ਗੁਰੂ ਨਾਨਕ ਚਿੰਤਨਧਾਰਾ ਵਿਚ ਕਿਰਤ ਦਾ ਸੰਕਲਪ !    ਚੜਿਆ ਸੋਧਣਿ ਧਰਿਤੀ ਲੁਕਾਈ !    ਅਫ਼ਗਾਨ ਚੋਣਾਂ: ਵੋਟਾਂ ਦੀ ਗਿਣਤੀ ਮੁੜ ਸ਼ੁਰੂ !    ਹਾਂਗਕਾਂਗ ’ਚ ਪੁਲੀਸ ਨੇ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦੋ ਦਹਿਸ਼ਤਗਰਦ ਹਲਾਕ !    ਚੱਕਰਵਾਤੀ ਤੂਫ਼ਾਨ: ਮਮਤਾ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਦੀ ਮਾਲੀ ਮਦਦ !    ਕਰਨਾਟਕ ਦੇ ਅਯੋਗ ਵਿਧਾਇਕਾਂ ਦੀ ਅਰਜ਼ੀ ’ਤੇ ਫ਼ੈਸਲਾ ਭਲਕੇ !    ਭਾਸ਼ਾ ਵਿਭਾਗ ਲਈ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਕੋਹਾਂ ਦੂਰ !    ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਬਾਬਾ ਨਾਨਕ 550 ਸਰਵੋਤਮ ਟਰਾਫ਼ੀ’ ਜਿੱਤੀ !    ਹਰਿਆਣਾ ਤੇ ਹਿਮਾਚਲ ਦੇ ਮੁੱਖ ਮੰਤਰੀ ਬੇਰ ਸਾਹਿਬ ਨਤਮਸਤਕ !    

ਪੰਥ ਰਤਨ ਮਾਸਟਰ ਤਾਰਾ ਸਿੰਘ

Posted On June - 19 - 2019

24 ਜੂਨ ਨੂੰ ਜਨਮ ਦਿਵਸ ’ਤੇ ਵਿਸ਼ੇਸ਼

ਰਮੇਸ਼ ਬੱਗਾ ਚੋਹਲਾ
ਮਾਸਟਰ ਤਾਰਾ ਸਿੰਘ ਦਾ ਜਨਮ 24 ਜੂਨ 1885 ਈ. ਨੂੰ ਅਣਵੰਡੇ ਪੰਜਾਬ ਦੇ ਜ਼ਿਲ੍ਹਾ ਰਾਵਲਪਿੰਡੀ ’ਚ ਸਥਿਤ ਪਿੰਡ ਹਰਿਆਲ ਦੇ ਵਸਨੀਕ ਗੋਪੀ ਚੰਦ ਮਲਹੋਤਰਾ ਦੇ ਘਰ ਹੋਇਆ। ਉਨ੍ਹਾਂ ਦਾ ਮੁੱਢਲਾ ਨਾਮ ਨਾਨਕ ਚੰਦ ਸੀ ਪਰ ਸਿੱਖ ਧਰਮ ’ਚ ਅਥਾਹ ਸ਼ਰਧਾ ਹੋਣ ਕਾਰਨ ਉਨ੍ਹਾਂ ਨੇ ਸੰਤ ਅਤਰ ਸਿੰਘ ਕੋਲੋਂ ਅੰਮ੍ਰਿਤ ਸ਼ਕ ਲਿਆ, ਜਿਸ ਮਗਰੋਂ ਉਨ੍ਹਾਂ ਦਾ ਨਾਮਕਰਣ ਤਾਰਾ ਸਿੰਘ ਹੋ ਗਿਆ।
