ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਫ਼ਿਲਮ ਛੋਟੀ, ਜਲਵਾ ਵੱਡਾ

Posted On June - 15 - 2019

ਅਸੀਮ ਚਕਰਵਰਤੀ

ਫ਼ਿਲਮ ‘ਲੁਕਾ ਛੁਪੀ’ ਵਿਚ ਕਾਰਤਿਕ ਆਰਿਅਨ ਤੇ ਕ੍ਰਿਤੀ ਸੈਨਨ

ਟਿਕਟ ਖਿੜਕੀ ’ਤੇ ਕੁਝ ਵੱਡੇ ਬਜਟ ਤਾਂ ਕੁਝ ਛੋਟੇ ਬਜਟ ਵਾਲੀਆਂ ਫ਼ਿਲਮਾਂ ਦਸਤਕ ਦੇ ਰਹੀਆਂ ਹਨ। ਇਨ੍ਹਾਂ ਵਿਚੋਂ ਕੁਝ ਵੱਡੇ ਬਜਟ ਦੀਆਂ ਫ਼ਿਲਮਾਂ ਦੀ ਜਿੰਨੀ ਵੀ ਚਰਚਾ ਹੋਵੇ, ਪਰ ਉਹ ਦਰਸ਼ਕਾਂ ਦੇ ਦਿਲ ਜਿੱਤਣ ਵਿਚ ਨਾਕਾਮ ਰਹਿੰਦੀਆਂ ਹਨ। ਦੂਜੇ ਪਾਸੇ ਛੋਟੇ ਬਜਟ ਦੀਆਂ ਛੋਟੀਆਂ ਫ਼ਿਲਮਾਂ ਅਜਿਹੀਆਂ ਹਨ ਜਿਨ੍ਹਾਂ ਦਾ ਜ਼ਿਕਰ ਤਾਂ ਨਾਂਮਾਤਰ ਹੁੰਦਾ ਹੈ, ਪਰ ਉਹ ਦਰਸ਼ਕਾਂ ਦੀ ਭੀੜ ਨੂੰ ਸਿਨਮਾ ਘਰਾਂ ਤਕ ਖਿੱਚਣ ਦਾ ਮਾਦਾ ਰੱਖਦੀਆਂ ਹਨ। ਸ਼ਾਨਦਾਰ ਵਿਸ਼ੇ ਵਾਲੀਆਂ ਕੁਝ ਅਜਿਹੀਆਂ ਫ਼ਿਲਮਾਂ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰਦੀਆਂ ਹਨ। ਛੋਟੇ ਬਜਟ ਵਾਲੀਆਂ ਫ਼ਿਲਮਾਂ ਨਵੀਆਂ ਕਹਾਣੀਆਂ, ਨਵੀਆਂ ਅਭਿਨੇਤਰੀਆਂ ਅਤੇ ਨਿਰਮਾਤਾਵਾਂ ਨੂੰ ਵੀ ਮੌਕੇ ਦੇ ਰਹੀਆਂ ਹਨ। ਖ਼ਾਸ ਗੱਲ ਇਹ ਹੈ ਕਿ ਛੋਟੇ ਬਜਟ ਦੀਆਂ ਕੁਝ ਫ਼ਿਲਮਾਂ ਵਿਚ ਤਾਂ ਕੋਈ ਵੱਡਾ ਸਟਾਰ ਵੀ ਨਹੀਂ ਹੁੰਦਾ, ਪਰ ਉਨ੍ਹਾਂ ਦੀ ਕਾਮਯਾਬੀ ਇਸ ਗੱਲ ’ਤੇ ਮੋਹਰ ਲਗਾਉਂਦੀ ਹੈ ਕਿ ਵਿਸ਼ਾ ਚੰਗਾ ਹੈ ਤਾਂ ਫ਼ਿਲਮ ਜ਼ਰੂਰ ਚੱਲੇਗੀ। ਉਦੋਂ ਪ੍ਰਸ਼ੰਸਕ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਕਿ ਅਭਿਨੇਤਾ ਵੱਡਾ ਹੈ ਜਾਂ ਨਵਾਂ ਹੈ, ਨਿਰਦੇਸ਼ਕ ਕੌਣ ਹੈ?

