ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਪੰਜਾਬ ਦਾ ਮਾਣ: ਬਾਬਾ ਖੜਕ ਸਿੰਘ

Posted On June - 12 - 2019

ਮਨਪ੍ਰੀਤ ਕੌਰ
ਬਾਬਾ ਖੜਕ ਸਿੰਘ ਦਾ ਜਨਮ 6 ਜੂਨ, 1868 ਈ. ਨੂੰ ਸਿਆਲਕੋਟ ਵਿਚ ਰਾਏ ਬਹਾਦਰ ਹਰੀ ਸਿੰਘ ਦੇ ਘਰ ਹੋਇਆ, ਜੋ ਕਿ ਬ੍ਰਿਟਿਸ਼ ਗੌਰਮਿੰਟ ਵਿਚ ਉੱਚ ਅਧਿਕਾਰੀ ਸਨ। ਬਾਬਾ ਜੀ ਬੀਏ ਦੀ ਡਿਗਰੀ ਕਰਨ ਮਗਰੋਂ ਐੱਲਐੱਲਬੀ ਪਾਸ ਕਰਕੇ ਵਕੀਲ ਬਣ ਗਏ। ਉਹ ਮੁੱਢ ਤੋਂ ਹੀ ਆਜ਼ਾਦੀ ਦੇ ਆਸ਼ਿਕ ਤੇ ਗੁਲਾਮੀ ਦੇ ਕੱਟੜ ਵੈਰੀ ਸਨ। ਭਾਵੇਂ ਹੋਣਹਾਰ ਤੇ ਪੰਥ ਵਿਚ ਹਰਮਨ ਭਾਉਂਦਾ ਦੇਖ ਕੇ ਸਰਕਾਰ ਨੇ ਉਨ੍ਹਾਂ ਨੂੰ ਜੁਡੀਸ਼ਲ ਅਹੁਦੇ ਵੀ ਪੇਸ਼ ਕੀਤੇ ਪਰ ਉਹ ਸਦਾ ਨੌਕਰੀ ਕਰਨ ਤੋਂ ਇਨਕਾਰੀ ਰਹੇ ਅਤੇ ਆਜ਼ਾਦ ਰਹਿ ਕੇ ਪ੍ਰੈਕਟਿਸ ਕਰਨਾ ਹੀ ਠੀਕ ਸਮਝਿਆ।
ਬਾਬਾ ਖੜਕ ਸਿੰਘ ਦੇ ਆਗਮਨ ਤੋਂ ਪਹਿਲਾਂ ਜੇ ਸਿੱਖਾਂ ਦੀ ਕੋਈ ਹਰਮਨ ਪਿਆਰੀ ਕਾਨਫਰੰਸ ਸੀ ਤਾਂ ਉਹ ‘ਸਿੱਖ ਐਜੂਕੇਸ਼ਨਲ ਕਾਨਫਰੰਸ’ ਸੀ, ਜਿਸ ਵਿਚ ਸਿੱਖ ਕੌਮ ਦੇ ਵਿਦਵਾਨ ਹਰ ਸਾਲ ਇਕੱਠੇ ਹੁੰਦੇ ਅਤੇ ਵਿੱਦਿਆ ਸਬੰਧੀ ਸੋਚ-ਵਿਚਾਰ ਕਰਦੇ। ਇਸ ਸੰਸਥਾ ਨੇ ਸਿੱਖਾਂ ਵਿਚ ਵਿੱਦਿਆ ਦੇ ਵਿਕਾਸ ਅਤੇ ਪ੍ਰਵਾਸ ਵਿਚ ਵੱਡਾ ਯੋਗਦਾਨ ਪਾਇਆ, ਜਿਸ ਸਦਕਾ ਸਿੱਖ ਵਿੱਦਿਅਕ ਸੰਸਥਾਵਾਂ ਹੋਂਦ ਵਿੱਚ ਆਈਆਂ। ‘ਸਿੱਖ ਐਜੂਕੇਸ਼ਨਲ ਕਾਨਫਰੰਸ’ ਦਾ ਪੰਜਵਾਂ ਸੈਸ਼ਨ ਸਿਆਲਕੋਟ ਵਿਚ ਹੋਇਆ। ਇਸ ਵਿਚ ਸਰਦਾਰ ਖੜਕ ਸਿੰਘ ਨੂੰ ਸੁਆਗਤ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਕਾਨਫਰੰਸ ਵਿਚ ਬਾਬਾ ਖੜਕ ਸਿੰਘ ਵੱਲੋਂ ਦਿੱਤੇ ਗਏ ਭਾਸ਼ਣ ਨੂੰ ਸਿੱਖਾਂ ਨੇ ਬਹੁਤ ਪਸੰਦ ਕੀਤਾ।
