ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    ਨੌਜਵਾਨ ਸੋਚ:ਵਿਦਿਆਰਥੀ ਸਿਆਸਤ ਦਾ ਉਭਾਰ !    ਸਭ ਦੇ ਸਿਰ ਚੜ੍ਹ ਬੋਲ ਰਹੀ ਟਿੱਕ ਟੌਕ ਦੀ ਦੀਵਾਨਗੀ !    ਖੇਲੋ ਇੰਡੀਆ: ਉਤਕਰਸ਼ ਤੇ ਪ੍ਰਿਯੰਕਾ ਨੂੰ ਸੋਨ ਤਗ਼ਮੇ !    ਰਾਫੇਲ ਨਡਾਲ ਦੀ ਟੈਨਿਸ ਟੂਰਨਾਮੈਂਟ ’ਚ ਵਾਪਸੀ !    ਕੇਰਲ ਹਾਈ ਕੋਰਟ ਨੇ ਕਾਲਜਾਂ ਤੇ ਸਕੂਲਾਂ ਵਿੱਚ ਪ੍ਰਦਰਸ਼ਨ ਕਰਨ ’ਤੇ ਰੋਕ ਲਗਾਈ !    ਨਵੀਨ ਪਟਨਾਇਕ ਬੀਜੇਡੀ ਦੇ ਅੱਠਵੀਂ ਵਾਰ ਪ੍ਰਧਾਨ ਬਣੇ !    ਕੈਨੇਡਾ ਨੇ ਚੀਨ ਦੇ ਸ਼ਹਿਰਾਂ ਨੂੰ ਹਵਾਈ ਸੇਵਾ ਸ਼ੁਰੂ ਨਾ ਕੀਤੀ !    ਸੰਵਿਧਾਨ ਬਚਾਓ ਮੰਚ ਵੱਲੋਂ ਦਿੱਲੀ ਵਿਚ ਫੈਲਾਈ ਜਾ ਰਹੀ ਹਿੰਸਾ ਦੀ ਨਿਖੇਧੀ !    ਢੀਂਡਸਾ ਦੀ ਟਕਸਾਲੀਆਂ ਨਾਲ ਨਹੀਂ ਗਲਣੀ ਸਿਆਸੀ ਦਾਲ !    

ਪੰਜਾਬ ਦੇ ਸੰਕਟਾਂ ਦੀ ਪੇਸ਼ਕਾਰੀ

Posted On June - 23 - 2019

ਡਾ. ਨਵਿੰਦਰ ਸਿੰਘ ਪੰਧੇਰ

ਯਾਦਵਿੰਦਰ ਸੰਧੂ ਦਾ ਨਾਵਲ ‘ਵਕਤ ਬੀਤਿਆ ਨਹੀਂ’ ਸਮਾਜ ਵਿਚਲੀਆਂ ਸੁਖਾਂਤਕ ਤੇ ਦੁਖਾਂਤਕ ਪ੍ਰਸਥਿਤੀਆਂ ਨੂੰ ਪੇਸ਼ ਕਰਦਾ ਹੋਇਆ ਪੰਜਾਬ ਦੇ ਪੇਂਡੂ ਜੀਵਨ ਦੇ ਸੰਦਰਭ ਵਿਚ ਬਿਰਤਾਂਤ ਉਸਾਰਦਾ ਹੈ। ਇਹ ਬਿਰਤਾਂਤ ਜਵਾਨ ਹੋ ਰਹੀ ਪੀੜ੍ਹੀ ਦੀਆਂ ਸੂਖ਼ਮ ਪਰਤਾਂ ਫਰੋਲਦਿਆਂ ਮੌਜੂਦਾ ਸਮਾਜਿਕ, ਆਰਥਿਕ ਤੇ ਰਾਜਨੀਤਿਕ ਸੰਕਟਾਂ ਦੀਆਂ ਗੁੰਝਲਾਂ ਨੂੰ ਦ੍ਰਿਸ਼ਟਮਾਨ ਕਰਦਾ ਹੈ। ਇਨ੍ਹਾਂ ਗੁੰਝਲਾਂ ਨੂੰ ਮਾਨਸਿਕ ਪ੍ਰਵਿਰਤੀਆਂ ਦੇ ਸੰਦਰਭ ਵਿਚ ਪਾਤਰਾਂ ਦੇ ਵਿਹਾਰਕ ਜੀਵਨ ਬਿਰਤਾਂਤ ਤੇ ਸੰਵਾਦ ਦੁਆਰਾ ਪ੍ਰਗਟਾਇਆ ਗਿਆ ਹੈ। ਹਰਿਭਜਨ ਸਿੰਘ ਅਨੁਸਾਰ, ‘ਨਾਵਲ ਵਿਚ ਚਰਿਤ੍ਰ ਸਕ੍ਰਿਅ ਹੋ ਕੇ ਦੁੱਖ-ਸੁੱਖ ਦਾ ਗੁੰਝਲਦਾਰ ਤਾਣਾ-ਪੇਟਾ ਸਿਰਜਦਾ ਹੈ। ਇਸ ਪ੍ਰਕਾਰ ਨਾਵਲ ਦਾ ਪ੍ਰਮੁਖ ਸੰਗਠਨ ਤੰਤੂ ਹੀ ਦੁਖ-ਸੁਖਾਤਮਕ ਤਨਾਉ ਹੈ।’ ਹਥਲੇ ਨਾਵਲ ਦਾ ਬਿਰਤਾਂਤ ਇਸ ਧਾਰਨਾ ਦਾ ਅਨੁਸਾਰੀ ਹੈ।