ਫ਼ਿਲਮ ‘ਉਰੀ’ ਵਿਚ ਵਿੱਕੀ ਕੌਸ਼ਲ

ਪਿਛਲੇ ਇਕ ਸਾਲ ਵਿਚ ‘ਬਰੇਲੀ ਕੀ ਬਰਫ਼ੀ’, ‘ਉਰੀ’, ‘ਸਤ੍ਰੀ’, ‘ਬਧਾਈ ਹੋ’, ‘ਬਦਲਾ’, ‘ਅੰਧਾਧੁਨ’ ਅਤੇ ‘ਲੁਕਾ ਛੁਪੀ’ ਫ਼ਿਲਮਾਂ ਦੀ ਸਫਲਤਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਛੋਟੇ ਬਜਟ ਦੀਆਂ ਫ਼ਿਲਮਾਂ ਦਾ ਕਾਮਯਾਬ ਅਭਿਨੇਤਾ ਆਯੁਸ਼ਮਾਨ ਖੁਰਾਣਾ ਵੀ ਮੰਨਦਾ ਹੈ ਕਿ ਜ਼ਿਆਦਾਤਰ ਛੋਟੇ ਬਜਟ ਦੀਆਂ ਫ਼ਿਲਮਾਂ ਆਪਣੇ ਵਿਸ਼ੇ ਕਾਰਨ ਬਹੁਤ ਕਮਜ਼ੋਰ ਹੁੰਦੀਆਂ ਹਨ ਤਾਂ ਅਜਿਹੀਆਂ ਹੀ ਫ਼ਿਲਮਾਂ ਆਪਣੇ ਵਿਸ਼ੇ ਕਰਕੇ ਹਿੱਟ ਵੀ ਹੁੰਦੀਆਂ ਹਨ। ਉਹ ਦੱਸਦਾ ਹੈ, ‘ਵੱਡੀਆਂ ਫ਼ਿਲਮਾਂ ਦਾ ਸਭ ਤੋਂ ਜ਼ਿਕਰਯੋਗ ਪੱਖ ਇਸਦੇ ਸਿਤਾਰੇ ਹੁੰਦੇ ਹਨ। ਦਰਸ਼ਕਾਂ ਦੀ ਨਜ਼ਰ ਇਨ੍ਹਾਂ ਦੇ ਵਿਸ਼ੇ ਦੀ ਬਜਾਏ ਸਿਤਾਰਿਆਂ ’ਤੇ ਹੁੰਦੀ ਹੈ। ਆਮਤੌਰ ’ਤੇ ਸਿਤਾਰਿਆਂ ਦਾ ਆਕਰਸ਼ਣ ਕਈ ਫ਼ਿਲਮਾਂ ਦੀਆਂ ਕਮਜ਼ੋਰੀਆਂ ਨੂੰ ਛੁਪਾ ਲੈਂਦਾ ਹੈ।’