ਕਾਨਫਰੰਸ ਦਾ ਨੌਵਾਂ ਸਮਾਗਮ ਤਰਨਤਾਰਨ ਵਿਚ ਹੋਇਆ, ਜਿੱਥੇ ਉਨ੍ਹਾਂ ਨੂੰ ਪੰਥ ਵੱਲੋਂ ਪ੍ਰਧਾਨ ਥਾਪਿਆ ਗਿਆ। ਸੰਨ 1920 ਵਿਚ ਸਿੱਖ ਲੀਗ ਦਾ ਜੋ ਸੈਸ਼ਨ ਹੋਇਆ, ਉਸ ਦਾ ਪ੍ਰਧਾਨ ਵੀ ਬਾਬਾ ਜੀ ਨੂੰ ਨਿਯੁਕਤ ਗਿਆ। ਉਸ ਵੇਲੇ ਲਾਹੌਰ ਵਿਚ ਉਨ੍ਹਾਂ ਨੇ ਨਾ-ਮਿਲਵਰਤਨ ਅੰਦੋਲਨ ਦੇ ਹਰ ਪੱਖ ’ਤੇ ਚਾਨਣ ਪਾਇਆ। ਇਸ ਦਾ ਅਸਰ ਇਹ ਹੋਇਆ ਕਿ ਪੰਥ ਨੇ ਬਹੁਮਤ ਨਾਲ ਅੰਦੋਲਨ ਦਾ ਮਤਾ ਪਾਸ ਕਰ ਦਿੱਤਾ। ਇਸ ਜਲਸੇ ਵਿਚ ਮਹਾਤਮਾ ਗਾਂਧੀ, ਮੌਲਾਨਾ ਕਲਾਮ ਆਜ਼ਾਦ ਅਤੇ ਮੌਲਾਨਾ ਸ਼ੌਕਤ ਅਲੀ ਵਰਗੇ ਪ੍ਰਸਿੱਧ ਆਗੂਆਂ ਨੇ ਸ਼ਮੂਲੀਅਤ ਕੀਤੀ।
ਜਦ 1920 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤਾਂ ਸਿੱਖਾਂ ਨੇ ਉਨ੍ਹਾਂ ਨੂੰ ਇਸ ਦਾ ਜਥੇਦਾਰ ਥਾਪਿਆ। ਸਿੱਖ ਕੌਮ ’ਤੇ ਬੜੇ ਕਰੜੇ ਵੇਲੇ ਆਏ, ਪਰ ਉਨ੍ਹਾਂ ਦੀ ਦਲੇਰੀ ਤੇ ਲਿਆਕਤ ਕਾਰਨ ਸਿੱਖਾਂ ਨੂੰ ਨਿਮਰਤਾ ਵਿਚ ਵੀ ਜਿੱਤ ਪ੍ਰਾਪਤ ਹੁੰਦੀ ਰਹੀ। ਸ਼੍ਰੋਮਣੀ ਕਮੇਟੀ ਦੀ ਜਥੇਦਾਰੀ ਐਨੀ ਵੱਡੀ ਜ਼ਿੰਮੇਵਾਰੀ ਸੀ ਕਿ ਬਾਬਾ ਖੜਕ ਸਿੰਘ ਮਗਰੋਂ ਇਹ ਪਦਵੀ ਮਹਿਤਾਬ ਸਿੰਘ ਨੂੰ ਪੇਸ਼ ਕੀਤੀ ਗਈ ਤਾਂ ਉਨ੍ਹਾਂ ਮਨ੍ਹਾਂ ਕਰਦੇ ਹੋਏ ਕਿਹਾ ਕਿ ਉਹ ਇਸ ਪਦਵੀ ਦੇ ਅਸਮਰੱਥ ਹਨ। ਪਰ ਸੰਗਤ ਦੇ ਜ਼ੋਰ ਦੇਣ ’ਤੇ ਬਾਅਦ ਵਿਚ ਮਹਿਤਾਬ ਸਿੰਘ ਨੇ ਇਹ ਪਦਵੀ ਸਵੀਕਾਰ ਕਰ ਲਈ। ਸਿੱਖ ਕੌਮ ਦੀ ਖੁਸ਼ਕਿਸਮਤੀ ਸੀ ਕਿ ਬਾਬਾ ਖੜਕ ਸਿੰਘ ਤੇ ਮਹਿਤਾਬ ਸਿੰਘ ਦੀ ਜੋੜੀ ਨੇ ਸਿੱਖ ਕੌਮ ਦੀ ਡਾਵਾਂਡੋਲ ਬੇੜੀ ਨੂੰ ਸਿਆਣਪ ਨਾਲ ਪਾਰ ਲਗਾਇਆ।