ਮਾਸਟਰ ਤਾਰਾ ਸਿੰਘ ਨੇ 1907 ਈ. ਵਿਚ ਬੀ.ਏ. ਪਾਸ ਕਰ ਲਈ ਅਤੇ ਉਚੇਰੀ ਪੜ੍ਹਾਈ (ਐਮ. ਏ) ਕਰਨ ਲਈ ਸੈਂਟਰਲ ਟਰੇਨਿੰਗ ਕਾਲਜ ਲਾਹੌਰ ਵਿਚ ਦਾਖਲ ਹੋ ਗਏ। ਪੜ੍ਹਾਈ ਪੂਰੀ ਕਰਨ ਮਗਰੋਂ ਉਹ ਲਾਇਲਪੁਰ ਜ਼ਿਲ੍ਹੇ ਦੇ ਖਾਲਸਾ ਹਾਈ ਸਕੂਲ ਵਿਚ ਮੁੱਖ ਅਧਿਆਪਕ ਨਿਯੁਕਤ ਹੋ ਗਏ। ਸੇਵਾ ਅਤੇ ਪਰਉਪਕਾਰ ਦੀ ਭਾਵਨਾ ਹੋਣ ਕਾਰਨ ਉਹ ਸਿਰਫ 15 ਰੁਪਏ ਮਹੀਨਾ ਵੇਤਨ ’ਤੇ ਹੀ ਕੰਮ ਕਰਦੇ ਰਹੇ। ਘੱਟ ਵੇਤਨ ਲੈਣ ਬਾਵਜੂਦ ਉਹ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕਰਦੇ। ਉਨ੍ਹਾਂ ਦੀ ਇਸ ਵਿਸ਼ੇਸ਼ ਲਗਨ ਅਤੇ ਮਿਹਨਤ ਸਦਕਾ ਖਾਲਸਾ ਹਾਈ ਸਕੂਲ ਬੇਹਤਰੀਨ ਸਕੂਲਾਂ ਦੀ ਕਤਾਰ ਵਿਚ ਸ਼ਾਮਲ ਹੋ ਗਿਆ। ਸਕੂਲ ਦੀ ਪ੍ਰਸਿੱਧੀ ਦੇ ਨਾਲ-ਨਾਲ ਮਾਸਟਰ ਤਾਰਾ ਸਿੰਘ ਵੀ ਹਰਮਨ ਪਿਆਰੇ (ਵਿਸ਼ੇਸ ਕਰਕੇ ਲਾਇਲਪੁਰ ਦੇ ਇਲਾਕੇ ਵਿਚ) ਹੋਣ ਲੱਗ ਪਏ। ਕੁਝ ਕਾਰਨਾਂ ਕਰਕੇ ਮਾਸਟਰ ਜੀ ਨੂੰ ਇਸ ਸਕੂਲ ਦੀ ਮੁੱਖ-ਅਧਿਆਪਕੀ ਤੋਂ ਤਿਆਗ-ਪੱਤਰ ਦੇਣਾ ਪੈ ਗਿਆ। ਇਸ ਤੋਂ ਬਾਅਦ ਉਹ ਆਪਣੇ ਘਰੇਲੂ ਜ਼ਿਲ੍ਹੇ ਰਾਵਲਪਿੰਡੀ ਦੇ ਕੱਲਰ ਖਾਲਸਾ ਹਾਈ ਸਕੂਲ ਦੇ ਮੁੱਖ ਅਧਿਆਪਕ ਬਣ ਗਏ। ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਕੱਲਰ ਸਕੂਲ ਨੇ ਪੰਥ ਨੂੰ ਅਜਿਹੇ ਹੀਰੇ ਦਿੱਤੇ, ਜਿਨ੍ਹਾਂ ਨੇ ਦੇਸ਼/ਪੰਥ ਦੀ ਖਾਤਿਰ ਸੇਵਾ ਦੇ ਨਾਲ-ਨਾਲ ਜੀਵਨ ਵੀ ਲੇਖੇ ਲਾ ਦਿੱਤਾ। ਉਸ ਵੇਲੇ ਮਾਸਟਰ ਜੀ ਦੇ ਨਾਲ ਲਾਲ ਸਿੰਘ ਕਮਲਾ ਅਕਾਲੀ, ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ, ਗਿਆਨੀ ਹੀਰਾ ਸਿੰਘ ਦਰਦ ਅਤੇ ਮਾਸਟਰ ਸੁਜਾਨ ਸਿੰਘ ਜੀ ਸਰਹਾਲੀ ਵੀ ਕੰਮ ਕਰਦੇ ਸਨ। ਕੁੱਝ ਸਮੇਂ ਬਾਅਦ ਉਨ੍ਹਾਂ ਨੇ ਇਹ ਸਕੂਲ ਵੀ ਛੱਡ ਦਿੱਤਾ ਅਤੇ ਮੁੜ ਲਾਇਲਪੁਰ ਚਲੇ ਗਏ। ਇਥੇ ਉਨ੍ਹਾਂ ਨੇ ਆੜ੍ਹਤ ਦੀ ਦੁਕਾਨ ਖੋਲ੍ਹ ਲਈ ਜੋ ਉਨ੍ਹਾਂ ਦੇ ਸੁਭਾਅ ਨਾਲ ਮੇਲ ਨਾ ਖਾਂਦੀ ਕਰਕੇ ਛੱਡਣੀ ਪੈ ਗਈ।
ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਹੋਣ ਕਰਕੇ ਮਾਸਟਰ ਤਾਰਾ ਸਿੰਘ ਅੰਮ੍ਰਿਤਸਰ ਆ ਗਏ ਅਤੇ ਅਖ਼ਬਾਰ ‘ਅਕਾਲੀ’ ਦੇ ਸੰਪਾਦਕ ਬਣ ਗਏ। ਇਸ ਖ਼ੂਨੀ ਸਾਕੇ ਕਾਰਨ ਸਿੱਖ ਭਾਈਚਾਰੇ ਵਿਚ ਗੁੱਸੇ ਦੀ ਅੱਗ ਭੜਕ ਪਈ ਅਤੇ ਸਿੱਖ ਆਗੂਆਂ ਨੇ ਫ਼ੈਸਲਾ ਲਿਆ ਕਿ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣਾ ਚਾਹੀਦਾ ਹੈ।
ਜਦੋਂ ਬਾਬਾ ਖੜਕ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਤਾਂ ਮਾਸਟਰ ਤਾਰਾ ਸਿੰਘ ਨੂੰ ਇਸ ਕਮੇਟੀ ਦਾ ਸਕੱਤਰ ਬਣਾਇਆ ਗਿਆ। ਇਸ ਕਮੇਟੀ ਵਿਚ ਅੰਗਰੇਜ਼ ਸਰਕਾਰ ਦੇ ਨਾਲ ਨਾ ਮਿਲਵਰਤਣ ਦਾ ਮਤਾ ਪਾਸ ਕੀਤਾ ਗਿਆ, ਜਿਸ ਦੇ ਪਾਸ ਹੋਣ ਨਾਲ ਅਕਾਲੀਆਂ ਅਤੇ ਅੰਗਰੇਜ਼ਾਂ ਦਾ ਸਿੱਧਾ ਮੁਕਾਬਲਾ ਹੋਇਆ। ਮਾਸਟਰ ਜੀ ਨੇ ਅੰਮ੍ਰਿਤਸਰ ਦਫ਼ਤਰ ਵਿਚ ਰਹਿ ਕੇ ਪੰਥ ਦੀ ਚੜ੍ਹਦੀਕਲਾ ਲਈ ਦਿਨ-ਰਾਤ ਇਕ ਕਰਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪ੍ਰੋ. ਨਿਰੰਜਨ ਸਿੰਘ ਦੇ ਸਹਿਯੋਗ ਸਦਕਾ ਉਨ੍ਹਾਂ ਨੇ ਬਹੁਤ ਸਾਰੇ ਇਸ਼ਤਿਹਾਰ, ਪੈਂਫਲਟ ਤੇ ਟਰੈਕਟ ਲਿਖ ਕੇ ਦੂਰ-ਦੂਰਾਡੇ ਤੱਕ ਭੇਜੇ ਜਿਸ ਨਾਲ ਕੌਮ ਵਿਚ ਜਾਗਰੂਕਤਾ ਪੈਦਾ ਹੋ ਗਈ।
ਪੰਥ ਵਿਚ ਆਈ ਜਾਗਰੂਕਤਾ ਕਾਰਨ ਸਭ ਤੋਂ ਪਹਿਲਾਂ ਚਾਬੀਆਂ ਦਾ ਮੋਰਚਾ ਲਗਾਇਆ ਗਿਆ। ਇਸ ਮੋਰਚੇ ਵਿਚ ਬਾਬਾ ਖੜਕ ਸਿੰਘ ਅਤੇ ਮਾਸਟਰ ਤਾਰਾ ਸਿੰਘ ਨੇ ਅੱਗੇ ਵੱਧ ਕੇ ਗ੍ਰਿਫ਼ਤਾਰੀ ਦਿੱਤੀ। ਇਸ ਮੋਰਚੇ ਦੀ ਜਿੱਤ ਮਗਰੋਂ ‘ਗੁਰੂ ਕੇ ਬਾਗ’ ਅਤੇ ‘ਜੈਤੋਂ’ ਦਾ ਮੋਰਚਾ ਲੱਗ ਗਿਆ। ਇਨ੍ਹਾਂ ਮੋਰਚਿਆਂ ਵਿਚ ਸ਼ਾਮਿਲ ਜਥਿਆਂ ’ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ ਅਤੇ ਸ਼੍ਰੋਮਣੀ ਕਮੇਟੀ ਨੂੰ ਕਾਨੂੰਨ ਵਿਰੋਧੀ ਕਰਾਰ ਦਿੱਤਾ ਗਿਆ। ਕਮੇਟੀ ਦੇ ਅੰਤ੍ਰਿਗ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਉਪਰ ਮੁਕੱਦਮਾ ਚਲਾਇਆ ਗਿਆ। ਇਨ੍ਹਾਂ ਗ੍ਰਿਫ਼ਤਾਰ ਮੈਂਬਰਾਂ ਵਿਚ ਮਾਸਟਰ ਤਾਰਾ ਸਿੰਘ ਵੀ ਸ਼ਾਮਿਲ ਸਨ। ਦੇਸ਼ ਭਗਤੀ ਦੀ ਭਾਵਨਾ ਹੋਣ ਕਰਕੇ ਮਾਸਟਰ ਤਾਰਾ ਸਿੰਘ ਵਿਦੇਸ਼ੀ ਰਾਜ ਤੋਂ ਮੁਕਤੀ ਤਾਂ ਚਾਹੁੰਦੇ ਸਨ ਪਰ ਉਹ ਸਿੱਖ ਹਿੱਤਾਂ ਨੂੰ ਕੁਰਬਾਨ ਨਹੀਂ ਸੀ ਹੋਣ ਦੇਣਾ ਚਾਹੁੰਦੇ। ਉਹ ਅਕਸਰ ਕਿਹਾ ਕਰਦੇ ਸਨ, ‘‘ਮੈਂ ਮਰਾਂ, ਪੰਥ ਜੀਵੇ’’ ਅਤੇ ‘‘ਸਿੱਖੋ ਜੇ ਮੈਂ ਮਾੜਾ ਹਾਂ ਤਾਂ ਮੈਨੂੰ ਮਾਰ ਦਿਉ, ਪੰਥ ਨੂੰ ਨਾ ਮਾਰੋ।’’ ਆਪਣੇ ਇਨ੍ਹਾਂ ਬੋਲਾਂ ਨੂੰ ਜੀਵਤ ਰੱਖਣ ਲਈ ਉਹ ਹਮੇਸ਼ਾਂ ਹੀ ਸਿੱਖ ਹਿੱਤਾਂ ਲਈ ਲੜਦੇ ਰਹੇ। ਸਿੱਖੀ ਸਿਧਾਤਾਂ (ਵਿਸ਼ੇਸ਼ ਕਰਕੇ ਸਰਬਤ ਦਾ ਭਲਾ ਮੰਗਣ ਵਾਲੇ) ਦੀ ਪਹਿਰੇਦਾਰੀ ਕਰਦਿਆਂ ਮਾਸਟਰ ਤਾਰਾ ਸਿੰਘ ਨੇ ਬਹੁਤ ਸਾਰੀਆਂ ਕੈਦਾਂ ਕੱਟੀਆਂ। ਜਦੋਂ ਵੀ ਦੇਸ਼ ਵਿਚ ਕੋਈ ਲੋਕ ਭਲਾਈ ਦੀ ਲਹਿਰ ਆਰੰਭ ਹੁੰਦੀ ਤਾਂ ਮਾਸਟਰ ਜੀ ਹਮੇਸ਼ਾਂ ਹੀ ਮੂਹਰਲੀਆਂ ਸਫ਼ਾਂ ਵਿਚ ਹੁੰਦੇ।
ਮਾਸਟਰ ਤਾਰਾ ਸਿੰਘ ਦਾ ਜੀਵਨ ਧਰੂ ਤਾਰੇ ਵਰਗਾ ਰਿਹਾ। ਉਨ੍ਹਾਂ ਦਾ ਸ਼ੁਮਾਰ ਕੌਮ ਦੇ ਚੌਣਵੇਂ ਰਾਹ ਦਸੇਰਿਆਂ ਵਿਚ ਕੀਤਾ ਜਾਂਦਾ ਹੈ। ਨਿਧੜਕ ਹੋਣ ਦੇ ਨਾਲ-ਨਾਲ ਉਹ ਨਿਡਰ ਵੀ ਸਨ। ਕੋਈ ਵੀ ਪੰਥਕ ਪ੍ਰੋਗਰਾਮ ਅਜਿਹਾ ਨਹੀਂ, ਜਿਸ ਵਿਚ ਮਾਸਟਰ ਤਾਰਾ ਸਿੰਘ ਦੀ ਅਹਿਮ ਭੂਮਿਕਾ ਨਾ ਰਹੀ ਹੋਵੇ। ਪੰਥ ਲਈ ਮਰ-ਮਿਟਣ ਦੀ ਭਾਵਨਾ ਰੱਖਣ ਵਾਲਾ ਇਹ ਅਨਮੋਲ ਰਤਨ 22 ਨਵੰਬਰ 1967 ਨੂੰ ਆਪਣਾ ਜੀਵਨ ਸਫ਼ਰ ਸਮਾਪਤ ਕਰਕੇ ਕੌਮ ਨੂੰ ਆਖਰੀ ਫ਼ਤਹਿ ਬੁਲਾ ਗਿਆ।
ਸੰਪਰਕ: 94631-32719


Comments Off on ਪੰਥ ਰਤਨ ਮਾਸਟਰ ਤਾਰਾ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.