ਨਾਵਲ ਦਾ ਨਾਇਕ ਜਸ ਪੜ੍ਹਾਈ ਵਿਚ ਹੁਸ਼ਿਆਰ ਤੇ ਇਕ ਸੰਜੀਦਾ ਨੌਜਵਾਨ ਹੈ। ਪਿੰਡ ਤੋਂ ਸ਼ਹਿਰ ਜਾ ਕੇ ਕਾਲਜ ਵਿਚ ਦਾਖਲ ਹੁੰਦਾ ਹੈ ਤਾਂ ਨਵਜੋਤ ਨਾਂ ਦੀ ਕੁੜੀ ਨਾਲ ਪਿਆਰ ਦੀ ਸਾਂਝ ਪਾ ਲੈਂਦਾ ਹੈ। ਜਸ ਤੇ ਨਵਜੋਤ ਦੀਆਂ ਨਿੱਜੀ, ਘਰੇਲੂ ਤੇ ਬਾਹਰੀ ਸਮੱਸਿਆਵਾਂ ਦੁਆਲੇ ਚੱਲਦਾ ਬਿਰਤਾਂਤ ਨੌਜਵਾਨ ਪੀੜ੍ਹੀ ਦੀ ਚੇਤਨਤਾ ਨੂੰ ਬਿਆਨਦਾ ਹੈ। ਨਾਵਲ ਦਾ ਦੂਜਾ ਨਾਇਕ ਚਰਨ ਹੈ ਜਿਸ ਦਾ ਗਗਨ ਨਾਂ ਦੀ ਕੁੜੀ ਨਾਲ ਪਿਆਰ ਹੈ। ਚਰਨ ਦੇ ਉੱਚ ਜਾਤੀ ਦੀ ਕੁੜੀ ਨਾਲ ਪਿਆਰ ਹੋਣ ਕਾਰਨ ਲੋਕਮਨ ਵਿਚ ਪ੍ਰਚੱਲਿਤ ਜਾਤੀਗਤ ਧਾਰਨਾਵਾਂ ਆਪਮੁਹਾਰੇ ਪ੍ਰਗਟ ਹੋਈਆਂ ਹਨ ਜਿਹੜੀਆਂ ਸਮਾਜ ਦਾ ਜ਼ਾਲਮ ਤੇ ਨਾਂਹਮੁਖੀ ਬਿੰਬ ਦਿਖਾਉਂਦੀਆਂ ਹਨ। ਨੌਜਵਾਨ ਪੀੜ੍ਹੀ ਦੇ ਪਿਆਰ ਨਾਲ ਜੁੜੀਆਂ ਘਟਨਾਵਾਂ ਦੇ ਸਮਾਨਾਂਤਰ ਪੰਜਾਬ ਦੇ ਅਜਿਹੇ ਸੰਕਟਾਂ ਨੂੰ ਵੀ ਅਰਥਪੂਰਨ ਢੰਗ ਨਾਲ ਪੇਸ਼ ਕੀਤਾ ਹੈ ਜਿਹੜੇ ਵਿਅਕਤੀ ਨੂੰ ਨਿਘਾਰ ਤੇ ਤਰਸਯੋਗ ਹਾਲਤਾਂ ਵੱਲ ਧੱਕਦੇ ਹਨ। ਇਸ ਨਾਵਲ ਦਾ ਸਮੁੱਚਾ ਬਿਰਤਾਂਤ ਪਿਆਰ ਦੇ ਸਫ਼ਲ ਜਾਂ ਅਸਫ਼ਲ ਹੋਣ ਤੋਂ ਅੱਗੇ ਦੀ ਗੱਲ ਤੋਰਦਾ ਹੈ। ਯਾਦਵਿੰਦਰ ਸੰਧੂ ਦਾ ਚਿੰਤਨ ਵਰਤਮਾਨ ਚਿੰਤਾਵਾਂ ਦੀ ਉਪਜ ਹੈ ਤੇ ਉਸ ਦੀ ਟੈਕਸਟ ਵਿਚ ਸਮਾਜ ਦੀਆਂ ਰਵਾਇਤੀ ਨਿਖੇਧਾਤਮਿਕ ਦ੍ਰਿਸ਼ਟੀਆਂ ਨੂੰ ਬਦਲਣ ਦੀ ਸਮਰੱਥਾ ਹੈ। ਇਸ ਨਾਵਲ ਵਿਚ ਜਿੱਥੇ ਵਿਦਿਆਰਥੀਆਂ ਦੇ ਝੁੰਡ ਹਨ ਉੱਥੇ ਸੰਵੇਦਨਸ਼ੀਲ ਵਿਦਿਆਰਥੀ ਵੀ ਹਨ ਜਿਹੜੇ ਸਮਾਜ ਵਿਚਲੀ ਨਾਂਹਮੁਖੀ ਵਿਚਾਰਧਾਰਾ ਨੂੰ ਸਮਝਣ ਤੇ ਬਦਲਣ ਲਈ ਦ੍ਰਿੜ੍ਹ ਹਨ। ਅਸਲ ਵਿਚ ਜਟਿਲ ਸਮਾਜਿਕ ਵਰਤਾਰੇ ਦੇ ਸਨਮੁੱਖ ਹਥਲਾ ਨਾਵਲ ਨੌਜਵਾਨੀ ਦੇ ਆਪਣੀ ਜਿੱਤ/ਹਾਰ ਲਈ ਕੀਤੇ ਸੰਘਰਸ਼ਾਂ ਨੂੰ ਉਭਾਰਦਾ ਹੈ।
ਇਸ ਨਾਵਲ ਦੇ ਪਾਤਰਾਂ ਉੱਪਰ ਸਮਾਜ ਦੁਆਰਾ ਭੌਤਿਕ, ਆਰਥਿਕ ਤੇ ਮਾਨਸਿਕ ਭਾਵ ਵੱਖ-ਵੱਖ ਦਬਾਅ ਬਣਾਏ ਜਾਂਦੇ ਹਨ। ਇਸ ਢਾਹੂ ਵਰਤਾਰੇ ਕਾਰਨ ਉਹ ਨਿਰੰਤਰ ਹਾਸ਼ੀਏ ਵੱਲ ਧੱਕ ਦਿੱਤੇ ਜਾਂਦੇ ਹਨ। ਭੋਲਾ ਸਿੰਘ ਦੀ ਆਤਮਹੱਤਿਆ ਵਰਗੀ ਅਣਕਿਆਸੀ ਮੌਤ, ਚਰਨ ਤੇ ਗਗਨ ਦਾ ਕਤਲ, ਨੌਜਵਾਨ ਲੜਕੀ ਨਵਜੋਤ ਨਾਲ ਜਬਰ ਜਨਾਹ ਵਰਗੀਆਂ ਦਰਦਨਾਕ ਤੇ ਨਿੰਦਣਯੋਗ ਘਟਨਾਵਾਂ ਦਾ ਬਿਰਤਾਂਤ ਨਾਵਲ ਨੂੰ ਉੱਤਰ-ਆਧੁਨਿਕਤਾ ਨਾਲ ਜੋੜਦਾ ਹੈ। ਨਾਵਲਕਾਰ ਨੇ ਹਾਸ਼ੀਏ ਉੱਪਰ ਧੱਕੀ ਜਬਰ ਜਨਾਹ ਦੀ ਸ਼ਿਕਾਰ ਲੜਕੀ ਲਈ ਜਿਊਣਯੋਗ ਵਿਕਲਪ ਰੱਖਿਆ ਹੈ ਜਿਹੜਾ ਨਾਰੀ ਸਰੋਕਾਰਾਂ ਨੂੰ ਕੇਂਦਰ ਵਿਚ ਲਿਆਉਂਦਾ ਹੈ। ਇਉਂ ਯਾਦਵਿੰਦਰ ਸੰਧੂ ਉੱਤਰ-ਆਧੁਨਿਕ ਦੌਰ ਦੀਆਂ ਸਮੱਸਿਆਵਾਂ ਸਾਹਮਣੇ ਆਪਣਾ ਬਿਰਤਾਂਤ ਖੜ੍ਹਾ ਕਰਦਾ ਹੈ।
ਪੰਜਾਬ ਦੇ ਸੱਭਿਆਚਾਰ ਤੇ ਮਲਵਈ ਬੋਲੀ ਦੇ ਸੰਦਰਭ ਵਿਚ ਇਹ ਨਾਵਲ ਪੰਜਾਬੀ ਲੋਕ ਸਮੂਹ ਦੀਆਂ ਇੱਛਾਵਾਂ, ਮੁੱਲਾਂ ਤੇ ਦ੍ਰਿਸ਼ਟੀਆਂ ਦੀ ਤਰਜਮਾਨੀ ਕਰਦਾ ਹੈ। ਪੰਜਾਬ ਦੇ ਘਰਾਂ ਵਿਚ ਸਿੱਖ ਗੁਰੂ ਸਾਹਿਬਾਨ ਦੀਆਂ ਫ਼ੋਟੋਆਂ ਦੇ ਨਾਲ-ਨਾਲ ਭਗਤ ਸਿੰਘ ਦੀ ਫ਼ੋਟੋ ਲੱਗੀ ਹੋਣਾ ਪੰਜਾਬੀਆਂ ਦੀ ਕੇਂਦਰੀ ਸੁਰ ਦਾ ਪ੍ਰਤੀਕ ਸਿਰਜਦਾ ਹੈ। ਜਦੋਂ ਜਸ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਤਾਂ ਜਸ ਤੇ ਉਸ ਦੀ ਮਾਂ ਘਰ ਇਕੱਲੇ ਰਹਿ ਜਾਂਦੇ ਹਨ। ਫਿਰ ਜਸ ਦਾ ਦੋਸਤ ਚਰਨ ਤੇ ਕਾਮਾ ਸੀਰਾ ਇਕੱਠੇ ਹੋ ਕੇ ਜ਼ਮੀਨ ਵਾਹੁੰਦੇ ਹਨ ਤੇ ਕਰਜ਼ਾ ਲਾਹੁਣ ਵਿਚ ਸਫ਼ਲ ਹੋ ਜਾਂਦੇ ਹਨ ਜਿਸ ਦੁਆਰਾ ਪੰਜਾਬੀਆਂ ਦੀ ਭਾਈਚਾਰਕ ਸਾਂਝ ਪ੍ਰਗਟ ਹੁੰਦੀ ਹੈ। ਬਿਜਾਈ ਸ਼ੁਰੂ ਕਰਨ ਤੋਂ ਪਹਿਲਾਂ ਗੁਰਦੁਆਰੇ ਅਰਦਾਸ ਕਰਵਾਉਣੀ, ਕੁੜੀ ਲਈ ਦਾਜ ਉੱਪਰ ਹੈਸੀਅਤ ਤੋਂ ਵੱਧ ਖਰਚ ਕਰਨਾ, ਕੁੜੀ ਦੇ ਮੁੰਡਾ ਹੋਣ ’ਤੇ ਪੰਜੀਰੀ ਭੇਜਣ ਲਈ ਮਾਪਿਆਂ ਕੋਲ ਪੈਸੇ ਦੀ ਤੋਟ, ਕੁੜੀਆਂ ਜੰਮਣ ਨੂੰ ਪੱਥਰ ਕਹਿਣਾ ਵਰਗੀਆਂ ਅਨੇਕਾਂ ਮਿਸਾਲਾਂ ਦੁਆਰਾ ਪੰਜਾਬੀ ਸੱਭਿਆਚਾਰ ਦੀਆਂ ਚੰਗੀਆਂ-ਮੰਦੀਆਂ ਰਸਮਾਂ ਸੰਵੇਦਨਸ਼ੀਲ ਵਿਅਕਤੀ ਨੂੰ ਪੁਨਰ-ਚਿੰਤਨ ਕਰਨ ਲਈ ਪ੍ਰੇਰਦੀਆਂ ਹਨ। ਵਾਰ-ਵਾਰ ਲੜਕੀ ਦੇ ਜੰਮਣ ਦਾ ਦੋਸ਼ੀ ਔਰਤ ਨੂੰ ਠਹਿਰਾਉਣ ਦੀ ਲੋਕ ਮਿੱਥ ਪੰਜਾਬੀ ਲੋਕਮਨ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਦੀ ਘਾਟ ਦਾ ਸੂਚਕ ਬਣਦੀ ਹੈ। ਡੇਰਿਆਂ ਤੇ ਲੋਕ ਧਰਮਾਂ ਦੀ ਪੰਜਾਬੀ ਸੱਭਿਆਚਾਰ ਵਿਚ ਵਿਲੱਖਣਤਾ ਨਾਲ ਜੁੜੇ ਆਧਾਰਾਂ ਤੇ ਉਸਾਰਾਂ ਨੂੰ ਪੇਸ਼ ਕਰਨ ਦੇ ਨਾਲ-ਨਾਲ ਸਾਧਾਂ ਦੁਆਰਾ ਨਾਰੀ ਸ਼ੋਸ਼ਣ ਦੇ ਪਹਿਲੂਆਂ ਨੂੰ ਵੀ ਪੇਸ਼ ਕੀਤਾ ਗਿਆ ਹੈ। ਜਵਾਨੀ ਦੀਆਂ ਲੋੜਾਂ ਪੂਰਨ ਲਈ ਨੌਜਵਾਨ ਪੀੜ੍ਹੀ ਦੇ ਡੇਰਿਆਂ ਵੱਲ ਵਧਦੇ ਝੁਕਾਅ ਨੂੰ ਨਾਵਲੀ ਬਿਰਤਾਂਤ ਵਿਚ ਵੇਖਿਆ ਜਾ ਸਕਦਾ ਹੈ।
ਨਾਵਲ ਦਾ ਬਿਰਤਾਂਤ ਕਿਸਾਨੀ ਤੇ ਇਸ ਨਾਲ ਜੁੜੇ ਸੰਕਟਾਂ ਦੀ ਨਿਸ਼ਾਨਦੇਹੀ ਕਰਦਾ ਹੈ। ਕਿਸਾਨੀ ਦਾ ਨਰਮੇ ਤੋਂ ਝੋਨੇ ਵੱਲ ਮੁੜਨਾ, ਘੱਟ ਜ਼ਮੀਨ ਹੋਣਾ, ਮਿੱਟੀ ਦਾ ਜ਼ਰਖ਼ੇਜ਼ ਨਾ ਹੋਣਾ, ਕੁਦਰਤੀ ਆਫ਼ਤਾਂ ਤੇ ਸਿਆਸੀ ਪ੍ਰਣਾਲੀ ਕਾਰਨ ਫ਼ਸਲਾਂ ਦਾ ਤਬਾਹ ਹੋਣਾ, ਵਪਾਰੀ ਤੋਂ ਲਏ ਕਰਜ਼ੇ ਦਾ ਨਿਰੰਤਰ ਵਧਣਾ, ਹੌਲੀ-ਹੌਲੀ ਜ਼ਮੀਨਾਂ ਦਾ ਵਿਕਣਾ, ਕਿਸਾਨ ਪਰਿਵਾਰਾਂ ਵਿਚ ਸਰੀਰਕ ਰੋਗਾਂ ਦਾ ਵਧਣਾ ਆਦਿ ਸਮੱਸਿਆਵਾਂ ਕਿਸਾਨੀ ਸੰਕਟ ਦੀ ਦਸ਼ਾ ਤੇ ਦਿਸ਼ਾ ਨੂੰ ਬਿਆਨ ਕਰਦੀਆਂ ਹਨ। ਨਾਇਕ ਦੇ ਪਿਤਾ ਭੋਲਾ ਸਿੰਘ ਨੂੰ ਜਦੋਂ ਫ਼ਸਲ ਦੇ ਮਰ ਜਾਣ ਦਾ ਪਤਾ ਲੱਗਦਾ ਹੈ ਤਾਂ ਉਹ ਇਸ ਦੁੱਖ ਨੂੰ ਨਾ ਸਹਾਰਦਿਆਂ ਸੰਸਾਰ ਛੱਡ ਜਾਂਦਾ ਹੈ। ਭੋਲਾ ਸਿੰਘ ਨਾਲ ਜੁੜਿਆ ਇਹ ਬਿਰਤਾਂਤ ਅਣਿਆਈ ਮੌਤ ਤੇ ਆਤਮਹੱਤਿਆ ਨੂੰ ਬਰਾਬਰ ਕਰ ਦਿੰਦਾ ਹੈ। ਫ਼ਸਲ ਮਰ ਜਾਣ ’ਤੇ ਯਾਦਵਿੰਦਰ ਸੰਧੂ ਟਿੱਪਣੀ ਕਰਦਾ ਹੈ, ‘ਗੱਭਰੂ ਪੁੱਤ ਮਰਨ ਤੇ ਫ਼ਸਲ ਮਰਨ ਦਾ ਦੁੱਖ, ਜੱਟ ਨੂੰ ਇੱਕੋ ਜਿਹਾ ਹੁੰਦਾ ਹੈ।’ ਕਿਸਾਨੀ ਸੰਕਟ ਕਾਰਨ ਖੇਤੀ ’ਤੇ ਆਧਾਰਿਤ ਕਿੱਤਿਆਂ ਨੂੰ ਵੀ ਢਾਹ ਲੱਗੀ ਜਿਸ ਕਾਰਨ ਕਾਰੀਗਰ ਤੇ ਕਾਮੇ ਵਿਹਲੇ ਹੋਏ।

ਡਾ. ਨਵਿੰਦਰ ਸਿੰਘ ਪੰਧੇਰ

ਖੇਤਰੀ ਆਰਥਿਕਤਾ ਨੂੰ ਢਾਹ ਲਾਉਣ ਲਈ ਪੂੰਜੀਵਾਦ ਨਿਰੰਤਰ ਨਵੀਆਂ ਵਿਉਂਤਾਂ ਘੜਦਾ ਹੈ। ਨਾਵਲ ਅਧੀਨ ਪਿੰਡ ਵਿਚ ਦੇਹ ਵਪਾਰ ਦੇ ਪਸਾਰ ਨੂੰ ਇਸ ਪ੍ਰਸੰਗ ਵਿਚ ਵਿਚਾਰਿਆ ਜਾ ਸਕਦਾ ਹੈ। ਪੂੰਜੀਵਾਦੀ ਪ੍ਰਬੰਧ ਨੂੰ ਨਾਵਲਕਾਰ ਨੇ ‘ਸ਼ਹਿਰੀ ਹਵਾ’ ਚਿਹਨ ਨਾਲ ਵੀ ਅੰਕਿਤ ਕੀਤਾ ਹੈ। ਜਿਵੇਂ ਜਿਵੇਂ ਕਿਸਾਨ ਕਰਜ਼ੇ ਹੇਠ ਦਬਦਾ ਜਾਂਦਾ ਹੈ ਤਾਂ ਕਰਜ਼ਾ ਦੇਣ ਵਾਲੇ ਸਧਾਰਨ ਵਪਾਰੀ ਨਵੇਂ/ਹੋਰ ਉਦਯੋਗ ਲਾਉਣ ਵਿਚ ਸਫ਼ਲ ਹੋ ਜਾਂਦੇ ਹਨ ਤੇ ਪੂੰਜੀਵਾਦ ਵੱਖ-ਵੱਖ ਢੰਗਾਂ ਨਾਲ ਗਤੀਸ਼ੀਲ ਤੇ ਵਿਕਸਤ ਹੁੰਦਾ ਰਹਿੰਦਾ ਹੈ। ਨਾਵਲ ਦੇ ਬਿਰਤਾਂਤ ਅਧੀਨ ਯਾਦਵਿੰਦਰ ਸੰਧੂ ਕਿਸਾਨੀ ਦੇ ਨਿਘਾਰ ਤੇ ਪੂੰਜੀਵਾਦ ਦੇ ਨਿਰੰਤਰ ਵਿਕਾਸ ਦੇ ਅੰਤਰ-ਸੰਬੰਧਾਂ ਨੂੰ ਉਜਾਗਰ ਕਰਦਾ ਹੈ।
ਨਾਵਲਕਾਰ ਨੇ ਨਸ਼ੇ ਦੀਆਂ ਅਲਾਮਤਾਂ ਨਾਲ ਵਿਅਕਤੀ ਦੀਆਂ ਨਿਘਰਦੀਆਂ ਪਰਿਵਾਰਕ, ਮਾਨਸਿਕ, ਆਰਥਿਕ ਤੇ ਸਮਾਜਿਕ ਸਥਿਤੀਆਂ ਨੂੰ ਸੂਖਮਤਾ ਨਾਲ਼ ਪ੍ਰਗਟਾਇਆ ਹੈ। ਸਮਾਜਿਕ ਤਣਾਅ ਤੇ ਦਬਾਅ ਦਾ ਵਧਣਾ ਤੇ ਮਾਨਸਿਕ ਸ਼ਕਤੀ ਦਾ ਘਟਣਾ ਨਸ਼ੇ ਨੂੰ ਉਤਸ਼ਾਹਿਤ ਕਰਦਾ ਹੈ ਜਿਸ ਦੀ ਮਿਸਾਲ ਕੰਤੂ ਅਮਲੀ ਦੇ ਜੀਵਨ ਵਿਚੋਂ ਮਿਲਦੀ ਹੈ। ਪਿੰਡ ਦਾ ਹੀ ਕਿਸਾਨ ਜਿਊਣਾ ਨਸ਼ੇ ਦੀ ਅਲਾਮਤ ਕਾਰਨ ਪੁਰਖਿਆਂ ਦੀ ਮਿਹਨਤ ਨਾਲ ਬਣਾਈ ਜ਼ਮੀਨ ਨੂੰ ਵੇਚਣ ਲੱਗ ਜਾਂਦਾ ਹੈ। ਕਾਲਜ ਵਿਚ ਪੜ੍ਹਦਾ ਨੌਜਵਾਨ ਵਿਦਿਆਰਥੀ ਵੱਧ ਨਸ਼ੇ ਨਾਲ ਜਾਨ ਗੁਆ ਬੈਠਦਾ ਹੈ। ਇਸੇ ਤਰ੍ਹਾਂ ਨਸ਼ੇ ਦੇ ਵਪਾਰ ਨਾਲ ਜੁੜਿਆ ਨਾਵਲ ਦਾ ਖਲਨਾਇਕ ਜੱਗੀ ਸਮਾਜ ਵਿਚ ਅਮਾਨਵੀ ਪਰਿਸਥਿਤੀਆਂ ਦਾ ਵਾਹਕ ਸਿੱਧ ਹੁੰਦਾ ਹੈ। ਭਾਰਤ ਦੀ ਵਿਚਾਰਧਾਰਾਈ ਸਿਆਸਤ, ਸਰਕਾਰੀ ਤੰਤਰ ਤੇ ਪੂੰਜੀਵਾਦੀ ਪ੍ਰਬੰਧ ਦਾ ਆਪਸੀ ਗਠਜੋੜ ਸਮਾਜ ਵਿਚ ਵਿਅਕਤੀ ਨੂੰ ਜਿਊਣਯੋਗ ਮਾਹੌਲ ਪ੍ਰਦਾਨ ਕਰਨ ਦੀ ਬਜਾਏ ਉਸ ਲਈ ਨਿੰਦਣਯੋਗ ਤੇ ਤਰਸਯੋਗ ਹਾਲਾਤ ਪੈਦਾ ਕਰਦਾ ਹੈ। ਨਾਵਲਕਾਰ ਨੇ ਪਿੰਡਾਂ ਦੀ ਭਾਈਚਾਰਕ ਸਾਂਝ ਤੇ ਮਾਨਵੀ-ਮੁੱਲਾਂ ਉੱਪਰ ਕੀਤੇ ਜਾ ਰਹੇ ਸਿਆਸੀ-ਆਰਥਿਕਤਾ ਦੇ ਹਮਲੇ ਦੀਆਂ ਡੂੰਘੀਆਂ ਤਹਿਆਂ ਨੂੰ ਪਛਾਣਿਆ ਹੈ। ਇਸ ਹਮਲੇ ਦੀ ਇਕ ਮਿਸਾਲ ਭੋਲਾ ਸਿੰਘ ਦੀ ਮੌਤ ਉਪਰੰਤ ਪਿੰਡ ਵਾਸੀਆਂ ਵੱਲੋਂ ਸਰਕਾਰ ਵਿਰੁੱਧ ਮੋਰਚਾ ਨਾ ਲਾ ਸਕਣ ਦੀ ਘਟਨਾ ਵੀ ਹੈ ਜਿਹੜੀ ਪੰਜਾਬ ਵਿਚ ਲੋਕ ਸੰਘਰਸ਼ਾਂ ਦੇ ਉਭਰਨ ਤੋਂ ਲੈ ਕੇ ਸ਼ਕਤੀਹੀਣ ਹੋਣ ਦੀ ਸੂਚਕ ਬਣਦੀ ਹੈ।
