ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਪੰਜਾਬੀ ਫ਼ਿਲਮਾਂ ਦਾ ਮਕਬੂਲ ਅਦਾਕਾਰ ਦਲਜੀਤ

Posted On June - 8 - 2019

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ

ਮਨਦੀਪ ਸਿੰਘ ਸਿੱਧੂ

1950ਵਿਆਂ ਦੇ ਦਹਾਕੇ ਵਿਚ ਪੰਜਾਬੀ ਫ਼ਿਲਮਾਂ ਦੀ ਦੁਨੀਆਂ ਵਿਚ ਇਕ ਖ਼ੂਬਸੂਰਤ ਚਿਹਰੇ ਦੀ ਆਮਦ ਹੋਈ, ਜਿਸਨੇ ਆਪਣੀ ਦਿਲਕਸ਼ ਅਦਾਕਾਰੀ ਜ਼ਰੀਏ ਦਰਸ਼ਕਾਂ ਦੇ ਮਨਾਂ ’ਚ ਪਛਾਣ ਕਾਇਮ ਕਰ ਲਈ। ਜੁਗਿੰਦਰ ਪੁਰੀ ਉਰਫ਼ ਦਲਜੀਤ ਦੀ ਪੈਦਾਇਸ਼ 17 ਸਤੰਬਰ 1931 ਨੂੰ ਸਾਂਝੇ ਪੰਜਾਬ ਦੇ ਸ਼ਹਿਰ ਸਿਆਲਕੋਟ ਦੇ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। 22 ਸਾਲ ਦੀ ਉਮਰ ਵਿਚ ਉਸਨੇ ਹਿੰਦੀ ਫ਼ਿਲਮਾਂ ਦੇ ਵੱਡੇ ਮਰਕਜ਼ ਬੰਬੇ ਦਾ ਰੁਖ਼ ਕੀਤਾ। ਇੱਥੇ ਉਸਦੀ ਮੁਲਾਕਾਤ ਸਰਦੂਲ ਕਵਾਤੜਾ ਦੇ ਵੱਡੇ ਭਰਾ ਹਰਚਰਨ ਸਿੰਘ ਕਵਾਤੜਾ ਨਾਲ ਹੋਈ। ਸਕਰੀਨ ਟੈਸਟ ਤੋਂ ਬਾਅਦ ਉਨ੍ਹਾਂ ਨੇ ਉਸਦੀ ਚੋਣ ਆਪਣੀ ਨਵੀਂ ਬਣ ਰਹੀ ਪੰਜਾਬੀ ਫ਼ਿਲਮ ਲਈ ਕੀਤੀ।
ਕਵਾਤੜਾ ਫ਼ਿਲਮਜ਼, ਬੰਬੇ ਦੇ ਬੈਨਰ ਹੇਠ ਸ਼ਾਂਤੀ ਪ੍ਰਕਾਸ਼ ਬਖ਼ਸ਼ੀ ਦੀ ਹਿਦਾਇਤਕਾਰੀ ’ਚ ਬਣੀ ਪੰਜਾਬੀ ਫ਼ਿਲਮ ‘ਕੌਡੇ ਸ਼ਾਹ’ (1953) ਵਿਚ ਦਲਜੀਤ ਨੂੰ ਨਵੇਂ ਹੀਰੋ ਵਜੋਂ ਪੇਸ਼ ਕੀਤਾ ਗਿਆ। ਦਲਜੀਤ ਨੇ ਫ਼ਿਲਮ ਵਿਚ ‘ਸੋਹਣਾ’ ਨਾਮੀਂ ਕਿਰਦਾਰ ਅਦਾ ਕੀਤਾ, ਜਿਸਦੇ ਰੂ-ਬ-ਰੂ ਅਦਾਕਾਰਾ ਸ਼ਿਆਮਾ ‘ਬਿੱਲੋ’ ਦਾ ਪਾਰਟ ਨਿਭਾ ਰਹੀ ਸੀ। ਸਰਦੂਲ ਕਵਾਤੜਾ ਦੇ ਸੰਗੀਤ ਵਿਚ ਵਰਮਾ ਮਲਿਕ ਦੇ ਲਿਖੇ 12 ਗੀਤਾਂ ’ਚੋਂ 2 ਗੀਤ ਦਲਜੀਤ ਅਤੇ ਸ਼ਿਆਮਾ ’ਤੇ ਫ਼ਿਲਮਾਏ। 