ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਪੰਜਾਬੀ ਕਵਿਤਾ ਦੇ ਮੁਲਾਂਕਣ ਦਾ ਵਿਲੱਖਣ ਯਤਨ

Posted On June - 2 - 2019

ਪਰਮਜੀਤ ਢੀਂਗਰਾ

ਪੰਜਾਬੀ ਕਵਿਤਾ ਦੀ ਪਰੰਪਰਾ ਜੇ ਦਸਵੀਂ ਸਦੀ ਤੋਂ ਮੰਨ ਲਈਏ ਤਾਂ ਇਸਦਾ ਇਤਿਹਾਸਕ ਸਮਾਂ ਇਕ ਹਜ਼ਾਰ ਵਰ੍ਹੇ ਦਾ ਬਣ ਜਾਂਦਾ ਹੈ। ਇਸ ਸਮੇਂ ਵਿਚ ਅਨੇਕਾਂ ਤਬਦੀਲੀਆਂ ਆਈਆਂ। ਇਸ ਸਾਰੀ ਪਰੰਪਰਾ ਨੂੰ ਅਧਿਐਨ ਦੇ ਕੇਂਦਰ ਵਿਚ ਰੱਖ ਕੇ ਡਾ. ਸੁਖਦੇਵ ਸਿੰਘ ਨੇ ਪੁਸਤਕ ‘ਪੰਜਾਬੀ ਕਵਿਤਾ ਪੁਨਰ ਸੰਵਾਦ’ (ਸਪਤਰਿਸ਼ੀ ਪਬਲੀਕੇਸ਼ਨਜ਼; ਕੀਮਤ: 300 ਰੁਪਏ) ਰਾਹੀਂ ਪਰਿਭਾਸ਼ਤ ਕਰਨ ਦਾ ਯਤਨ ਕੀਤਾ ਹੈ। ਜਦੋਂ ਅਸੀਂ ਪੁਨਰ ਸੰਵਾਦ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਾਵਿ ਸਿਧਾਂਤਕਾਰੀ ਵਿਚੋਂ ਉਸਦਾ ਕਾਵਿ ਸ਼ਾਸਤਰ ਉਸਾਰਨ ਦੀ ਤਲਾਸ਼ ਵਿਚ ਹੁੰਦੇ ਹਾਂ। ਇਹ ਤਲਾਸ਼ ਹੀ ਕਿਸੇ ਪਰੰਪਰਾ ਜਾਂ ਸਾਹਿਤਕ ਰੂਪ ਨੂੰ ਸਹੀ ਪਛਾਣ ਦੇ ਸਕਦੀ ਹੈ।
ਮੱਧਕਾਲ ਸਾਡੀ ਕਵਿਤਾ ਦਾ ਬੜਾ ਮਜ਼ਬੂਤ ਕਾਲ ਹੈ। ਇਸ ਨੇ ਗੁਰਬਾਣੀ ਕਾਵਿ ਧਾਰਾ, ਸੂਫੀ ਕਾਵਿ ਧਾਰਾ ਤੇ ਲੋਕ ਸਾਹਿਤ ਕਾਵਿ ਧਾਰਾ ਰਾਹੀਂ ਇਸ ਕਾਲ ਨੂੰ ਸਾਹਿਤਕ ਮਜ਼ਬੂਤੀ ਦਿੱਤੀ। ਕਵਿਤਾ ਦੀ ਗੱਲ ਕਰਦਿਆਂ ਲੇਖਕ ਦੀ ਧਾਰਨਾ ਹੈ ‘ਮੱਧਕਾਲੀ ਪੰਜਾਬੀ ਕਵਿਤਾ ਦੇ ਕਾਵਿ ਸ਼ਾਸਤਰ ਦੀ ਤਲਾਸ਼ ਅਤੇ ਉਸਦੀ ਵਿਲੱਖਣਤਾ ਨੂੰ ਨਿਸ਼ਚਿਤ ਕਰਨ ਲਈ ਪੂਰਬੀ ਅਤੇ ਪੱਛਮੀ ਕਾਵਿ ਸ਼ਾਸਤਰ ਸਾਡੇ ਲਈ ਸਹਾਇਕ ਤਾਂ ਹੋ ਸਕਦੇ ਹਨ, ਪਰ ਉਨ੍ਹਾਂ ਤੋਂ ਪ੍ਰਾਪਤੀ ਅੰਤਰ ਦ੍ਰਿਸ਼ਟੀਆਂ ਨੂੰ ਮੱਧਕਾਲੀ ਪੰਜਾਬੀ ਕਵਿਤਾ ਉਪਰ ਜਿਉਂ ਦਾ ਤਿਉਂ ਥੋਪਣਾ ਤਰਕ-ਸੰਗਤ ਨਹੀਂ ਹੋਵੇਗਾ। ਇਸਦਾ ਕਾਰਨ ਇਹ ਹੈ ਕਿ ਮੱਧਕਾਲੀ ਕਵਿਤਾ ਦੀਆਂ ਪ੍ਰਮੁੱਖ ਕਾਵਿ ਧਾਰਾਵਾਂ ਵਿਚਾਰਧਾਰਕ ਤੌਰ ’ਤੇ ਕੇਵਲ ਦੋ ਵਿਭਿੰਨ ਸੱਭਿਆਚਾਰਕ ਸਰੋਤਾਂ ਅਤੇ ਸਿਮਰਤੀਆਂ ਨਾਲ ਜੁੜੀਆਂ ਹੋਈਆਂ ਹਨ, ਸਗੋਂ ਇਹ ਦੋ ਅਸਲੋਂ ਵਿਰੋਧੀ ਸੱਭਿਆਚਾਰਾਂ- ਭਾਰਤੀ ਤੇ ਸਾਮੀ ਸੱਭਿਆਚਾਰ ਦੇ ਆਪਸੀ ਤਣਾਅ ਅਤੇ ਸੁਮੇਲ ਤੋਂ ਪੈਦਾ ਹੋਈ ਚੇਤਨਾ ਨੂੰ ਆਪਣਾ ਵਿਚਾਰਧਾਰਕ ਪ੍ਰੇਰਨਾ ਸਰੋਤ ਬਣਾਉਂਦੀਆਂ ਹਨ।’ ਇਸੇ ਦ੍ਰਿਸ਼ਟ ਸੂਤਰ ਨੂੰ ਧਿਆਨ ਵਿਚ ਰੱਖ ਕੇ ਇਸ ਪਰੰਪਰਾ ਵਿਚੋਂ ਲੇਖਕ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਪ੍ਰੋ. ਮੋਹਨ ਸਿੰਘ, ਬਾਵਾ ਬਲਵੰਤ, ਹਰਿਭਜਨ ਸਿੰਘ, ਜਸਵੰਤ ਸਿੰਘ ਨੇਕੀ ਤੇ ਪਾਸ਼ ਦੀ ਕਵਿਤਾ ਦੇ ਵਿਚਾਰਧਾਰਕ ਆਧਾਰਾਂ ਤੇ ਦ੍ਰਿਸ਼ਟੀਮੂਲਕ ਕਾਵਿ ਪੈਰਾਡਾਈਮ ਦੀ ਘੋਖ ਕਰਦਾ ਹੈ।
ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਪ੍ਰਮੁੱਖ ਹਸਤਾਖਰ ਮੰਨਿਆ ਜਾਂਦਾ ਹੈ, ਪਰ ਉਸਦਾ ਕਾਵਿ ਵੀ ਕਈ ਤਰ੍ਹਾਂ ਦੇ ਵਿਰੋਧਾਂ ਤੇ ਭ੍ਰਾਂਤੀਆਂ ਦਾ ਸ਼ਿਕਾਰ ਸੀ। ਇਸ ਬਾਰੇ ਲੇਖਕ ਦੀ ਧਾਰਨਾ ਹੈ ‘ਭਾਈ ਵੀਰ ਸਿੰਘ ਦੇ ਸਮਾਜਿਕ ਤੇ ਸਾਹਿਤਕ ਸਰੋਕਾਰਾਂ ਬਾਰੇ ਗੱਲ ਕਰਦਿਆਂ ਇਸ ਪੱਖੋਂ ਸੁਚੇਤ ਰਹਿਣ ਦੀ ਵੀ ਜ਼ਰੂਰਤ ਹੈ ਕਿ ਆਪਣੇ ਇਤਿਹਾਸਕ ਯੋਗਦਾਨ ਦੇ ਬਾਵਜੂਦ ਉਹ ਆਪਣੇ ਯੁੱਗ ਦੇ ਸੰਕਟਾਂ, ਵਿਚਾਰਧਾਰਕ ਦਵੰਦਾਂ, ਭ੍ਰਾਂਤੀਆਂ, ਮਾਨਸਿਕ ਅਤੇ ਭਾਵਕ ਪੂਰਵਗ੍ਰਹਿਾਂ, ਚੇਤ-ਅਚੇਤ ਜਾਤੀ ਸੰਕਟਾਂ ਅਤੇ ਸ਼੍ਰੇਣਿਕ ਤੇ ਵਿਅਕਤੀਗਤ ਸੀਮਾਵਾਂ ਤੋਂ ਅਸਲੋਂ ਮੁਕਤ ਨਹੀਂ ਸੀ।’ ਇਸ ਪੱਖੋਂ ਭਾਈ ਵੀਰ ਸਿੰਘ ਸੰਕਰਾਂਤੀ ਕਾਲ ਦਾ ਮੱਧਵਰਗੀ ਲੇਖਕ ਸਾਬਤ ਹੁੰਦਾ ਹੈ। ਅੱਜ ਇਸ ਗੱਲ ਦੀ ਵੀ ਲੋੜ ਨਜ਼ਰ ਆਉਂਦੀ ਹੈ ਕਿ ਭਾਈ ਵੀਰ ਦੇ ਕਾਵਿ ਸਰੋਕਾਰਾਂ ਨੂੰ ਭਾਰਤੀ ਪਰਿਪੇਖ ਵਿਚ ਰੱਖ ਕੇ ਉਸਦੀ ਸਮਝ ਬਣਾਈ ਜਾਵੇ। ਪ੍ਰੋ. ਪੂਰਨ ਸਿੰਘ ਪੰਜਾਬੀ ਕਾਵਿ ਦਾ ਵਿਲੱਖਣ ਵਰਤਾਰਾ ਹੈ। ਵਰਤਾਰਾ ਇਸ ਲਈ ਕਿ ਉਸਨੇ ਖੁੱਲ੍ਹੀ ਕਵਿਤਾ ਨੂੰ ਵਿਸਥਾਰ, ਦ੍ਰਿਸ਼ਟੀ ਤੇ ਨਵੀਂ ਕਾਵਿ ਭਾਸ਼ਾ ਦਿੱਤੀ। ਉਸਦੇ ਕਾਵਿ ਚਿੰਤਨ ਦਾ ਸੂਤਰ ਤਲਾਸ਼ ਕਰਦਾ ਲੇਖਕ ਲਿਖਦਾ ਹੈ ‘ਪੂਰਨ ਸਿੰਘ ਨੂੰ ਇਸ ਤੱਥ ਦਾ ਸਹਿਜ ਗਿਆਨ ਸੀ ਕਿ ਦੂਜਿਆਂ ਵਰਗਾ ਹੋਣਾ ਆਪਣੀ ਅਦੁੱਤੀ ਹੋਂਦ ਦੇ ਸੱਚ ਤੋਂ ਮੁਨਕਰ ਹੋਣ ਸਮਾਨ ਹੈ। ਇਸ ਲਈ ਉਹ ਸਨਾਤਨੀ ਧਰਮ ਚਿੰਤਨ ਨੂੰ ਵੀ ਰੱਦ ਕਰਦਾ ਹੈ, ਜੋ ਮਨੁੱਖੀ ਹੋਂਦ ਦੀ ਸੁਤੰਤਰ ਸੱਤਾ ਤੋਂ ਹੀ ਇਨਕਾਰੀ ਹੈ ਅਤੇ ਉਸ ਧਰਮ-ਉਨਮੁਖ ਰਾਸ਼ਟਰਵਾਦ ਨੂੰ ਵੀ ਜੋ ਮਨੁੱਖੀ ਵਿਅਕਤੀਤਵ ਦੇ ਆਪਣੇ ਸੱਚ ਨੂੰ ਮੇਟ ਕੇ ਮਨੁੱਖ ਦੀ ਹੋਣੀ ਨੂੰ ਕਿਸੇ ਸਮੂਹ, ਸੰਪਦਰਾਏ ਜਾਂ ਰਾਸ਼ਟਰ ਦੇ ਹਿੱਤਾਂ ਦੇ ਅਧੀਨ ਕਰਦਾ ਹੈ।
ਸਮੁੱਚੇ ਰੂਪ ਵਿਚ ਕਵਿਤਾ ਬਾਰੇ ਕੀਤੇ ਗਏ ਮੁਲਾਂਕਣ ਇਸ ਪੁਸਤਕ ਰਾਹੀਂ ਇਸ ਦਿਸ਼ਾ ਵਿਚ ਪੰਜਾਬੀ ਕਾਵਿ ਸ਼ਾਸਤਰ ਸਿਰਜਨ ਦਾ ਵਿਲੱਖਣ ਯਤਨ ਹਨ। ਸਿਧਾਂਤਕਾਰੀ ਦੇ ਨਾਲ ਨਾਲ ਇਹ ਕਵੀਆਂ ਦੇ ਗਹਿਨ ਵਿਚ ਦ੍ਰਿਸ਼ਟੀਮੂਲਕ ਸੂਤਰਾਂ ਨੂੰ ਅੱਗੇ ਲਿਆਉਣ ਦਾ ਸੁਚੱਜਾ ਯਤਨ ਹਨ। ਪਰੰਪਰਾ ਨੂੰ ਘੋਖਦਿਆਂ ਲੇਖਕ ਨੇ ਜਿਹੜੀਆਂ ਮੁੱਲਵਾਨ ਧਾਰਨਾਵਾਂ ਪੇਸ਼ ਕੀਤੀਆਂ ਹਨ ਉਹ ਰਚਨਾ ਪ੍ਰਤੀ ਸਮਝ ਨੂੰ ਬੁਲੰਦੀ ਦਿੰਦੀਆਂ ਹਨ।


Comments Off on ਪੰਜਾਬੀ ਕਵਿਤਾ ਦੇ ਮੁਲਾਂਕਣ ਦਾ ਵਿਲੱਖਣ ਯਤਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.