ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਫੁਟਬਾਲ ਸੀਜ਼ਨ ਦੇ ਮਹਾਂ ਮੁਕਾਬਲੇ ਦਾ ਦਿਨ

Posted On June - 1 - 2019

ਪ੍ਰੋ. ਸੁਦੀਪ ਸਿੰਘ ਢਿੱਲੋਂ
ਦੁਨੀਆਂ ਦੇ ਸਭ ਤੋਂ ਵੱਡੇ ਕਲੱਬ ਫੁਟਬਾਲ ਟੂਰਨਾਮੈਂਟ ‘ਯੂਏਫਾ ਚੈਂਪੀਅਨਜ਼ ਲੀਗ’ ਦਾ ਫਾਈਨਲ ਮੁਕਾਬਲਾ ਸਪੇਨ ਦੇਸ਼ ਦੇ ਮੈਡ੍ਰਿਡ ਸ਼ਹਿਰ ਵਿਚ ਹੋ ਰਿਹਾ ਹੈ। ਚੈਂਪੀਅਨਜ਼ ਲੀਗ ਦੀ ਖ਼ਾਸੀਅਤ ਇਹ ਹੈ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸਿਰਫ਼ ਚੈਂਪੀਅਨ ਟੀਮਾਂ ਭਾਵ ਉੱਚ ਕੋਟੀ ਦੀਆਂ ਟੀਮਾਂ ਹੀ ਖੇਡਦੀਆਂ ਹਨ। ਸਤੰਬਰ ਮਹੀਨੇ ਤੋਂ ਸ਼ੁਰੂ ਹੋਏ ਇਸ ਸੀਜ਼ਨ ਦੇ ਫਾਈਨਲ ਵਿੱਚ ਪਹੁੰਚਣ ਲਈ ਕੁੱਲ 32 ਟੀਮਾਂ ਨੇ ਜ਼ੋਰ ਅਜ਼ਮਾਈ ਕੀਤੀ। ਇਸ ਉਪਰੰਤ ਹੁਣ ਦੋ ਟੀਮਾਂ ਅੱਠ ਮਹੀਨੇ ਦਾ ਸਫ਼ਰ ਤੈਅ ਕਰਨ ਬਾਅਦ ਫਾਈਨਲ ਮੁਕਾਬਲੇ ਵਿੱਚ ਆਹਮੋ-ਸਾਹਮਣੇ ਖੜ੍ਹੀਆਂ ਹਨ। ਇਸ ਵਾਰ ਦੇ ਯੂਏਫਾ ਚੈਂਪੀਅਨਜ਼ ਲੀਗ ਦੇ ਫਾਈਨਲ ਦੀ ਖ਼ਾਸੀਅਤ ਇਹ ਹੈ ਕਿ ਫਾਈਨਲ ਵਿੱਚ ਇੱਕੋ ਦੇਸ਼ ਦੀਆਂ ਦੋ ਟੀਮਾਂ ਆਹਮੋ-ਸਾਹਮਣੇ ਹਨ। ਇੰਗਲੈਂਡ ਦੀ ਪ੍ਰੀਮੀਅਰ ਲੀਗ ਦੀਆਂ ਟੀਮਾਂ ਟੌਟਨਹਮ ਹੌਟਸਪਰ ਅਤੇ ਲਿਵਰਪੂਲ ਇਸ ਵੱਡੇ ਖਿਤਾਬ ਲਈ ਭਿੜਨਗੀਆਂ। ਜੇ ਇਨ੍ਹਾਂ ਦੋਵਾਂ ਟੀਮਾਂ ਦੇ ਫਾਈਨਲ ਤੱਕ ਦੇ ਸਫ਼ਰ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਦੋਵੇਂ ਟੀਮਾਂ ਸੈਮੀਫਾਈਨਲ ਵਿੱਚ ਦੋ ਹੋਰ ਤਕੜੀਆਂ ਟੀਮਾਂ ਨੂੰ ਬੇਹੱਦ ਦਿਲਚਸਪ ਅਤੇ ਉਤਰਾਅ-ਚੜਾਅ ਵਾਲੇ ਮੁਕਾਬਲਿਆਂ ਵਿੱਚ ਹਰਾ ਕੇ ਫਾਈਨਲ ਵਿੱਚ ਪਹੁੰਚੀਆਂ ਹਨ। ਲਿਵਰਪੂਲ ਨੇ ਸੈਮੀਫਾਈਨਲ ਵਿੱਚ ਲਿਓਨਲ ਮੈਸੀ ਦੀ ਬਾਰਸੀਲੋਨਾ ਟੀਮ ਖ਼ਿਲਾਫ਼ ਤਿੰਨ ਗੋਲ ਪਿੱਛੇ ਹੋਣ ਦੇ ਬਾਅਦ, ਜ਼ਬਰਦਸਤ ਵਾਪਸੀ ਕਰਦੇ ਹੋਏ 4 ਗੋਲਾਂ ਨਾਲ ਜਿੱਤ ਕੇ ਲਗਾਤਾਰ ਦੂਜੇ ਸਾਲ ਫ਼ਾਈਨਲ ਵਿੱਚ ਥਾਂ ਬਣਾਈ। ਦੂਜੇ ਪਾਸੇ, ਟੌਟਨਹਮ ਹੌਟਸਪਰ ਨੇ ਵੀ ਅਜਿਹੇ ਹੀ ਅੰਦਾਜ਼ ਵਿੱਚ ਵਾਪਸੀ ਕਰਦੇ ਹੋਏ ਹਾਲੈਂਡ ਦੀ ਨੌਜਵਾਨ ਟੀਮ ਆਈਜੈਕਸ ਖ਼ਿਲਾਫ਼ ਬੇਹੱਦ ਦਿਲਚਸਪ ਮੈਚ ਵਿੱਚ ਅੰਤਿਮ ਮੌਕੇ ਜਿੱਤਦੇ ਹੋਏ ਫਾਈਨਲ ਵਿੱਚ ਥਾਂ ਬਣਾਈ ਹੈ। ਕਾਫ਼ੀ ਸਾਲਾਂ ਬਾਅਦ ਅਜਿਹਾ ਮੌਕਾ ਆਇਆ ਹੈ ਕਿ ਇਸ ਵੱਕਾਰੀ ਫ਼ਾਈਨਲ ਵਿੱਚ ਲਿਓਨਲ ਮੈਸੀ ਅਤੇ ਕ੍ਰਿਸਟਿਆਨੋ ਰੋਨਾਲਡੋ, ਵਿੱਚੋਂ ਇੱਕ ਦੀ ਵੀ ਟੀਮ ਨਹੀਂ ਪਹੁੰਚੀ।
ਫਾਈਨਲ ਮੁਕਾਬਲੇ ਲਈ ਇਹ ਦੋਵੇਂ ਟੀਮਾਂ ਨੌਜਵਾਨ ਅਤੇ ਜੋਸ਼ ਭਰਪੂਰ ਖਿਡਾਰੀਆਂ ’ਤੇ ਆਧਾਰਿਤ ਹਨ ਅਤੇ ਮਜ਼ਬੂਤ ਲੱਗ ਰਹੀਆਂ ਹਨ। ਕੋਚ ਜਰਗਨ ਕਲੌਪ ਦੀ ਬਿਹਤਰੀਨ ਲਿਵਰਪੂਲ ਟੀਮ ਵਿੱਚ ਕਪਤਾਨ ਜੌਰਡਨ ਹੈਂਡਰਸਨ, ਵਰਜਿਲ ਵੈਨ ਡਾਈਕ, ਮੁਹੰਮਦ ਸਾਲਾਹ, ਸਾਦੀਓ ਮਾਨੇ, ਰੋਬਰਟੋ ਫਰਮੀਨੋ ਅਤੇ ਜੇਮਸ ਮਿਲਨਰ ਵਰਗੇ ਖਿਡਾਰੀ ਹਨ ਜਦੋਂਕਿ ਦੂਜੇ ਪਾਸੇ ਕੋਚ ਮੌਰਿਸੀਓ ਪੌਚੇਟੀਨੋ ਦੀ ਤਾਕਤਵਰ ਟੌਟਨਹਮ ਹੌਟਸਪਰ ਟੀਮ ਵਿੱਚ ਹੈਰੀ ਕੇਨ, ਸੌਨ ਹਿਊਨ-ਮਿਨ, ਕ੍ਰਿਸਚੀਅਨ ਐਰਕੀਸਨ, ਲੁਕਾਸ ਮੋਰਾ ਅਤੇ ਫ੍ਰਾਂਸ ਦੇ ਵਿਸ਼ਵ ਕੱਪ ਜੇਤੂ ਕਪਤਾਨ ਗੋਲਕੀਪਰ ਹੂਗੋ ਲੋਰੀਸ ਵਰਗੇ ਜ਼ਬਰਦਸਤ ਸਟਾਰ ਖਿਡਾਰੀ ਹਨ।
ਲੰਘੇ ਦਿਨੀਂ ਸਿਰਫ਼ ਇੱਕ ਅੰਕ ਨਾਲ ਪ੍ਰੀਮੀਅਰ ਲੀਗ ਦੇ ਖਿਤਾਬ ਤੋਂ ਵਾਂਝੇ ਰਹਿਣ ਤੋਂ ਬਾਅਦ, ਲਿਵਰਪੂਲ ਕਲੱਬ ਲਈ ਇਹ ਮੈਚ ਬੇਹੱਦ ਮਾਅਨੇ ਰੱਖਦਾ ਹੈ ਜਦੋਂਕਿ ਟੌਟਨਹਮ ਹੌਟਸਪਰ ਦੀ ਟੀਮ ਕਾਫ਼ੀ ਅਰਸੇ ਬਾਅਦ ਇਸ ਮੁਕਾਮ ਤੱਕ ਅੱਪੜੀ ਹੈ। ਅਜਿਹੇ ਵਿੱਚ ਫਾਈਨਲ ਮੈਚ ਜੋਸ਼ ਭਰਪੂਰ, ਰਫ਼ਤਾਰ ਆਧਾਰਿਤ ਹਮਲਾਵਰ ਖੇਡ ਅਤੇ ਗੋਲ ਭਰਪੂਰ ਹੋਣ ਦੀ ਸੰਭਾਵਨਾ ਕਿਉਂਕਿ ਦੋਵੇਂ ਟੀਮਾਂ ਆਕਰਸ਼ਕ ਢੰਗ ਨਾਲ ਖੇਡਦੀਆਂ ਹਨ ਅਤੇ ਇੱਕੋ ਢੰਗ ਨਾਲ ਖੇਡਣਾ ਜਾਣਦੀਆਂ ਹਨ। ਇਸ ਦਿਲਚਸਪ ਫਾਈਨਲ ਮੈਚ ਦਾ ਭਾਰਤ ਵਿੱਚ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ।
ਸੰਪਰਕ: 95012-02843


Comments Off on ਫੁਟਬਾਲ ਸੀਜ਼ਨ ਦੇ ਮਹਾਂ ਮੁਕਾਬਲੇ ਦਾ ਦਿਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.