ਫ਼ਿਲਮ ‘ਬਦਲਾ’ ਵਿਚ ਅਮਿਤਾਭ ਬੱਚਨ

ਖੁਰਾਣਾ ਦੀ ਗੱਲ ਬਿਲਕੁਲ ਸਹੀ ਲੱਗਦੀ ਹੈ। 130 ਕਰੋੜ ਰੁਪਏ ਦਾ ਕਾਰੋਬਾਰ ਆਸਾਨੀ ਨਾਲ ਕਰਨ ਵਾਲੀ ਅਕਸ਼ੈ ਕੁਮਾਰ ਦੀ ਫ਼ਿਲਮ ‘ਕੇਸਰੀ’ ਦੀ ਸਫਲਤਾ ਤਾਂ ਇਹੀ ਦਰਸਾਉਂਦੀ ਹੈ। ਦੂਜੇ ਪਾਸੇ ਇਰਫਾਨ ਦੀ ਫ਼ਿਲਮ ‘ਕਾਰਵਾਂ’ ਚੰਗੀ ਫ਼ਿਲਮ ਹੋਣ ਦੇ ਬਾਵਜੂਦ ਬਹੁਤ ਪਿੱਛੇ ਰਹਿ ਜਾਂਦੀ ਹੈ। ਅਜਿਹੇ ਵਿਚ ਇਹ ਸੁਆਲ ਉੱਠਦਾ ਹੈ ਕਿ ਕੀ ਵੱਡੀਆਂ ਫ਼ਿਲਮਾਂ, ਛੋਟੀਆਂ ਫ਼ਿਲਮਾਂ ’ਤੇ ਹਾਵੀ ਹੋ ਰਹੀਆਂ ਹਨ। ਟਰੇਡ ਵਿਸ਼ਲੇਸ਼ਕ ਆਮੋਦ ਮਹਿਰਾ ਇਸ ਗੱਲ ਨੂੰ ਖਾਰਜ ਕਰਦੇ ਹਨ, ‘ਛੋਟੀਆਂ ਅਤੇ ਵੱਡੀਆਂ ਫ਼ਿਲਮਾਂ ਦੀ ਇਸ ਤਰ੍ਹਾਂ ਨਾਲ ਤੁਲਨਾ ਹੀ ਗ਼ੈਰ ਜ਼ਰੂਰੀ ਹੈ। ਅਸਲ ਵਿਚ ਕੋਈ ਫ਼ਿਲਮ ਛੋਟੀ ਜਾਂ ਵੱਡੀ ਨਹੀਂ ਹੁੰਦੀ। ਤੁਸੀਂ ਇਨ੍ਹਾਂ ਨੂੰ ਚੰਗੀਆਂ ਜਾਂ ਖ਼ਰਾਬ ਫ਼ਿਲਮਾਂ ਕਹਿ ਸਕਦੇ ਹੋ। ਫ਼ਿਲਮ ਚੰਗੀ ਹੋਵੇਗੀ ਤਾਂ ਉਸਨੂੰ ਚੱਲਣ ਤੋਂ ਕੋਈ ਰੋਕ ਨਹੀਂ ਸਕਦਾ। ਜਿੱਥੇ 80 ਕਰੋੜ ਵਿਚ ਬਣੀ ‘ਕੇਸਰੀ’ ਸਿਰਫ਼ 130 ਕਰੋੜ ਰੁਪਏ ਦੀ ਕਮਾਈ ਕਰਦੀ ਹੈ, ਉੱਥੇ ਮੁਸ਼ਕਿਲ ਨਾਲ 25 ਕਰੋੜ ਰੁਪਏ ਵਿਚ ਬਣੀ ‘ਉਰੀ’ ਅਤੇ 20 ਕਰੋੜ ਰੁਪਏ ਵਿਚ ਬਣੀ ‘ਸਤ੍ਰੀ’ ਵਰਗੀਆਂ ਫ਼ਿਲਮਾਂ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਆਸਾਨੀ ਨਾਲ ਕਰ ਲੈਂਦੀਆਂ ਹਨ। ‘ਉਰੀ’ ਨੇ ਹੁਣ ਤਕ 250 ਕਰੋੜ ਰੁਪਏ ਦੀ ਕਮਾਈ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਫ਼ਿਲਮ ‘ਬਧਾਈ ਹੋ’ ਵਿਚ ਨੀਨਾ ਗੁਪਤਾ ਤੇ ਆਯੁਸ਼ਮਾਨ ਖੁਰਾਣਾ

ਅਸਲ ਵਿਚ ਸਾਰਾ ਖੇਡ ਮਾਰਕੀਟਿੰਗ ਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਜੇਕਰ ਫ਼ਿਲਮ ਵੱਡੇ ਸਿਤਾਰਿਆਂ ਨਾਲ ਬਣਦੀ ਹੈ ਤਾਂ ਉਸਦੀ ਕਮਾਈ ਦਾ ਅੰਕੜਾ ਕੁਝ ਹੋਰ ਹੁੰਦਾ ਹੈ ਜਿਵੇਂ ਕਿ ‘ਟੋਟਲ ਧਮਾਲ’ ਵਰਗੀ ਫ਼ਿਲਮ ਵੱਡੇ ਸਿਤਾਰਿਆਂ ਨਾਲ ਬਣਦੀ ਹੈ ਤਾਂ ਉਸਨੂੰ ਆਪਣੇ ਬਜਟ ਮੁਤਾਬਿਕ ਹੀ ਮੁਨਾਫ਼ਾ ਕਮਾ ਕੇ ਸੰਤੁਸ਼ਟ ਹੋਣਾ ਪੈਂਦਾ ਹੈ।
‘ਫਰਾਡ ਸਈਆਂ’, ‘ਸਰਬਜੀਤ’, ‘ਕਰੇਜ਼ੀ ਕੁੱਕੜ ਫੈਮਿਲੀ’, ‘ਇਸ਼ਕ ਫੌਰਐਵਰ’, ‘ਲਵਸ਼ੁਦਾ’, ‘ਸਨਮ ਰੇ’, ‘ਸਨਮ ਤੇਰੀ ਕਸਮ’, ‘ਇਸ਼ਕ’, ‘ਜਨੂਨੀਅਤ’, ‘ਨੀਲ ਬਟਾ ਸੰਨਾਟਾ’, ‘ਰਮਨ ਰਾਘਵ’, ‘ਹੌਟ ਤੇਰੀ ਦੀਵਾਨਗੀ’ ਵਰਗੀਆਂ ਕਿੰਨੀਆਂ ਹੀ ਫ਼ਿਲਮਾਂ ਹਨ। ਪਿਛਲੇ ਸਾਲਾਂ ਵਿਚ ਅਜਿਹੀਆਂ ਬਹੁਤ ਸਾਰੀਆਂ ਫ਼ਿਲਮਾਂ ਆਈਆਂ ਜੋ ਕਦੋਂ ਆਈਆਂ ਕਦੋਂ ਚਲੇ ਗਈਆਂ, ਜ਼ਿਆਦਾਤਰ ਸਿਨਮਾ ਪ੍ਰੇਮੀਆਂ ਨੂੰ ਯਾਦ ਨਹੀਂ। ਛੋਟੇ ਬਜਟ ਦੀ ਫ਼ਿਲਮ ‘ਉਰੀ-ਦਿ ਸਰਜੀਕਲ ਸਟਰਾਈਕ’ ਦੀ ਕਮਾਈ ਹੈਰਾਨ ਕਰ ਦਿੰਦੀ ਹੈ। ਹੁਣ ਤਾਂ ਇਸਦੇ ਸੀਕੁਏਲ ’ਤੇ ਵੀ ਕੰਮ ਸ਼ੁਰੂ ਹੋ ਗਿਆ ਹੈ। ਉਂਜ ਜ਼ਿਆਦਾਤਰ ਛੋਟੀਆਂ ਫ਼ਿਲਮਾਂ ਦੀ ਗੱਲ ਆਇਆ ਰਾਮ ਗਿਆ ਰਾਮ ਵਰਗੀ ਹੋ ਗਈ ਹੈ। ਕਈ ਵਾਰ ਤਾਂ 2 ਤੋਂ 5 ਕਰੋੜ ਰੁਪਏ ਵਿਚ ਬਣੀਆਂ ਇਨ੍ਹਾਂ ਫ਼ਿਲਮਾਂ ਦੀ ਲਾਗਤ ਵੀ ਵਾਪਸ ਨਹੀਂ ਆਉਂਦੀ। ਮਲਟੀਪਲੈਕਸ ਦੇ ਇਸ ਦੌਰ ਵਿਚ ਕਈ ਟਰੇਡ ਵਿਸ਼ਲੇਸ਼ਕ ਇਸ ਲਈ ਕਾਫ਼ੀ ਹੱਦ ਤਕ ਥੀਏਟਰ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਉਹ ਕਹਿੰਦੇ ਹਨ, ‘ਸੀਮਤ ਪ੍ਰਚਾਰ ਨਾਲ ਰਿਲੀਜ਼ ਹੋਣ ਵਾਲੀਆਂ ਅਜਿਹੀਆਂ ਫ਼ਿਲਮਾਂ ਆਮ ਤੌਰ ’ਤੇ ਮੌਖਿਕ ਪ੍ਰਚਾਰ ਜ਼ਰੀਏ ਹੀ ਚੱਲਦੀਆਂ ਹਨ। ਇਸ ਲਈ ਥੋੜ੍ਹਾ ਸਮਾਂ ਹੋਣਾ ਚਾਹੀਦਾ ਹੈ ਜੋ ਇਨ੍ਹਾਂ ਨੂੰ ਘੱਟ ਮਿਲਦਾ ਹੈ। ਖ਼ਾਸ ਤੌਰ ’ਤੇ ਜੇਕਰ ਕੋਈ ਵੱਡੀ ਫ਼ਿਲਮ ਰਿਲੀਜ਼ ਹੁੰਦੀ ਹੈ ਤਾਂ ਇਨ੍ਹਾਂ ਨੂੰ ਥੀਏਟਰ ਤੋਂ ਉਤਾਰ ਦਿੱਤਾ ਜਾਂਦਾ ਹੈ। ਜਿਵੇਂ ‘ਜ਼ੀਰੋ’ ਜਾਂ ‘ਕਲੰਕ’ ਵਰਗੀਆਂ ਵੱਡੀਆਂ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ ਤਾਂ ਛੋਟੀਆਂ ਫ਼ਿਲਮਾਂ ਨੂੰ ਦੋ ਦਿਨ ਪਹਿਲਾਂ ਹੀ ਥੀਏਟਰਾਂ ਤੋਂ ਉਤਾਰ ਲਿਆ ਜਾਂਦਾ ਹੈ। ਦੂਜੇ ਪਾਸੇ ‘ਉਰੀ’ ਜਾਂ ‘ਬਧਾਈ ਹੋ’ ਵਰਗੀਆਂ ਛੋਟੀਆਂ ਫ਼ਿਲਮਾਂ ਫਿਰ ਵੀ ਟਿਕਟ ਖਿੜਕੀ ਦੇ ਮੋਰਚੇ ’ਤੇ ਡਟੀਆਂ ਰਹਿੰਦੀਆਂ ਹਨ।

