ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਪੰਜਾਬ ਦੇ ਪੇਂਡੂ ਜੀਵਨ ਦੀ ਮੁੜ-ਉਸਾਰੀ

Posted On June - 30 - 2019

ਸੁਭਾਸ਼ ਪਰਿਹਾਰ
ਇਕ ਪੁਸਤਕ-ਇਕ ਨਜ਼ਰ

ਪੰਜਾਬ ਦੇ ਇਤਿਹਾਸ ਬਾਰੇ ਕਦੇ-ਕਦਾਈਂ ਹੀ ਕੋਈ ਵਧੀਆ ਕਿਤਾਬ ਲਿਖੀ ਜਾਂਦੀ ਹੈ। ਇਹ ਆਮ ਤੌਰ ’ਤੇ ਅੰਗਰੇਜ਼ੀ ਭਾਸ਼ਾ ਵਿਚ ਹੀ ਹੁੰਦੀ ਹੈ। ਉਂਜ, ਇਸ ਦੇ ਦੋ ਲਾਭ ਹੁੰਦੇ ਹਨ। ਇਕ ਤਾਂ ਇਹ ਦੁਨੀਆ ਭਰ ਦੇ ਗੰਭੀਰ ਪਾਠਕ ਵਰਗ ਤੀਕ ਪੁੱਜ ਜਾਂਦੀ ਹੈ, ਦੂਜਾ ਇਹ ਪੰਜਾਬ ਦੇ ਆਪੂੰ-ਬਣੇ ਇਤਿਹਾਸਕਾਰਾਂ ਦੀ ਬੇਲੋੜੀ ਟੀਕਾ-ਟਿੱਪਣੀ ਤੋਂ ਵੀ ਬਚ ਜਾਂਦੀ ਹੈ। ਡਬਲਯੂ.ਐੱਚ. ਮੈਕਲਾਉਡ ਦੀਆਂ ਸਾਰੀਆਂ ਕਿਤਾਬਾਂ, ਇਮਰਾਨ ਅਲੀ ਦੀ The Punjab under Imperialism 1885-1947 (ਆਸਟਰੇਲੀਅਨ ਨੈਸ਼ਨਲ ਯੂਨੀਵਰਸਿਟੀ, 1979), ਮੁਜ਼ੱਫ਼ਰ ਆਲਮ ਦੀ The Crisis of Empire in Mughal North India: Awadh and the Punjab 1707-1748 (ਔਕਸਫੋਰਡ ਯੂਨੀਵਰਸਿਟੀ ਪ੍ਰੈੱਸ, 1986), ਚੇਤਨ ਸਿੰਘ ਦੀ Region and Empire: Panjab in the Seventeenth Century (ਔਕਸਫੋਰਡ ਯੂਨੀਵਰਸਿਟੀ ਪ੍ਰੈੱਸ, 1991), ਹਰਜੋਤ ਓਬਰਾਏ ਦੀ The Construction of Religious Boundaries: Culture, Identity, and Diversity in the Sikh Tradition (ਔਕਸਫੋਰਡ ਯੂਨੀਵਰਸਿਟੀ ਪ੍ਰੈੱਸ ਅਤੇ ਯੂਨੀਵਰਸਿਟੀ ਔਫ ਸ਼ਿਕਾਗੋ ਪ੍ਰੈੱਸ, 1994), ਗੁਰਿੰਦਰ ਸਿੰਘ ਮਾਨ ਦੀ The Making of Sikh Scripture (ਔਕਸਫੋਰਡ ਯੂਨੀਵਰਸਿਟੀ ਪ੍ਰੈੱਸ, 2001) ਆਦਿ ਪੰਜਾਬ ਦੇ ਇਤਿਹਾਸ ਬਾਰੇ ਚੰਦ ਸੰਜੀਦਾ ਕਿਤਾਬਾਂ ਹਨ।