ਅਜੇ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਬਣਿਆ ਉਨ੍ਹਾਂ ਨੂੰ ਥੋੜਾ ਚਿਰ ਹੀ ਹੋਇਆ ਸੀ ਕਿ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਚਾਬੀਆਂ ਦਾ ਝਗੜਾ ਖੜ੍ਹਾ ਕਰ ਦਿੱਤਾ। ਜਦ ਵਿਰੋਧ ਲਈ ਦੀਵਾਨ ਹੋਏ ਤਾਂ ਉਨ੍ਹਾਂ ਨੂੰ ਗੈਰਕਾਨੂੰਨੀ ਕਰਾਰ ਦੇ ਕੇ ਸਰਕਾਰ ਦੇ ਪਾਜ ਖੋਲ੍ਹਣ ਵਾਲੇ ਸੂਰਮਿਆਂ ਨੂੰ ਜੇਲ੍ਹਾਂ ਵਿਚ ਡੱਕਣਾ ਸ਼ੁਰੂ ਕਰ ਦਿੱਤਾ ਗਿਆ। ਸਰਕਾਰ ਚਾਹੁੰਦੀ ਸੀ ਕਿ ਇਸ ਕੰਮ ਨਾਲ ਸਿੱਖਾਂ ਵਿਚ ਜੋ ਬੇਚੈਨੀ ਪੈਦਾ ਹੋ ਗਈ ਹੈ, ਉਸ ਨੂੰ ਜ਼ੋਰ ਨਾਲ ਦਬਾਅ ਦਿੱਤਾ ਜਾਵੇ ਪਰ ਇਹ ਗੱਲ ਸਿੱਖਾਂ ਦੇ ਸੁਭਾਅ ਦੇ ਉਲਟ ਸੀ।
ਜਦ ਬਾਬਾ ਖੜਕ ਸਿੰਘ ਨੇ ਦੇਖਿਆ ਕਿ ਸਰਕਾਰ ਰਾਜਸੀ ਬੇਚੈਨੀ ਬਹਾਨੇ ਧਾਰਮਿਕ ਦੀਵਾਨ ਵੀ ਬੰਦ ਕਰ ਰਹੀ ਹੈ ਤਾਂ ਉਨ੍ਹਾਂ ਨੇ ਝੱਟ ਹੀ ਅਜਨਾਲੇ ਵਿਚ ਦੀਵਾਨ ਕਰਨ ਦਾ ਮਤਾ ਪਾਸ ਕਰਵਾ ਦਿੱਤਾ। ਜਦ ਡਿਪਟੀ ਕਮਿਸ਼ਨਰ ਨੇ ਦੀਵਾਨ ਦੇ ਪ੍ਰਬੰਧਕਾਂ ਨੂੰ ਹੁਕਮ ਦੇ ਕੇ ਦੀਵਾਨ ਬੰਦ ਕਰਵਾਉਣ ਲਈ ਆਖਿਆ ਤਾਂ ਸ਼੍ਰੋਮਣੀ ਕਮੇਟੀ ਦੀ ਸਾਰੀ ਵਰਕਿੰਗ ਕਮੇਟੀ ਉੱਥੇ ਪਹੁੰਚੀ ਤੇ ਸਾਰਿਆਂ ਨੇ ਜਾ ਕੇ ਹੁਕਮ ਨੂੰ ਤੋੜਿਆ ਅਤੇ ਸਰਕਾਰ ਦੀ ਪੋਲ ਖੋਲ੍ਹੀ।
