ਕੇਂਦਰ ਨੇ ਲੌਕਡਾਊਨ 30 ਜੂਨ ਤਕ ਵਧਾਇਆ !    ਹਨੇਰੀ ਕਾਰਨ ਤਾਜ ਮਹੱਲ ਨੂੰ ਭਾਰੀ ਨੁਕਸਾਨ !    ਕੇਂਦਰ ਨਾਲੋਂ ਨਾਤਾ ਤੋੜਨ ਸੁਖਬੀਰ: ਕੈਪਟਨ !    ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ !    ਭਰਾ ਦੀ ਕਹੀ ਨਾਲ ਹੱਤਿਆ !    ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    

ਪੰਜਾਬੀਆਂ ’ਚ ਆਈਲੈਟਸ ਦਾ ਵਧਿਆ ਰੁਝਾਨ ਖ਼ਤਰਨਾਕ

Posted On June - 13 - 2019

ਗੁਰਜਤਿੰਦਰ ਸਿੰਘ ਰੰਧਾਵਾ

ਪੰਜਾਬ ਇਸ ਵੇਲੇ ਇਕ ਨਵੀਂ ਹਨੇਰੀ ਗਲੀ ਵੱਲ ਧੱਕਿਆ ਜਾ ਰਿਹਾ ਹੈ, ਜਿੱਥੋਂ ਵਾਪਸ ਮੁੜਨ ਦੇ ਮੌਕੇ ਘੱਟ ਹੀ ਨਜ਼ਰ ਆ ਰਹੇ ਹਨ। ਵੀਹਵੀਂ ਸਦੀ ਦੇ ਅਖੀਰ ’ਚ ਪੰਜਾਬ ਅੰਦਰ ਹਾਲਾਤ ਮਾੜੇ ਹੋਣ ਕਾਰਨ ਪੰਜਾਬੀਆਂ ਨੇ ਵਿਦੇਸ਼ਾਂ ਵੱਲ ਦਾ ਮੂੰਹ ਕਰ ਲਿਆ। ਉਨ੍ਹਾਂ ਦਿਨਾਂ ਵਿਚ ਪੰਜਾਬ ਤੋਂ ਵੱਡੀ ਗਿਣਤੀ ਵਿਚ ਲੋਕ ਏਜੰਟਾਂ ਨੂੰ ਵੱਡੀਆਂ ਰਕਮਾਂ ਤਾਰ ਕੇ ਇੰਗਲੈਂਡ, ਜਰਮਨ, ਇਟਲੀ, ਅਮਰੀਕਾ, ਕੈਨੇਡਾ ਤੇ ਹੋਰ ਮੁਲਕਾਂ ਲਈ ਜਾਂਦੇ ਰਹੇ। ਇਸ ਵੇਲੇ ਵਿਦੇਸ਼ ਜਾਣ ਦੇ ਚਾਹਵਾਨ ਪੰਜਾਬੀ ਲੱਖਾਂ ਰੁਪਏ ਦੇ ਕੇ ਜਾਨਾਂ ਜ਼ੋਖਮ ਵਿਚ ਵੀ ਪਾਉਂਦੇ ਰਹੇ। ਇਸ ਦੌਰਾਨ ਹਜ਼ਾਰਾਂ ਪੰਜਾਬੀ ਰੂਸੀ ਮੁਲਕਾਂ ਦੇ ਮਾਰੂਥਲਾਂ ਅਤੇ ਠੰਡੇ ਯੱਖ ਪਾਣੀਆਂ ਵਿਚ ਡੁੱਬ ਕੇ ਮਰਨ ਲਈ ਵੀ ਮਜਬੂਰ ਹੋਏ। ਇਸ ਵਿਚ ਕੋਈ ਸ਼ੱਕ ਨਹੀਂ ਕਿ ਗੈਰਕਾਨੂੰਨੀ ਢੰਗ ਨਾਲ ਪਰਵਾਸ ਕਰ ਗਏ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਚੰਗੇ ਭਾਗੀਂ ਸਫਲਤਾ ਮਿਲ ਗਈ। ਪਰ ਅਜਿਹੇ ਮੰਦਭਾਗੇ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ, ਜਿਨ੍ਹਾਂ ਨੇ ਵਿਦੇਸ਼ ਜਾਣ ਦੇ ਚੱਕਰ ਵਿਚ ਆਪਣੀਆਂ ਜ਼ਮੀਨ-ਜਾਇਦਾਦਾਂ ਵੇਚ ਕੇ ਏਜੰਟਾਂ ਨੂੰ ਫੜਾ ਦਿੱਤੀਆਂ ਅਤੇ ਫਿਰ ਕਈਆਂ ਨੇ ਆਪਣੇ ਪੁੱਤ ਹੱਥੋਂ ਗੁਆ ਕੇ ਜ਼ਿੰਦਗੀ ਭਰ ਦਾ ਰੋਣਾ ਪੱਲੇ ਪਾ ਲਿਆ।
ਹੁਣ ਪਿਛਲੇ ਕੁੱਝ ਸਾਲਾਂ ਤੋਂ ਵਿਦੇਸ਼ ਜਾਣ ਦੀ ਇਸ ਦੌੜ ਨੇ ਇਕ ਨਵੀਂ ਸ਼ਕਲ ਅਖਤਿਆਰ ਕਰ ਲਈ ਹੈ। ਹੁਣ ਗੈਰਕਾਨੂੰਨੀ ਢੰਗ ਨਾਲ ਵਿਦੇਸ਼ੀ ਧਰਤੀ ਉਪਰ ਜਾਣ ਦਾ ਸੁਪਨਾ ਲੈਣ ਵਾਲੇ ਨੌਜਵਾਨ ‘ਆਈਲੈਟਸ’ (ਆਇਲਜ਼) ਕਰਕੇ ਸਟੱਡੀ ਵੀਜ਼ੇ ਰਾਹੀਂ ਵਿਦੇਸ਼ਾਂ ਵਿਚ ਜਾਣ ਲਈ ਇਕ ਦੂਜੇ ਤੋਂ ਕਾਹਲੇ ਹੋਏ ਬੈਠੇ ਹਨ। ਪੰਜਾਬ ਦਾ ਕੋਈ ਵੱਡਾ-ਛੋਟਾ ਸ਼ਹਿਰ ਅਜਿਹਾ ਨਹੀਂ, ਜਿੱਥੇ ਆਇਲੈਟਸ ਕਰਵਾ ਕੇ ਸਟੱਡੀ ਵੀਜ਼ਾ ਦਿਵਾਉਣ ਦੇ ਵੱਡੇ-ਵੱਡੇ ਬੋਰਡ ਨਜ਼ਰ ਨਹੀਂ ਆਉਂਦੇ। ਵੱਡੇ ਸ਼ਹਿਰਾਂ ਅਤੇ ਕਸਬਿਆਂ ਵਿਚ ਹੀ ਨਹੀਂ, ਸਗੋਂ ਹੁਣ ਤਾਂ ਆਇਲੈਟਸ ਪਾਸ ਕਰਵਾਉਣ ਦੀਆਂ ਦੁਕਾਨਾਂ ਵੱਡੇ ਪਿੰਡਾਂ ਤੱਕ ਵੀ ਫੈਲ ਗਈਆਂ ਨਜ਼ਰ ਆਉਂਦੀਆਂ ਹਨ। ਪੰਜਾਬ ਦੇ ਨੌਜਵਾਨਾਂ ਲਈ ਆਇਲੈਟਸ ਇਕ ਡਿਗਰੀ ਬਣ ਕੇ ਰਹਿ ਗਈ ਹੈ, ਜਦਕਿ ਅਸਲ ਵਿਚ ਆਇਲੈਟਸ ਕੋਈ ਵਿੱਦਿਅਕ ਡਿਗਰੀ ਨਹੀਂ ਹੈ, ਸਗੋਂ ਇਹ ਅੰਗਰੇਜ਼ੀ ਬੋਲਚਾਲ ’ਚ ਸੁਧਾਰ ਤੇ ਨਿਖਾਰ ਦਾ ਜ਼ਰੀਆ ਹੈ ਪਰ ਪੰਜਾਬ ਵਿਚ ਨੌਜਵਾਨਾਂ ਨੇ ਵਿਦੇਸ਼ ਜਾਣ ਦੀ ਮਨਸ਼ਾ ਤਹਿਤ ਆਇਲੈਟਸ ਵਿਚ ਵੱਧ ਤੋਂ ਵੱਧ ਬੈਂਡ ਲੈਣ ਨੂੰ ਹੀ ਬੜੀ ਸਫਲਤਾ ਮਿੱਥ ਲਿਆ ਹੈ। ਆਇਲੈਟਸ ਸੈਂਟਰਾਂ ਵਾਲੇ ਹਰ ਰੋਜ਼ ਅਖ਼ਬਾਰਾਂ ਵਿਚ ਲੱਖਾਂ ਰੁਪਏ ਖਰਚ ਕਰਕੇ ਅਮਰੀਕਾ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਆਦਿ ਮੁਲਕਾਂ ਲਈ ਵਿਦਿਅਕ ਸਟੱਡੀ ਵੀਜ਼ੇ ਲਗਵਾਉਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਦੇ ਹਨ। ਇਕ ਅੰਦਾਜ਼ੇ ਮੁਤਾਬਕ ਸਾਰੇ ਛੋਟੇ-ਵੱਡੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਆਇਲੈਟਸ ਕੇਂਦਰਾਂ ਦੀ ਗਿਣਤੀ 12 ਹਜ਼ਾਰ ਤੋਂ ਵੀ ਉਪਰ ਹੈ।

ਗੁਰਜਤਿੰਦਰ ਸਿੰਘ ਰੰਧਾਵਾ

ਅੱਜਕੱਲ੍ਹ ਪੰਜਾਬ ਦੇ ਨੌਜਵਾਨਾਂ ਨੇ ਵਧੇਰੇ ਕਰਕੇ ਵਿਦੇਸ਼ਾਂ ਵਿਚ ਵਿੱਦਿਆ ਪ੍ਰਾਪਤ ਕਰਨ ਨੂੰ ਵਿਦੇਸ਼ ਉਡਾਰੀ ਮਾਰ ਜਾਣ ਦੇ ਨਵੇਂ ਤਰੀਕੇ ਵਜੋਂ ਅਪਣਾ ਲਿਆ ਹੈ। ਇਹ ਆਮ ਸਮਝਿਆ ਜਾਂਦਾ ਹੈ ਕਿ ਪੰਜਾਬ ’ਚੋਂ ਵਿਦੇਸ਼ਾਂ ’ਚ ਪੜ੍ਹਾਈ ਲਈ ਆਉਣ ਵਾਲੇ 99 ਫੀਸਦੀ ਵਿਦਿਆਰਥੀਆਂ ਦਾ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦਾ ਕੋਈ ਖਾਸ ਮੰਤਵ ਨਹੀਂ ਹੁੰਦਾ। ਉਨ੍ਹਾਂ ਦਾ ਇਕੋ-ਇਕ ਮੰਤਵ ਇਸ ਜ਼ਰੀਏ ਵਿਦੇਸ਼ਾਂ ਵਿਚ ਆ ਕੇ ਸੈਟਲ ਹੋਣਾ ਹੈ। ਹਰ ਸਾਲ 20 ਹਜ਼ਾਰ ਤੋਂ ਵੱਧ ਪੰਜਾਬੀ ਵਿਦਿਆਰਥੀ ਵੱਖ-ਵੱਖ ਮੁਲਕਾਂ ਦੇ ਕਾਲਜਾਂ, ਯੂਨੀਵਰਸਿਟੀਆਂ ਵਿਚ ਦਾਖਲੇ ਲੈ ਕੇ ਵਿਦੇਸ਼ਾਂ ਨੂੰ ਜਾਂਦੇ ਹਨ। ਇਨ੍ਹਾਂ ਨੂੰ ਪਹਿਲੇ ਸਾਲ ਦੀ ਫੀਸ ਸਮੇਤ ਏਜੰਟਾਂ ਦੇ ਖਰਚੇ, ਹਵਾਈ ਟਿਕਟਾਂ ਅਤੇ ਹੋਰ ਖਰਚਿਆਂ ਲਈ ਘੱਟੋ-ਘੱਟ 20 ਲੱਖ ਰੁਪਏ ਭਰਨੇ ਪੈਂਦੇ ਹਨ। ਇਸ ਕਰਕੇ ਆਮ ਤੌਰ ’ਤੇ ਗਰੀਬ ਜਾਂ ਦਰਮਿਆਨੇ ਪਰਿਵਾਰ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਲਈ ਜ਼ਮੀਨਾਂ, ਘਰ ਜਾਂ ਹੋਰ ਜਾਇਦਾਦਾਂ ਗਹਿਣੇ ਧਰ ਕੇ ਬੈਂਕਾਂ ਤੋਂ ਕਰਜ਼ੇ ਚੁੱਕ ਕੇ ਵਿਦੇਸ਼ਾਂ ਨੂੰ ਭੇਜ ਰਹੇ ਹਨ। ਇਕ ਮੋਟੇ ਅੰਦਾਜ਼ੇ ਮੁਤਾਬਕ ਹਰ ਸਾਲ ਪੰਜਾਬ ਦੇ ਲੋਕਾਂ ਵੱਲੋਂ 4 ਅਰਬ ਰੁਪਏ ਵਿਦੇਸ਼ਾਂ ਵਿਚ ਇਸ ਕੰਮ ਲਈ ਭੇਜੇ ਜਾ ਰਹੇ ਹਨ। ਇਨ੍ਹਾਂ ਮੁਲਕਾਂ ਵਿਚ ਆ ਕੇ ਵੀ ਬਹੁਤ ਘੱਟ ਪੜ੍ਹੇ ਅਤੇ ਛੋਟੀ ਉਮਰ ਵਾਲੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਆ ਕੇ ਜਿੱਥੇ ਸੈਟਲ ਹੋਣ ਲਈ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਜ਼ਿੰਦਗੀ ਦੇ ਅਨੁਭਵਾਂ ਤੋਂ ਅਣਜਾਣ ਅਜਿਹੇ ਬਹੁਤ ਸਾਰੇ ਬੱਚੇ ਗਲਤ ਆਦਤਾਂ ਦੇ ਸ਼ਿਕਾਰ ਵੀ ਹੋ ਰਹੇ ਹਨ।
ਪੰਜਾਬ ਅੰਦਰ ਇਸ ਵੇਲੇ ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਬੇਹੱਦ ਮੰਦਾ ਹਾਲ ਹੈ। ਸਰਕਾਰੀ ਸਕੂਲ, ਕਾਲਜ ਬੁਰੀ ਤਰ੍ਹਾਂ ਪਿੱਟ ਚੁੱਕੇ ਹਨ ਅਤੇ ਨਿੱਜੀ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਲੁੱਟ ਦਾ ਅਖਾੜਾ ਬਣ ਕੇ ਰਹਿ ਗਈਆਂ ਹਨ। ਆਮ ਲੋਕਾਂ ਦੇ ਬੱਚਿਆਂ ਦੀ ਇਨ੍ਹਾਂ ਸੰਸਥਾਵਾਂ ਵਿਚ ਪੜ੍ਹਾਈ ਮੁਸ਼ਕਿਲ ਹੋ ਗਈ ਹੈ। ਰੁਜ਼ਗਾਰ ਦੇ ਸਾਧਨ ਬੇਹੱਦ ਸੀਮਤ ਹੋ ਰਹੇ ਹਨ। ਭਾਵੇਂ ਭਾਰਤ ਗੱਲਾਂ ਤਾਂ ਤਰੱਕੀਆਂ ਦੀਆਂ ਕਰ ਰਿਹਾ ਹੈ ਪਰ ਜੋ ਨਵੇਂ ਅੰਕੜੇ ਸਾਹਮਣੇ ਆਏ ਹਨ, ਉਹ ਦੱਸਦੇ ਹਨ ਕਿ ਪਿਛਲੇ 45 ਸਾਲਾਂ ਵਿਚ ਦੇਸ਼ ਵਿਚ ਇੰਨੀ ਬੇਰੁਜ਼ਗਾਰੀ ਕਦੇ ਨਹੀਂ ਸੀ, ਜਿੰਨੀ ਅੱਜਕੱਲ੍ਹ ਹੈ। ਸਮਾਜਿਕ ਸੁਰੱਖਿਆ ਨਾਂ ਦੀ ਇਥੇ ਕੋਈ ਚੀਜ਼ ਨਹੀਂ। ਨਸ਼ਿਆਂ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਘੇਰ ਰੱਖਿਆ ਹੈ। ਮਾਪਿਆਂ ਦਾ ਇਸ ਵੇਲੇ ਵੱਡਾ ਸੰਸ਼ਾ ਨਸ਼ਿਆਂ ਦੀ ਲੱਤ ਤੋਂ ਬਚਾਉਣ ਦਾ ਹੈ। ਇਸ ਕਰਕੇ ਆਮ ਤੌਰ ’ਤੇ ਮਾਪੇ ਇਹੀ ਸੋਚਦੇ ਹਨ ਕਿ ਪੰਜਾਬ ਵਿਚ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ ਹੈ। ਇਹ ਨਵਾਂ ਰੁਝਾਨ ਪੰਜਾਬ ਲਈ ਹਰ ਪੱਖੋਂ ਬੇਹੱਦ ਘਾਤਕ ਹੈ।
ਕਦੇ ਖ਼ਬਰਾਂ ਆਉਂਦੀਆਂ ਸਨ ਕਿ ਵਿਦੇਸ਼ਾਂ ਵਿਚ ਗਏ ਪਰਵਾਸੀ ਪੰਜਾਬੀ ਹਰ ਸਾਲ ਵੱਡੀਆਂ ਰਕਮਾਂ ਪੰਜਾਬ ਭੇਜਦੇ ਹਨ, ਜਿਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਹੰਭਲਾ ਮਿਲਦਾ ਹੈ। ਇਹ ਗੱਲ ਹੈ ਵੀ ਸੱਚ ਸੀ। ਪਰਵਾਸੀ ਪੰਜਾਬੀ ਜਦ ਪੰਜਾਬ ਜਾਂਦੇ ਸਨ, ਤਾਂ ਇੱਥੇ ਵੀ ਵਿਆਹ-ਸ਼ਾਦੀਆਂ, ਸਮਾਜਿਕ ਸਮਾਗਮਾਂ ਅਤੇ ਸਾਂਝੀਆਂ ਥਾਵਾਂ ਲਈ ਵੱਡੀਆਂ ਰਕਮਾਂ ਖਰਚਦੇ ਸਨ। ਪਰ ਹੁਣ ਇਹ ਸਾਰਾ ਕੁੱਝ ਬੜਾ ਸੀਮਤ ਹੋ ਕੇ ਰਹਿ ਗਿਆ ਹੈ। ਪਰਵਾਸੀ ਪੰਜਾਬੀਆਂ ਦੇ ਪੰਜਾਬ ਗੇੜੇ ਵੀ ਘੱਟ ਗਏ ਹਨ। ਪੰਜਾਬ ਵਿਚ ਜ਼ਮੀਨ ਜਾਇਦਾਦਾਂ ਬਣਾਉਣ ਦੀ ਥਾਂ ਹੁਣ ਬਹੁਤੇ ਪੰਜਾਬੀ ਉਥੋਂ ਆਪਣੀਆਂ ਜ਼ਮੀਨ ਜਾਇਦਾਦਾਂ ਸਮੇਟਣ ਦੇ ਆਹਰ ਵਿਚ ਲੱਗੇ ਹੋਏ ਹਨ। ਉਪਰੋਂ ਨਵੀਂ ਪੀੜ੍ਹੀ ਆਪਣਾ ਟੈਲੇਂਟ (ਸੂਝ-ਸਿਆਣਪ) ਲੈ ਕੇ ਵਿਦੇਸ਼ਾਂ ਨੂੰ ਤੁਰ ਰਹੀ ਹੈ, ਜੋ ਪੰਜਾਬ ਲਈ ਬੇਹੱਦ ਖਤਰਨਾਕ ਹੈ। ਇਸ ਨਾਲ ਜਿੱਥੇ ਪੰਜਾਬ ਤਕਨੀਕੀ ਸਿੱਖਿਆ ਵਾਲੀ ਕਿਰਤ ਤੋਂ ਵਾਂਝਾ ਹੋ ਰਿਹਾ ਹੈ, ਉਥੇ ਆਰਥਿਕ ਤੌਰ ’ਤੇ ਕਮਜ਼ੋਰ ਹੋਣ ਵੱਲ ਵਧ ਰਿਹਾ ਹੈ।

-ਸੈਕਰਾਮੈਂਟੋ, ਕੈਲੀਫੋਰਨੀਆ
ਸੰਪਰਕ: 916-320-9444


Comments Off on ਪੰਜਾਬੀਆਂ ’ਚ ਆਈਲੈਟਸ ਦਾ ਵਧਿਆ ਰੁਝਾਨ ਖ਼ਤਰਨਾਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.