ਕੇਂਦਰ ਨੇ ਲੌਕਡਾਊਨ 30 ਜੂਨ ਤਕ ਵਧਾਇਆ !    ਹਨੇਰੀ ਕਾਰਨ ਤਾਜ ਮਹੱਲ ਨੂੰ ਭਾਰੀ ਨੁਕਸਾਨ !    ਕੇਂਦਰ ਨਾਲੋਂ ਨਾਤਾ ਤੋੜਨ ਸੁਖਬੀਰ: ਕੈਪਟਨ !    ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ !    ਭਰਾ ਦੀ ਕਹੀ ਨਾਲ ਹੱਤਿਆ !    ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    

ਪੰਜਾਬੀ ਸਾਹਿਤ ’ਚ ਆਧੁਨਿਕਤਾ ਦਾ ਮੋਢੀ ਭਾਈ ਵੀਰ ਸਿੰਘ

Posted On June - 9 - 2019

ਡਾ. ਜੋਗਿੰਦਰ ਸਿੰਘ*

ਭਾਈ ਵੀਰ ਸਿੰਘ ਪੁਨਰ ਸਿੱਖ ਵਿਦਿਅਕ ਅਤੇ ਸਭਿਅਕ ਜਾਗ੍ਰਤੀ ਦੇ ਵਿਦਵਾਨ ਸਨ। ਉਨ੍ਹਾਂ ਨੂੰ ਨਵੀਨ ਪੰਜਾਬੀ ਸਾਹਿਤ ਦਾ ਸੰਤ ਕਵੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੀ ਮਾਨਤਾ ਸੀ ਕਿ ਸਾਹਿਤ ਰਚਨਾ ਪਰਮਾਤਮਾ ਦੀ ਬਖ਼ਸ਼ਿਸ਼ ਹੈ। ਇਸ ਆਤਮਿਕ ਸ਼ਕਤੀ ਨਾਲ ਉਨ੍ਹਾਂ ਨੇ ਨਿਵੇਕਲੇ ਸਿੱਖ ਧਰਮ ਅਤੇ ਮਰਿਆਦਾ ਨੂੰ ਤਲਾਸ਼ਣ ਦਾ ਗੰਭੀਰ ਯਤਨ ਕੀਤਾ। ਉਨ੍ਹਾਂ ਨੇ ਸਿੱਖ ਧਰਮ ਅਤੇ ਮਰਿਆਦਾ ਦੀ ਵਿਆਖਿਆ ਗੁਰਬਾਣੀ ਦੇ ਆਸ਼ਿਆਂ ਅਨੁਸਾਰ ਕੀਤੀ ਅਤੇ ਸਿੱਖ ਇਤਿਹਾਸ ਦੇ ਆਦਰਸ਼ ਪਾਤਰਾਂ ਦੀ ਉਸਾਰੀ ਵੀ ਇਸ ਪਰਿਪੇਖ ਵਿਚ ਕੀਤੀ।
ਭਾਈ ਵੀਰ ਸਿੰਘ ਦਾ ਵੰਸ਼ਕ ਪਿਛੋਕੜ ਦੀਵਾਨ ਕੌੜਾ ਮੱਲ ਖਾਨਦਾਨ ਦਾ ਸੀ। ਨਵਾਬ ਮੀਰ ਮਿਆਉਨ-ਉਲ-ਮੁਲਕ ਅਧੀਨ ਮੁਲਤਾਨ ਦੇ ਨਾਇਬ ਸੂਬੇਦਾਰ ਸਨ। ਬਾਬਾ ਕਾਹਨ ਸਿੰਘ (1788-1878) ਨੇ ਸਿੰਘ ਸਜ ਕੇ ਰਵਾਇਤੀ ਸਿੱਖ ਵਿਦਵਤਾ ਗ੍ਰਹਿਣ ਕੀਤੀ ਅਤੇ ਸੰਸਕ੍ਰਿਤ ਤੇ ਬ੍ਰਜ ਭਾਸ਼ਾਵਾਂ ਦਾ ਗਿਆਨ ਅਤੇ ਮੁਹਾਰਤ ਪ੍ਰਾਪਤ ਕੀਤੀ। ਭਾਈ ਵੀਰ ਸਿੰਘ ਦਾ ਜਨਮ ਡਾ. ਚਰਨ ਸਿੰਘ ਦੇ ਘਰ ਬੀਬੀ ਉਤਰ ਕੌਰ ਦੀ ਕੁੱਖੋਂ 5 ਦਸੰਬਰ 1872 ਨੂੰ ਕੱਟੜਾ ਗਰਬਾ ਸਿੰਘ (ਅੰਮ੍ਰਿਤਸਰ) ਵਿਚ ਹੋਇਆ। ਚਰਨ ਸਿੰਘ ਹੋਮਿਓਪੈਥਿਕ ਚਕਿਸਤਾ ਦੇ ਮਾਹਰ ਸਨ। ਭਾਈ ਵੀਰ ਸਿੰਘ ਨੇ ਇਸ ਚਕਿਤਸਾ ਗਿਆਨ ਦਾ ਲਾਭ ਉਮਰ ਭਰ ਲਿਆ। ਭਾਈ ਵੀਰ ਸਿੰਘ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਗਿਆਨੀ ਸਕੂਲ ਦੇ ਵਿਦਵਾਨ ਸਨ ਅਤੇ ਗੁਰਬਾਣੀ ਦੀ ਵਿਆਖਿਆ ਇਸ ਸਕੂਲ ਦੀ ਪਰੰਪਰਾ ਦੇ ਪਰਿਪੇਖ ਵਿਚ ਕੀਤੀ। ਸਿੱਖ ਧਰਮ ਅਤੇ ਇਤਿਹਾਸ ਦੇ ਅਧਿਐਨ ਲਈ ਭਾਈ ਸਾਹਿਬ ਨੇ ਨਿੱਜੀ ਲਾਇਬ੍ਰੇਰੀ ਤਿਆਰ ਕੀਤੀ ਜਿਸ ਵਿਚ ਅਨੇਕਾਂ ਭਾਸ਼ਾਵਾਂ ਦੇ ਐਨਸਾਈਕਲੋਪੀਡੀਆ, ਡਿਕਸ਼ਨਰੀਆਂ ਅਤੇ ਸਾਹਿਤ ਦੀਆਂ ਪੁਸਤਕਾਂ ਇਕੱਠੀਆਂ ਕੀਤੀਆਂ। ਸਮਕਾਲੀ ਵਿਦਵਾਨਾਂ ਦੀ ਸੰਗਤ ਨਾਲ ਭਾਈ ਵੀਰ ਸਿੰਘ ਨੇ ਕਲਾਸੀਕਲ ਭਾਸ਼ਾਵਾਂ (ਸੰਸਕ੍ਰਿਤ, ਫ਼ਾਰਸੀ ਤੇ ਬ੍ਰਜ ਭਾਸ਼ਾ) ਦਾ ਗਿਆਨ ਗ੍ਰਹਿਣ ਕੀਤਾ ਅਤੇ ਸਿੱਖ ਗ੍ਰੰਥਾਂ ਦਾ ਅਧਿਐਨ ਕੀਤਾ। ਗਿਆਨੀ ਹਰਭਜਨ ਸਿੰਘ ਨੇ ਇਸ ਅਧਿਐਨ ਵਿਚ ਵਿਸ਼ੇਸ਼ ਯੋਗਦਾਨ ਪਾਇਆ।
ਨਵੀਨ ਵਿੱਦਿਆ ਦੀ ਪੜ੍ਹਾਈ ਦੀ ਸ਼ੁਰੂਆਤ ਭਾਈ ਵੀਰ ਸਿੰਘ ਨੇ ਚਰਚ ਮਿਸ਼ਨ ਸਕੂਲ ਅੰਮ੍ਰਿਤਸਰ ਵਿਚ ਦਾਖ਼ਲਾ ਲੈ ਕੇ ਕੀਤਾ। 1891 ਵਿਚ ਉਨ੍ਹਾਂ ਨੇ ਦਸਵੀਂ ਦੀ ਪ੍ਰੀਖਿਆ ਜ਼ਿਲ੍ਹੇ ਵਿਚੋਂ ਅੱਵਲ ਰਹਿ ਕੇ ਪਾਸ ਕੀਤੀ। ਇਸ ਦੌਰਾਨ ਪੱਛਮੀ ਵਿਗਿਆਨ ਅਤੇ ਸਾਹਿਤ ਦਾ ਵੀ ਗਿਆਨ ਪ੍ਰਾਪਤ ਕੀਤਾ। ਸ਼ੁਰੂਆਤੀ ਜੀਵਨ ਵਿਚ ਹੀ ਭਾਈ ਸਾਹਿਬ ਨੂੰ ਅੰਦੇਸ਼ਾ ਹੋ ਗਿਆ ਸੀ ਕਿ ਈਸਾਈ ਧਰਮ ਦੇ ਪ੍ਰਚਾਰ ਦਾ ਪ੍ਰਭਾਵ ਸਿੱਖਾਂ ਦੀ ਨੌਜਵਾਨ ਪੀੜ੍ਹੀ ’ਤੇ ਪੈ ਸਕਦਾ ਸੀ। ਇਸ ਪ੍ਰਭਾਵ ਤੋਂ ਬਚਣ ਲਈ ਇਤਿਹਾਸਕ ਸਿੱਖ ਸਾਹਿਤ ਦੀ ਰਚਨਾ ਅਤੇ ਪ੍ਰਚਾਰ ਕਰਨਾ ਬਹੁਤ ਜ਼ਰੂਰੀ ਬਣ ਗਿਆ ਸੀ। ਈਸਾਈ ਮਿਸ਼ਨਰੀਆਂ ਦੀ ਤਰਜ਼ ’ਤੇ ਸਿੱਖ ਸਕੂਲ ਅਤੇ ਕਾਲਜ ਖੋਲ੍ਹਣੇ ਜ਼ਰੂਰੀ ਸਨ ਤਾਂ ਕਿ ਨੌਜਵਾਨ ਸਿੱਖ ਪੀੜ੍ਹੀ ਨੂੰ ਪੱਛਮੀ ਵਿੱਦਿਆ ਦੇ ਨਾਲ-ਨਾਲ ਸਿੱਖ ਧਰਮ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਵੇ।
ਭਾਈ ਵੀਰ ਸਿੰਘ ਆਪਣੀ ਵਿੱਦਿਅਕ ਯੋਗਤਾ ਅਤੇ ਪਰਿਵਾਰਕ ਮਦਦ ਨਾਲ ਸਰਕਾਰੀ ਨੌਕਰੀ ਸਹਿਜ-ਭਾ ਲੈ ਸਕਦੇ ਸਨ, ਪਰ ਉਨ੍ਹਾਂ ਨੇ ਅਜਿਹਾ ਨਾ ਕੀਤਾ। ਇਸ ਦੀ ਬਜਾਏ ਉਨ੍ਹਾਂ ਨੇ ਆਪਣਾ ਜੀਵਨ ਪੰਜਾਬੀ ਸਾਹਿਤ ਦੇ ਅਧਿਐਨ ਅਤੇ ਪ੍ਰਸਾਰ ਲਈ ਸਮਰਪਿਤ ਕੀਤਾ। ਸਾਹਿਤਕ ਸਿਰਜਣਾ ਦਾ ਕੰਮ ਉਨ੍ਹਾਂ ਨੇ 20 ਸਾਲਾਂ ਦੀ ਉਮਰ ਵਿਚ ਹੀ ਸ਼ੁਰੂ ਕਰ ਲਿਆ ਸੀ। ਭਾਈ ਸਾਹਿਬ ਦੇ ਪੰਜਾਬੀ ਬੋਲੀ (ਗੁਰਮੁਖੀ ਲਿਪੀ) ਨੂੰ ਮਾਧਿਅਮ ਵਜੋਂ ਅਪਣਾਉਣ ਦੇ ਕਈ ਕਾਰਨ ਸਨ। ਪਹਿਲਾ, ਉਨ੍ਹਾਂ ਨੂੰ ਗਿਆਨ ਸੀ ਕਿ ਸਿੱਖਾਂ ਦੀ ਧਾਰਮਿਕ ਅਤੇ ਸਭਿਆਚਾਰਕ ਵਿਰਾਸਤ ਦੇ ਮੁੱਢਲੇ ਸਰੋਤ ਗੁਰਮੁਖੀ ਲਿਪੀ ਵਿਚ ਸਨ ਅਤੇ ਗੁਰੂ ਸਾਹਿਬਾਨ ਨੇ ਗੁਰਮੁਖੀ ਲਿਪੀ ਦੇ ਵਿਕਾਸ ਲਈ ਯਤਨ ਕੀਤੇ ਸਨ। ਦੂਸਰਾ ਕਾਰਨ ਇਹ ਸੀ ਕਿ ਸਿੰਘ ਸਭਾ ਲਹਿਰ ਦਾ ਮੁੱਢਲਾ ਉਦੇਸ਼ ਵੀ ਸਿੱਖ ਗ੍ਰੰਥਾਂ ਦੀ ਸੰਪਾਦਨਾ ਕਰਕੇ ਉਨ੍ਹਾਂ ਨੂੰ ਗੁਰਮੁਖੀ ਲਿਪੀ ਵਿਚ ਛਾਪਣਾ ਸੀ। ਸਿੱਖ ਧਰਮ ਦੇ ਪ੍ਰਚਾਰ ਲਈ ਪੰਜਾਬੀ ਪੱਤਰਕਾਰੀ ਨੂੰ ਮਾਧਿਅਮ ਬਣਾਉਣਾ ਸੀ। ਇਸ ਪਰਿਪੇਖ ਵਿਚ ਉਰੀਐਂਟਲ ਵਿਦਵਾਨਾਂ ਖ਼ਾਸ ਕਰਕੇ ਡਾ. ਜੀ.ਡਬਲਯੂ. ਲਾਇਤਨਰ ਨੇ ਵਿਸ਼ੇਸ਼ ਯੋਗਦਾਨ ਪਾਇਆ। ਸਰਦਾਰ ਅਤਰ ਸਿੰਘ ਭਦੌੜ ਅਤੇ ਪ੍ਰੋਫ਼ੈਸਰ ਗੁਰਮੁਖ ਸਿੰਘ ਨੇ ਨਵ-ਸਥਾਪਿਤ ਪੰਜਾਬ ਯੂਨੀਵਰਸਿਟੀ, ਲਾਹੌਰ ਅਤੇ ਕਾਲਜ ਵਿਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਲਈ ਵਿਸ਼ੇਸ਼ ਪ੍ਰਬੰਧ ਕਰਵਾਉਣ ਲਈ ਯਤਨ ਕੀਤੇ।
