ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਪੰਚਾਇਤੀ ਆਮਦਨ ਦਾ ਮੁੱਖ ਸਰੋਤ ਸ਼ਾਮਲਾਤ ਜ਼ਮੀਨਾਂ

Posted On June - 8 - 2019

ਸੁਖਪਾਲ ਸਿੰਘ ਗਿੱਲ

ਆਜ਼ਾਦੀ ਤੋਂ ਬਾਅਦ ਪਿੰਡਾਂ ਦੇ ਵਿਕਾਸ ਨੂੰ ਲੀਹ ’ਤੇ ਲੈ ਕੇ ਆਉਣ ਲਈ ਸਰਕਾਰ ਵੱਲੋਂ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕੀਤੇ ਗਏ। ਇਸੇ ਪ੍ਰਸੰਗ ਵਿਚ ਸ਼ਾਮਲਾਤ ਜ਼ਮੀਨਾਂ ਦਾ ਅਧਿਆਇ ਜੁੜਦਾ ਹੈ। 1961 ਤੋਂ ਪਹਿਲਾਂ ਸ਼ਾਮਲਾਤ ਜ਼ਮੀਨਾਂ ਸਬੰਧੀ ਕੋਈ ਪਰਿਭਾਸ਼ਾ ਨਹੀਂ ਸੀ। ਇਸ ਲਈ ਆਮ ਤਕੀਆ ਕਲਾਮ ਸੀ ਕਿ ਇਹ ਸ਼ਾਮਲਾਤ ਨਹੀਂ ਹੈ, ਜਿਸ ਦੇ ਥੱਲੇ ਸੀ ਉਹੀ ਦੱਬੀ ਬੈਠਾ ਸੀ। ਇਸ ਲਈ ਪੰਜਾਬ ਪਿੰਡ ਕਾਮਨਲੈਂਡਜ਼ (ਰੈਗੂਲੇਸ਼ਨ) ਐਕਟ 1961 ਦੀ ਸਥਾਪਨਾ ਕਰਕੇ ਸ਼ਾਮਲਾਤ ਜ਼ਮੀਨਾਂ ਦੀ ਰਾਖੀ ਕੀਤੀ ਗਈ। ਇਸ ਐਕਟ ਤੋਂ ਪਹਿਲਾਂ ਜ਼ਮੀਨੀ ਮਾਲਕਾਂ ਨੂੰ ਸ਼ਾਮਲਾਤ ਦੇ ਹਿੱਸੇ ਦਾ ਅਧਿਕਾਰ ਸੀ ਜਦੋਂਕਿ ਗ਼ੈਰ-ਮਾਲਕ ਡੰਗਰ ਚਾਰਨ ਅਤੇ ਲੱਕੜਾਂ ਇਕੱਠੀਆਂ ਕਰਨ ਤੱਕ ਸੀਮਤ ਸਨ। ਇਸ ਐਕਟ ਦੀ ਸਥਾਪਨਾ ਨਾਲ ਸ਼ਾਮਲਾਤ ਜ਼ਮੀਨਾਂ ਦੇ ਪ੍ਰਬੰਧ ਵਿਚ ਪਿੰਡ ਦਾ ਹਰ ਵੋਟਰ ਹਿੱਸੇਦਾਰ ਬਣਿਆ। 1961 ਦੇ ਐਕਟ ਤਹਿਤ ਨਾਜਾਇਜ਼ ਕਬਜ਼ੇ ਛੁਡਾਉਣ ਲਈ ਕੁਲੈਕਟਰ ਪੰਚਾਇਤ ਲੈਂਡ ਅਦਾਲਤ ਦੀ ਸਥਾਪਨਾ ਕੀਤੀ ਗਈ ਹੈ। ਹਰ ਸਾਲ ਗ੍ਰਾਮ ਪੰਚਾਇਤਾਂ ਇਨ੍ਹਾਂ ਅਦਾਲਤਾਂ ਜ਼ਰੀਏ ਸ਼ਾਮਲਾਤਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾ ਰਹੀਆਂ ਹਨ। 