ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਫ਼ਸਲਾਂ ਨੂੰ ਗਰਮੀ ਤੋਂ ਬਚਾਉਣ ਦਾ ਵੇਲਾ

Posted On June - 1 - 2019

ਗਰਮੀ ਪੂਰੇ ਜ਼ੋਰ ’ਤੇ ਹੈ। ਇਸ ਕਰਕੇ ਕਮਾਦ, ਸਬਜ਼ੀਆਂ ਅਤੇ ਹਰੇ ਚਾਰੇ ਨੂੰ ਪਾਣੀ ਜ਼ਰੂਰ ਦਿੰਦੇ ਰਹਿਣਾ ਚਾਹੀਦਾ ਹੈ। ਝੋਨੇ ਦੀ ਬਹੁਤੀ ਲੁਆਈ ਪਨੀਰੀ ਰਾਹੀਂ ਹੁੰਦੀ ਹੈ। ਪਨੀਰੀ ਦੀ ਲੁਆਈ ਹਾੜ੍ਹ ਦੀ ਸੰਗਰਾਂਦ ਪਿੱਛੋਂ ਹੀ ਸ਼ੁਰੂ ਕਰੋ। ਅਗੇਤੀ ਲੁਆਈ ਤੋਂ ਗੁਰੇਜ਼ ਕਰੋ। ਅਗੇਤੀ ਫ਼ਸਲ ਜਿੱਥੇ ਧਰਤੀ ਹੇਠਲੇ ਪਾਣੀ ਨੂੰ ਹੋਰ ਨੀਵਾਂ ਕਰਦੀ ਹੈ, ਉੱਥੇ ਬਿਮਾਰੀਆਂ ਤੇ ਕੀੜਿਆਂ ਦਾ ਹਮਲਾ ਵੀ ਵੱਧ ਹੁੰਦਾ ਹੈ। ਮੌਸਮ ਵੀ ਖ਼ਰਾਬ ਕਰਦਾ ਹੈ। ਪਿਛਲੇ ਸਾਲ ਝੋਨੇ ਹੇਠ ਰਕਬੇ ਵਿਚ ਵਾਧਾ ਹੋਇਆ ਸੀ ਪਰ ਇਸ ਨੂੰ ਘੱਟ ਕਰਨ ਦੀ ਲੋੜ ਹੈ। ਉੱਚੀਆਂ ਤੇ ਰੇਤਲੀਆਂ ਜ਼ਮੀਨਾਂ ਵਿਚ ਝੋਨਾ ਨਾ ਲਗਾਇਆ ਜਾਵੇ।
ਕੇਵਲ ਪੰਜਾਬ ਵਿਚ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਹੀ ਲਗਾਈਆਂ ਜਾਣ। ਕਿਸਮ ਪੀ ਆਰ 126, ਕਿਸਮ 123 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਤੇ 30 ਕੁਇੰਟਲ ਪ੍ਰਤੀ ਏਕੜ ਝਾੜ ਦੇ ਦਿੰਦੀ ਹੈ। ਦੂਜੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ, ਪੀ ਆਰ 127, ਪੀ ਆਰ 124, ਪੀ ਆਰ 123, ਪੀ ਆਰ 122, ਪੀ ਆਰ 121, ਪੀ ਆਰ 114 ਅਤੇ ਪੀ ਆਰ 113 ਹਨ।
ਬਾਸਮਤੀ: ਪੰਜਾਬ ਦੀ ਧਰਤੀ ਬਾਸਮਤੀ ਦੀ ਕਾਸ਼ਤ ਲਈ ਵਧੇਰੇ ਢੁਕਵੀਂ ਹੈ। ਬਾਸਮਤੀ ਨਾਲ ਧਰਤੀ ਹੇਠਲਾ ਪਾਣੀ ਵੀ ਸਾਂਭਿਆ ਜਾਂਦਾ ਹੈ। ਇਸ ਦਾ ਮੁੱਲ ਵੀ ਵਧੇਰੇ ਮਿਲਦਾ ਹੈ। ਕਿਸਾਨਾਂ ਨੂੰ ਬਾਸਮਤੀ ਦੀ ਕਾਸ਼ਤ ਵੱਲ ਧਿਆਨ ਦੇਣਾ ਚਾਹੀਦਾ ਹੈ ਪਰ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ ਅਤੇ ਬਾਸਮਤੀ ਦੀ ਖ਼ਰੀਦ ਵੀ ਪਹਿਲਾਂ ਮਿੱਥੇ ਮੁੱਲ ’ਤੇ ਕਰਨੀ ਚਾਹੀਦੀ ਹੈ। ਪੰਜਾਬ ਵਿਚ ਕਾਸ਼ਤ ਲਈ ਪੰਜਾਬ ਬਾਸਮਤੀ-5, ਪੰਜਾਬ ਬਾਸਮਤੀ-4, ਸੀ ਐਸ ਆਰ 30, ਪੰਜਾਬ ਬਾਸਮਤੀ-2, ਬਾਸਮਤੀ 386, ਪੂਸਾ ਬਾਸਮਤੀ-1718, ਬਾਸਮਤੀ 370, ਪੂਸਾ 1121, ਪੂਸਾ ਬਾਸਮਤੀ 1637 ਅਤੇ ਪੂਸਾ ਬਾਸਮਤੀ 1509 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਵਿਚੋਂ ਪੰਜਾਬ ਬਾਸਮਤੀ-4 ਦਾ 17 ਕੁਇੰਟਲ

ਡਾ. ਰਣਜੀਤ ਸਿੰਘ

ਝਾੜ ਪ੍ਰਤੀ ਏਕੜ ਪ੍ਰਾਪਤ ਹੋ ਜਾਂਦਾ ਹੈ। ਇਸ ਦੀ ਪਨੀਰੀ ਬੀਜਣ ਲਈ ਹੁਣ ਢੁਕਵਾਂ ਸਮਾਂ ਹੈ। ਬਾਸਮਤੀ ਦੀ ਲੁਆਈ ਅਗੇਤੀ ਨਹੀਂ ਕਰਨੀ ਚਾਹੀਦੀ ਹੈ। ਵੱਖ-ਵੱਖ ਕਿਸਮਾਂ ਵਿਚ ਮਿਲਾਵਟ ਨਾ ਹੋਣ ਦਿੱਤੀ ਜਾਵੇ। ਬੀਜ ਰਾਹੀਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਬੀਜ ਦੀ ਸੋਧ ਜ਼ਰੂਰ ਕਰਨੀ ਚਾਹੀਦੀ ਹੈ। ਇੱਕ ਏਕੜ ਦੀ ਲੁਆਈ ਗਈ ਅੱਠ ਕਿਲੋ ਬੀਜ ਦੀ ਪਨੀਰੀ ਤਿਆਰ ਕੀਤੀ ਜਾਵੇ। ਬੀਜਣ ਤੋਂ ਪਹਿਲਾਂ ਬੀਜ ਨੂੰ ਪੰਜ ਗ੍ਰਾਮ ਐਮੀਸਾਨ-6 ਅਤੇ ਇਕ ਗ੍ਰਾਮ ਸਟਰੈਪਟੋਸਾਈਕਲੀਨ ਨੂੰ 10 ਲਿਟਰ ਪਾਣੀ ਵਿਚ ਘੋਲੋ। ਬੀਜਣ ਤੋਂ ਕੋਈ ਅੱਠ ਘੰਟੇ ਪਹਿਲਾਂ ਬੀਜ ਨੂੰ ਇਸ ਵਿਚ ਡੋਬੋ। ਪਨੀਰੀ ਦੀ ਬਿਜਾਈ ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿਚ ਕਰੋ। ਤਿਆਰੀ ਕਰਦੇ ਸਮੇਂ 15 ਟਨ ਰੂੜੀ ਪ੍ਰਤੀ ਏਕੜ ਪਾਵੋ। ਬਿਜਾਈ ਤੋਂ ਪਹਿਲਾਂ ਖੇਤ ਨੂੰ ਪਾਣੀ ਦੇਵੋ ਤਾਂ ਜੋ ਨਦੀਨ ਉੱਗ ਪੈਣ। ਹੁਣ ਖੇਤ ਦੀ ਮੁੜ ਵਹਾਈ ਕਰੋ। ਖੇਤ ਵਿਚ ਪਾਣੀ ਭਰ ਕੇ ਕੱਦੂ ਕਰੋ। ਇਸ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਪਾਵੋ। ਪਨੀਰੀ ਬੀਜਣ ਲਈ 10×2 ਮੀਟਰ ਆਕਾਰ ਦੇ ਕਿਆਰੇ ਬਣਾਵੋ। ਬੀਜ ਨੂੰ ਸੋਧਣ ਪਿਛੋਂ ਗਿੱਲੀਆਂ ਬੋਰੀਆਂ ਉੱਤੇ ਖਲਾਰ ਕੇ ਉੱਤੋਂ ਵੀ ਗਿੱਲੀਆਂ ਬੋਰੀਆਂ ਨਾਲ ਢਕ ਦੇਵੋ। ਬੋਰੀਆਂ ਨੂੰ ਗਿੱਲਾ ਰੱਖਣ ਲਈ ਪਾਣੀ ਛਿੜਕਦੇ ਰਹਿਣਾ ਚਾਹੀਦਾ ਹੈ। ਬੀਜ 30 ਕੁ ਘੰਟਿਆਂ ਵਿਚ ਪੁੰਗਰ ਜਾਵੇਗਾ। ਹੁਣ ਇਸ ਬੀਜ ਨੂੰ ਕਿਆਰੀਆਂ ਵਿਚ ਛੱਟੇ ਨਾਲ ਬੀਜ ਦੇਵੋ। ਇਕ ਕਿਆਰੇ ਵਿਚ ਇਕ ਕਿਲੋ ਬੀਜ ਪਾਵੋ। ਇਸ ਬੀਜ ਉੱਤੇ ਮਹੀਨ ਰੂੜੀ ਦੀ ਪਤਲੀ ਪਰਤ ਖਿਲਾਰ ਦੇਵੋ। ਪਨੀਰੀ ਬੀਜਣ ਤੋਂ 15 ਦਿਨਾਂ ਪਿਛੋਂ 26 ਕਿਲੋ ਯੂਰੀਆ ਪ੍ਰਤੀ ਏਕੜ ਪਾਵੋ। ਪਨੀਰੀ ਇਕ ਮਹੀਨੇ ਵਿਚ ਲਗਾਉਣ ਲਈ ਤਿਆਰ ਹੋ ਜਾਂਦੀ ਹੈ। ਪਨੀਰੀ ਨੂੰ ਸੋਕਾ ਨਾ ਲੱਗਣ ਦੇਵੋ।
ਸੋਇਆਬੀਨ: ਸੋਇਆਬੀਨ ਖ਼ੁਰਾਕੀ ਤੱਤਾਂ ਨਾਲ ਭਰਪੂਰ ਦਾਲ ਹੈ। ਇਸ ਦਾ ਤੇਲ, ਦੁੱਧ ਅਤੇ ਆਟਾ ਵੀ ਬਣਾਇਆ ਜਾਂਦਾ ਹੈ। ਇਸ ਦੀ ਕਾਸ਼ਤ ਭਾਰੀਆਂ ਅਤੇ ਚੰਗੇ ਪਾਣੀ ਨਿਕਾਸ ਵਾਲੀਆਂ ਜ਼ਮੀਨਾਂ ਵਿਚ ਕਰਨੀ ਚਾਹੀਦੀ ਹੈ। ਐਸ ਐਲ 525, ਐਸ ਐਲ 958, ਐਸ ਐਲ 744 ਉੱਨਤ ਕਿਸਮਾਂ ਹਨ। ਇਨ੍ਹਾਂ ਦੀ ਹੀ ਬਿਜਾਈ ਕਰਨੀ ਚਾਹੀਦੀ ਹੈ। ਇਕ ਏਕੜ ਵਿਚ 30 ਕਿਲੋ ਬੀਜ ਦੀ ਲੋੜ ਪੈਂਦੀ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ ਟੀਕਾ ਜ਼ਰੂਰ ਲਗਾ ਲੈਣਾ ਚਾਹੀਦਾ ਹੈ। ਬੀਜ ਦੀ ਸੁਧਾਈ ਵੀ ਜ਼ਰੂਰ ਕਰਨੀ ਚਾਹੀਦੀ ਹੈ। ਇਕ ਕਿਲੋ ਬੀਜ ਲਈ ਤਿੰਨ ਗ੍ਰਾਮ ਕੈਪਟਾਨ ਜਾਂ ਥੀਰਮ ਜ਼ਹਿਰ ਦੀ ਵਰਤੋਂ ਕਰੋ। ਫ਼ਸਲ ਨੂੰ ਦੋ ਗੋਡੀਆਂ ਜ਼ਰੂਰ ਕਰੋ। ਪਹਿਲੀ ਗੋਡੀ ਬਿਜਾਈ ਤੋਂ 20 ਦਿਨਾਂ ਅਤੇ ਦੂਜੀ 40 ਦਿਨਾਂ ਪਿਛੋਂ ਕਰੋ। ਖੇਤ ਦੀ ਤਿਆਰੀ ਕਰਦੇ ਸਮੇਂ ਚਾਰ ਟਨ ਰੂੜੀ ਪਾਵੋ। ਬਿਜਾਈ ਸਮੇਂ 28 ਕਿਲੋ ਯੂਰੀਆ ਅਤੇ 200 ਕਿਲੋ ਸੁਪਰਫਾਸਫੇਟ ਪਾਵੋ। ਸੋਇਆਬੀਨ ਦੀ ਬਿਜਾਈ ਮੱਕੀ ਵਿਚ ਵੀ ਕੀਤੀ ਜਾ ਸਕਦੀ ਹੈ।