ਬਾਬਾ ਖੜਕ ਸਿੰਘ ਨੇ ਲੈਕਚਰ ਵਿਚ ਆਖਿਆ ਕਿ ਧਾਰਮਿਕ ਮਾਮਲਿਆਂ ਵਿਚ ਸਰਕਾਰ ਕੋਈ ਅੜਚਨ ਨਹੀਂ ਪਾ ਸਕਦੀ। ਉਨ੍ਹਾਂ ਨੇ ਕੌਮ ਨੂੰ ਸਰਕਾਰ ਦੀਆਂ ਚਾਲਾਂ ਤੋਂ ਹੁਸ਼ਿਆਰ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੇ ਕੋਈ ਸੱਜਣ ਫੜਿਆ ਜਾਵੇ ਤਾਂ ਉਸ ਦਾ ਕੰਮ ਦੂਜਾ ਸੱਜਣ ਕਰਨ ਲੱਗ ਜਾਵੇ।
ਅਜੇ ਇਨ੍ਹਾਂ ਲੈਕਚਰਾਂ ਦੀਆ ਰਿਪੋਰਟਾਂ ਅਖ਼ਬਾਰਾਂ ਵਿਚ ਛਪੀਆਂ ਹੀ ਸਨ ਕਿ ਪਿੱਛੋਂ ਖ਼ਬਰ ਆ ਗਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਖੜਕ ਸਿੰਘ, ਸਕੱਤਰ ਮਹਿਤਾਬ ਸਿੰਘ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਸਰਦਾਰ ਹਰੀ ਸਿੰਘ ਜਲੰਧਰ ਆਦਿ ਵਰਕਿੰਗ ਕਮੇਟੀ ਦੇ ਮੈਂਬਰ ਫੜੇ ਗਏ ਹਨ ਅਤੇ ਬਾਕੀ ਵੀ ਜਲਦੀ ਫੜੇ ਜਾ ਸਕਦੇ ਹਨ।
ਇਹ ਖ਼ਬਰ ਨਿਕਲਦੇ ਸਾਰ ਹੀ ਪੰਜਾਬ ਵਿਚ ਸਿੱਖਾਂ ਨੇ ਜਲਸੇ ਰੋਕੂ ਕਾਨੂੰਨ ਨੂੰ ਛਿੱਕੇ ’ਤੇ ਟੰਗ ਕੇ ਜਲਸੇ ਕਰਨੇ ਸ਼ੁਰੂ ਕਰ ਦਿੱਤੇ ਤੇ ਸਰਕਾਰ ਵੱਲੋਂ ਗ੍ਰਿਫ਼ਤਾਰੀਆਂ ਸ਼ੁਰੂ ਹੋ ਗਈਆਂ। ਲਗਭਗ 300 ਸਿੰਘ ਸੂਰਮੇ ਜੇਲ੍ਹਾਂ ਵਿਚ ਬੰਦ ਕਰ ਦਿੱਤੇ ਗਏ। ਇਨ੍ਹਾਂ ਵਿਚ ਬਾਬਾ ਖੜਕ ਸਿੰਘ ਵੀ ਸ਼ਾਮਿਲ ਸਨ, ਜਿਨ੍ਹਾਂ ਨੂੰ ਕੈਦੀ ਬਣਾ ਕੇ ਡੇਰਾ ਗਾਜ਼ੀ ਖਾਂ ਜੇਲ੍ਹ ਭੇਜ ਦਿੱਤਾ ਗਿਆ। ਪਰ ਸਰਕਾਰ ਨੂੰ ਆਖਿਰ ਹਾਰ ਮੰਨਣੀ ਪਈ। ਜਿਨ੍ਹਾਂ ਹੱਥਾਂ ਨਾਲ ਸਿੱਖਾਂ ਤੋਂ ਚਾਬੀਆਂ ਲਈਆਂ ਗਈਆਂ ਸਨ, ਉਨ੍ਹਾਂ ਹੱਥਾਂ ਨਾਲ ਹੀ ਸਰਕਾਰ ਨੇ ਦਰਬਾਰ ਸਾਹਿਬ ਦੀਆਂ ਚਾਬੀਆਂ ਖੜਕ ਸਿੰਘ ਨੂੰ ਵਾਪਿਸ ਕੀਤੀਆਂ।