ਨਾਰੀਵਾਦ ਦੇ ਸੰਦਰਭ ਵਿਚ ਡਾ. ਗੁਰਭਗਤ ਸਿੰਘ ਲਿਖਦੇ ਹਨ, ‘ਨਾਰੀਵਾਦੀ ਪਰਿਪੇਖ ਨੇ ਇਹ ਯੋਗਦਾਨ ਪਾਇਆ ਹੈ ਕਿ ਕਾਵਿ-ਸ਼ਾਸਤਰ ਜਾਂ ਸਾਹਿਤ ਦੇ ਨਿਯਮ ਸਮੱਗਰਵਾਦੀ ਨਹੀਂ ਹੋ ਸਕਦੇ। ਜਿੱਥੇ ਲਿਖਤ ਨਾਰੀ-ਅੰਤਰ ਨਾਲ ਸਿਰਜੀ ਗਈ ਹੈ, ਉੱਥੇ ਉਸ ਨੂੰ ਪੜ੍ਹਨ ਲਈ ਮਾਪਦੰਡ ਵੀ ਬਦਲਣਗੇ। ਇਉਂ ਹੀ ਰਾਜਨੀਤਿਕ ਅਤੇ ਸਮਾਜਿਕ ਸੰਗਠਨ ਜੋ ਕੇਵਲ ਪੁਰਸ਼ ਦੇ ਅਨੁਭਵ ਅਨੁਸਾਰ ਸਾਜੇ ਗਏ ਹਨ, ਉਨ੍ਹਾਂ ਨੂੰ ਵੀ ਬਦਲਣ ਦੀ ਲੋੜ ਹੈ।’ ਯਾਦਵਿੰਦਰ ਸੰਧੂ ਨੇ ਨਾਰੀਵਾਦ ਦੇ ਉੱਤਰ-ਆਧੁਨਿਕ ਪ੍ਰਵਚਨ ਅਧੀਨ ਨਾਰੀ ਦੇ ਸੰਦਰਭ ’ਚ ਸਮਾਜ ਸਾਹਮਣੇ ਵਿਲੱਖਣ ਵਿਕਲਪ ਰੱਖੇ ਹਨ ਜਿਹੜੇ ਔਰਤ ਦੀ ਮਾਨਸਿਕ ਤੇ ਪਿੱਤਰੀ ਗ਼ੁਲਾਮੀ ਨੂੰ ਤੋੜਦੇ ਹਨ। ਨਾਰੀ ਨੂੰ ਹਾਸ਼ੀਏ ’ਤੇ ਧੱਕਣ ਲਈ ਇਕ ਵਿਸ਼ੇਸ਼ ਤਰ੍ਹਾਂ ਦੀ ਵਿਚਾਰਧਾਰਾ ਤੇ ਭਾਸ਼ਾਈ ਚਿੰਨ੍ਹ ਤਿਆਰ ਕੀਤੇ ਜਾਂਦੇ ਹਨ। ਇਸ ਨਾਵਲ ਦੀ ਪਾਤਰ ਗਗਨ ਜਦੋਂ ਆਪਣੇ ਪ੍ਰੇਮੀ ਚਰਨ ਨਾਲ ਘਰੋਂ ਭੱਜਦੀ ਹੈ ਤਾਂ ਪਰਿਵਾਰ ਵਾਲੇ ਉਸ ਨੂੰ ‘ਕੁੱਤੀ’ ਸ਼ਬਦ (ਗਾਲ਼) ਨਾਲ ਸੰਬੋਧਨ ਕਰਦੇ ਹਨ ਜਿਹੜਾ ਔਰਤ ਨੂੰ ਦੂਜੇ ਲਿੰਗ ਵਜੋਂ ਅੰਕਿਤ ਕਰਦਾ ਹੈ। ਨਾਵਲ ਦੀ ਪਾਤਰ ਜੰਗੀਰ ਕੌਰ ਆਪਣੇ ਪਤੀ ਦੇ ਕਤਲ ਬਾਅਦ ਜੀਵਨ ਨੂੰ ਸਿਦਕ ਤੇ ਸਿਰੜ ਨਾਲ ਵਿਉਂਤਦੀ ਹੈ। ਜੰਗੀਰ ਕੌਰ ਆਪਣੀ ਨੂੰਹ ਤੇਜ ਕੌਰ ਨੂੰ ਧੀ ਵਰਗਾ ਪਿਆਰ ਦਿੰਦੀ ਹੈ ਤੇ ਉਸ ਉੱਪਰ ਹੁੰਦੇ ਮਾਨਸਿਕ ਜ਼ੁਲਮਾਂ ਨੂੰ ਰੋਕਣ ਲਈ ਢਾਲ ਬਣਦੀ ਹੈ। ਇਸੇ ਤਰ੍ਹਾਂ ਨਾਵਲ ਦੇ ਨਾਇਕ ਜਸ ਦੀ ਮਾਂ ਤੇਜ ਕੌਰ ਜਬਰ ਜਨਾਹ ਦੀ ਸ਼ਿਕਾਰ ਲੜਕੀ ਨੂੰ ਨੂੰਹ ਬਣਾਉਣ ਦੀ ਤਜਵੀਜ਼ ਲੜਕੀ ਦੇ ਪਿਤਾ ਅੱਗੇ ਰੱਖਦੀ ਹੈ। ਇਹ ਬਿਰਤਾਂਤ ਔਰਤ ਬਾਰੇ ਬਣੀ ਸੋਚ ਨੂੰ ਢਾਹ ਲਾਉਂਦੇ ਹਨ ਅਤੇ ਪੰਜਾਬੀ ਸੱਭਿਆਚਾਰ ਵਿਚ ਪ੍ਰਚਲਿਤ ਬੋਲੀ ‘ਮਾਪਿਆਂ ਨੇ ਰੱਖੀ ਲਾਡਲੀ, ਅੱਗੋਂ ਸੱਸ ਬਘਿਆੜੀ ਟੱਕਰੀ’ ਦਾ ਸੰਕਲਪ/ਚਿਹਨ ਵੀ ਤੋੜਦੇ ਹਨ। ਨਾਵਲ ਦੇ ਅਜਿਹੇ ਪ੍ਰਵਚਨਾਂ ਦੁਆਰਾ ਸੱਭਿਆਚਾਰ ਵਿਚਲੀ ਪਿੱਤਰੀ ਸੱਤਾ ਦੀ ਬੁਰਜੂਆ ਹਉਂ ਨੂੰ ਤੋੜਨ ਦਾ ਯਤਨ ਕੀਤਾ ਗਿਆ ਹੈ। ਨਿਰੰਤਰ ਬਦਲਦੇ ਹਾਲਾਤ ਅਧੀਨ ਔਰਤ ਬਾਰੇ ਨਵੀਆਂ/ਹਾਂ-ਮੁਖੀ ਧਾਰਨਾਵਾਂ ਲਈ ਨਾਵਲ ਵਿਚ ਉਸਾਰਿਆ ਪ੍ਰਵਚਨ ਯਾਦਵਿੰਦਰ ਨੂੰ ਨਾਰੀਵਾਦੀ ਨਾਵਲਕਾਰ ਵੀ ਬਣਾਉਂਦਾ ਹੈ।
ਯਾਦਵਿੰਦਰ ਨੇ ਨਾਵਲ ਦੇ ਬਿਰਤਾਂਤ ਅਧੀਨ ਪ੍ਰਕਿਰਤਕ ਵਰਤਾਰੇ ਦਾ ਕਲਾਤਮਿਕ ਦ੍ਰਿਸ਼ਟਾਂਤ ਬਿਆਨ ਕੀਤਾ ਹੈ। ਇੱਥੇ ਇਹ ਤੱਥ ਹੋਰ ਵੀ ਮਹੱਤਵਪੂਰਨ ਹੈ ਜਦੋਂ ਉਹ ਲਿਖਦਾ ਹੈ, ‘ਡੁੱਬਦਾ ਹੋਇਆ ਸੂਰਜ ਦਰੱਖਤਾਂ ਵਿਚਦੀ ਝਾਕ ਰਿਹਾ ਸੀ।’ ਇਸ ਤੋਂ ਬਾਅਦ ਨਾਵਲਕਾਰ ਜਿਊਣੇ ਦੇ ਨਿਘਾਰ ਨੂੰ ਉਲੀਕਦਾ ਹੈ। ਸਤਾਰਵੇਂ ਕਾਂਡ ਵਿਚ ਮੌਸਮ ਤਬਦੀਲੀ ਸੰਬੰਧੀ ਦ੍ਰਿਸ਼ ਉਭਾਰਦਾ ਹੈ, ‘ਖਾਲ ਵਿਚ ਵਗ ਰਹੇ ਪਾਣੀ ਵਿਚੋਂ ਭਾਫ਼ਾਂ ਉੱਠ ਰਹੀਆਂ ਸਨ। ਸਾਰੀ ਕਾਇਨਾਤ, ਬਨਸਪਤੀ ਨੇ ਧੁੰਦ ਦੀ ਚਿੱਟੀ ਚਾਦਰ ਦੀ ਬੁੱਕਲ ਮਾਰੀ ਹੋਈ ਸੀ।’ ਇਸ ਪ੍ਰਕਿਰਤੀ ਚਿਤਰਨ ਬਾਅਦ ਜਸ-ਨਵਜੋਤ ਦੇ ਮੇਲ ਤੇ ਸੰਵਾਦ ਨੂੰ ਪੇਸ਼ ਕੀਤਾ ਹੈ ਜਿਹੜਾ ਦੋਵਾਂ ਨੂੰ ਮਾਨਸਿਕ ਆਨੰਦ ਦਿੰਦਾ ਹੈ। ਇਸ ਬਿਰਤਾਂਤ ਦੇ ਕੇਂਦਰੀ ਮਨੋਰਥ ਅਧੀਨ ਕੁਦਰਤੀ ਵਰਤਾਰਿਆਂ ਬਾਰੇ ਕੀਤਾ ਗਿਆ ਉਸਾਰ ਮਨੁੱਖੀ ਜੀਵਨ ਦੀ ਹੋਂਦ ਲਈ ਜੈਵਿਕ ਤੇ ਬਨਸਪਤਿਕ ਵੰਨ-ਸੁਵੰਨਤਾ ਨੂੰ ਸੰਭਾਲਣ ਤੇ ਬਚਾਉਣ ਲਈ ਸਹਿਯੋਗੀ ਬਣਦਾ ਹੈ ਜਿਹੜਾ ਪਾਠਕ ਦਾ ਬਹੁ-ਰੇਖੀ ਦ੍ਰਿਸ਼ਟੀਕੋਣ ਬਣਾਉਂਦਾ ਹੈ।
ਨਾਵਲਕਾਰ ਦੁਆਰਾ ਸਿਰਜੇ ਗਏ ਪਾਤਰ ਸਮਾਜ ਦੇ ਯਥਾਰਥਕ ਪਾਤਰ ਹਨ ਜਿਹੜੇ ਆਪਣੇ ਵਰਤਮਾਨ ਹਾਲਾਤ ਨਾਲ ਸੰਘਰਸ਼ ਕਰਦੇ ਹਨ। ਪਾਤਰਾਂ ਦੇ ਨਾਂ ਉਨ੍ਹਾਂ ਦੇ ਜੀਵਨ ਦਾ ਕੇਂਦਰੀ ਭਾਵ ਸਿਰਜਦੇ ਹਨ। ਨਾਵਲ ਦੇ ਮੁੱਖ ਪਾਤਰ ‘ਜਸ’ ਕੋਲ ਵਾਸਤਵ ਵਿਚ ਵਿਵੇਕ, ਮਿਹਨਤ, ਇਮਾਨਦਾਰੀ ਤੇ ਪੁਸਤਕਾਂ ਪੜ੍ਹਨ ਦਾ ਜਸ ਹੈ। ਇਸੇ ਤਰ੍ਹਾਂ ਮੁੱਖ ਨਾਇਕਾ ‘ਨਵਜੋਤ’ ਭਾਵ ‘ਜੋਤ’ ਔਰਤ ਨਾਲ ਜੁੜੇ ਸੰਕਟਾਂ ਸਾਹਮਣੇ ਇਕ ਨਵੀਂ ਚੇਤਨਾ/ਰੌਸ਼ਨੀ ਦਾ ਪ੍ਰਤੀਕ ਸਿਰਜਦੀ ਹੈ। ਹਾਲਾਤ ਦੁਆਰਾ ‘ਜੋਤ’ ਦਾ ਬੁਝਣਾ ਤੇ ਫਿਰ ਪਿਆਰ ਦੁਆਰਾ ਪੁਨਰ ‘ਜੋਤ’ ਭਾਵ ‘ਨਵਜੋਤ’ ਬਣਨਾ ਨਾਵਲ ਦੀ ਵਿਲੱਖਣ ਪ੍ਰਾਪਤੀ ਹੈ। ਨਾਵਲ ਦੇ ਦੂਜੇ ਨਾਇਕ ਪਾਤਰ ‘ਚਰਨ’ ਨੂੰ ਹਾਲਾਤ ਜਾਂ ਜਾਤਾਂ/ਜਮਾਤਾਂ ਕਾਰਨ ਧੂੜ/ਮਿੱਟੀ ਦੁਆਰਾ ਚਿਹਨਤ ਕੀਤਾ ਗਿਆ ਹੈ ਜਿਹੜਾ ਅੰਤ ਨੂੰ ਮਿੱਟੀ ਵਿਚ ਮਿਲਾ ਦਿੱਤਾ ਜਾਂਦਾ ਹੈ। ਨਾਵਲ ਦੀ ਦੂਜੀ ਨਾਇਕਾ ‘ਗਗਨ’ ਅਣਖ ਖਾਤਰ ਕਤਲ ਹੁੰਦੀ ਹੋਈ ਉੱਪਰ ਚਲੀ ਜਾਂਦੀ ਹੈ ਅਰਥਾਤ ‘ਗਗਨ’ ਵਿਚ ਜਾਣ ਦਾ ਚਿਹਨਕ ਬਣ ਜਾਂਦੀ ਹੈ। ਨਾਵਲ ਦਾ ਖਲਨਾਇਕ ਜੱਗੀ ਚੰਗੇ ਲੋਕਾਂ ਨੂੰ ਜਿਊਣ ਨਾ ਦੇਣ, ਮਾਨਵੀ ਮੁੱਲਾਂ ਨੂੰ ਤੋੜਨ, ਔਰਤ ਨਾਲ ਜਬਰ ਜਨਾਹ ਕਰਨ ਤੇ ਐਸ਼ਪ੍ਰਸਤੀ ਵਰਗੇ ਐਬਾਂ ਨਾਲ ਭਰਪੂਰ ਹੈ। ਅਸਲ ਵਿਚ ਇਹ ਪਾਤਰ ਸਮਾਜ ਦੇ ਇਕ ਅਜਿਹੇ ‘ਜੱਗ’ ਭਾਵ ਸਮਾਜਿਕ ਇਕਾਈ ਦਾ ਚਿਹਨਕ ਬਣਦਾ ਹੈ ਜਿਹੜਾ ਚੰਗਿਆਈ ਤੇ ਨਾਰੀ ਨੂੰ ਤਬਾਹ ਕਰਨਾ ਲੋਚਦਾ ਹੈ।
ਯਾਦਵਿੰਦਰ ਨੇ ਨਾਵਲ ਦੀ ਸਿਰਜਨਾ ਉੱਤਮ-ਪੁਰਖੀ ਬਿਰਤਾਂਤਕ ਸ਼ੈਲੀ ਵਿਚ ਕੀਤੀ ਹੈ ਜਿਸ ਦੇ ਤੀਹ ਕਾਂਡ ਹਨ। ਪਲੇਠੇ ਨਾਵਲ ਨਾਲ ਉਹ ਪ੍ਰੋੜ੍ਹ ਗਲਪਕਾਰ ਵਜੋਂ ਉਭਰਦਾ ਹੈ ਤੇ ਸਾਹਿਤ ਅਕਾਦਮੀ ਦਾ ਯੁਵਾ ਸਨਮਾਨ ਜਿੱਤਣ ਸਦਕਾ ਉਹ ਪੰਜਾਬੀ ਸਾਹਿਤ ਜਗਤ ’ਚ ਵਿਸ਼ੇਸ਼ ਸਥਾਨ ਬਣਾਉਂਦਾ ਹੈ। ਪਰ ਭਵਿੱਖ ਵਿਚ ਨਾਵਲਕਾਰ ਨੂੰ ਪ੍ਰਵਚਨ ਦੇ ਦੁਹਰਾਅ ਤੇ ਨਿੱਜੀ (ਪਿਆਰ) ਅਨੁਭਵਾਂ ਨੂੰ ਆਧਾਰ ਬਣਾ ਭਾਸ਼ਣ/ਟਿੱਪਣੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪਰਿਵਾਰਕ, ਸਮਾਜਿਕ, ਆਰਥਿਕ ਤੇ ਰਾਜਨੀਤਿਕ ਸੰਕਟ ਹੌਲੀ-ਹੌਲੀ ਮਨੁੱਖ ਨੂੰ ਤੋੜ ਰਹੇ ਹਨ ਜਿਸ ਕਾਰਨ ਪੰਜਾਬ ਤੇ ਪੰਜਾਬੀਆਂ ਵਿਚ ਸੰਵੇਦਨਸ਼ੀਲ ਮਾਹੌਲ ਬਣਿਆ ਹੈ। ਇਸ ਸੰਵੇਦਨਸ਼ੀਲ ਮਾਹੌਲ ਵਿਚ ਜਸ ਵਰਗੇ ਨੌਜਵਾਨ ਦਾ ਸੰਘਰਸ਼ ਨਵੀਂ ਪੀੜ੍ਹੀ ਨੂੰ ਸਿਦਕ, ਸਿਰੜ ਤੇ ਹੌਸਲਾ ਦਿੰਦਾ ਹੈ। ਪੰਜਾਬੀਆਂ ਜਾਂ ਨਾਵਲ ਦੇ ਕੁਝ ਪਾਤਰਾਂ ਦਾ ਭਾਵੇਂ ਵਕਤ ਬੀਤ ਗਿਆ, ਪਰ ਇਹ ਨਾਵਲ ਸਮੂਹ ਪੰਜਾਬੀਆਂ ਨੂੰ ‘ਵਕਤ ਬੀਤਿਆ ਨਹੀਂ’ ਦਾ ਹੀ ਸੁਨੇਹਾ ਦਿੰਦਾ ਹੈ। ਇਹ ਸੁਨੇਹਾ ਪ੍ਰਵਾਨ ਕਰਨਾ ਬਣਦਾ ਹੈ।

ਸੰਪਰਕ: 94171-24043


Comments Off on ਪੰਜਾਬ ਦੇ ਸੰਕਟਾਂ ਦੀ ਪੇਸ਼ਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.