3 ਜੁਲਾਈ 1953 ਨੂੰ ਹਰੀ ਪੈਲੇਸ, ਜਲੰਧਰ ਵਿਖੇ ਰਿਲੀਜ਼ਸ਼ੁਦਾ ਇਹ ਫ਼ਿਲਮ ਸੁਪਰਹਿੱਟ ਰਹੀ। ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਦਲਜੀਤ ਦੀ ਪਹਿਲੀ ਹਿੰਦੀ ਫ਼ਿਲਮ ਸ਼ਾਹ ਪਿਕਚਰਜ਼, ਬੰਬਈ ਦੀ ਨਸੀਮ ਸਦੀਕੀ ਨਿਰਦੇਸ਼ਿਤ ‘ਲੈਲਾ’ (1954) ਸੀ। ਫ਼ਿਲਮ ਵਿਚ ਹੀਰੋਇਨ ਦਾ ਪਾਰਟ ਸ਼ਕੀਲਾ ਨੇ ਨਿਭਾਇਆ।
ਉਸਦੀ ਦੂਜੀ ਪੰਜਾਬੀ ਫ਼ਿਲਮ ਗੋਲਡਨ ਮੂਵੀਜ਼, ਬੰਬੇ ਦੀ ਜੁਗਲ ਕਿਸ਼ੋਰ ਨਿਰਦੇਸ਼ਿਤ ‘ਦੋ ਲੱਛੀਆਂ’ (1960) ਸੀ। ਇਸ ਵਿਚ ਦਲਜੀਤ ਨੇ ‘ਸੋਹਣਾ’ ਅਤੇ ਅਦਾਕਾਰਾ ਇੰਦਰਾ ਬਿੱਲੀ ਨੇ ‘ਲੱਛੀ’ ਦਾ ਪਾਰਟ ਨਿਭਾਇਆ। ਹੰਸਰਾਜ ਬਹਿਲ ਦੇ ਸੰਗੀਤ ’ਚ ਵਰਮਾ ਮਲਿਕ ਦੇ ਲਿਖੇ ਤੇ ਦਲਜੀਤ ਤੇ ਇੰਦਰਾ ’ਤੇ ਫ਼ਿਲਮਾਏ ‘ਇਕ ਪਿੰਡ ਦੋ ਲੱਛੀਆਂ ਦੂਜੀ ਲੱਛੀ ਨੇ ਪੁਆੜਾ ਪਾਇਆ’ (ਮੁਹੰਮਦ ਰਫ਼ੀ, ਸ਼ਮਸ਼ਾਦ ਬੇਗ਼ਮ), ‘ਅਸਾਂ ਕੀਤੀ ਏ ਤੇਰੇ ਨਾਲ ਥੂ’ (ਲਤਾ ਮੰਗੇਸ਼ਕਰ) ਤੇ ਭੰਗੜਾ ਗੀਤ ‘ਗੋਰਾ ਰੰਗ ਨਾ ਹੋ ਜਾਵੇ ਕਾਲਾ’ (ਮੁਹੰਮਦ ਰਫ਼ੀ, ਸ਼ਮਸ਼ਾਦ ਬੇਗ਼ਮ) ਤੋਂ ਇਲਾਵਾ ਪੁਰਸੋਜ਼ ਗੀਤ ‘ਸਾਰੀ ਉਮਰਾਂ ਦੇ ਪੈ ਗਏ ਵਿਛੋੜੇ’ (ਮੁਹੰਮਦ ਰਫ਼ੀ, ਸ਼ਮਸ਼ਾਦ ਬੇਗ਼ਮ) ਵੀ ਬੜੇ ਪਸੰਦ ਕੀਤੇ ਗਏ। ਦਲਜੀਤ ਦੀ ਤੀਜੀ ਪੰਜਾਬੀ ਫ਼ਿਲਮ ਈਸਟ ਐਂਡ ਵੈਸਟ ਮੂਵੀਜ਼, ਬੰਬੇ ਦੀ ‘ਪੱਗੜੀ ਸੰਭਾਲ ਜੱਟਾ’ (1960) ਸੀ। ਉਸ ਨਾਲ ਹੀਰੋਇਨ ਵਜੋਂ ਰੂਪਮਾਲਾ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੀ ਸੀ। ਸ੍ਰੀ ਗੁਰੂ ਬਚਨ ਦੇ ਸੰਗੀਤ ’ਚ ਵਰਮਾ ਮਲਿਕ ਦੇ ਲਿਖੇ ਤੇ ਦਲਜੀਤ ’ਤੇ ਫ਼ਿਲਮਾਏ ‘ਦੰਦਾਂ ਵਿਚ ਮੇਖਾਂ ਨੇ’ ਤੇ ਭੰਗੜਾ ਗੀਤ ‘ਗੱਲ੍ਹਾਂ ਗੋਰੀਆਂ ਤੇ ਹੋਂਠ ਗੁਲਾਬੀ’ (ਮੁਹੰਮਦ ਰਫ਼ੀ, ਮੀਨੂੰ ਪ੍ਰਸ਼ੋਤਮ) ਵੀ ਬੜੇ ਮਕਬੂਲ ਹੋਏ। ਨਿਊ ਲਿੰਕ ਫ਼ਿਲਮਜ਼, ਬੰਬੇ ਦੀ ਫ਼ਿਲਮ ‘ਬਿੱਲੋ’ (1961) ’ਚ ਇਕ ਵਾਰ ਫਿਰ ਇੰਦਰਾ ਦਲਜੀਤ ਦੀ ਹੀਰੋਇਨ ਦੇ ਰੂਪ ਵਿਚ ਮੌਜੂਦ ਸੀ। ਸਰਦੂਲ ਕਵਾਤੜਾ ਦੇ ਸੰਗੀਤ ’ਚ ਅਜ਼ੀਜ਼ ਕਸ਼ਮੀਰੀ ਦੇ ਲਿਖੇ ਤੇ ਦਲਜੀਤ-ਇੰਦਰਾ ’ਤੇ ਫ਼ਿਲਮਾਏ ਗੀਤ ‘ਤੰਗ ਪਹੁੰਚਿਆਂ ਦੀ ਪਾ ਕੇ ਲੱਠੇ ਦੀ ਸਲਵਾਰ’ (ਮੁਹੰਮਦ ਰਫ਼ੀ, ਸ਼ਮਸ਼ਾਦ ਬੇਗ਼ਮ) ਅਤੇ ‘ਨੀ ਬਚ ਮੋੜ ਤੋਂ ਨੀ ਕੁੜੀਏ’ (ਮੁਹੰਮਦ ਰਫ਼ੀ, ਆਸ਼ਾ ਭੋਸਲੇ) ਸੀ। ਇਹ ਫ਼ਿਲਮ 13 ਅਪਰੈਲ 1961 ਨੂੰ ਚਿੱਤਰਾ ਟਾਕੀਜ਼, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਵਿਸ਼ਵ ਵਿਜੈ ਮੰਦਰ, ਬੰਬੇ ਦੀ ਜੁਗਲ ਕਿਸ਼ੋਰ ਨਿਰਦੇਸ਼ਿਤ ਫ਼ਿਲਮ ‘ਗੁੱਡੀ’ (1961) ’ਚ ਦਲਜੀਤ ਨੇ ਸਟੇਸ਼ਨ ਮਾਸਟਰ ‘ਬਾਬੂ ਚਮਨ ਲਾਲ’ ਦਾ ਕਿਰਦਾਰ ਅਤੇ ਨਿਸ਼ੀ ਨੇ ‘ਗੁੱਡੀ’ ਦਾ ਕਿਰਦਾਰ ਨਿਭਾਇਆ। ਦਲਜੀਤ ’ਤੇ ਫ਼ਿਲਮਾਏ ‘ਸਾਨੂੰ ਤੱਕ ਕੇ ਸੰਗਿਆ ਕਰੋ’ (ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ) ਤੋਂ ਇਲਾਵਾ ਰੁਮਾਨੀ ਗੀਤ ‘ਪਿਆਰ ਦੇ ਭੁਲੇਖੇ ਕਿੰਨੇ ਸੋਹਣੇ-ਸੋਹਣੇ ਖਾ ਗਏ’ (ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ) ਬੇਹੱਦ ਮਕਬੂਲ ਹੋਏ। ਫ਼ਿਲਮ 10 ਮਾਰਚ 1961 ਨੂੰ ਸੁਸਾਇਟੀ ਥੀਏਟਰ, ਲੁਧਿਆਣਾ ਵਿਖੇ ਰਿਲੀਜ਼ ਹੋਈ ਤੇ ਸੁਪਰਹਿੱਟ ਕਰਾਰ ਪਾਈ। ਹਰੀ ਦਰਸ਼ਨ ਚਿੱਤਰ, ਬੰਬੇ ਦੀ ਜੁਗਲ ਕਿਸ਼ੋਰ ਨਿਰਦੇਸ਼ਿਤ ਫ਼ਿਲਮ ‘ਲਾਜੋ’ (1963) ’ਚ ਦਲਜੀਤ ਨੇ ‘ਪੂਰਨ’ ਅਤੇ ਅਦਾਕਾਰਾ ਨਿਸ਼ੀ ਨੇ ‘ਲਾਜੋ’ ਦਾ ਪਾਤਰ ਨਿਭਾਇਆ। ਦਲਜੀਤ-ਨਿਸ਼ੀ ’ਤੇ ਫ਼ਿਲਮਾਏ ‘ਦੱਸ ਵੇ ਕਿਓਂ ਬੁਲਾਇਆ ਈ’ (ਸ਼ਮਸ਼ਾਦ ਬੇਗ਼ਮ, ਮੁਹੰਮਦ ਰਫ਼ੀ) ਅਤੇ ਭੰਗੜਾ ਗੀਤ ‘ਜੱਟ, ਜੱਟੀ ਨੂੰ ਡਰਾਵਣ ਆਇਆ’ (ਸ਼ਮਸ਼ਾਦ, ਰਫ਼ੀ, ਐੱਸ, ਬਲਬੀਰ) ਵੀ ਬੜੇ ਹਿੱਟ ਹੋਏ। ਇਹ ਫ਼ਿਲਮ 14 ਜਨਵਰੀ 1964 ਨੂੰ ਇੰਦਰ ਪੈਲੇਸ, ਅੰਮ੍ਰਿਤਸਰ ਵਿਖੇ ਪਰਦਾਪੇਸ਼ ਹੋਈ। ਸੀਤਲ ਮੂਵੀਜ਼, ਬੰਬੇ ਦੀ ਕੇ. ਚੰਦਰਾ ਨਿਰਦੇਸ਼ਿਤ ਫ਼ਿਲਮ ‘ਭਰਜਾਈ’ (1964) ’ਚ ਦਲਜੀਤ ਨੇ ‘ਪੁਨੂੰ ਭਲਵਾਨ’ ਕਿਰਦਾਰ ਨਿਭਾਇਆ, ਜਿਸਦੇ ਰੂ-ਬ-ਰੂ ਨਵੀਂ ਅਦਾਕਾਰਾ ਰਾਜਮਾਲਾ ‘ਚੰਨੋ’ ਦੇ ਰੂਪ ’ਚ ਮੌਜੂਦ ਸੀ। ਹੰਸਰਾਜ ਬਹਿਲ ਦੀ ਮੌਸੀਕੀ ’ਚ ਵਰਮਾ ਮਲਿਕ ਦੇ ਲਿਖੇ ‘ਰੁੱਸ ਗਏ ਹਜ਼ੂਰ ਨਿੱਕੀ ਜਈ ਗੱਲੋਂ’, ‘ਅੱਖਾਂ ਕਾਲੀਆਂ ਤੇ ਮੁੱਖੜਾ ਗੁਲਾਬੀ’, ‘ਤੇਰੀ ਗੁੱੱਤ ਗਿੱਟਿਆਂ ਤੱਕ ਲਮਕੇ’ (ਐੱਸ. ਬਲਬੀਰ, ਮੀਨੂੰ ਪੁਰਸ਼ੋਤਮ) ਗੀਤ ਵੀ ਬੜੇ ਹਿੱਟ ਹੋਏ।

ਮਨਦੀਪ ਸਿੰਘ ਸਿੱਧੂ

ਦਾਰਾ ਪਿਕਚਰਜ਼, ਬੰਬੇ ਦੀ ਦਾਰਾ ਸਿੰਘ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਨਾਨਕ ਦੁਖੀਆ ਸਭ ਸੰਸਾਰ’ (1971) ਵਿਚ ਦਲਜੀਤ ਨੇ ‘ਸੰਤਰਾਮ’ ਦਾ ਅਤੇ ਅਚਲਾ ਸਚਦੇਵ ਨੇ ‘ਭਾਗਭਰੀ’ ਦਾ ਕਿਰਦਾਰ ਨਿਭਾਇਆ। ਇਹ ਫ਼ਿਲਮ 2 ਜੁਲਾਈ 1971 ਨੂੰ ਆਦਰਸ਼ ਸਿਨਮਾ, ਅੰਮ੍ਰਿਤਸਰ ਵਿਚ ਰਿਲੀਜ਼ ਹੋਈ ਅਤੇ ਬੜੀ ਪਸੰਦ ਕੀਤੀ ਗਈ। ਦਾਰਾ ਪ੍ਰੋਡਕਸ਼ਨ ਦੀ ਫ਼ਿਲਮ ‘ਭਗਤ ਧੰਨਾ ਜੱਟ’ (1973) ਵਿਚ ਵੀ ਦਲਜੀਤ ਨੇ ਛੋਟਾ ਜਿਹਾ ਕਿਰਦਾਰ ਨਿਭਾਇਆ। ਦਲਜੀਤ ਨੇ ਵਿਸ਼ਾਲ ਰਾਜ ਪ੍ਰੋਡਕਸ਼ਨ, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿਚ ਹਿੰਦੂ ਮਿਥਿਹਾਸਿਕ ਪੰਜਾਬੀ ਫ਼ਿਲਮ ‘ਜੈ ਮਾਤਾ ਦੀ’ (1977) ਕੀਤੀ। ਫ਼ਿਲਮ ਵਿਚ ਉਸਨੇ ਆਪਣੇ ਫ਼ਰਜ਼ੰਦ ਮਾਸਟਰ ਸੱਤਿਆਜੀਤ ਨੂੰ ਪੇਸ਼ ਕਰਨ ਦੇ ਨਾਲ-ਨਾਲ ਆਪਣੇ ਦੌਰ ਦੀ ਮਕਬੂਲ ਅਦਾਕਾਰਾ ਸਰਦਾਰ ਅਖ਼ਤਰ ਤੋਂ ਵੀ ਅਦਾਕਾਰੀ ਕਰਵਾਈ। 21 ਮਾਰਚ 1980 ਨੂੰ ਇਹ ਫ਼ਿਲਮ ਏਸੀ ਥੀਏਟਰ, ਪਟਿਆਲਾ ਵਿਖੇ ਨੁਮਾਇਸ਼ ਹੋਈ। ਸਚਦੇਵਾ ਫ਼ਿਲਮਜ਼, ਬੰਬੇ ਦੀ ਪ੍ਰਤਾਪ ਸਾਗਰ ਨਿਰਦੇਸ਼ਿਤ ਫ਼ਿਲਮ ‘ਸ਼ਹੀਦ ਕਰਤਾਰ ਸਿੰਘ ਸਰਾਭਾ’ (1979) ਦਲਜੀਤ ਦੀ ਆਖ਼ਰੀ ਪੰਜਾਬੀ ਫ਼ਿਲਮ ਸੀ। ਫ਼ਿਲਮ ’ਚ ਉਸਨੇ ਰਜਨੀ ਸ਼ਰਮਾ (ਦੇਬੋ) ਦੇ ਪਿਤਾ ‘ਰਾਏ ਸਾਹਬ’ ਦਾ ਪਾਰਟ ਨਿਭਾਇਆ। ਫ਼ਿਲਮ ਵਿਚ ਉਸਦੇ ਫ਼ਰਜ਼ੰਦ ਸੱਤਿਆਜੀਤ ਨੇ ‘ਕਰਤਾਰ ਸਿੰਘ’ ਦਾ ਕਿਰਦਾਰ ਨਿਭਾਇਆ। ਇਹ ਫ਼ਿਲਮ 17 ਅਗਸਤ 1979 ਨੂੰ ਪ੍ਰਕਾਸ਼ ਥੀਏਟਰ, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ ਅਤੇ ਦਰਸ਼ਕਾਂ ਵੱਲੋਂ ਸਲਾਹੀ ਗਈ।
ਪੰਜਾਬੀ ਫ਼ਿਲਮਾਂ ’ਚ ਦਲਜੀਤ ਨੇ ਰੁਮਾਨੀ ਤੇ ਚਰਿੱਤਰ ਕਿਰਦਾਰ ਅਤੇ ਹਿੰਦੀ ਵਿਚ ਉਸਨੂੰ ਜ਼ਿਆਦਾਤਰ ਸਟੰਟ, ਕਾਲਪਨਿਕ ਅਤੇ ਤਲਿੱਸਮੀ ਫ਼ਿਲਮਾਂ ਵਿਚ ਹੀ ਹੀਰੋ ਦੇ ਪਾਤਰ ਨਿਭਾਉਣ ਦਾ ਮੌਕਾ ਮਿਲਿਆ। ਉਸਦੀ ਦੂਜੀ ਹਿੰਦੀ ਫ਼ਿਲਮ ਸ਼ਾਹ ਪਿਕਚਰਜ਼, ਬੰਬਈ ਦੀ ਨਾਨੂੰਭਾਈ ਵਕੀਲ ਨਿਰਦੇਸ਼ਿਤ ‘ਨੂਰ ਮਹਿਲ’ (1954) ਸੀ, ਜਿਸ ਵਿਚ ਹੀਰੋਇਨ ਦਾ ਰੋਲ ਨੂਰ ਨੇ ਕੀਤਾ। 