ਨਾ-ਮਿਲਵਰਤਨ ਦੇ ਸਮੇਂ ਦੌਰਾਨ ਸਰਕਾਰ ਵੱਲੋਂ ਲਾਲਾ ਲਾਜਪਤ ਰਾਏ ਨੁੰ ਗ੍ਰਿਫਤਾਰ ਕਰ ਲਿਆ ਗਿਆ, ਜੋ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸਨ। ਇਸ ਤੋਂ ਬਾਅਦ ਆਗਾ ਮੁਹੰਮਦ ਸ਼ਫਦਰ ਪ੍ਰਧਾਨ ਬਣੇ, ਉਹ ਵੀ ਗ੍ਰਿਫਤਾਰ ਕਰ ਲਏ ਗਏ। ਤਦ ਕਾਂਗਰਸ ਨੇ ਬਾਬਾ ਖੜਕ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ। ਇਸ ਸਭ ਵਿਚ ਸਰਕਾਰ ਬਾਬਾ ਖੜਕ ਸਿੰਘ ਨੂੰ ਕੈਦ ਕਰਨ ਦਾ ਬਹਾਨਾ ਲੱਭਦੀ ਰਹੀ। ਜਦ ਕੋਈ ਹੋਰ ਬਹਾਨਾ ਨਾ ਮਿਲਿਆ ਤਾਂ ਕਿਰਪਾਨਾਂ ਬਣਾਉਣ ਕਾਰਨ ਹੀ ਉਨ੍ਹਾਂ ਨੂੰ ਤਿੰਨ ਸਾਲ ਦੀ ਕੈਦ ਸੁਣਾ ਦਿੱਤੀ ਗਈ।
ਬਾਬਾ ਖੜਕ ਸਿੰਘ ਮੁਲਕੀ ਸੇਵਾ ’ਚ ਪਹਿਲੇ ਦਰਜੇ ਦੇ ਨਿਡਰ ਤੇ ਦਲੇਰ ਯੋਧਾ ਸਨ। ਜਿਸ ਕੰਮ ਵਿਚ ਜ਼ਿਆਦਾ ਖ਼ਤਰਾ ਹੁੰਦਾ ਸੀ, ਉਹ ਕੰਮ ਕਰਨ ਲਈ ਬਾਬਾ ਜੀ ਪਹਿਲਾਂ ਪਹੁੰਚਦੇ। ਇਹੀ ਕਾਰਨ ਸੀ ਕਿ ਜਿਸ ਮੋਰਚੇ ਨੂੰ ਬਾਬਾ ਖੜਕ ਸਿੰਘ ਹੱਥ ਪਾ ਲੈਂਦੇ, ਉਹ ਫ਼ਤਹਿ ਹੋ ਜਾਂਦਾ।
ਬਾਬਾ ਖੜਕ ਸਿੰਘ 6 ਅਕਤੂਬਰ ਨੂੰ ਸੰਘਰਸ਼ਮਈ ਜ਼ਿੰਦਗੀ ਜਿਊਂਦੇ ਹੋਏ ਸੰਸਾਰ ਨੂੰ ਅਲਵਿਦਾ ਕਹਿ ਗਏ। 1988 ਵਿਚ ਭਾਰਤ ਸਰਕਾਰ ਨੇ ਉਨ੍ਹਾਂ ਦੇ ਸਨਮਾਨ ਵਿਚ ਡਾਕ ਟਿਕਟ ਜਾਰੀ ਕੀਤੀ ਅਤੇ ਦਿੱਲੀ ਵਿਚ ਉਨ੍ਹਾਂ ਦੇ ਨਾਂ ’ਤੇ ‘ਬਾਬਾ ਖੜਕ ਸਿੰਘ ਮਾਰਗ’ ਦੀ ਸਥਾਪਨਾ ਕੀਤੀ ਗਈ।
ਸੰਪਰਕ: 90410-01533


Comments Off on ਪੰਜਾਬ ਦਾ ਮਾਣ: ਬਾਬਾ ਖੜਕ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.