ਫ਼ਿਲਮ ‘ਬਰੇਲੀ ਕੀ ਬਰਫ਼ੀ’ ਦਾ ਦ੍ਰਿਸ਼

ਉਂਜ ਛੋਟੀਆਂ ਫ਼ਿਲਮਾਂ ਦੇ ਕਈ ਸੁਚੇਤ ਦਰਸ਼ਕ ਫ਼ਿਲਮ ਨਾ ਚੱਲਣ ਨੂੰ ਲੈ ਕੇ ਬਹੁਤ ਚਿੰਤਤ ਹਨ। ਉਨ੍ਹਾਂ ਮੁਤਾਬਿਕ ਇਨ੍ਹਾਂ ਫ਼ਿਲਮਾਂ ਦੇ ਵਿਸ਼ੇ ਦਾ ਖੋਖਲਾਪਣ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਉਨ੍ਹਾਂ ਨੂੰ ਸਮਝ ਵਿਚ ਹੀ ਨਹੀਂ ਆ ਰਿਹਾ ਕਿ ਉਹ ਕਿਉਂ ਅਜਿਹੀਆਂ ਫ਼ਿਲਮਾਂ ਬਣਾ ਰਹੇ ਹਨ। ਪਿਛਲੇ ਇਕ ਸਾਲ ਵਿਚ ਸਿਰਫ਼ ‘ਲਵ’ ਟਾਈਟਲ ’ਤੇ ਇਕ ਦਰਜਨ ਤੋਂ ਜ਼ਿਆਦਾ ਫ਼ਿਲਮਾਂ ਬਣ ਚੁੱਕੀਆਂ ਹਨ। ਇਨ੍ਹਾਂ ਫ਼ਿਲਮਾਂ ਵਿਚ ਨਾ ਹੀ ਵਿਸ਼ਾ ਵਸਤੂ ਦਾ ਕੋਈ ਨਵਾਂਪਣ ਹੈ ਨਾ ਹੀ ਪੇਸ਼ਕਾਰੀ ਤਾਂ ਫਿਰ ਦਰਸ਼ਕ ਇਨ੍ਹਾਂ ਫ਼ਿਲਮਾਂ ਨੂੰ ਦੇਖਣ ਕਿਉਂ ਜਾਣਗੇ? ਦਰਅਸਲ ਨਵੇਂ ਦੌਰ ਦੇ ਫ਼ਿਲਮਸਾਜ਼ ਅਲੱਗ ਥਲੱਗ ਫ਼ਿਲਮਾਂ ਦੇ ਨਾਂ ’ਤੇ ਵਿਸ਼ਾ ਵਸਤੂ ਦੀ ਦੁਹਾਈ ਦਿੰਦੇ ਰਹਿੰਦੇ ਹਨ, ਪਰ ਆਮ ਦਰਸ਼ਕ ਇਨ੍ਹਾਂ ਨੂੰ ਦੇਖਣਾ ਪਸੰਦ ਨਹੀਂ ਕਰਦੇ ਕਿਉਂਕਿ ਉਸ ਵਿਚ ਉਨ੍ਹਾਂ ਦੀ ਕੋਰੀ ਬੌਧਿਕਤਾ ਹੁੰਦੀ ਹੈ ਜੋ ਉਨ੍ਹਾਂ ਦੇ ਸਿਰ ਤੋਂ ਗੁਜ਼ਰ ਜਾਂਦੀ ਹੈ। ਇਹ ਉਹੀ ਦਰਸ਼ਕ ਹਨ ਜਿਨ੍ਹਾਂ ਨੂੰ ਅਜਿਹੀਆਂ ਫ਼ਿਲਮਾਂ ਦੀ ਬਜਾਏ ‘ਭਾਰਤ’ ਵਰਗੀ ਸ਼ੁੱਧ ਕਮਰਸ਼ਲ ਫ਼ਿਲਮ ਵਿਚ ਵੀ ਵਿਸ਼ੇ ਦੀ ਅਣਹੋਂਦ ਮਹਿਸੂਸ ਨਹੀਂ ਹੁੰਦੀ।