1955 ਵਿਚ ਦਲਜੀਤ ਦੀਆਂ 4 ਫ਼ਿਲਮਾਂ ਰਿਲੀਜ਼ ਹੋਈਆਂ। ਉਸਨੇ ਮਦਨ ਚਿੱਤਰ, ਬੰਬਈ ਦੀ ‘ਬਗਦਾਦ ਕਾ ਚੋਰ’ ਅਤੇ ਸ਼ਾਹ ਪਿਕਚਰਜ਼, ਬੰਬਈ ਦੀ ‘ਰੂਪ ਬਸੰਤ’ ਅਦਾਕਾਰਾ ਚਿੱਤਰਾ ਨਾਲ ਕੀਤੀ। ਵਕੀਲ ਪ੍ਰੋਡਕਸ਼ਨ, ਬੰਬਈ ਦੀ ‘ਹਾਤਿਮਤਾਈ ਕੀ ਬੇਟੀ’ ’ਚ ‘ਅਸਲਮ’ ਦਾ ਅਤੇ ਕ੍ਰਿਸ਼ਨਾ ਕੁਮਾਰੀ ਨੇ ‘ਜਹਾਂਆਰਾ’ ਦਾ ਪਾਰਟ ਅਦਾ ਕੀਤਾ। ਸ਼ਾਹ ਪਿਕਚਰਜ਼, ਬੰਬਈ ਦੀ ‘ਸ਼ਾਹੀ ਚੋਰ’ ਵਿਚ ਉਸਨੇ ਅਦਾਕਾਰਾ ਸ਼ਕੀਲਾ ਨਾਲ ਕੰਮ ਕੀਤਾ।
1953 ਵਿਚ ਉਸਨੇ 10 ਫ਼ਿਲਮਾਂ ਕੀਤੀਆਂ। ਇਨ੍ਹਾਂ ਵਿਚ ਦੇਸਾਈ ਫ਼ਿਲਮਜ਼, ਬੰਬਈ ਦੀ ‘ਆਲਮਆਰਾ’ ਅਦਾਕਾਰਾ ਚਿੱਤਰਾ ਨਾਲ, ਹਿੰਦ ਪਿਕਚਰਜ਼, ਬੰਬਈ ਦੀ ‘ਆਵਾਰਾ ਸ਼ਹਿਜ਼ਾਦੀ’ (1956) ਮੀਨਾ ਸ਼ੋਰੀ ਨਾਲ, ਬੜੌਦਾ ਥੀਏਟਰ-ਸੁਪਰ ਮੂਵੀਜ਼, ਬੰਬਈ ਦੀ ‘ਬਾਗ਼ੀ ਸਰਦਾਰ’, ਸ਼ਾਹ ਪਿਕਚਰਜ਼, ਬੰਬਈ ਦੀ ‘ਇੰਦਰਸਭਾ’ ਅਤੇ ਸਟੈਂਡਰਡ ਫ਼ਿਲਮਜ਼, ਬੰਬਈ ਦੀ ‘ਬਸਰੇ ਕੀ ਹੂਰ’ ਅਦਾਕਾਰਾ ਚਿੱਤਰਾ ਨਾਲ ਕੀਤੀ। ਨਿਆਗਰਾ ਫ਼ਿਲਮਜ਼, ਬੰਬਈ ਦੀ ‘ਗ਼ੁਲਾਮ ਬੇਗ਼ਮ ਬਾਦਸ਼ਾਹ’ ਸ਼ੀਲਾ ਰਮਾਨੀ ਨਾਲ, ਵਕੀਲ ਪ੍ਰੋਡਕਸ਼ਨ, ਬੰਬਈ ਦੀ ‘ਲਾਲਾ-ਏ-ਯਮਨ’ ਅਨੀਤਾ ਗੂਹਾ ਨਾਲ, ਮੁਕੁਲ ਪਿਕਚਰਜ਼, ਬੰਬਈ ਦੀ ‘ਪਾਸਿੰਗ ਸ਼ੋਅ’ ਸ਼ਕੀਲਾ ਨਾਲ ਅਤੇ ਸੱਤਯ ਰਾਏ ਪ੍ਰੋਡਕਸ਼ਨਜ਼, ਬੰਬਈ ਦੀ ‘ਤਾਜ ਔਰ ਤਲਵਾਰ’ ਸ਼ਸ਼ੀ ਕਲਾ ਨਾਲ ਕੀਤੀ। 