ਹੁਣ ਤਾਂ ਭੋਗਾਂ ’ਤੇ ਵੀ ਸਪੀਕਰ ਵੱਜਦੈ !    ਨਸ਼ਾ, ਕਾਰਨ ਅਤੇ ਬਚਾਅ !    ਸਾਵਣ !    ਲੋਕ ਇਨਸਾਫ ਪਾਰਟੀ ਵੱਲੋਂ ‘ਸਾਡਾ ਪਾਣੀ ਸਾਡਾ ਹੱਕ’ ਜਨ ਅੰਦੋਲਨ ਸ਼ੁਰੂ !    ਸਰਕਾਰ ਤੋਂ ਤੰਗ ਕਿਸਾਨ ਨੇ ਪੰਜ ਏਕੜ ਕਮਾਦ ਵਾਹਿਆ !    ਛੇੜਛਾੜ ਮਾਮਲਾ: ਬੱਚੀ ਦੇ ਹੱਕ ’ਚ ਸਕੂਲ ਅੱਗੇ ਧਰਨਾ !    ਜਵਾਹਰੇਵਾਲਾ ਗੋਲੀ ਕਾਂਡ: ਤੀਜੇ ਦਿਨ ਵੀ ਮ੍ਰਿਤਕਾਂ ਦਾ ਨਹੀਂ ਹੋਇਆ ਪੋਸਟਮਾਰਟਮ !    ਭਾਰਤ ਨੂੰ ਮੁੱਕੇਬਾਜ਼ੀ ਵਿੱਚ ਚਾਰ ਚਾਂਦੀ ਦੇ ਤਗ਼ਮੇ !    ਅਮਰੀਕ ਸਿੰਘ ਵਿਸ਼ਵ ਕਬੱਡੀ ਕੱਪ ’ਚ ਅਧਿਕਾਰੀ ਨਿਯੁਕਤ !    ਕੇਂਦਰੀ ਮੰਤਰੀ ਬੀਬਾ ਬਾਦਲ ਨੇ ਬਠਿੰਡਾ ਦੇ ਐੱਸਐੱਸਪੀ ਖ਼ਿਲਾਫ਼ ਮੋਰਚਾ ਖੋਲ੍ਹਿਆ !    

ਪੰਜਾਬੀ ਫ਼ਿਲਮਾਂ ਦਾ ਉੱਘਾ ਅਦਾਕਾਰ ਸੁਰੇਸ਼

Posted On June - 15 - 2019

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ

ਮਨਦੀਪ ਸਿੰਘ ਸਿੱਧੂ

ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ, ਗੁਲੂਕਾਰ ਤੇ ਫ਼ਿਲਮਸਾਜ਼ ਨਸੀਮ ਅਹਿਮਦ ਉਰਫ਼ ਸੁਰੇਸ਼ ਦੀ ਪੈਦਾਇਸ਼ 28 ਦਸੰਬਰ 1928 ਨੂੰ ਰਾਵਲਪਿੰਡੀ ਦੇ ਮੁਸਲਮਾਨ ਪੰਜਾਬੀ ਪਰਿਵਾਰ ਵਿਚ ਹੋਈ। ਉਹ ਹਾਲੇ ਡੇਢ ਸਾਲਾਂ ਦਾ ਬਾਲ ਸੀ ਜਦੋਂ ਉਸਦੇ ਵਾਲਿਦ ਵਫ਼ਾਤ ਪਾ ਗਏ। ਲਿਹਾਜ਼ਾ ਫ਼ਿਲਮਾਂ ’ਚ ਕੰਮ ਕਰਦਿਆਂ ਦਸਵੀਂ ਪਾਸ ਕੀਤੀ। 6 ਭਾਈਆਂ ’ਚੋਂ ਸਭ ਤੋਂ ਛੋਟੇ ਸੁਰੇਸ਼ ਦਾ ਵੱਡਾ ਭਰਾ ਇਨਾਇਤ ਉੱਲਾ ਪਹਿਲਾਂ ਹੀ ਫ਼ਿਲਮ ਕੰਪਨੀਆਂ ’ਚ ਕੰਮ ਕਰ ਰਿਹਾ ਸੀ। ਸੁਰੇਸ਼ ਹਾਲੇ 5 ਸਾਲਾਂ ਦਾ ਬਾਲ ਹੀ ਸੀ ਜਦੋਂ ਉਸਨੂੰ ਫ਼ਿਲਮਾਂ ਵਿਚ ਦਿਲਚਸਪੀ ਹੋ ਗਈ। 1937 ਵਿਚ ਉਹ ਆਪਣੇ ਮਾਮੇ ਨਾਲ ਬੰਬੇ ਟੁਰ ਗਿਆ ਜੋ ਪ੍ਰਿੰਸ ਮੂਵੀਟੋਨ ਵਿਚ ਅਦਾਕਾਰ ਸਨ।
9 ਸਾਲਾਂ ਦੀ ਉਮਰ ਵਿਚ ਬਾਲ ਅਦਾਕਾਰ ਵਜੋਂ ਸੁਰੇਸ਼ ਦੀ ਪਹਿਲੀ ਫ਼ਿਲਮ ਪ੍ਰਿੰਸ ਮੂਵੀਟੋਨ, ਬੰਬੇ ਦੀ ਅਬਦੁੱਲ ਰਹਿਮਾਨ ਕਾਬਲੀ ਨਿਰਦੇਸ਼ਿਤ ‘ਨਿਸ਼ਾਨ-ਏ-ਜੰਗ’ (1937) ਸੀ। ਇਸ ਤੋਂ ਬਾਅਦ ਰਣਜੀਤ ਮੂਵੀਟੋਨ, ਬੰਬਈ ਦੀ ਮਣੀਭਾਈ ਵਿਆਸ ਨਿਰਦੇਸ਼ਿਤ ‘ਬਾਜ਼ੀਗਰ’ (1938), ਸੁਪਰੀਮ ਪਿਕਚਰਜ਼, ਬੰਬਈ ਦੀ ਦਵਾਰਕਾ ਖੋਸਲਾ ਨਿਰਦੇਸ਼ਿਤ ‘ਮੇਰੀ ਆਂਖੇਂ’ (1938), ਭਾਰਤ ਪਿਕਚਰਜ਼, ਕਲਕੱਤਾ ਦੀ ਵਿੱਠਲਦਾਸ ਪੰਚੋਟੀਆ ਨਿਰਦੇਸ਼ਿਤ ਫ਼ਿਲਮ ‘ਤਕਦੀਰ ਕੀ ਟੋਪ’ (1939) ਤੋਂ ਇਲਾਵਾ ਰਣਜੀਤ ਮੂਵੀਟੋਨ ਕਾਰਦਾਰ ਨਿਰਦੇਸ਼ਿਤ ‘ਠੋਕਰ’ (1939) ’ਚ ਸੁਰੇਸ਼ ਨੇ ਇਕ ਗੀਤ ਗਾਇਆ ‘ਜਬ ਸੇ ਗਏ ਬਨਵਾਰੀ’ (ਮਾਧੁਰੀ, ਰਾਮ ਮਰਾਠੇ ਨਾਲ)।
ਬਤੌਰ ਬਾਲ ਅਦਾਕਾਰ ਸੁਰੇਸ਼ ਦੀ ਪਹਿਲੀ ਪੰਜਾਬੀ ਫ਼ਿਲਮ ਸੇਠ ਚੰਦੂ ਲਾਲ ਸ਼ਾਹ ਦੇ ਜ਼ਾਤੀ ਬੈਨਰ ਸ੍ਰੀ ਰਣਜੀਤ ਮੂਵੀਟੋਨ ਕੰਪਨੀ, ਬੰਬੇ ਦੀ ਡੀ. ਐੱਨ. ਮਧੋਕ ਨਿਰਦੇਸ਼ਿਤ ‘ਮਿਰਜ਼ਾ ਸਾਹਿਬਾਂ’ (1939) ਸੀ। ਮਨੋਹਰ ਕਪੂਰ ਦੇ ਮੁਰੱਤਿਬ ਸੰਗੀਤ ’ਚ ਡੀ. ਐੱਨ. ਮਧੋਕ ਦੇ ਲਿਖੇ 12 ਗੀਤਾਂ ’ਚੋਂ 2 ਗੀਤ ਬਾਲ ਸੁਰੇਸ਼ ਨੇ ਗਾਏ ‘ਉੱਚੀਆਂ ਤੇ ਲੰਮੀਆਂ ਟਾਲੀਆਂ ਨੀ ਓਏ’ ਤੇ ‘ਮੇਰੀ ਡੋਰ ਵੀ ਬੰਨ੍ਹ ਲੈ ਨਾਲ ਅੜਿਆ’ (ਇਲਾ ਦੇਵੀ, ਜ਼ਹੂਰ ਰਾਜਾ ਨਾਲ) ਜੋ ਬੜੇ ਮਕਬੂਲ ਹੋਏ। ਇਹ ਫ਼ਿਲਮ 12 ਮਈ 1939 ਨੂੰ ਪ੍ਰਭਾਤ ਟਾਕੀਜ਼ ਤੇ ਨਾਵਲਟੀ ਸਿਨਮਾ ਲਾਹੌਰ ਵਿਖੇ ਪਰਦਾਪੇਸ਼ ਹੋਈ। 11 ਸਾਲ ਬਾਅਦ ਸੁਰੇਸ਼ ਦੀ ਹੀਰੋ ਵਜੋਂ ਦੂਜੀ ਪੰਜਾਬੀ ਫ਼ਿਲਮ ਰਾਜ ਰੰਗ ਫ਼ਿਲਮਜ਼, ਬੰਬੇ ਦੀ ‘ਭਾਈਆ ਜੀ’ (1950) ਸੀ। ਵਿਨੋਦ ਦੇ ਸੰਗੀਤ ’ਚ ਸੁਰੇਸ਼ ਤੇ ਸ਼ਿਆਮਾ ’ਤੇ ਫ਼ਿਲਮਾਏ ‘ਚੱਲ ਆ ਬਾਗਾਂ ਵਿਚ ਨੱਚੀਏ ਨੀ ਕਿ ਬੱਦਲੀਆਂ ਛਾ ਗਈਆਂ’ (ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ), ‘ਆਈ ਵੈਸਾਖੀ…ਸੂਹੇ ਵੇ ਚੀਰੇ ਵਾਲਿਆ’ (ਮੁਹੰਮਦ ਰਫ਼ੀ, ਓਮ ਪ੍ਰਕਾਸ਼, ਸ਼ਮਸ਼ਾਦ ਬੇਗ਼ਮ) ਆਦਿ ਗੀਤ ਬੇਹੱਦ ਮਕਬੂਲ ਹੋਏ। ਇਹ ਫ਼ਿਲਮ 19 ਅਕਤੂਬਰ, 1950 ਨੂੰ ਰਿਆਲਟੋ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਰਾਜ ਰੰਗ ਪਿਕਚਰਜ਼, ਬੰਬਈ ਦੀ ਰਾਜਿੰਦਰ ਸ਼ਰਮਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਮਦਾਰੀ’ (1950) ’ਚ ਸੁਰੇਸ਼ ਨੇ ‘ਰਾਜ’ ਦਾ ਕਿਰਦਾਰ ਨਿਭਾਇਆ। ਸੀ. ਐੱਲ. ਫ਼ਿਲਮਜ਼, ਬੰਬੇ ਦੀ ਐੱਸ. ਨਿਰੰਜਨ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਲਾਡੋ ਰਾਣੀ’ (1963) ’ਚ ਸੁਰੇਸ਼ ਨੇ ‘ਰਾਜਾ’ ਅਤੇ ਇੰਦਰਾ ਬਿੱਲੀ ‘ਰਾਣੀ’ ਦੇ ਕਿਰਦਾਰ ’ਚ ਮੌਜੂਦ ਸੀ। ਸੁਰੇਸ਼ ਤੇ ਇੰਦਰਾ ’ਤੇ ਫ਼ਿਲਮਾਏ ‘ਸੁਣ ਮੇਰੀ ਗੱਲ ਬੱਲੀਏ’ ਤੇ ‘ਗੁੱਤ ਨੂੰ ਸੰਭਾਲ ਗੋਰੀਏ’ (ਮੁਹੰਮਦ ਰਫ਼ੀ, ਆਸ਼ਾ ਭੋਸਲੇ) ਤੋਂ ਇਲਾਵਾ ਕੱਵਾਲੀ ‘ਸੋਹਣਿਆ ਦਾ ਏਤਬਾਰ ਨਾ ਕਰੀਏ’ (ਮਹਿੰਦਰ ਕਪੂਰ, ਆਸ਼ਾ ਭੋਸਲੇ, ਸੁਰਿੰਦਰ ਕੋਹਲੀ, ਮੀਨੂੰ ਪੁਰਸ਼ੋਤਮ) ਵੀ ਬਹੁਤ ਪਸੰਦ ਕੀਤੀ ਗਈ। ਫ਼ਿਲਮ 1 ਮਾਰਚ 1963 ਨੂੰ ਪ੍ਰਕਾਸ਼ ਸਿਨਮਾ, ਅੰਮ੍ਰਿਤਸਰ ’ਚ ਰਿਲੀਜ਼ ਹੋਈ। ਮਾਹੇਸ਼ਵਰੀ ਪਿਕਚਰਜ਼, ਬੰਬੇ ਦੀ ਪਦਮ ਮਹੇਸ਼ਵਰੀ ਦੀ ਫ਼ਿਲਮਸਾਜ਼ੀ ਤੇ ਹਿਦਾਇਤਕਾਰੀ ’ਚ ਬਣੀ ਪੰਜਾਬੀ ਫ਼ਿਲਮ ‘ਸਤਲੁਜ ਦੇ ਕੰਢੇ’ (1964) ’ਚ ਸੁਰੇਸ਼ ਨੇ ‘ਚਿੰਤੂ’ ਦਾ ਤੇ ਨਿਸ਼ੀ ਨੇ ‘ਨੈਣੀ’ ਦਾ ਦੋਹਰਾ ਪਾਤਰ ਅਦਾ ਕੀਤਾ। ਸੁਰੇਸ਼ ਤੇ ਨਿਸ਼ੀ ’ਤੇ ਫ਼ਿਲਮਾਏ ‘ਸੁਣ ਮੇਰੇ ਮਾਹੀ ਸਿਖ ਦਿਲ ਪਰਚਾਣਾ’ (ਆਸ਼ਾ ਭੋਸਲੇ, ਮੁਹੰਮਦ ਰਫ਼ੀ), ‘ਜਾ ਜਾ ਗੋਲਿਆ ਢੋਲਨਾ ਝੂਠਿਆਂ ਨਾਲ ਕੀ ਬੋਲਣਾ’ (ਸੁਰਿੰਦਰ ਕੌਰ, ਕੇ. ਐੱਲ. ਅਗਨੀਹੋਤਰੀ) ਤੇ ‘ਨਾ ਦਿਸੇ ਤੂੰ ਨਾ ਦਿਸੇ ਤੇਰਾ ਪਰਛਾਵਾਂ’ (ਮੁਹੰਮਦ ਰਫ਼ੀ) ਗੀਤ ਵੀ ਬੜੇ ਮਸ਼ਹੂਰ ਹੋਏ। ਜਿੱਥੇ ਇਹ ਫ਼ਿਲਮ ਵਿਦੇਸ਼ੀ ਫ਼ਿਲਮ ਫੈਸਟੀਵਲ ’ਚ ਚੁਣੀ ਜਾਣ ਵਾਲੀ ਪਹਿਲੀ ਫ਼ਿਲਮ ਬਣੀ ਉੱਥੇ ਇਸਨੂੰ ਸਾਲ 1967 ਦਾ ਬੈਸਟ ਪੰਜਾਬੀ ਫੀਚਰ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ।

ਮਨਦੀਪ ਸਿੰਘ ਸਿੱਧੂ