ਹੁਣ ਪੰਜਾਬ ਬਾਰੇ ਅਜਿਹੇ ਹੀ ਉੱਚ ਪੱਧਰ ਦੀ ਇਕ ਕਿਤਾਬ ਆਈ ਹੈ- ‘The Great Agrarian Conquest: The Colonial Reshaping of a Rural World’। ਕਿਤਾਬ ਦਾ ਲੇਖਕ ਨੀਲਾਦ੍ਰੀ ਭੱਟਾਚਾਰੀਆ ਹੈ ਜੋ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿਚ 41 ਸਾਲ ਇਤਿਹਾਸ-ਅਧਿਆਪਨ ਕਰ ਚੁੱਕਾ ਹੈ। ਮੈਨੂੰ 20 ਕੁ ਸਾਲ ਪਹਿਲਾਂ ਜੇਐੱਨਯੂ ਵਿਖੇ ਡਾ. ਨੀਲਾਦ੍ਰੀ ਨੂੰ ਇਤਿਹਾਸ-ਲੇਖਣ (Historiography) ਵਿਸ਼ੇ ’ਤੇ ਸੁਣਨ ਦਾ ਮੌਕਾ ਮਿਲਿਆ ਸੀ। ਆਪਣੇ ਚਾਰ ਘੰਟੇ ਦੇ ਲੈਕਚਰ ਵਿਚ ਉਸ ਨੇ ਸ਼ੁਰੂ ਤੋਂ ਅੱਜ ਤੀਕ ਦੁਨੀਆ ਭਰ ਵਿਚ ਇਤਿਹਾਸ ਲੇਖਣ ਵਿਚ ਆਈਆਂ ਸਿਲਸਿਲੇਵਾਰ ਤਬਦੀਲੀਆਂ ਦੀ ਤਸਵੀਰ ਪੇਸ਼ ਕੀਤੀ। ਉਸ ਦੇ ਅਥਾਹ ਗਿਆਨ ਅਤੇ ਇਸ ਦੀ ਝਰਨੇ ਵਰਗੀ ਰਵਾਨੀ ਭਰੀ ਪੇਸ਼ਕਾਰੀ ਨੇ ਸਭ ਨੂੰ ਕੀਲ ਲਿਆ। ਹੁਣ ਪ੍ਰਕਾਸ਼ਕ ‘ਪਰਮਾਨੈਂਟ ਬਲੈਕ’ (ਦਿੱਲੀ) ਅਤੇ ਅਸ਼ੋਕਾ ਯੂਨੀਵਰਸਿਟੀ (ਸੋਨੀਪਤ) ਵੱਲੋਂ ਮਿਲ ਕੇ ਛਾਪੀ ਉਸ ਦੀ ਕਿਤਾਬ The Great Agrarian Conquest: The Colonial Reshaping of a Rural World ਪੜ੍ਹ ਕੇ ਇਕ ਵਾਰ ਫਿਰ ਮਹਿਸੂਸ ਹੋਇਆ ਕਿ ਅਸਲ ਖੋਜੀ ਲਿਖਤ ਕੀ ਹੁੰਦੀ ਹੈ!
ਡਾ. ਨੀਲਾਦ੍ਰੀ ਦਾ ਪੰਜਾਬ ਵਰਤਮਾਨ ਭਾਰਤ ਦੇ ਛੋਟੇ ਜਿਹੇ ਸੂਬੇ ਤੀਕ ਸੀਮਿਤ ਨਾ ਹੋ ਕੇ, ਸਿੰਧ ਦਰਿਆ ਤੋਂ ਲੈਕੇ ਜਮੁਨਾ ਤੀਕ ਫੈਲਿਆ ਹੋਇਆ ਹੈ। ਉਸ ਨੇ ਆਪਣੇ ਅਧਿਐਨ ਲਈ 1849-1947 ਦਾ 98 ਸਾਲ ਦਾ ਕਾਲ ਚੁਣਿਆ ਹੈ ਜਿਸ ਦੌਰਾਨ ਕੁਝ ਛੋਟੇ-ਛੋਟੇ ਰਜਵਾੜਿਆਂ ਨੂੰ ਛੱਡ ਕੇ ਬਾਕੀ ਖਿੱਤਾ 1857 ਤੀਕ ਪਹਿਲੇ ਅੱਠ ਕੁ ਸਾਲ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਅਧੀਨ ਅਤੇ ਇਸ ਮਗਰੋਂ ਬਾਕੀ ਨੱਬੇ ਸਾਲ ਸਿੱਧਾ ਬ੍ਰਿਟਿਸ਼ ਸਰਕਾਰ ਅਧੀਨ ਰਿਹਾ।
ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਲੱਖ ਟਾਹਰਾਂ ਮਾਰੀਂ ਜਾਈਏ, ਪਰ ਇਹ ਤੱਤਸਾਰ ਰੂਪ ਵਿਚ ਲਗਪਗ 2000 ਸਾਲ ਤੋਂ ਚੱਲੇ ਆ ਰਹੇ ਪ੍ਰਬੰਧ ਦੀ ਹੀ ਨਿਰੰਤਰਤਾ ਸੀ। ਸਾਰੀ ਦੁਨੀਆਂ ਦੇ ਰਾਜਿਆਂ ਦੇ ਰਾਜ ਕਿਸਾਨੀ ਪੈਦਾਵਾਰ ਦਾ ਵਾਫ਼ਰ ਹਿੱਸਾ ਹਥਿਆਉਣ ਦੀ ਪ੍ਰਣਾਲੀ ਸਨ। ਰਾਜਾ/ਸੁਲਤਾਨ/ਬਾਦਸ਼ਾਹ ਬਦਲਦੇ ਰਹਿੰਦੇ ਸਨ, ਪਰ ਕਿਰਸਾਨੀ ਇਸ ਤਬਦੀਲੀ ਤੋਂ ਅਣਭਿੱਜ ਹੀ ਰਹਿੰਦੀ ਸੀ। ਹਕੂਮਤ ਨਾਲ ਉਸ ਦਾ ਵਾਹ-ਵਾਸਤਾ ਇਲਾਕੇ ਦੇ ਜ਼ਮੀਂਦਾਰ ਅਤੇ ਹੋਰ ਛੋਟੇ-ਮੋਟੇ ਕਰਿੰਦਿਆਂ ਤੀਕ ਸੀਮਿਤ ਸੀ। ਇਹ ਸਾਰੇ ਮਿਲ ਕੇ ਹਲ਼ਵਾਹਕ ਕੋਲ ਇੰਨਾ ਕੁ ਅੰਨ ਹੀ ਛੱਡਦੇ ਸਨ ਜਿਸ ਨਾਲ ਉਹ ਅਤੇ ਉਸ ਦਾ ਪਰਿਵਾਰ ਅਗਲੀ ਫ਼ਸਲ ਤੀਕ ਜਿਉਂਦਾ ਰਹਿ ਸਕੇ। ਸੋਕਾ ਪੈਣ ’ਤੇ ਮਾਲੀਆ ਮੁਆਫ਼ ਕਰ ਦੇਣਾ ਅਤੇ ਲੰਗਰ ਲੁਆ ਦੇਣੇ ਕਿਸਾਨਾਂ ’ਤੇ ਕਿਰਪਾ ਨਹੀਂ ਸਗੋਂ ਹਾਕਮ ਦੀ ਲੋੜ ਹੁੰਦੀ ਸੀ। ਅਗਲੀ ਫ਼ਸਲ ਤੀਕ ਕਿਸਾਨ ਨੂੰ ਜਿਉਂਦਾ ਵੀ ਤਾਂ ਰੱਖਣਾ ਹੁੰਦਾ ਸੀ।
ਬ੍ਰਿਟਿਸ਼ ਹਕੂਮਤ ਅਧੀਨ ਆਉਣ ਤੋਂ ਪਹਿਲਾਂ ਤੀਕ ਪੰਜਾਬ ਵਿਚ ਟਿਕਵੀਂ ਖੇਤੀ ਸਿਰਫ਼ ਰਾਵੀ ਦਰਿਆ ਤੀਕ ਸੀਮਿਤ ਸੀ। ਇਸ ਤੋਂ ਪਾਰ ਦਾ ਇਲਾਕਾ ਵੱਖ ਵੱਖ ਫਿਰਤੂ ਕਬੀਲਿਆਂ ਦੇ ਕਬਜ਼ੇ ਵਿਚ ਸੀ ਜਿਸ ਵਿਚ ਕੋਈ ਟਿਕਵੀਂ ਖੇਤੀਬਾੜੀ ਵਾਲੀ ਵਸੋਂ ਨਹੀਂ ਸੀ ਸਗੋਂ ਇਨ੍ਹਾਂ ਦਾ ਮੁੱਖ ਧੰਦਾ ਪਸ਼ੂ-ਪਾਲਣ ਸੀ। ਖ਼ਾਸ ਇਲਾਕੇ ਨੂੰ ਇਕ ਕਬੀਲੇ ਦੀ ਵਿਰਾਸਤ ਮੰਨਿਆ ਜਾਂਦਾ ਸੀ। ਇਨ੍ਹਾਂ ਕਬੀਲਿਆਂ ਦਾ ਆਪਸੀ ਸਹਿਯੋਗ ਸਿਰਫ਼ ਵਿਰੋਧੀ ਕਬੀਲਿਆਂ ਨਾਲ ਝਗੜੇ ਨਿਬੇੜਨ ਜਾਂ ਉਨ੍ਹਾਂ ’ਤੇ ਹਮਲੇ ਕਰਨ ਤੀਕ ਹੀ ਸੀਮਿਤ ਸੀ। ਕੁਝ ਇਲਾਕਿਆਂ ਵਿਚ ਕਿਤੇ-ਕਿਤੇ ਖੂਹ ਸਨ ਜਿਨ੍ਹਾਂ ਦੁਆਲੇ ਹਰੇਕ ਪਰਿਵਾਰ ਆਪਣੋ-ਆਪਣੀ ਖੇਤੀ ਕਰਦਾ ਸੀ ਅਤੇ ਖੂਹ ਦੇ ਪਾਣੀ ’ਤੇ ਉਸ ਦਾ ਓਨਾ ਕੁ ਹੀ ਹੱਕ ਸੀ ਜਿੰਨਾ ਸਹਿਯੋਗ ਉਸ ਨੇ ਖੂਹ ਪੁੱਟਣ ਵਿਚ ਦਿੱਤਾ ਹੁੰਦਾ ਸੀ। ਹਰ ਪਿੰਡ ਦੇ ਜਾਗੀਰਦਾਰ ਦੀ ਦੂਜੇ ਪਿੰਡ ਦੇ ਜਾਗੀਰਦਾਰ ਨਾਲ ਸਾਂਝ ਸਿਰਫ਼ ਇਕੱਠਾ ਮਾਲ਼ੀਆ ਤਾਰਨ ਅਤੇ ਸਾਂਝੇ ਦੁਸ਼ਮਣ ਤੋਂ ਰਾਖੀ ਕਰਨ ਤੀਕ ਮਹਿਦੂਦ ਸੀ।

ਸੁਭਾਸ਼ ਪਰਿਹਾਰ

ਬ੍ਰਿਟਿਸ਼ ਹਾਕਮਾਂ ਦਾ ਪੰਜਾਬ ’ਤੇ ਰਾਜ ਦਾ ਦੌਰ ਵੱਡੇ ਪਰਿਵਰਤਨਾਂ ਦਾ ਸਮਾਂ ਸੀ ਅਤੇ ਇਨ੍ਹਾਂ ਪਰਿਵਰਤਨਾਂ ਨੇ ਪੰਜਾਬ ਦੇ ਸਦੀਆਂ ਤੋਂ ਚੱਲੇ ਆ ਰਹੇ ਪੇਂਡੂ ਜਨ-ਜੀਵਨ ਨੂੰ ਇਕ ਨਵੇਂ ਰੂਪਾਕਾਰ ਵਿਚ ਘੜਿਆ। ਡਾ. ਨੀਲਾਦ੍ਰੀ ਦੇ ਆਪਣੇ ਕਥਨ ਮੁਤਾਬਿਕ ਉਸ ਦੀ ਇਸ ਕਿਤਾਬ ਦਾ ਕੇਂਦਰੀ ਮੰਤਵ ਇਹ ਸਮਝਣਾ ਹੈ ਕਿ ਬਸਤੀਵਾਦ ਅਧੀਨ ਕਿਵੇਂ ਪੁਰਾਤਨ ਅਵਸਥਾ ਨੂੰ ਬਦਲ ਕੇ ਬਸਤੀਵਾਦੀ ਆਧੁਨਿਕਤਾ ਨੂੰ ਆਮ ਅਵਸਥਾ ਦੇ ਰੂਪ ਵਿਚ ਸਥਾਪਿਤ ਕਰ ਦਿੱਤਾ। ਇਹ ਹਕੂਮਤ ਦੀ ਬਹੁਤ ਵੱਡੀ ਜਿੱਤ ਸੀ। ਇਹ ਅਧਿਐਨ ਇਸ ਨਵੀਂ ਸ਼ਕਲ ਦੇਣ ਦੀ ਪ੍ਰਕਿਰਿਆ ਦੀ ਗਾਥਾ ਹੈ। ਲੇਖਕ ਨੇ ਪੰਜਾਬ ਦੇ ਇਤਿਹਾਸ ਦੀ ਇਕ ਪੂਰੀ ਸਦੀ ਦੀ ਤਸਵੀਰ ਪੇਸ਼ ਕੀਤੀ ਹੈ। ਇਸ ਤਸਵੀਰ ਵਿਚ ਮਹਿਜ਼ ਕਾਲਾ ਅਤੇ ਚਿੱਟਾ ਨਹੀਂ ਸਗੋਂ ਸਾਰੇ ਰੰਗ ਮੌਜੂਦ ਹਨ। ਸਾਰੇ ਅਧਿਐਨ ਵਿਚ ਬਸ ਇਕ ਧਿਰ ਛੋਟੀ ਕਿਸਾਨੀ ਅਤੇ ਪਸ਼ੂ-ਪਾਲਕ ਕਬੀਲੇ ਹਨ ਅਤੇ ਦੂਜੀ ਧਿਰ ਬ੍ਰਿਟਿਸ਼ ਹਾਕਮ ਜਮਾਤ। ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਛੋਟਾ ਕਿਸਾਨ ਸਿੱਖ ਸੀ, ਹਿੰਦੂ ਸੀ, ਜਾਂ ਮੁਸਲਮਾਨ। ਇਸੇ ਲਈ ਨੀਲਾਦ੍ਰੀ ਨੇ ਸਾਰੀ ਕਿਤਾਬ ਵਿਚ ਸ਼ਾਇਦ ਹੀ ਕਿਤੇ ‘ਹਿੰਦੂ’, ‘ਸਿੱਖ’ ਜਾਂ ‘ਮੁਸਲਿਮ’ ਸ਼ਬਦ ਦੀ ਵਰਤੋਂ ਕੀਤੀ ਹੋਵੇ।
ਬ੍ਰਿਟਿਸ਼ ਹਾਕਮਾਂ ਨੇ ਪੰਜਾਬ ਦੀ ਵਾਗਡੋਰ ਸੰਭਾਲੀ ਤਾਂ ਪੰਜਾਬੀਆਂ ਵਿਚ ਹਾਰ ਦੀ ਨਮੋਸ਼ੀ ਅਤੇ ਨਵੇਂ ਕਾਬਜ਼ਾਂ ਪ੍ਰਤੀ ਨਫ਼ਰਤ ਸੀ। ਖ਼ਾਲਸਾ ਫ਼ੌਜ ਤੋੜ ਦੇਣ ਕਰਕੇ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਗਏ। ਇਕ ਹੋਰ ਮੁਸ਼ਕਿਲ ਇਹ ਸੀ ਕਿ ਇਹ ਸਾਬਕਾ ਫ਼ੌਜੀ ਹਥਿਆਰਬੰਦ ਸਨ। ਨਾਲੇ ਨਵੇਂ ਹਾਕਮਾਂ ਲਈ ਇਹ ਜਨਤਾ ਬਿਲਕੁਲ ਓਪਰੀ ਸੀ, ਪਰ ਉਨ੍ਹਾਂ ਨੇ ਹਾਲਾਤ ਨੂੰ ਇਸ ਸੂਝ ਨਾਲ ਨਜਿੱਠਿਆ ਕਿ ਅੱਠ ਸਾਲ ਮਗਰੋਂ ਹੀ ਇਹੋ ਪੰਜਾਬੀ ਅੰਗਰੇਜ਼ੀ ਰਾਜ ਦੀ ਰਾਖੀ ਲਈ ਜਾਨਾਂ ਵਾਰ ਰਹੇ ਸਨ।
ਬਿਲਕੁਲ ਅਜਨਬੀ ਲੋਕਾਂ ’ਤੇ ਰਾਜ ਕਰਨਾ ਸੁਖਾਲਾ ਕੰਮ ਨਹੀਂ ਹੁੰਦਾ। ਨਾ ਹੀ ਇਹ ਸਿਰਫ਼ ਡੰਡੇ ਦੇ ਜ਼ੋਰ ’ਤੇ ਹੋ ਸਕਦਾ ਹੈ। ਇਸ ਲਈ ਸੂਖ਼ਮ ਪੱਧਰ ’ਤੇ ਇਲਾਕੇ ਦੇ ਭੂਗੋਲ, ਇਤਿਹਾਸ ਅਤੇ ਇੱਥੇ ਵਸਦੇ ਲੋਕਾਂ ਦਾ ਸੱਭਿਆਚਾਰ ਸਮਝਣਾ ਪੈਂਦਾ ਹੈ। ਇਸ ਲਈ ਕਿੰਨਾ ਯਤਨ ਕਰਨਾ ਪੈਂਦਾ ਹੈ, ਇਹ ਉਸ ਸਮੇਂ ਦੇ ਜ਼ਿਲ੍ਹਾ ਅਤੇ ਸਟੇਟ ਗੈਜ਼ਟੀਅਰਜ਼ ਅਤੇ ਵੱਖ-ਵੱਖ ਵਿਭਾਗਾਂ ਦੀਆਂ ਰਿਪੋਰਟਾਂ ਪੜ੍ਹ ਕੇ ਪਤਾ ਲੱਗਦਾ ਹੈ। ਹਾਕਮਾਂ ਨੇ ਬਹੁਤ ਵੱਡੇ ਪੱਧਰ ’ਤੇ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਡਾਕੁਮੈਂਟ ਕਰਨ ਦਾ ਕੰਮ ਕੀਤਾ। ਜਿੰਨਾ ਕੰਮ ਇਹ ਅੰਗਰੇਜ਼ ਹੁਕਮਰਾਨ ਕਰ ਗਏ, ਸਾਡੀਆਂ ਸਾਰੀਆਂ ਯੂਨੀਵਰਸਿਟੀਆਂ ਆਜ਼ਾਦੀ ਮਗਰੋਂ 70 ਸਾਲਾਂ ਵਿਚ ਨਹੀਂ ਕਰ ਸਕੀਆਂ।
ਇਸ ਵਿਸਤ੍ਰਿਤ ਅਧਿਐਨ ਦਾ ਇਕ ਹੋਰ ਕਾਰਨ ਵੀ ਸੀ। ਯੂਰਪ ਵਿਚ ਪੈਦਾ ਹੋ ਰਹੇ ‘ਤਰਕ ਅਤੇ ਕਲਾਸਕੀਵਾਦ’ ਵਿਰੁੱਧ ਵਿਦਰੋਹ ਯੂਰਪੀ ਬਸਤੀਆਂ ਵਿਚ ਵੀ ਫੈਲਣ ਲੱਗਾ। ਅਨੇਕਾਂ ਵਿਦਵਾਨਾਂ ਦਾ ਝੁਕਾਅ ਆਮ ਲੋਕਾਂ ਦੇ ਜੀਵਨ ਅਤੇ ਉਨ੍ਹਾਂ ਦੀਆਂ ਕਲਾਵਾਂ ਵੱਲ ਹੋ ਗਿਆ। ਸਥਾਨਕ ਰੀਤੀ-ਰਿਵਾਜਾਂ ਨੂੰ ਜਾਨਣ ਦਾ ਯਤਨ ਅਤੇ ਇਸ ਨੂੰ ਰਿਕਾਰਡ ਕਰਨਾ, ਨਵੇਂ ਪੰਜਾਬ ਦੀ ਰਾਜਨੀਤੀ ਦੀ ਵਿਸ਼ੇਸ਼ਤਾ ਬਣੀ। ਐੱਚ.ਏ. ਰੋਜ਼ (1867-1933) ਨੇ ਪੰਜਾਬ ਅਤੇ ਉੱਤਰ-ਪੱਛਮੀ ਸਰਹੱਦੀ ਇਲਾਕੇ ਦੇ ਕਬੀਲਿਆਂ ਅਤੇ ਜਾਤੀਆਂ ਦਾ ਵੇਰਵਾ ਇੱਕਠਾ ਕਰਕੇ A Glossary of Tribes and Castes of Punjab and North-West Frontiers (1911-19) ਦਾ ਸੰਕਲਨ ਕੀਤਾ ਤਾਂ ਜੋ ਪੰਜਾਬ ਦੀ ਸਮਾਜਿਕ ਬਣਤਰ ਨੂੰ ਬਿਹਤਰ ਢੰਗ ਨਾਲ ਸਮਝਿਆ ਜਾ ਸਕੇ। ਰਿਚਰਡ ਟੈਂਪਲ (1850-1931) ਨੇ ਤਿੰਨ ਜਿਲਦਾਂ ਵਿਚ The Legends of the Panjab ਵਿਚ ਸਾਰੇ ਇਲਾਕੇ ਦੀਆਂ ਗਾਥਾਵਾਂ ਰਿਕਾਰਡ ਕੀਤੀਆਂ; ਫ਼ਲੋਰਾ ਐਨੀ ਸਟੀਲ (1847-1929) ਨੇ ਪੰਜਾਬ ਦੀਆਂ ਕਹਾਣੀਆਂ ਨੂੰ ਕਿਤਾਬ Tales of Punjab (1894) ਦੇ ਰੂਪ ਵਿਚ ਛਪਵਾਇਆ। ਸਾਰੇ ਇਲਾਕਿਆਂ ਦੇ ਗੈਜ਼ਟੀਅਰ ਤਿਆਰ ਕੀਤੇ ਗਏ ਜਿਨ੍ਹਾਂ ਵਿਚ ਉਸ ਇਲਾਕੇ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਸੀ। 1947 ਮਗਰੋਂ ਇਸ ਪਰੰਪਰਾ ਨੂੰ ਜਾਰੀ ਰੱਖਦਿਆਂ ਡਾ. ਮਹਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਲੋਕਗੀਤ ਇਕੱਠੇ ਕੀਤੇ ਅਤੇ ਕਰਵਾਏ।
ਖੇਤੀਬਾੜੀ ਨੂੰ ਵਿਕਸਿਤ ਕਰਨ ਲਈ ਵੱਡੇ ਪੱਧਰ ’ਤੇ ਜੰਗਲ ਅਤੇ ਚਰਾਗਾਹਾਂ ਸਾਫ਼ ਕੀਤੀਆਂ। ਸਿੰਜਾਈ ਲਈ ਨਹਿਰਾਂ ਦਾ ਜਾਲ ਵਿਛਾ ਕੇ ਕਈ ਗੁਣਾ ਜ਼ਮੀਨ ਖੇਤੀ ਅਧੀਨ ਲਿਆਂਦੀ। ਨਵੀਆਂ ਜ਼ਮੀਨਾਂ ’ਤੇ ਨਹਿਰੀ ਕਾਲੋਨੀਆਂ ਸਥਾਪਿਤ ਕੀਤੀਆਂ ਅਤੇ ਲੋਕਾਂ ਨੂੰ ਇਨ੍ਹਾਂ ਵਿਚ ਵਸਾਇਆ। ਇਸ ਵਿਕਾਸ ਦਾ ਸਭ ਤੋਂ ਮਾੜਾ ਅਸਰ ਪਸ਼ੂ-ਪਾਲਕਾਂ ’ਤੇ ਹੋਇਆ ਕਿਉਂਕਿ ਜਿਹੜੀਆਂ ਜ਼ਮੀਨਾਂ ’ਤੇ ਉਹ ਸਦੀਆਂ ਤੋਂ ਆਜ਼ਾਦਾਨਾ ਪਸ਼ੂ ਚਰਾਉਂਦੇ ਰਹੇ ਸਨ, ਹੁਣ ਨਿਯੋਜਿਤ ਖੇਤੀ ਹੇਠ ਆ ਗਈਆਂ। ਸਰਕਾਰ ਨੇ ਇਨ੍ਹਾਂ ਲੋਕਾਂ ’ਤੇ ਅਨੇਕਾਂ ਪਾਬੰਦੀਆਂ ਲਾ ਕੇ ਇਨ੍ਹਾਂ ਦੀ ਪਰੰਪਰਾਗਤ ਜੀਵਨ ਸ਼ੈਲੀ ਨੂੰ ਇਕ ਥਾਂ ਟਿਕ ਕੇ ਖੇਤੀ ਕਰਨ ਵਾਲੇ ਜੀਵਨ ਵਿਚ ਤਬਦੀਲ ਕਰ ਦਿੱਤਾ।
ਮਾਲੀਏ ਲਈ ਖੇਤੀ ਵਾਲੀ ਜ਼ਮੀਨ ਨੂੰ ਪੰਜ ਕਿਸਮਾਂ ਵਿਚ ਵੰਡਿਆ ਗਿਆ: ਬੰਜਰ (ਬਿਲਕੁਲ ਬੇਕਾਰ), ਚਾਹੀ (ਖੂਹ ਦਾ ਪਾਣੀ ਲੱਗਣ ਵਾਲੀ), ਨਹਿਰੀ (ਨਹਿਰ ਨਾਲ ਸਿੰਜਾਈ ਯੋਗ), ਆਬੀ (ਲਿਫ਼ਟ ਰਾਹੀਂ ਛੱਪੜ/ਤਲਾਅ ਦੇ ਪਾਣੀ ਨਾਲ ਸਿੰਜਾਈ ਲਾਇਕ), ਸੈਲਾਬ (ਦਰਿਆਵਾਂ ਨਾਲ ਸਿੱਲ੍ਹੀ), ਬਰਾਨੀ (ਬਾਰਿਸ਼ਾਂ ’ਤੇ ਨਿਰਭਰ)। ਮੁਜਾਰੇਦਾਰੀ, ਹੱਕ ਮਾਲਕੀ, ਜਾਇਦਾਦਾਂ ਤੇ ਵਸੇਬੇ ਦੇ ਨਵੇਂ ਕਾਨੂੰਨ ਬਣਾਏ ਗਏ ਤਾਂ ਜੋ ਨਵੇਂ ਦ੍ਰਿਸ਼ ਨੂੰ ਸੌਖਿਆਂ ਸਮਝਿਆ ਜਾ ਸਕੇ। ਪਰ ਲੋਕ ਨਵੇਂ ਕਾਨੂੰਨਾਂ ਨੂੰ ਉਸੇ ਤਰ੍ਹਾਂ ਨਹੀਂ ਸਮਝਦੇ ਜਿਸ ਰੂਪ ’ਚ ਸਰਕਾਰ ਚਾਹੁੰਦੀ ਹੁੰਦੀ ਹੈ। ਉਹ ਇਸ ਨੂੰ ਆਪਣੀ ਪ੍ਰਚੱਲਿਤ ਸੋਚ ਮੁਤਾਬਿਕ ਹੀ ਸਮਝਦੇ ਹਨ ਜਿਸ ਨਾਲ ਦੋਹਾਂ ਵਿਚਕਾਰ ਵਿਰੋਧ ਪੈਦਾ ਹੁੰਦਾ ਹੈ ਅਤੇ ਨਤੀਜਾ ਕਾਨੂੰਨੀ ਲੜਾਈ ਵਿਚ ਨਿਕਲਦਾ ਹੈ। ਇਸ ਲਈ ਹਰ ਕਾਨੂੰਨ ਦੀ ਹਰ ਧਾਰਾ ਦੀਆਂ ਬਾਰੀਕੀਆਂ ਵਿਚ ਜਾਣਾ ਪੈਂਦਾ ਹੈ। ਨਵੇਂ ਹਾਲਾਤ ਵਿਚ ਜੱਦੀ-ਹੱਕ ਕੀ ਹੋਵੇਗਾ, ਗੋਦ ਲੈਣ ਅਤੇ ਤੋਹਫ਼ਾ ਦੇਣ ਦੇ ਨਿਯਮ ਕੀ ਹੋਣਗੇ। ਪਿੱਤਰ-ਵੰਸ਼ੀ ਅਤੇ ਪਲੇਠ-ਅਧਿਕਾਰ ਵਰਗੇ ਸਾਰੇ ਮਸਲੇ ਨਵੇਂ ਸਿਰਿਓ ਕੋਰਟਾਂ ਵਿਚ ਨਜਿੱਠੇ ਜਾਣੇ ਸਨ। ਮੁਜ਼ਾਰੇ ਅਤੇ ਮਾਲਿਕ, ਪਿਓ ਅਤੇ ਪੁੱਤਰ, ਮਾਂ ਅਤੇ ਧੀ ਦੇ ਰਿਸ਼ਤੇ ਵੀ ਨਵੇਂ ਸਿਰਿਓਂ ਪਰਿਭਾਸ਼ਤ ਕੀਤੇ ਗਏ। ਲੋੜ ਮੁਤਾਬਿਕ ਨਵੇਂ ਕਾਨੂੰਨਾਂ ਵਿਚ ਸੋਧ ਕੀਤੀ ਗਈ। ਇਹ ਸਭ ਕੁਝ ਸੌਖਿਆਂ ਹੀ ਨਹੀਂ ਵਾਪਰਿਆ। ਹਕੂਮਤ ਦਾ ਇਹ ਯਤਨ ਵੀ ਸੀ ਕਿ ਲੋਕਾਂ ਨੂੰ ਇਹ ਪਰਿਵਰਤਨ ਸਹਿਜ ਸੁਭਾਅ ਲੱਗੇ ਅਤੇ ਖੇਤੀਬਾੜੀ ਸਬੰਧੀ ਇਹ ਜਿੱਤ ਫ਼ੌਜੀ ਜਿੱਤ ਨਾਲੋਂ ਵਧੇਰੇ ਮੁਸ਼ਕਿਲ, ਅਹਿਮ ਅਤੇ ਪ੍ਰਭਾਵਸ਼ਾਲੀ ਸੀ।