1957 ਵਿਚ ਦੇਸਾਈ ਪ੍ਰੋਡਕਸ਼ਨਜ਼, ਬੰਬਈ ਦੀ ਨਾਨੂੰ ਭਾਈ ਨਿਰਦੇਸ਼ਿਤ ਫ਼ਿਲਮ ‘ਬੰਸਰੀ ਬਾਲਾ’ ਚਿੱਤਰਾ, ਆਰ. ਐੱਫ. ਪਿਕਚਰਜ਼, ਬੰਬਈ ਦੀ ਫ਼ਿਲਮ ‘ਮਹਿਫ਼ਿਲ’ ਰੇਹਾਨਾ ਨਾਲ ਅਤੇ ਦੇਸਾਈ ਫ਼ਿਲਮਜ਼, ਬੰਬਈ ਦੀ ਫ਼ਿਲਮ ‘ਸਤੀ ਪ੍ਰੀਕਸ਼ਾ’ ਚਿੱਤਰਾ ਨਾਲ ਕੀਤੀ। 1958 ਵਿਚ ਐੱਨ. ਆਰ. ਪ੍ਰੋਡਕਸ਼ਨਜ਼, ਬੰਬਈ ਦੀ ਮਜਨੂੰ ਨਿਰਦੇਸ਼ਿਤ ਫ਼ਿਲਮ ‘ਚੰਦੂ’ ਅਦਾਕਾਰਾ ਮੀਨਾ ਸ਼ੋਰੀ ਨਾਲ, ਵਕੀਲ ਪ੍ਰੋਡਕਸ਼ਨਜ਼, ਬੰਬਈ ਦੀ ‘ਮਿਸ ਪੰਜਾਬ ਮੇਲ’ ਅਦਾਕਾਰਾ ਨਿਸ਼ੀ ਨਾਲ, ਨਟਰਾਜ ਪ੍ਰੋਡਕਸ਼ਨਜ਼, ਬੰਬਈ ਦੀ ‘ਮਿਸਟਰ ਕਾਰਟੂਨ ਐੱਮ. ਏ’, ਨੈਸ਼ਨਲ ਸਿਨੇ ਕਾਰਪੋਰੇਸ਼ਨ, ਬੰਬਈ ਦੀ ‘ਪਹਿਲਾ ਪਹਿਲਾ ਪਿਆਰ’ ਨਾਦਿਰਾ ਅਤੇ ਦੇਸਾਈ ਫ਼ਿਲਮਜ਼, ਬੰਬਈ ਦੀ ‘ਸ਼ਾਨ-ਏ-ਹਾਤਿਮ’ ਚਿੱਤਰਾ ਨਾਲ ਕੀਤੀ। 1959 ਵਿਚ ਦੀਪਕ ਫ਼ਿਲਮਜ਼, ਬੰਬਈ ਦੀ ‘ਲਾਲ ਨਿਸ਼ਾਨ’ ਰਾਧਿਕਾ ਨਾਲ ਕੀਤੀ। ਫ਼ਿਲਮਾਂ ’ਚ ਉਸ ਦੀ ਸਟੰਟ ਅਦਾਕਾਰੀ ਫ਼ਿਲਮ-ਮੱਦਾਹਾਂ ਨੇ ਖ਼ੂਬ ਪਸੰਦ ਕੀਤੀ।
1960 ਵਿਚ ਦੇਸਾਈ ਕਲਾ ਮੰਦਰ, ਬੰਬਈ ਦੀ ‘ਆਲਮਆਰਾ ਕੀ ਬੇਟੀ’ ਅਦਾਕਾਰਾ ਨੈਨਾ ਨਾਲ ਅਤੇ ਮੁਕੁੰਦ ਪਿਕਚਰਜ਼, ਬੰਬਈ ਦੀ ‘ਸਿੰਹਲਦੀਪ ਕੀ ਸੁੰਦਰੀ’ ਨਲਿਨੀ ਚੋਂਕਰ ਨਾਲ ਕੀਤੀ। 1961 ਵਿਚ ਯੂਨਿਟੀ ਪਿਕਚਰਜ਼, ਬੰਬਈ ਦੀ ‘ਅਨਾਰਬਾਲਾ’ ਕ੍ਰਿਸ਼ਨਾ ਕੁਮਾਰੀ, ਚਿੱਤਰਾਲਯਾ, ਬੰਬਈ ਦੀ ‘ਅਪਸਰਾ’ ਨਿਰੂਪਾ ਰਾਏ, ਮੂਵੀ ਹਿੱਟਸ, ਬੰਬਈ ਦੀ ‘ਕਿਸਮਤ ਪਲਟ ਕੇ ਦੇਖ’ ਪ੍ਰੀਤੀ ਬਾਲਾ, ਜੇ.ਡੀ. ਫ਼ਿਲਮਜ਼, ਬੰਬਈ ਦੀ ‘ਰੂਮ ਨੰਬਰ 17’ ਚਿੱਤਰਾ ਨਾਲ ਅਤੇ ਸ਼ੀਤਲ ਮੂਵੀਜ਼, ਬੰਬਈ ਦੀ ਕੈਲਾਸ਼ ਭੰਡਾਰੀ ਨਿਰਦੇਸ਼ਿਤ ‘ਦੇਖੀ ਤੇਰੀ ਬੰਬਈ’ ਅਦਾਕਾਰਾ ਪੂਰਣਿਮਾ ਨਾਲ ਕੀਤੀ। 1962 ਵਿਚ ਅਬਦੁੱਲ ਕਰੀਮ, ਬੰਬਈ ਦੀ ‘ਤਲਿਸਮੀ ਦੁਨੀਆ’ ਕ੍ਰਿਸ਼ਨਾ ਕੁਮਾਰੀ ਨਾਲ ਕਰਨ ਤੋਂ ਬਾਅਦ ਦਲਜੀਤ ਨੇ ਸਹਾਇਕ ਹੀਰੋ ਦੇ ਕਿਰਦਾਰ ਨਿਭਾਉਣੇ ਸ਼ੁਰੂ ਕਰ ਦਿੱਤੇ। ਇਸ ਸਮੇਂ ਦੌਰਾਨ ਰਿਲੀਜ਼ ਹੋਈਆਂ ਜੁਗਲ ਕਿਸ਼ੋਰ, ਬੰਬਈ ਦੀ ‘ਏਕ ਦਿਨ ਕਾ ਬਾਦਸ਼ਾਹ’ (1964) ਡਿੰਪਲ ਫ਼ਿਲਮਜ਼, ਬੰਬਈ ਦੀ ‘ਏਕ ਸਪੇਰਾ ਏਕ ਲੁਟੇਰਾ’ (1965) ਉਸ ਦੀਆਂ ਬਿਹਤਰੀਨ ਫ਼ਿਲਮਾਂ ਸਨ।
1970ਵਿਆਂ ਅਤੇ 80ਵਿਆਂ ਦੇ ਦਹਾਕੇ ਵਿਚ ਨੁਮਾਇਸ਼ ਹੋਈਆਂ ਫ਼ਿਲਮਾਂ ਵਿਚ ਦਲਜੀਤ ਨੇ ਸਿਰਫ਼ ਯਾਦਗਾਰੀ ਚਰਿੱਤਰ ਕਿਰਦਾਰ ਹੀ ਨਿਭਾਏ। ਇਨ੍ਹਾਂ ਵਿਚ ਸ਼ਾਮਲ ਹਨ ਆਸ਼ਾ ਮੂਵੀਜ਼, ਬੰਬਈ ਦੀ ‘ਏਕ ਪਹੇਲੀ’, ਸੰਗਮ ਫ਼ਿਲਮਜ਼, ਬੰਬਈ ਦੀ ‘ਸੁਲਤਾਨਾ ਡਾਕੂ’, ਡਿੰਪਲ ਫ਼ਿਲਮਜ਼, ਬੰਬਈ ਦੀ ‘ਤਾਂਗੇਵਾਲਾ’ (1971), ਫ਼ਿਲਮਸਤਾਨ ਦੀ ‘ਹਮ ਸਭ ਚੋਰ ਹੈਂ’ (1973), ਹਡੋਤੀ ਫ਼ਿਲਮਜ਼, ਬੰਬਈ ਦੀ ‘ਬਾਲਕ ਧਰੁਵ’ (1974), ਦਾਰਾ ਪ੍ਰੋਡਕਸ਼ਨ, ਬੰਬਈ ਦੀ ‘ਕਿਸਾਨ ਔਰ ਭਗਵਾਨ’ (1974), ਸੈਂਚੁਰੀ ਫ਼ਿਲਮਜ਼, ਬੰਬਈ ਦੀ ‘ਮਗਰੂਰ’ (1979) ਤੋਂ ਇਲਾਵਾ ਓਮ ਮੂਵੀਜ਼, ਬੰਬੇ ਦੀ ਭਗਵੰਤ ਚੌਧਰੀ ਨਿਰਦੇਸ਼ਿਤ ‘ਟਾਰਜ਼ਨ ਔਰ ਕੋਬਰਾ’ (1987) ਦਲਜੀਤ ਦੀ ਕਿਰਦਾਰਨਿਗਾਰੀ ਵਾਲੀ ਆਖ਼ਰੀ ਫ਼ਿਲਮ ਸੀ। 1990ਵਿਆਂ ਦੇ ਦਹਾਕੇ ’ਚ ਉਹ ਬੰਬਈ ਵਿਖੇ ਇੰਤਕਾਲ ਫ਼ਰਮਾ ਗਏ।

ਸੰਪਰਕ: 97805-09545


Comments Off on ਪੰਜਾਬੀ ਫ਼ਿਲਮਾਂ ਦਾ ਮਕਬੂਲ ਅਦਾਕਾਰ ਦਲਜੀਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.