੀ ਵਾਲੀ ਆਖ਼ਰੀ ਫ਼ਿਲਮ ਸੀ।
ਉਸਨੇ ਸਾਗਰ ਫ਼ਿਲਮਜ਼, ਬੰਬੇ ਦੀ ਸੇਠ ਚਿਮਨਲਾਲ ਦੇਸਾਈ (ਫ਼ਿਲਮਸਾਜ਼) ਤੇ ਮਹਿਬੂਬ ਖ਼ਾਨ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਅਲੀ ਬਾਬਾ’ ਉਰਫ਼ ‘ਅਲੀ ਬਾਬਾ ਚਾਲੀਸ ਚੋਰ’ (1940) ਦੇ ਮੁਕਾਲਮੇ ਤਹਿਰੀਰ ਕੀਤੇ। ਅਦਾਕਾਰ ਸੁਰਿੰਦਰ ਨਾਥ ਦੇ ਦੋਹਰੇ ਕਿਰਦਾਰ ਵਾਲੀ ਇਹ ਫ਼ਿਲਮ ਭਾਰਤੀ ਸਿਨਮਾ ਦੀ ਪਹਿਲੀ ਡਬਲ ਵਰਸ਼ਨ ਫ਼ਿਲਮ ਸੀ ਜੋ ਪੰਜਾਬੀ ਦੇ ਇਲਾਵਾ ਹਿੰਦੀ ਵਿਚ ਵੀ ਇਸੇ ਸਿਰਲੇਖ ਹੇਠ ਡੱਬ ਹੋਈ ਤੇ ਇਸਦੇ ਹਿੰਦੀ ਮੁਕਾਲਮੇ ਵੀ ਯਾਕੂਬ ਨੇ ਲਿਖੇ। ਅਰਬੀ ਕਹਾਣੀ ’ਤੇ ਆਧਾਰਿਤ ਇਹ ਫ਼ਿਲਮ 1 ਮਾਰਚ 1940 ਨੂੰ ਪ੍ਰਭਾਤ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ। ਇਹ ਫ਼ਿਲਮ ਦਰਸ਼ਕਾਂ ਵੱਲੋਂ ਬੜੀ ਪਸੰਦ ਕੀਤੀ ਗਈ। ਇਸ ਦੌਰਾਨ ਲਾਲਾ ਯਾਕੂਬ ਨੇ ਜ਼ਿਲ੍ਹਾ ਲਾਹੌਰ ਦੀ ਪੰਜਾਬਣ ਮੁਟਿਆਰ ਖ਼ੁਰਸ਼ੀਦ ਬਾਨੋ ਨਾਲ ਉਸ ਦੇ ਮਾਪਿਆਂ ਦੀ ਮਰਜ਼ੀ ਖਿਲਾਫ਼ ਵਿਆਹ ਕਰਵਾ ਲਿਆ,ਪਰ ਇਹ ਲੰਬਾ ਸਮਾਂ ਨਾ ਚੱਲ ਸਕਿਆ। ਉਸਨੇ ਆਪਣੇ ਜ਼ਾਤੀ ਬੈਨਰ ਮਾਡਰਨ ਪਿਕਚਰਜ਼, ਬੰਬੇ ਦੀ ਪਹਿਲੀ ਪੰਜਾਬੀ ਫ਼ਿਲਮ ‘ਪਟੋਲਾ’ (1942) ਦਾ ਨਿਰਮਾਣ ਆਪਣੀ ਸ਼ਰੀਕ-ਏ-ਹਯਾਤ ਖ਼ੁਰਸ਼ੀਦ ਬਾਨੋ ਨਾਲ ਮਿਲ ਕੇ ਕੀਤਾ। ਫ਼ਿਲਮ ਦੇ ਹਿਦਾਇਤਕਾਰ ਤੇ ਕਹਾਣੀਨਵੀਸ ਲਾਲਾ ਯਾਕੂਬ ਤੇ ਮੁਨੱਵਰ ਐੱਚ. ਕਾਸਿਮ ਸਨ। ਇਹ ਫ਼ਿਲਮ 8 ਅਕਤੂਬਰ 1942 ਨੂੰ ਜਸਵੰਤ ਟਾਕੀਜ਼, ਲਾਹੌਰ ਵਿਖੇ ਰਿਲੀਜ਼ ਹੋਈ ਅਤੇ ਸੁਪਰਹਿੱਟ ਰਹੀ।
1947 ਵਿਚ ਦੇਸ਼ ਵੰਡ ਤੋਂ ਬਾਅਦ ਲਾਲਾ ਯਾਕੂਬ ਤੇ ਖ਼ੁਰਸ਼ੀਦ ਬਾਨੋ ਬੰਬਈ ਫ਼ਿਲਮ ਜਗਤ ਨੂੰ ਛੱਡ ਕੇ ਪਾਕਿਸਤਾਨ ਟੁਰ ਗਏ। ਤਲਾਕ ਤੋਂ ਬਾਅਦ ਖ਼ੁਰਸ਼ੀਦ ਕਰਾਚੀ ਚਲੀ ਗਈ ਤੇ ਉੱਥੇ ਉਸਨੇ ਤੀਜਾ ਵਿਆਹ ਸ਼ਿਪਿੰਗ ਕਾਰੋਬਾਰੀ ਯੂਸਫ਼ ਭਾਈ ਮੀਆਂ ਨਾਲ ਕਰਾਇਆ ਜੋ ਕੁਝ ਸਮੇਂ ਬਾਅਦ ਫ਼ੌਤ ਹੋ ਗਏ। ਲਾਲਾ ਯਾਕੂਬ ਨੇ ਪਾਕਿਸਤਾਨ ਜਾ ਕੇ ਕਿਸੇ ਫ਼ਿਲਮ ਵਿਚ ਕੰਮ ਨਹੀਂ ਕੀਤਾ। ਫ਼ਿਲਮਾਂ ਤੋਂ ਮੁਕੰਮਲ ਕਿਨਾਰਾਕਸ਼ੀ ਕਰਦਿਆਂ ਉਹ ਲਾਹੌਰ ਵਿਚ ਕਦੋਂ ਫ਼ੌਤ ਹੋ ਗਏ ਕਿਸੇ ਨੂੰ ਕੋਈ ਇਲਮ ਤਕ ਨਹੀਂ ਹੋਇਆ, ਪਰ ਭਾਰਤੀ ਫ਼ਿਲਮਾਂ ਵਿਚ ਪਾਏ ਅਹਿਮ ਯੋਗਦਾਨ ਲਈ ਲਾਲਾ ਯਾਕੂਬ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ।

ਸੰਪਰਕ: 97805-09545


Comments Off on ਬਹੁਪੱਖੀ ਅਦਾਕਾਰ ਲਾਲਾ ਯਾਕੂਬ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.