ਸੋਮਿਆਂ ਦੀ ਕਮਾਲ ਦੀ ਵਰਤੋਂ ਦਾ ਇੱਕ ਉਦਾਹਰਣ ਦੇਣਾ ਚਾਹਾਂਗਾ। ਬ੍ਰਿਟਿਸ਼ ਅਫ਼ਸਰ ਜੇਮਜ਼ ਵਿਲਸਨ ਨੇ ਸਿਰਸੇ ਜ਼ਿਲ੍ਹੇ ਦੀ ਢਾਬ ਡੱਬਵਾਲੀ ਦੇ ਲਾਲੂ ਨਾਂ ਦੇ ਕਿਸੇ ਬੰਦੇ ਤੋਂ ਇਕ ਕਵਿਤਾ ਸੁਣੀ ਜੋ ਉਸ ਨੇ ਇਸ ਜ਼ਿਲ੍ਹੇ ਦੀ 1870ਵਿਆਂ ਦੀ ਸੈਟਲਮੈਂਟ ਰਿਪੋਰਟ ਵਿਚ ਦਰਜ ਕਰ ਲਈ ਸੀ ਹਾਲਾਂਕਿ ਇਹ ਕਵਿਤਾ ਅੰਗਰੇਜ਼ੀ ਹਕੂਮਤ ਦੇ ਵਿਰੁੱਧ ਸੀ। ਇਹ ਕਵਿਤਾ ਇੰਜ ਸ਼ੁਰੂ ਹੁੰਦੀ ਹੈ:
ਅਲਾਹ ਮੇਰੇ ਬਾਰ ਬਸਾਈ
ਚਾਰ ਖੂੰਟ ਤੋਂ ਖਲਕਤ ਆਈ
ਲੰਬੜਦਾਰਾਂ ਕੋਲ ਬਹਾਈ
ਨਾਲ ਪਿਆਰ ਦੇ ਭੋਇੰ ਕਢਾਈ
ਹੁਣ ਜਾਣ ਦੇ ਦਿਨ ਈਮਾਨ ਖੁਹਾਈ
ਸਾਮੀਦਾਰ ’ਤੇ ਅਰਜ਼ੀ ਲਾਈ
ਹਾਕਮ ਉਸ ਦੀ ਭੋਇੰ ਖੁਹਾਈ
ਇਸ ਕਾਨੂੰਨ ਦੀ ਖਬਰ ਨਾ ਕਾਈ
ਜਿਹੜਾ ਕੀਤਾ ਹੁਣ ਸਰਕਾਰ
ਬੇਦਖ਼ਲੀ ਕਰਨੀ ਨਹੀਂ ਦਰਕਾਰ…।
ਡਾ. ਨੀਲਾਦ੍ਰੀ ਨੇ ਹੱਥਲੀ ਕਿਤਾਬ ਵਿਚ ਉਪਰੋਕਤ ਕਵਿਤਾ ਦਾ ਪੂਰੀ ਬਾਰੀਕੀ ਨਾਲ 32 ਸਫ਼ਿਆਂ ਵਿਚ ਵਿਸ਼ਲੇਸ਼ਣ ਕੀਤਾ ਹੈ। ਪੰਜਾਬ ਦੇ ਇਤਿਹਾਸਕਾਰ ਆਮ ਤੌਰ ’ਤੇ ਸਭ ਵਰਤਾਰਿਆਂ ਨੂੰ ਧਰਮ ਦੀਆਂ ਐਨਕਾਂ ਵਿਚਦੀ ਵੇਖਣ ਦੇ ਆਦੀ ਹਨ, ਪਰ ਡਾ. ਨੀਲਾਦ੍ਰੀ ਨੇ ਸਾਰੀ ਕਿਤਾਬ ਵਿਚ ਸ਼ਾਇਦ ਹੀ ਕਿਤੇ ‘ਹਿੰਦੂ’, ‘ਸਿੱਖ’ ਜਾਂ ‘ਮੁਸਲਿਮ’ ਸ਼ਬਦ ਦੀ ਵਰਤੋਂ ਕੀਤੀ ਹੋਵੇ। ਪੰਜਾਬੀ ਯੂਨੀਵਰਸਿਟੀ ਨੂੰ ਇਸ ਕਿਤਾਬ ਦਾ ਪੰਜਾਬੀ ਅਨੁਵਾਦ ਕਰਵਾ ਕੇ ਛਾਪਣਾ ਚਾਹੀਦਾ ਹੈ।

ਸੰਪਰਕ: 98728-22417


Comments Off on ਪੰਜਾਬ ਦੇ ਪੇਂਡੂ ਜੀਵਨ ਦੀ ਮੁੜ-ਉਸਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.