ਮੱਕੀ: ਇਹ ਮਹੀਨਾ ਮੱਕੀ ਦੀ ਬਿਜਾਈ ਲਈ ਵੀ ਢੁੱਕਵਾਂ ਹੈ। ਝੋਨੇ ਹੇਠ ਰਕਬਾ ਵਧਣ ਕਰਕੇ ਭਾਵੇਂ ਮੱਕੀ ਹੇਠ ਰਕਬਾ ਚੋਖਾ ਘੱਟ ਗਿਆ ਹੈ ਪਰ ਅਜੇ ਵੀ ਬਹੁਤ ਸਾਰੇ ਕਿਸਾਨ ਮੱਕੀ ਦੀ ਬਿਜਾਈ ਕਰਦੇ ਹਨ। ਕੇਸਰੀ, ਪੀ ਐਮ ਐਚ-11, ਪ੍ਰਭਾਤ ਅਤੇ ਪੀ ਐਮ ਐਚ-1 ਮੱਕੀ ਦੀਆਂ ਉਨਤ ਕਿਸਮਾਂ ਹਨ। ਮੱਕੀ ਦੀਆਂ ਘਟ ਸਮੇਂ ਵਿਚ ਪੱਕਣ ਵਾਲੀ ਪੀ ਐਮ ਐਚ-2 ਕਿਸਮ ਹੈ। ਪੀ ਐਮ ਐਚ-1 ਸਭ ਤੋਂ ਵੱਧ 22 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ ਤੇ 95 ਦਿਨਾਂ ਵਿਚ ਪਕਦੀ ਹੈ। ਮੱਕੀ ਲਈ ਜ਼ਮੀਨ ਚੰਗੀ ਤਰ੍ਹਾਂ ਤਿਆਰ ਕਰਨੀ ਚਾਹੀਦੀ ਹੈ। ਜ਼ਮੀਨ ਤਿਆਰ ਕਰਦੇ ਸਮੇਂ ਰੂੜੀ ਵਾਲੀ ਖਾਦ ਜ਼ਰੂਰ ਪਾਵੋ। ਜੇ ਕਣਕ ਦੀ ਵਾਢੀ ਪਿਛੋਂ ਸਬਜ਼-ਖਾਦ ਬੀਜੀ ਗਈ ਹੋਵੇ ਤਾਂ ਹੋਰ ਵੀ ਚੰਗਾ ਰਹਿੰਦਾ ਹੈ। ਦੂਜੀਆਂ ਖਾਦਾਂ ਮਿੱਟੀ ਪਰਖ ਦੀ ਰਿਪੋਰਟ ਅਨੁਸਾਰ ਪਾਵੋ। ਇਕ ਏਕੜ ਦੀ ਬਿਜਾਈ ਲਈ 8 ਕਿਲੋ ਬੀਜ ਵਰਤੋ। ਕੋਸ਼ਿਸ਼ ਕਰੋ ਕਿ ਬਿਜਾਈ ਡਰਿੱਲ ਨਾਲ ਕੀਤੀ ਜਾਵੇ। ਮੱਕੀ ਨੂੰ ਗੋਡੀ ਦੀ ਲੋੜ ਹੈ। ਪਹਿਲੀ ਗੋਡੀ ਬਿਜਾਈ ਤੋਂ 20 ਦਿਨਾਂ ਪਿਛੋਂ ਕਰੋ। ਬੀਜ ਨੂੰ ਅੱਧਾ ਕਿਲੋ ਕਨਸ਼ੋਰਸ਼ੀਅਮ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਟੀਕਾ ਲਗਾਵੋ।
ਬਾਜਰਾ: ਚਾਰੇ ਲਈ ਬਾਜਰੇ ਦੀ ਬਿਜਾਈ ਵੀ ਇਸ ਮਹੀਨੇ ਕੀਤੀ ਜਾ ਸਕਦੀ ਹੈ। ਬਾਜਰੇ ਦੀਆਂ ਪੀ ਐਚ ਬੀ ਐਫ-1, ਪੀ ਸੀ ਬੀ 164 ਅਤੇ ਅੇਫ ਬੀ. ਸੀ 16 ਉਨੱਤ ਕਿਸਮਾਂ ਹਨ। ਬਾਜਰੇ ਵਿਚ ਰਵਾਂਹ ਵੀ ਰਲਾ ਕੇ ਬੀਜੇ ਜਾ ਸਕਦੇ ਹਨ। ਜੁਆਰ ਅਤੇ ਮੱਕੀ ਦੀ ਬਿਜਾਈ ਵੀ ਇਸ ਮਹੀਨੇ ਕੀਤੀ ਜਾ ਸਕਦੀ ਹੈ। ਮੱਕੀ ਦੀ ਜੇ 1006 ਅਤੇ ਜੁਆਰ ਦੀ ਐਸ ਐਲ 44 ਕਿਸਮ ਬੀਜੋ।


Comments Off on ਫ਼ਸਲਾਂ ਨੂੰ ਗਰਮੀ ਤੋਂ ਬਚਾਉਣ ਦਾ ਵੇਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.