ਸਾਹਿਤਕ ਪ੍ਰਾਪਤੀਆਂ ਦੀ ਸ਼ੁਰੂਆਤ ਭਾਈ ਸਾਹਿਬ ਨੇ ਆਪਣੇ ਪਿਤਾ ਅਤੇ ਉਨ੍ਹਾਂ ਦੇ ਦੋਸਤ ਵਜ਼ੀਰ ਸਿੰਘ ਦੀ ਫਰਮ ਵਜ਼ੀਰ ਹਿੰਦ ਪ੍ਰੈਸ ’ਚ ਕੰਮ ਕਰਨ ਨਾਲ ਕੀਤੀ। ਸ਼ਾਇਦ ਅੰਮ੍ਰਿਤਸਰ ਸ਼ਹਿਰ ਵਿਚ ਇਹ ਪੱਥਰ ਦੇ ਛਾਪੇ ਨਾਲ ਛਪਾਈ ਕਰਨ ਦੀ ਪਹਿਲੀ ਪ੍ਰੈਸ ਸੀ। ਭਾਈ ਵੀਰ ਸਿੰਘ ਨੇ ਸਾਧੂ ਸਿੰਘ ਧੂਪੀਏ ਨਾਲ ਰਲ ਕੇ ਸੰਨ 1893 ਵਿਚ ਖਾਲਸਾ ਟ੍ਰੈਕਟ ਸੋਸਾਇਟੀ ਸਥਾਪਿਤ ਕੀਤੀ। ਇਸ ਸੋਸਾਇਟੀ ਨੇ ਅੰਮ੍ਰਿਤਸਰ ਸ੍ਰੀ ਗੁਰੂ ਸਿੰਘ ਸਭਾ ਦੇ ਸਿੱਖ ਧਰਮ ਅਤੇ ਇਤਿਹਾਸ ਦੇ ਪ੍ਰਚਾਰ ਦੇ ਉਦੇਸ਼ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ। ਇਹ ਸਿੰਘ ਸਭਾ ਜੁਲਾਈ 1873 ਵਿਚ ਸਥਾਪਿਤ ਹੋਈ। ਇਸ ਦੇ ਬਰਾਬਰ ਦੀ ਵਿਚਾਰਧਾਰਾ ਵਾਲੀ ਸਿੰਘ ਸਭਾ ਲਾਹੌਰ ਸ਼ਹਿਰ ਵਿਚ ਸਥਾਪਿਤ ਹੋਈ। 1873 ਤੋਂ 1899 ਤਕ ਇਨ੍ਹਾਂ ਦੋ ਸਭਾਵਾਂ ਦੇ ਆਗੂਆਂ ਦਰਮਿਆਨ ਗੰਭੀਰ ਵਿਚਾਰਧਾਰਕ ਮੱਤਭੇਦ ਪੈਦਾ ਹੋ ਗਏ ਸਨ। ਪਰ ਭਾਈ ਸਾਹਿਬ ਨੇ ਸਿੰਘ ਸਭਾ ਲਹਿਰ ਦੇ ਬੁਨਿਆਦੀ ਉਦੇਸ਼ ਦਾ ਸਮਰਥਨ ਕੀਤਾ ਅਰਥਾਤ ਉਨ੍ਹਾਂ ਨੇ ਸਿੱਖ ਧਰਮ ਵਿਚੋਂ ਉਨ੍ਹਾਂ ਰੀਤੀ-ਰਿਵਾਜਾਂ ਨੂੰ ਕੱਢਣ ਦਾ ਬੀੜਾ ਉਠਾਇਆ ਜਿਹੜੀਆਂ ਗੁਰਬਾਣੀ ਦੇ ਆਦੇਸ਼ ਅਨੁਸਾਰ ਨਹੀਂ ਸਨ। ਸਿੱਖ ਧਰਮ ਦੀ ਨਿਵੇਕਲੀ ਪਹਿਚਾਣ ਸਥਾਪਿਤ ਕਰਨ ਲਈ ਖਾਲਸਾ ਟ੍ਰੈਕਟ ਸੋਸਾਇਟੀ ਵੱਲੋਂ ‘ਨਿਰਗੁਣਿਆਰਾ’ ਪੱਤ੍ਰਿਕਾ ਛਾਪਣੀ ਸ਼ੁਰੂ ਕੀਤੀ। ਇਸ ਪੱਤ੍ਰਿਕਾ ਵਿਚ ਸਿੱਖ ਧਰਮ, ਇਤਿਹਾਸ ਅਤੇ ਸਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਲੇਖ ਤੇ ਕਹਾਣੀਆਂ ਛਾਪੀਆਂ। ਨਿਰਗੁਣਿਆਰਾ ਦੀ ਜਾਣ-ਬੁੱਝ ਕੇ ਘੱਟ ਕੀਮਤ ਰੱਖੀ ਤਾਂ ਕਿ ਸਾਧਾਰਨ ਪਾਠਕ ਇਸ ਨੂੰ ਖ਼ਰੀਦ ਤੇ ਪੜ੍ਹ ਸਕੇ। ਇਹ ਪੱਤਰ ਥੋੜ੍ਹੀ ਹੀ ਦੇਰ ਚੱਲ ਸਕਿਆ। ਸਿੱਖ ਧਰਮ ਤੇ ਇਸ ਦੇ ਫ਼ਲਸਫ਼ੇ ਦੇ ਪ੍ਰਚਾਰ ਲਈ ਭਾਈ ਵੀਰ ਸਿੰਘ ਨੇ ‘ਸੁਧਾਰਕ’ ਪਰਚਾ ਸ਼ੁਰੂ ਕੀਤਾ ਪਰ ਇਹ 1888 ਵਿਚ ਬੰਦ ਹੋ ਗਿਆ।
ਉਨ੍ਹਾਂ ਨੇ 1899 ਵਿਚ ਸਪਤਾਹਕ ਪੰਜਾਬੀ ਹਫ਼ਤਾਵਾਰ ਅਖ਼ਬਾਰ ਖਾਲਸਾ ਸਮਾਚਾਰ ਸ਼ੁਰੂ ਕੀਤਾ। ਸ਼ਰੂ ਵਿਚ ਭਾਈ ਵੀਰ ਸਿੰਘ ਪ੍ਰਬੰਧਕ ਤੇ ਉਨ੍ਹਾਂ ਦੇ ਪਿਤਾ ਡਾਕਟਰ ਚਰਨ ਸਿੰਘ ਇਸ ਦੇ ਸੰਪਾਦਕ ਰਹੇ। ਡਾਕਟਰ ਚਰਨ ਸਿੰਘ ਚੀਫ਼ ਖਾਲਸਾ ਦੀਵਾਨ ਦੇ ਮੋਢੀ ਮੈਂਬਰਾਂ ਵਿਚੋਂ ਸਨ। ਪਿਤਾ ਦੇ ਨਾਲ-ਨਾਲ ਭਾਈ ਵੀਰ ਸਿੰਘ ਵੀ ਇਸ ਦੀ ਸੰਪਾਦਕੀ ਕਰਨ ਲੱਗ ਪਏ। ਕੁਝ ਸਮੇਂ ਲਈ ਧਨੀ ਰਾਮ ਚਾਤ੍ਰਿਕ ਨੇ ਇਸ ਪੱਤਰ ਦੀ ਸੰਪਾਦਕੀ ਕੀਤੀ। ਬਾਅਦ ਵਿਚ ਭਾਈ ਸੇਵਾ ਸਿੰਘ ਅਤੇ ਇਨ੍ਹਾਂ ਦੇ ਪਿੱਛੋਂ ਗਿਆਨੀ ਮਹਾਂ ਸਿੰਘ ਨੇ ਸੰਪਾਦਕੀ ਕੀਤੀ। ਭਾਈ ਵੀਰ ਸਿੰਘ ਨੇ ਕਵਿਤਾ (ਦਿਲ ਤਰੰਗ, ਤ੍ਰੇਲ ਤੁਪਕੇ, ਲਹਿਰਾਂ ਦੇ ਹਾਰ, ਮੇਰੇ ਸਾਈਆਂ ਜੀਓ ਅਤੇ ਰਾਣਾ ਸੂਰਤ ਸਿੰਘ ਨਾਂ ਦਾ ਮਹਾਂਕਾਵਿ), ਨਾਵਲ (ਸੁੰਦਰੀ, ਬਿਜੈ ਸਿੰਘ, ਸਤਵੰਤ ਕੌਰ, ਬਾਬਾ ਨੌਧ ਸਿੰਘ), ਨਾਟਕ (ਰਾਜਾ ਲਖਦਾਤਾ ਸਿੰਘ), ਜੀਵਨੀਆਂ (ਸ੍ਰੀ ਗੁਰੂ ਨਾਨਕ ਚਮਤਕਾਰ, ਸ੍ਰੀ ਅਸ਼ਟ ਗੁਰੂ ਚਮਤਕਾਰ, ਸ੍ਰੀ ਕਲਗੀਧਰ ਚਮਤਕਾਰ) ਨਿਬੰਧ ਆਦਿ ਮੌਲਿਕ ਰਚਨਾਵਾਂ ਸਿਰਜੀਆਂ। ਉਨ੍ਹਾਂ ਦੀਆਂ ਆਰੰਭਕ ਦੌਰ ਦੀਆਂ ਰਚਨਾਵਾਂ ਦਾ ਉਦੇਸ਼ ਅਠਾਰਵੀਂ ਸਦੀ ਦੇ ਸਿੱਖ ਇਤਿਹਾਸ ਦੇ ਨਾਇਕਾਂ ਦੀ ਪਾਤਰ ਉਸਾਰੀ ਰਾਹੀਂ ਆਪਣੇ ਸਮਕਾਲੀ ਸਿੱਖਾਂ ਅੰਦਰ ਉਤਸ਼ਾਹ, ਸਿਦਕ ਅਤੇ ਸ੍ਵੈਮਾਣ ਦੀ ਭਾਵਨਾ ਭਰਨਾ ਸੀ। ਇਕ ਪਾਸੇ ਸਿੱਖ ਆਗੂਆਂ ਨੂੰ ਸਿੱਖ ਰਾਜ ਦੇ ਖੁੱਸ ਜਾਣ ਦਾ ਹੇਰਵਾ ਸੀ, ਦੂਸਰੇ ਪਾਸੇ ਹਿੰਦੂ, ਮੁਸਲਿਮ ਅਤੇ ਈਸਾਈ ਸੰਗਠਨਾਂ ਦੇ ਪੰਜਾਬ ਵਿਚ ਪਸਾਰ ਨੇ ਸਿੱਖੀ ਨੂੰ ਢਾਹ ਲਾਉਣ ਦੇ ਯਤਨ ਕਰ ਦਿੱਤੇ ਸਨ। ਜਦੋਂ ਭਾਈ ਸਾਹਿਬ ਨੇ ਅਠਾਰਵੀਂ ਸਦੀ ਦੇ ਸਿੱਖ ਨਾਇਕਾਂ ਦੀ ਪਾਤਰ ਉਸਾਰੀ ਕੀਤੀ ਤਾਂ ਉਨ੍ਹਾਂ ਦੇ ਮਨ ਵਿਚ ਇਹ ਦੂਹਰਾ ਸੰਕਟ ਚੱਲ ਰਿਹਾ ਸੀ। ਭਾਈ ਵੀਰ ਸਿੰਘ ਦੇ ਇਹ ਪਾਤਰ ਸਿੱਖੀ ਸਿਦਕ ਦੇ ਆਸਰੇ ਹਰ ਸੰਕਟ ਨਾਲ ਜੂਝਦੇ ਹਨ ਅਤੇ ਫਤਹਿ ਪਾਉਂਦੇ ਹਨ। ਉਨ੍ਹਾਂ ਨੇ ਸਿੱਖੀ ਦੇ ਆਦਰਸ਼ ਪਾਤਰ ਘੜੇ ਤਾਂ ਕਿ ਇਹ ਸਮਕਾਲੀ ਸਿੱਖਾਂ ਲਈ ਉਤਸ਼ਾਹ ਅਤੇ ਸਿਦਕ ਦਾ ਸ੍ਰੋਤ ਬਣ ਸਕਣ।
ਉਨ੍ਹਾਂ ਨੇ ‘ਖਾਲਸਾ ਸਮਾਚਾਰ’ ਅਤੇ ‘ਨਿਰਗੁਣਿਆਰਾ’ ਪੱਤ੍ਰਿਕਾਵਾਂ ਦੁਆਰਾ ਜਨ ਸਾਧਾਰਨ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਗੁਰਬਾਣੀ ਦੇ ਆਸ਼ੇ ਅਨੁਸਾਰ ਰੀਤੀ-ਰਿਵਾਜ ਨਿਭਾਉਣ ਅਤੇ ਸਮਾਜਿਕ ਕੁਰੀਤੀਆਂ ਜਿਵੇਂ ਕਿ ਬਾਲ-ਵਿਆਹ, ਦਾਜ-ਦਹੇਜ ਅਤੇ ਜੰਮਦੀਆਂ ਕੁੜੀਆਂ ਨੂੰ ਮਾਰਨ ਵਰਗੀਆਂ ਕੁਰੀਤੀਆਂ ਨੂੰ ਤਿਆਗਣ। ਦੋਵੇਂ ਪੱਤ੍ਰਿਕਾਵਾਂ ਨੇ ‘ਇਸਤਰੀ ਸੁਧਾਰ’ ਵੱਲ ਉਚੇਚਾ ਧਿਆਨ ਦਿੱਤਾ। ਭਾਈ ਵੀਰ ਸਿੰਘ ਅਨੁਸਾਰ ਨਵੀਨ ਵਿੱਦਿਆ ਨਾ ਕੇਵਲ ਨੌਜਵਾਨ ਲੜਕਿਆਂ ਲਈ ਹੀ ਨਹੀਂ ਸਗੋਂ ਲੜਕੀਆਂ ਲਈ ਵੀ ਲਾਜ਼ਮੀ ਸੀ। ਭਾਈ ਸਾਹਿਬ ਦਾ ਵਿਸ਼ਵਾਸ ਸੀ ਕਿ ਅਨਪੜ੍ਹ ਤੇ ਅਗਿਆਨੀ ਮਾਤਾਵਾਂ ਸਿੱਖ ਧਰਮ ਅਤੇ ਇਸ ਦੀਆਂ ਕਦਰਾਂ-ਕੀਮਤਾਂ ਦੀ ਸਿੱਖਿਆ ਆਪਣੇ ਬੱਚਿਆਂ ਨੂੰ ਨਹੀਂ ਦੇ ਸਕਦੀਆਂ। ਸਿੱਖ ਧਰਮ ਦੀ ਨਿਵੇਕਲੀ ਪਹਿਚਾਣ ਦਾ ਪਾਸਾਰ ਕੇਵਲ ਸਿੱਖਿਅਤ ਇਸਤਰੀਆਂ ਹੀ ਕਰ ਸਕਦੀਆਂ ਹਨ। ਇਸ ਲਈ ਭਾਈ ਸਾਹਿਬ ਨੇ ਸਿੱਖ ਸਕੂਲ ਅਤੇ ਕਾਲਜ ਹਰ ਕਸਬੇ ਵਿਚ ਖੋਲ੍ਹਣ ਦੀ ਵਕਾਲਤ ਕੀਤੀ। ਇਸ ਤੋਂ ਇਲਾਵਾ ਭਾਈ ਸਾਹਿਬ ਨੇ ਵਿਧਵਾ ਵਿਆਹ ਨੂੰ ਸੁਰਜੀਤ ਕਰਨ ਦਾ ਯਤਨ ਕੀਤਾ।
