ਕੇਂਦਰ ਨੇ ਲੌਕਡਾਊਨ 30 ਜੂਨ ਤਕ ਵਧਾਇਆ !    ਹਨੇਰੀ ਕਾਰਨ ਤਾਜ ਮਹੱਲ ਨੂੰ ਭਾਰੀ ਨੁਕਸਾਨ !    ਕੇਂਦਰ ਨਾਲੋਂ ਨਾਤਾ ਤੋੜਨ ਸੁਖਬੀਰ: ਕੈਪਟਨ !    ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ !    ਭਰਾ ਦੀ ਕਹੀ ਨਾਲ ਹੱਤਿਆ !    ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    

ਪੰਜਾਬ ਵਿੱਚ ਝੋਨੇ ਦੀ ਕਾਸ਼ਤ ਦੇ ਮੁੱਦੇ ਅਤੇ ਸੁਝਾਅ

Posted On June - 8 - 2019

ਗੁਰਜੀਤ ਸਿੰਘ ਮਾਂਗਟ ਤੇ ਬੂਟਾ ਸਿੰਘ ਢਿੱਲੋਂ*

ਫ਼ਸਲ ਤੋਂ ਚੰਗਾ ਝਾੜ ਲੈਣ ਵਿੱਚ ਢੁੱਕਵੀਂ ਕਿਸਮ, ਮੌਸਮ ਅਤੇ ਕਾਸ਼ਤਕਾਰੀ ਢੰਗਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਪਿਛਲੇ ਲੰਮੇ ਸਮੇਂ ਤੋਂ ਝੋਨੇ ਦੀਆਂ ਚੰਗੀਆਂ ਕਿਸਮਾਂ ਵਿਕਸਿਤ ਕਰਨ ਅਤੇ ਉਨ੍ਹਾਂ ਦੇ ਢੁਕਵੇਂ ਕਾਸ਼ਤਕਾਰੀ ਢੰਗਾਂ ਦੀ ਸਿਫ਼ਾਰਸ਼ ਕਰਨ ਵਿੱਚ ਯਤਨਸ਼ੀਲ ਰਹੀ ਹੈ। ਇਸ ਦੀ ਬਦੌਲਤ ਪੰਜਾਬ ਪਿਛਲੇ ਲੰਮੇ ਸਮੇਂ ਤੋਂ ਕੇਂਦਰੀ ਅਨਾਜ-ਭੰਡਾਰ ਨੂੰ 30-48 ਫ਼ੀਸਦੀ ਚੌਲ ਭੇਜ ਕੇ ਦੇਸ਼ ਦੀ ਭੋਜਨ ਸੁਰੱਖਿਆ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।
ਝੋਨੇ ਦੀ ਕਾਸ਼ਤ ਨਾਲ ਜੁੜੇ ਮਸਲੇ: ਝੋਨੇ ਦੀ ਕਾਸ਼ਤ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਗਿਰਾਵਟ, ਜ਼ਮੀਨ ਦੀ ਸਤਿਹ ਥੱਲੇ ਸਖ਼ਤ ਪਰਤ ਬਣਨਾ, ਪ੍ਰਦੂਸ਼ਣ ਅਤੇ ਹੋਰ ਅਨੇਕਾਂ ਮੁਸ਼ਕਿਲਾਂ ਜੁੜੀਆਂ ਹੋਈਆਂ ਹਨ। ਇਨ੍ਹਾਂ ਮੁਸ਼ਕਿਲਾਂ ਦੇ ਮੱਦੇਨਜ਼ਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪਿਛਲੇ ਦੋ ਦਹਾਕਿਆਂ ਤੋਂ ਝੋਨੇ ਅਧੀਨ ਰਕਬਾ ਘਟਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਪਰ ਝੋਨੇ ਦੇ ਝਾੜ ਦੀ ਸਥਿਰਤਾ, ਯਕੀਨੀ ਮੰਡੀਕਰਨ, ਮਸ਼ੀਨੀਕਰਨ ਅਤੇ ਅਨਾਜ ਸੁਰੱਖਿਆ ਦੀ ਪੂਰਤੀ ਆਦਿ ਕਾਰਨ ਝੋਨੇ ਦਾ ਰਕਬਾ ਘਟਣ ਦੀ ਬਜਾਇ ਹਰ ਸਾਲ ਵਧ ਰਿਹਾ ਹੈ ਜੋ ਕਿ ਧਰਤੀ ਹੇਠਲੇ ਪਾਣੀ ਦੀ ਲੋੜ ਵਧਾਉਣ ਦੇ ਨਾਲ-ਨਾਲ ਝੋਨੇ ਦੀ ਪਰਾਲੀ ਦੀ ਮਾਤਰਾ ਨੂੰ ਵੀ ਵਧਾ ਰਿਹਾ ਹੈ। ਬਦਲਦੇ ਮੌਸਮ ਵਿੱਚ ਕੀੜੇ-ਮਕੌੜੇ, ਬਿਮਾਰੀਆਂ ਅਤੇ ਹੋਰ ਮੌਸਮੀ ਕਾਰਕਾਂ ਦਾ ਪ੍ਰਭਾਵ ਵੀ ਵਧ ਰਿਹਾ ਹੈ। ਮੰਡੀ ਵਿੱਚ ਖ਼ਰੀਦਦਾਰ ਜ਼ਿਆਦਾ ਗੁਣਵੱਤਾ ਅਤੇ ਕਸ ਵਾਲੀਆਂ ਕਿਸਮਾਂ ਦੀ ਖ਼ਰੀਦ ਨੂੰ ਤਰਜੀਹ ਦੇ ਰਹੇ ਹਨ। ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਵੀ ਅਹਿਮ ਮਸਲਾ ਬਣਿਆ ਹੋਇਆ ਹੈ।
ਘੱਟ ਸਮੇਂ ਵਾਲੀਆਂ ਕਿਸਮਾਂ ਦੀ ਕਾਸ਼ਤ ’ਚ ਵਾਧਾ: ਇਨ੍ਹਾਂ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਘੱਟ ਸਮੇਂ ਵਿੱਚ ਵੱਧ ਝਾੜ (ਪ੍ਰਤੀ ਦਿਨ ਜ਼ਿਆਦਾ ਝਾੜ), ਘੱਟ ਪਰਾਲੀ, ਚੰਗੀ ਗੁਣਵੱਤਾ ਅਤੇ ਬਿਮਾਰੀਆਂ ਪ੍ਰਤੀ ਸਹਿਣਸ਼ੀਲਤਾ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਿਛਲੇ ਛੇ ਸਾਲਾਂ ਦੇ ਵਕਫ਼ੇ ਦੌਰਾਨ ਝੋਨੇ ਅਤੇ ਬਾਸਮਤੀ ਦੀਆਂ ਦਰਜਨ ਕਿਸਮਾਂ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਗਈਆਂ ਹਨ। ਘੱਟ ਸਮੇਂ ਵਿੱਚ ਪੱਕਣ ਵਾਲੀਆਂ ਨਵੀਆਂ ਕਿਸਮਾਂ ਨੇ ਕਿਸਾਨਾਂ ਦੇ ਖੇਤਾਂ ਵਿੱਚ ਉਤਸ਼ਾਹਜਨਕ ਨਤੀਜੇ ਦਿੱਤੇ ਹਨ। ਇਸ ਸਦਕਾ ਇਨ੍ਹਾਂ ਕਿਸਮਾਂ ਦੀ ਕਾਸ਼ਤ ਅਧੀਨ ਰਕਬਾ ਸਾਲ 2012 ਦੌਰਾਨ 32 ਫ਼ੀਸਦੀ ਤੋਂ ਵਧ ਕੇ ਸਾਲ 2018 ਤੱਕ 82 ਫ਼ੀਸਦੀ ਹੋ ਗਿਆ। ਇਨ੍ਹਾਂ ਕਿਸਮਾਂ ਦੀ ਕਾਸ਼ਤ ਕਰਨ ਨਾਲ ਪੰਜਾਬ ਨੇ ਨਾ ਸਿਰਫ਼ ਪੈਦਾਵਾਰ ਬਲਕਿ ਪ੍ਰਤੀ ਏਕੜ ਝਾੜ ਅਤੇ ਕੇਂਦਰੀ ਅਨਾਜ ਭੰਡਾਰ ਵਿੱਚ ਕੁੱਲ ਯੋਗਦਾਨ ਵਿੱਚ ਵੀ ਰਿਕਾਰਡ ਸਥਾਪਿਤ ਕੀਤੇ ਹਨ।
ਕੇਂਦਰੀ ਜ਼ਿਲ੍ਹਿਆਂ ਵਿੱਚ ਪਾਣੀ ਅਤੇ ਪਰਾਲੀ ਸੰਕਟ: ਸਮੁੱਚੇ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਹਰ ਸਾਲ 0.5 ਮੀਟਰ ਡੂੰਘਾ ਜਾ ਰਿਹਾ ਹੈ ਪਰ ਕੇਂਦਰੀ ਜ਼ਿਲ੍ਹਿਆਂ (ਬਰਨਾਲਾ, ਬਠਿੰਡਾ, ਲੁਧਿਆਣਾ, ਮਾਨਸਾ, ਮੋਗਾ ਅਤੇ ਸੰਗਰੂਰ) ਵਿੱਚ ਤਾਂ ਇਸ ਗਿਰਾਵਟ ਦੀ ਦਰ 1.0 ਮੀਟਰ ਤੋਂ ਵੀ ਵੱਧ ਹੈ ਜੋ ਕਿ ਗੰਭੀਰ ਮਸਲਾ ਹੈ। ਸਾਲ 2018 ਦੌਰਾਨ ਭਾਰੀ ਮੌਨਸੂਨ ਮੀਂਹਾਂ ਦੇ ਬਾਵਜੂਦ ਇਨ੍ਹਾਂ ਜ਼ਿਲ੍ਹਿਆਂ ਵਿੱਚ ਪਾਣੀ ਦੇ ਰਿਚਾਰਜ ਦਾ ਮਨਫ਼ੀ ਰਹਿਣਾ ਹੋਰ ਵੀ ਚਿੰਤਾਜਨਕ ਹੈ। ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਸਾਹਮਣੇ ਆਇਆ ਕੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ (ਪੂਸਾ-44, ਪੀਲੀ ਪੂਸਾ ਆਦਿ) ਅਧੀਨ ਅਜੇ ਵੀ 40 ਤੋਂ 60 ਫ਼ੀਸਦੀ ਰਕਬਾ ਹੈ। ਇਨ੍ਹਾਂ ਹੀ ਨਹੀਂ ਇਨ੍ਹਾਂ ਜ਼ਿਲ੍ਹਿਆਂ ਵਿੱਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵੀ ਜ਼ਿਆਦਾ ਰਿਕਾਰਡ ਕੀਤੀਆਂ ਗਈਆਂ।
ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦੇ ਅਨੇਕਾਂ ਲਾਭਾਂ ਜਿਵੇਂ ਕਿ ਘੱਟ ਪਰਾਲੀ, ਝੋਨਾ ਵੱਡਣ ਉਪੰਰਤ ਹਾੜ੍ਹੀ ਦੀਆਂ ਫ਼ਸਲਾਂ ਬੀਜਣ ਵਿਚਾਲੇ ਜ਼ਿਆਦਾ ਸਮਾਂ ਆਦਿ ਹੋਣ ਦੇ ਬਾਵਜੂਦ ਕੁਝ ਕਿਸਾਨ ਇਹ ਸੋਚ ਕੇ ਪੂਸਾ 44 ਅਤੇ ਪੀਲੀ ਪੂਸਾ ਕਿਸਮਾਂ ਦੀ ਕਾਸ਼ਤ ਕਰਦੇ ਹਨ ਕਿ ਇਨ੍ਹਾਂ ਦਾ ਝਾੜ ਜ਼ਿਆਦਾ ਹੋਣ ਕਰਕੇ ਮੁਨਾਫ਼ਾ ਜ਼ਿਆਦਾ ਹੁੰਦਾ ਹੈ। ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਕੀਤੇ ਸਰਵੇਖਣ ਉਪਰੰਤ ਇਹ ਤਰਕ ਸਹੀ ਨਹੀਂ ਨਿਕਲਿਆ। ਸਰਵੇਖਣ ਅਨੁਸਾਰ ਪੀਆਰ 121, ਪੀਆਰ 126 ਅਤੇ ਪੂਸਾ 44 ਦਾ ਔਸਤ ਝਾੜ ਕ੍ਰਮਵਾਰ 31.9, 30.1 ਅਤੇ 32.6 ਕੁਇੰਟਲ ਪ੍ਰਤੀ ਏਕੜ ਰਿਹਾ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਸਮਾਂ ਲੈਣ ਵਾਲੀ ਪੂਸਾ 44 ਕਿਸਮ ਨੇ ਬੇਸ਼ੱਕ ਸਭ ਤੋਂ ਵੱਧ ਝਾੜ (ਔਸਤ 32.6 ਕੁਇੰਟਲ ਪ੍ਰਤੀ ਏਕੜ) ਦਿੱਤਾ ਪਰ ਇਸ ਵੱਧ ਝਾੜ ਲਈ ਪੂਸਾ 44 ਕਿਸਮ ਦੀ ਕਾਸ਼ਤ ਉਪਰ ਯੂਨੀਵਰਸਿਟੀ ਦੀਆਂ ਸਿਫ਼ਾਰਸ਼ ਕਿਸਮਾਂ ਪੀਆਰ 121 ਅਤੇ ਪੀਆਰ 126 ਨਾਲੋਂ ਵੱਧ ਖ਼ਰਚੇ ਪਏ। ਜਦੋਂ ਇਹ ਸਾਰੀਆਂ ਕੀਮਤਾਂ ਕੁੱਲ ਆਮਦਨ ਵਿੱਚੋਂ ਘਟਾ ਕੇ ਸ਼ੁੱਧ ਮੁਨਾਫ਼ਾ ਕੱਢਿਆ ਗਿਆ ਤਾਂ ਪੂਸਾ 44 ਕਿਸਮ ਦਾ ਸ਼ੁੱਧ ਮੁਨਾਫ਼ਾ ਪੀਆਰ 126 ਅਤੇ ਪੀਆਰ 121 ਦੇ ਮੁਕਾਬਲੇ ਕ੍ਰਮਵਾਰ 176 ਰੁਪਏ ਅਤੇ 278 ਰੁਪਏ ਪ੍ਰਤੀ ਏਕੜ ਘਟ ਗਿਆ। ਜੇ ਉਪਰੋਕਤ ਦਿੱਤੇ ਖ਼ਰਚਿਆਂ ਵਿੱਚ ਪਾਣੀਆਂ ਲਈ ਵਰਤੀ ਗਈ ਬਿਜਲੀ ਦਾ ਖ਼ਰਚ, ਜੋ ਕਿ ਕਿਸਾਨਾਂ ਨੂੰ ਮੁਫ਼ਤ ਦਿੱਤੀ ਜਾਂਦੀ ਹੈ, ਵੀ ਲਾ ਲਿਆ ਜਾਵੇ ਤਾਂ ਪੀਆਰ 126 ਅਤੇ ਪੀਆਰ 121 ਕਿਸਮਾਂ ਦੀ ਕਾਸ਼ਤ ਤੋਂ ਅਸਲ ਮੁਨਾਫ਼ਾ ਪੂਸਾ 44 ਕਿਸਮ ਨਾਲੋਂ ਹੋਰ ਵੀ ਜ਼ਿਆਦਾ ਹੋ ਜਾਵੇਗਾ। ਇਨ੍ਹਾਂ ਕਿਸਮਾਂ ਦੀ ਜ਼ਿਆਦਾ ਪ੍ਰਤੀ ਦਿਨ ਉਦਪਾਦਕਤਾ, ਵਾਢੀ ਉਪਰੰਤ ਕਣਕ ਦੀ ਬਿਜਾਈ ਵਾਸਤੇ ਸਮਾਂ ਤੇ ਘੱਟ ਪਰਾਲੀ ਦੇ ਨਾਲ-ਨਾਲ ਕਾਸ਼ਤ ਦੇ ਖ਼ਰਚੇ ਜਿਵੇਂ ਕਿ ਕੀਟਨਾਸ਼ਕਾਂ ਅਤੇ ਪਾਣੀ ਦੀ ਲੋੜ ਘੱਟ ਹੁੰਦੀ ਹੈ।
ਭਵਿੱਖ ਦੀ ਯੋਜਨਾ: ਕੇਂਦਰੀ ਜ਼ਿਲ੍ਹਿਆਂ (ਬਰਨਾਲਾ, ਬਠਿੰਡਾ, ਲੁਧਿਆਣਾ, ਮਾਨਸਾ, ਮੋਗਾ ਅਤੇ ਸੰਗਰੂਰ) ਵਿਚ ਪਾਣੀ ਦੇ ਡਿੱਗਦੇ ਪੱਧਰ ਨੂੰ ਠੱਲ੍ਹ ਪੈਣ ਦੀ ਬਜਾਏ ਮੌਨਸੂਨ ਉਪਰੰਤ ਪਾਣੀ ਦਾ ਰੀਚਾਰਜ ਨਾ ਹੋਣਾ ਅਤੇ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪਸਾਰ ਮਾਹਿਰਾਂ ਦੀਆਂ ਕੋਸ਼ਿਸ਼ਾਂ ਅਤੇ ਕਿਸਾਨਾਂ ਦੇ ਸਹਿਯੋਗ ਸਦਕਾ ਇਨ੍ਹਾਂ ਜ਼ਿਲ੍ਹਿਆਂ ਵਿੱਚ ਪੂਸਾ 44 ਤੇ ਪੀਲੀ ਪੂਸਾ ਆਦਿ ਦੀ ਕਾਸ਼ਤ ਹੇਠਲੇ ਰਕਬੇ ਵਿੱਚ 30 ਤੋਂ 40 ਫ਼ੀਸਦੀ ਦੀ ਕਮੀ ਆਈ ਹੈ ਪਰ ਪਾਣੀ ਅਤੇ ਪਰਾਲੀ ਦੇ ਸੰਕਟ ਨੂੰ ਸਮਝਦੇ ਹੋਏ ਪੂਸਾ 44, ਪੀਲੀ ਪੂਸਾ ਆਦਿ ਨੂੰ ਤਿਲਾਂਜਲੀ ਦੇਣਾ ਸਮੇਂ ਦੀ ਜ਼ਰੂਰਤ ਹੈ।
ਇੱਕ ਹੋਰ ਅਹਿਮ ਮਸਲਾ ਝੋਨੇ ਦੀ ਫ਼ਸਲ ਵਿੱਚ ਰਲੇ/ਮਿਸ਼ਰਨ ਦਾ ਹੈ। ਕਿਸਾਨ ਸੁੱਕੇ ਖੇਤ ਨੂੰ ਵਾਹ ਕੇ ਬੀਜ ਦਾ ਛਿੱਟਾ ਦੇ ਰਹੇ ਹਨ ਜਿਸ ਨਾਲ ਪਿਛਲੇ ਸਾਲ ਦਾ ਕਿਰਿਆ ਬੀਜ ਵੀ ਜੰਮ੍ਹ ਪੈਂਦਾ ਹੈ ਜੋ ਕਿ ਰਲੇਵੇਂ ਦਾ ਕਾਰਨ ਬਣਦਾ ਹੈ। ਇਸ ਸਬੰਧ ਵਿੱਚ ਕਿਸਾਨਾਂ ਨੂੰ ਬੇਨਤੀ ਹੈ ਕਿ ਪਨੀਰੀ ਵਾਲਾ ਪਲਾਟ ਜਾਂ ਤਾਂ ਸੰਨਵਾਂ ਹੋਵੇ, ਨਹੀਂ ਉਸ ਨੂੰ ਰੌਣੀ ਕਰਕੇ ਕਿਰੇ ਬੀਜ ਨੂੰ ਉਗਾ ਕੇ ਖ਼ਤਮ ਕਰਨ ਉਪਰੰਤ ਹੀ ਪਨੀਰੀ ਬੀਜੀ ਜਾਵੇ।

*ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।
ਸੰਪਰਕ: 98145-16464


Comments Off on ਪੰਜਾਬ ਵਿੱਚ ਝੋਨੇ ਦੀ ਕਾਸ਼ਤ ਦੇ ਮੁੱਦੇ ਅਤੇ ਸੁਝਾਅ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.