ਕਲਪਨਾਲੋਕ ਲਿਮਟਿਡ, ਅੰਮ੍ਰਿਤਸਰ ਦੀ ਰਾਮ ਮਹੇਸ਼ਵਰੀ ਨਿਰਦੇਸ਼ਿਤ ਧਾਰਮਿਕ ਪੰਜਾਬੀ ਫ਼ਿਲਮ ‘ਨਾਨਕ ਨਾਮ ਜਹਾਜ਼ ਹੈ’ (1969) ’ਚ ਸੁਰੇਸ਼ ਨੇ ਪ੍ਰਿਥਵੀਰਾਜ ਕਪੂਰ ਯਾਨੀ ‘ਗੁਰਮੁੱਖ ਸਿੰਘ’ ਦੇ ਪੱਗ ਵੱਟ ਭਰਾ ‘ਪ੍ਰੇਮ ਸਿੰਘ’ ਦਾ ਸੋਹਣਾ ਕਿਰਦਾਰ ਨਿਭਾਇਆ। ਪੰਜਾਬੀ ਫ਼ਿਲਮ ਇਤਿਹਾਸ ’ਚ ਨਵੇਂ ਕੀਰਤੀਮਾਨ ਸਥਾਪਿਤ ਕਰਨ ਵਾਲੀ ਇਸ ਫ਼ਿਲਮ ਨੂੰ ਬਿਹਤਰੀਨ ਪੰਜਾਬੀ ਫ਼ਿਲਮ ਦਾ ਰਾਸ਼ਟਰੀ ਐਵਾਰਡ ਪ੍ਰਾਪਤ ਹੋਇਆ। 3 ਅਪਰੈਲ 1970 ਨੂੰ ਚਿੱਤਰਾ ਟਾਕੀਜ਼, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ ਇਹ ਹਿੱਟ ਫ਼ਿਲਮ ਸੁਰੇਸ਼ ਦੀ ਆਖ਼ਰੀ ਪੰਜਾਬੀ ਫ਼ਿਲਮ ਕਰਾਰ ਪਾਈ।
ਹਿੰਦੀ ਫ਼ਿਲਮਾਂ ਵਿਚ ਉਸਦੀ ਬਾਲ ਅਦਾਕਾਰੀ ਨੂੰ ਪੁਖ਼ਤਾ ਪਛਾਣ ਬੰਬੇ ਟਾਕੀਜ਼, ਬੰਬੇ ਦੀ ਐੱਨ. ਆਰ. ਅਚਾਰੀਆ ਨਿਰਦੇਸ਼ਿਤ ਫ਼ਿਲਮ ‘ਬੰਧਨ’ (1940) ਤੋਂ ਮਿਲੀ। ਸਰਸਵਤੀ ਦੇਵੀ ਦੇ ਸੰਗੀਤ ’ਚ ਕਵੀ ਪ੍ਰਦੀਪ ਦੇ ਲਿਖੇ ਅਤੇ ਸੁਰੇਸ਼ ਦੇ ਗਾਏ ਤੇ ਉਸੇ ’ਤੇ ਫ਼ਿਲਮਾਏ ਗੀਤ ‘ਚੱਲ ਚੱਲ ਰੇ ਨੌਜਵਾਨ ਕਹਨਾ ਮੇਰਾ ਮਾਨ’, ‘ਅਪਨੇ ਭੈਯਾ ਕੋ ਨਾਚ ਨਚਾਊਂਗੀ’ (ਲੀਲਾ ਚਿਟਨਿਸ ਨਾਲ) ਤੇ ਦੁਬਾਰਾ ਅਸ਼ੋਕ ਕੁਮਾਰ ਨਾਲ ‘ਚੱਲ ਚੱਲ ਰੇ ਨੌਜਵਾਨ’ ਗੀਤ ਬਹੁਤ ਮਕਬੂਲ ਹੋਏ। ਰਣਜੀਤ ਮੂਵੀਟੋਨ ਦੀ ਜਯੰਤ ਦੇਸਾਈ ਨਿਰਦੇਸ਼ਿਤ ‘ਦੀਵਾਲੀ’ (1940), ਬੰਬੇ ਟਾਕੀਜ਼ ਦੀ ‘ਅਨਜਾਨ’ (1941) ’ਚ ਸੁਰੇਸ਼ ਨੇ ਅਦਾਕਾਰੀ ਕਰਨ ਦੇ ਨਾਲ ਦੋ ਗੀਤ ਵੀ ਗਾਏ। ਬਾਲ ਅਦਾਕਾਰ ਵਜੋਂ ਸੁਰੇਸ਼ ਨੇ ਫ਼ਿਲਮਾਂ ਵਿਚ 25 ਰੁਪਏ ਤੋਂ ਕੰਮ ਸ਼ੁਰੂ ਕੀਤਾ ਸੀ, ਫਿਰ ਆਪਣੀ ਕਾਬਲੀਅਤ ਸਦਕਾ ਮਸ਼ਹੂਰ ਸਿਤਾਰਿਆਂ ਵਿਚ ਸ਼ਾਮਲ ਹੋਣ ਲੱਗਾ।
18 ਸਾਲਾ ਗੱਭਰੂ ਸੁਰੇਸ਼ ਦੀ ਬਤੌਰ ਹੀਰੋ ਪਹਿਲੀ ਹਿੰਦੀ ਫ਼ਿਲਮ ਨਿਊ ਬੰਬੇ ਥੀਏਟਰ ਦੀ ਆਰ. ਡੀ. ਪਰੀਂਜਾ ਨਿਰਦੇਸ਼ਿਤ ‘ਸੋਨਾ ਚਾਂਦੀ’ (1946) ਸੀ। ਈਸਟਰਨ ਪਿਕਚਰਜ਼, ਬੰਬਈ ਦੀ ‘ਰੰਗ ਮਹਿਲ’ (1948) ’ਚ ਉਸਨੇ ਸੁਰੱਈਆ ਨਾਲ ਹੀਰੋ ਦਾ ਕਿਰਦਾਰ ਨਿਭਾਇਆ। ਦੋਵਾਂ ਦਾ ਗਾਇਆ ਤੇ ਉਨ੍ਹਾਂ ’ਤੇ ਫ਼ਿਲਮਾਇਆ ਰੁਮਾਨੀ ਗੀਤ ‘ਰੂਠੋ ਨਾ ਤੁਮ ਬਹਾਰ ਮੇਂ ਮੌਸਮੇ ਖ਼ੁਸ਼ਗਵਾਰ ਮੇਂ’ ਵੀ ਖ਼ੂਬ ਚੱਲਿਆ। ਇਨ੍ਹਾਂ ਦੋਵਾਂ ਫ਼ਿਲਮਾਂ ਨੇ ਹੀਰੋ ਵਜੋਂ ਸੁਰੇਸ਼ ਦੀ ਸ਼ਾਖ਼ ਮਜ਼ਬੂਤ ਕਰ ਦਿੱਤੀ।
ਕਾਰਦਾਰ ਪ੍ਰੋਡਕਸ਼ਨ, ਬੰਬਈ ਦੀ ਏ. ਆਰ. ਕਾਰਦਾਰ ਨਿਰਦੇਸ਼ਿਤ ਫ਼ਿਲਮ ‘ਦੁਲਾਰੀ’ (1949) ’ਚ ਉਸਨੇ ਮਧੂਬਾਲਾ ਨਾਲ ‘ਪ੍ਰੇਮ’ ਦੀ ਭੂਮਿਕਾ ਨਿਭਾਈ। ਏ. ਆਰ ਕਾਰਦਾਰ ਨਿਰਦੇਸ਼ਿਤ ‘ਦਾਸਤਾਨ’ (1950) ’ਚ ਵੀ ਉਸਨੇ ਛੋਟਾ ਜਿਹਾ ਰੋਲ ਕੀਤਾ। ਏ. ਆਰ. ਕਾਰਦਾਰ ਨਿਰਦੇਸ਼ਿਤ ਫ਼ਿਲਮ ‘ਜਾਦੂ’ (1951) ’ਚ ਉਸਨੇ ਨਲਿਨੀ ਜਯਵੰਤ ਦੇ ਸਨਮੁੱਖ ਰੋਲ ਕੀਤਾ।
ਉਸਨੇ ਹੀਰੋ ਵਜੋਂ ਪਾਕਿਸਤਾਨ ’ਚ ਰਿਲੀਜ਼ਸ਼ੁਦਾ ਦੋ ਉਰਦੂ ਫ਼ਿਲਮਾਂ ਵੀ ਕੀਤੀਆਂ। ਪਹਿਲੀ ਜ਼ੈਨਥ ਪਿਕਚਰਜ਼, ਲਾਹੌਰ ਦੀ ਆਸ਼ਿਕ ਭੱਟੀ ਨਿਰਦੇਸ਼ਿਤ ‘ਦੋ ਕਿਨਾਰੇ’ (1949) ਤੇ ਦੂਸਰੀ ਨਜਮੀਸਤਾਨ ਫ਼ਿਲਮਜ਼, ਲਾਹੌਰ ਦੀ ਨਜਮੁੱਲ ਹਸਨ ਨਿਰਦੇਸ਼ਿਤ ‘ਈਦ’ ਉਰਫ਼ ‘ਰੀਤ’ (1951) ਸੀ। ਸੁਰੇਸ਼ ਨੇ ਕਾਰਦਾਰ ਪ੍ਰੋਡਕਸ਼ਨ ਦੀ ‘ਦੀਵਾਨਾ’ (1952) ਤੇ ਕਵਾਤੜਾ ਆਰਟ ਪ੍ਰੋਡਕਸ਼ਨ ਦੀ ‘ਗੂੰਜ’ (1952) ਸੁਰੱਈਆ ਨਾਲ ਅਤੇ ਪੰਜਾਬ ਫ਼ਿਲਮਜ਼ ਦੀ ‘ਜ਼ਮਾਨੇ ਕੀ ਹਵਾ’ (1952) ਮੁਮਤਾਜ਼ ਸ਼ਾਂਤੀ ਨਾਲ ਕਰਨ ਤੋਂ ਇਲਾਵਾ ‘ਬਹਾਦਰ’ (1953), ‘ਹਾਰ-ਜੀਤ’ (1954), ‘ਯਾਸਮੀਨ’ (1954), ‘ਕੈਪਟਨ ਕਿਸ਼ੋਰ’ (1957) ਅਤੇ ‘ਆਂਚਲ’ (1960) ਆਦਿ ’ਚ ਮੁੱਖ ਕਿਰਦਾਰ ਅਦਾ ਕੀਤੇ।
1978-79 ਵਿਚ ਉਸਨੇ ਆਪਣੇ ਜ਼ਾਤੀ ਬੈਨਰ ਸੁਰੇਸ਼ ਪ੍ਰੋਡਕਸ਼ਨ, ਬੰਬਈ ਦੀ ਫ਼ਿਲਮ ‘ਗੰਗਾ ਔਰ ਸੂਰਜ’ ਦਾ ਨਿਰਮਾਣ ਕੀਤਾ ਜਿਸ ’ਚ ਉਸਨੇ ਡਾਕੂਆਂ ਦੇ ਸਾਥੀ ਦਾ ਰੋਲ ਕੀਤਾ। ਇਸ ਫ਼ਿਲਮ ਲਈ ਉਸਨੇ ਮੁੱਖ ਖ਼ਲਨਾਇਕ ਵਜੋਂ ਅਨਵਰ ਹੁਸੈਨ ਦੀ ਚੋਣ ਕੀਤੀ,ਪਰ ਕਾਫ਼ੀ ਸ਼ੂਟਿੰਗ ਕਰਨ ਤੋਂ ਬਾਅਦ ਅਨਵਰ ਨੂੰ ਅਧਰੰਗ ਹੋ ਗਿਆ ਅਤੇ ਉਸ ਦੀ ਜਗ੍ਹਾ ਕਾਦਰ ਖ਼ਾਨ ਨੇ ਲੈ ਲਈ। ਫ਼ਿਲਮ ਦਾ ਬਜਟ ਵਸੋਂ ਬਾਹਰ ਹੋ ਗਿਆ। ਅਖ਼ੀਰ ਵਿਚ ਸੁਨੀਲ ਦੱਤ, ਸ਼ਸ਼ੀ ਕਪੂਰ, ਰੀਨਾ ਰਾਏ, ਭਗਵਾਨ, ਇਫ਼ਤੇਖ਼ਾਰ ਆਦਿ ਸਿਤਾਰਿਆਂ ਵਾਲੀ ਇਹ ਫ਼ਿਲਮ 1980 ਵਿਚ ਰਿਲੀਜ਼ ਹੋਈ ਅਤੇ ਸੁਪਰਹਿੱਟ ਰਹੀ, ਪਰ ਇਸ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਸੁਰੇਸ਼ ਆਪਣੇ ਗ੍ਰਹਿ ਬੰਬਈ ਵਿਖੇ 14 ਜੁਲਾਈ 1979 ਨੂੰ 51 ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਵਫ਼ਾਤ ਪਾ ਗਿਆ ਸੀ।

ਸੰਪਰਕ: 97805-09545


Comments Off on ਪੰਜਾਬੀ ਫ਼ਿਲਮਾਂ ਦਾ ਉੱਘਾ ਅਦਾਕਾਰ ਸੁਰੇਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.