ਭਾਈ ਵੀਰ ਸਿੰਘ ਨੂੰ ਪੂਰਾ ਅਹਿਸਾਸ ਸੀ ਕਿ ਸਿੱਖ ਧਾਰਮਿਕ ਸਾਹਿਤ ਨੂੰ ਸਮਝਣ ਲਈ ਟੀਕਾਕਾਰੀ/ਕੋਸ਼ਕਾਰੀ ਅਤੇ ਮਹਾਨਕੋਸ਼ ਲਿਖਣ ਦੀ ਵਿਸ਼ੇਸ਼ ਲੋੜ ਹੈ। ਭਾਈ ਸਾਹਿਬ ਨੇ ਗਿਆਨੀ ਹਜ਼ਾਰਾ ਸਿੰਘ ਦਾ ਸ੍ਰੀ ਗੁਰੂ ਗ੍ਰੰਥ ਕੋਸ਼ (1898) ਦੀ ਸੁਧਾਈ ਅਤੇ ਵਿਸਤ੍ਰਿਤ ਕਰਕੇ ਸੰਨ 1927 ਵਿਚ ਛਪਵਾਇਆ। ਇਸ ਗ੍ਰੰਥ ਦਾ ਨਵਾਂ ਸੰਕਲਨ ਭਾਈ ਸਾਹਿਬ ਦੀ ਨਿਰੁਕਤੀ ਅਤੇ ਕਲਾਸੀਕਲ ਤੇ ਨਵੀਨ ਭਾਸ਼ਾਵਾਂ ਦੇ ਵਿਸਤ੍ਰਿਤ ਗਿਆਨ ਦਾ ਪ੍ਰਮਾਣ ਹੈ। ਭਾਈ ਸਾਹਿਬ ਨੇ ਅਨੇਕਾਂ ਸਿੱਖ ਗ੍ਰੰਥਾਂ ਦੀ ਆਲੋਚਨਾਤਮਕ ਸੰਪਾਦਨਾ ਕਰਕੇ ਛਪਵਾਇਆ। ਇਨ੍ਹਾਂ ਵਿਚੋਂ ਸਿੱਖਾਂ ਦੀ ਭਗਤਮਾਲਾ (1912), ਪ੍ਰਾਚੀਨ ਪੰਥ ਪ੍ਰਕਾਸ਼ (1914), ਪੁਰਾਤਨ ਜਨਮਸਾਖੀ (1926) ਅਤੇ ਸਾਖੀ ਪੋਥੀ (1950) ਪ੍ਰਸਿੱਧ ਹਨ। ਉਨ੍ਹਾਂ ਦੀ ਸੰਪਾਦਨਾ ਅਤੇ ਸੁਧਾਈ ਦਾ ਮੁੱਢਲਾ ਉਦੇਸ਼ ਸਿੱਖ ਧਰਮ ਦੀ ਨਿਵੇਕਲੀ ਪਹਿਚਾਣ ਸਥਾਪਿਤ ਕਰਨਾ ਸੀ। ਇਸ ਦੇ ਫਲਸਰੂਪ ਕੁਝ ਖਰੜਿਆਂ ਦੇ ਮੌਲਿਕ ਅਤੇ ਸੰਪਾਦਤ ਸਰੂਪਾਂ ’ਚ ਫ਼ਰਕ ਪੈ ਗਿਆ। ਭਾਈ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਲਈ ‘ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਰਚਨਾ ਸ਼ੁਰੂ ਕੀਤੀ ਪਰ 607 ਪੰਨੇ ਤਕ ਹੀ ਲਿਖੀ ਜਾ ਸਕੀ।