ਉਂਜ ਫ਼ਿਲਮਾਂ ਵਿਚ ਚੰਗੀ ਪਟਕਥਾ ਦੀ ਘਾਟ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ। ਫ਼ਿਲਮਸਾਜ਼ ਗੁਲਜ਼ਾਰ ਦਾ ਇਸ ਵਿਸ਼ੇ ’ਤੇ ਜਵਾਬ ਬਹੁਤ ਰੌਚਕ ਹੈ, ‘ਸਾਹਿਤ ਨਾਲ ਫ਼ਿਲਮਾਂ ਦਾ ਸਬੰਧ ਇਕਦਮ ਖ਼ਤਮ ਹੋ ਗਿਆ ਹੈ। ਹਿੰਦੀ ਵਿਚ ਹੀ ਨਹੀਂ, ਖੇਤਰੀ ਭਾਸ਼ਾਵਾਂ ਵਿਚ ਵੀ ਇਸ ਤਰ੍ਹਾਂ ਦਾ ਸਾਹਿਤ ਹੈ ਜਿਸ ’ਤੇ ਬਹੁਤ ਖ਼ੂਬਸੂਰਤ ਫ਼ਿਲਮ ਬਣ ਸਕਦੀ ਹੈ। ਅਸਲ ਵਿਚ ਇਸ ਸਮੇਂ ਅਸੀਂ ਫ਼ਿਲਮ ਤਕਨੀਕ ਦੇ ਮਾਮਲੇ ਵਿਚ ਜਿੰਨਾ ਅੱਗੇ ਵਧੇ ਹਾਂ, ਸੋਚ ਦੇ ਮਾਮਲੇ ਵਿਚ ਓਨੇ ਅੱਗੇ ਨਹੀਂ ਵਧ ਸਕੇ।’
ਪੁਰਾਣੇ ਸਮੇਂ ਵਿਚ ਜਦੋਂ ਲੇਖਕ ਕਿਸੇ ਫ਼ਿਲਮ ਦੀ ਪਟਕਥਾ ਤਿਆਰ ਕਰਦਾ ਸੀ ਤਾਂ ਉਸਦੇ ਮਨ ਵਿਚ ਦਰਸ਼ਕ ਸਭ ਤੋਂ ਉੱਪਰ ਹੁੰਦਾ ਸੀ। ਗੁਲਜ਼ਾਰ ਵੀ ਇਸ ਗੱਲ ਨੂੰ ਮੰਨਦੇ ਹਨ ਕਿ ਸਾਰੀਆਂ ਫ਼ਿਲਮਾਂ ਸਾਰੇ ਦਰਸ਼ਕਾਂ ਲਈ ਨਹੀਂ ਹੁੰਦੀਆਂ। ਉਨ੍ਹਾਂ ਮੁਤਾਬਿਕ ਤੁਹਾਨੂੰ ਪਹਿਲਾਂ ਹੀ ਤੈਅ ਕਰਨਾ ਹੋਵੇਗਾ ਕਿ ਇਹ ਫ਼ਿਲਮ ਤੁਸੀਂ ਕਿਸ ਲਈ ਬਣਾ ਰਹੇ ਹੋ।


Comments Off on ਫ਼ਿਲਮ ਛੋਟੀ, ਜਲਵਾ ਵੱਡਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.