ਭਾਈ ਸਾਹਿਬ ਦੇ ਪੰਜਾਬੀ ਸਾਹਿਤ ਦੇ ਮੁੱਲਵਾਨ ਯੋਗਦਾਨ ਨੂੰ ਮੁੱਖ ਰੱਖਦਿਆਂ ਚੜ੍ਹਦੇ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਡਾਕਟਰ ਔਫ਼ ਓਰੀਐਂਟਲ ਲਰਨਿੰਗ ਔਨਰੇਰੀ ਰਾਜਾ ਦੀ ਡਿਗਰੀ 1949 ਵਿਚ ਪ੍ਰਦਾਨ ਕੀਤੀ। ਆਜ਼ਾਦੀ ਤੋਂ ਬਾਅਦ ਭਾਈ ਸਾਹਿਬ ਪਹਿਲੇ ਵਿਦਵਾਨ ਸਨ ਜਿਨ੍ਹਾਂ ਨੂੰ ਪੰਜਾਬ ਲੈਜਿਸਲੇਟਿਵ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ। 1955 ਵਿਚ ਉਨ੍ਹਾਂ ਦੀ ਪੁਸਤਕ ‘ਮੇਰੇ ਸਾਈਆਂ ਜੀਓ’ ਨੂੰ ਸਾਹਿਤ ਅਕਾਦਮੀ, ਨਵੀਂ ਦਿੱਲੀ ਨੇ ਪੁਰਸਕ੍ਰਿਤ ਕੀਤਾ। ਜਨਵਰੀ 1956 ਵਿਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ।
ਭਾਈ ਵੀਰ ਸਿੰਘ ਆਪਣੇ ਨਿਵਾਸ ਅਸਥਾਨ ਅੰਮ੍ਰਿਤਸਰ ਵਿਖੇ 10 ਜੂਨ 1957 ਨੂੰ ਪਰਲੋਕ ਸਿਧਾਰ ਗਏ।

* ਡਾਇਰੈਕਟਰ, ਭਾਈ ਵੀਰ ਸਿੰਘ ਨਿਵਾਸ ਅਸਥਾਨ, ਅੰਮ੍ਰਿਤਸਰ।
ਸੰਪਰਕ: 98158-46460

ਇੱਛਾ ਬਲ ਤੇ ਡੂੰਘੀਆਂ ਸ਼ਾਮਾਂ
ਪ੍ਰਸ਼ਨ-
ਸੰਝ ਹੋਈ ਪਰਛਾਵੇਂ ਛੁਪ ਗਏ ਕਿਉਂ ਇੱਛਾ ਬਲ ਤੂੰ ਜਾਰੀ?
ਨੈਂ ਸਰੋਦ ਕਰ ਰਹੀ ਉਵੇਂ ਹੀ ਤੇ ਟੁਰਨੋਂ ਬੀ ਨਹਿੰ ਹਾਰੀ,
ਸੈਲਾਨੀ ਤੇ ਪੰਛੀ ਮਾਲੀ, ਹਨ ਸਭ ਅਰਾਮ ਵਿਚ ਆਏ,
ਸਹਿਮ ਸਵਾਦਲਾ ਛਾ ਰਿਹਾ ਸਾਰੇ ਤੇ ਕੁਦਰਤ ਟਿਕ ਗਈ ਸਾਰੀ।
ਚਸ਼ਮੇ ਦਾ ਉੱਤਰ-
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਓ ਕਰ ਅਰਾਮ ਨਹੀਂ ਬਹਿੰਦੇ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ? ਓ ਦਿਨੇ ਰਾਤ ਪਏ ਵਹਿੰਦੇ।
ਇਕੋ ਲਗਨ ਲਗੀ ਲਈ ਜਾਂਦੀ ਹੈ ਟੋਰ ਅਨੰਤ ਉਨ੍ਹਾਂ ਦੀ-
ਵਸਲੋਂ ਉਰ੍ਹੇ ਮੁਕਾਮ ਨ ਕੋਈ, ਸੋ ਚਾਲ ਪਏ ਨਿਤ ਰਹਿੰਦੇ।
– ਭਾਈ ਵੀਰ ਸਿੰਘ


Comments Off on ਪੰਜਾਬੀ ਸਾਹਿਤ ’ਚ ਆਧੁਨਿਕਤਾ ਦਾ ਮੋਢੀ ਭਾਈ ਵੀਰ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.