2017 ਵਿੱਚ ਪੰਜਾਬ ਕੋਲ 1,70,033 ਏਕੜ ਸ਼ਾਮਲਾਤ ਤੇ ਸਾਂਝੀਆਂ ਜ਼ਮੀਨਾਂ ਸਨ। ਜਿਨ੍ਹਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਚਾਇਤਾਂ ਹਰ ਸਾਲ ਮਈ ਜੂਨ ਮਹੀਨੇ ਅਖ਼ਬਾਰੀ ਇਸ਼ਤਿਹਾਰ ਦੇ ਕੇ ਸ਼ਾਮਲਾਤਾਂ ਦੀ ਬੋਲੀ ਕਰਦੀਆਂ ਹਨ। ਇਸ ਨਾਲ ਪੰਚਾਇਤਾਂ ਦੀ ਆਮਦਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਲ 2016-17 ਵਿਚ 2,83,42,62,710 ਕਰੋੜ ਦੀ ਆਮਦਨ ਸੀ, ਜੋ ਲਗਾਤਾਰ ਵਧ ਰਹੀ ਹੈ। ਇਸ ਆਮਦਨੀ ਦਾ ਪੰਚਾਇਤਾਂ 20 ਤੋਂ 30 ਫ਼ੀਸਦੀ ਪੰਚਾਇਤ ਸੰਮਤੀ ਨੂੰ ਭੇਜਦੀਆਂ ਹਨ। ਇਸ ਨਾਲ ਪੰਚਾਇਤ ਸੰਮਤੀਆਂ ਦੀ ਆਮਦਨ ਵੀ ਵਧਦੀ ਹੈ।
ਸ਼ਾਮਲਾਤ ਜ਼ਮੀਨਾਂ ਦੇ ਤਬਾਦਲੇ ਲਈ ਨੀਤੀ ਵੀ ਨਿਰਧਾਰਿਤ ਕੀਤੀ ਗਈ ਹੈ। ਪਰ ਇਨ੍ਹਾਂ ਤਬਾਦਲਿਆਂ ਦੀ ਕਾਗਜ਼ੀ ਕਾਰਵਾਈ ਲੰਬੀ ਹੋਣ ਕਰਕੇ ਆਮ ਬੰਦੇ ਹੰਭ ਜਾਂਦੇ ਹਨ। ਸ਼ਾਮਲਾਤ ਜ਼ਮੀਨ ਦੇ ਤਬਾਦਲੇ ਸਬੰਧੀ ਪੰਜਾਬ ਪਿੰਡ ਕਾਮਨਲੈਂਡਜ਼ ਰੈਗੂਲੇਸ਼ਨ ਰੂਲਜ਼ 1964 ਤਹਿਤ ਧਾਰਾ 5 ਸਥਾਪਿਤ ਕੀਤੀ ਗਈ ਹੈ। ਇਹ ਤਬਾਦਲਾ ਲੋਕ ਭਲਾਈ ਅਤੇ ਪੰਚਾਇਤੀ ਹਿੱਤ ਵਿਚ ਹੋਣਾ ਚਾਹੀਦਾ ਹੈ। ਪੰਚਾਇਤਾਂ ਸ਼ਾਮਲਾਤ ਜ਼ਮੀਨਾਂ ਵਿਚ ਬੂਟੇ ਲਗਵਾ ਕੇ ਆਮਦਨ ਵਿਚ ਝੋਖਾ ਵਾਧਾ ਕਰ ਰਹੀਆਂ ਹਨ। ਝਾੜ ਝੰਖਾਰ ਵਾਲੀਆਂ ਜ਼ਮੀਨਾਂ ਨੂੰ ਸੱਤ ਸਾਲ ਲਈ ਬੋਲੀ ’ਤੇ ਦੇਣ ਦਾ ਉਪਬੰਧ ਵੀ ਹੈ। ਇਸ ਤਹਿਤ ਪਿੰਡ ਦੇ ਲੋਕ ਫ਼ਾਇਦਾ ਉਠਾ ਰਹੇ ਹਨ। ਸ਼ਾਮਲਾਤ ਜ਼ਮੀਨਾਂ ਨੂੰ ਦਾਨ ਦੇਣ ਲਈ 1964 ਦੇ ਰੂਲ 13 ਏ ਅਧੀਨ ਭੂਮੀ ਹੀਣਾਂ ਅਤੇ ਗ਼ਰੀਬਾਂ ਨੂੰ ਰਹਿਣ ਲਈ ਜ਼ਮੀਨ ਦੇਣ ਦਾ ਉਪਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਕੂਲ, ਪਸ਼ੂ ਹਸਪਤਾਲ ਅਤੇ ਡਿਸਪੈਂਸਰੀ ਲਈ ਵੀ ਜ਼ਮੀਨ ਦਾਨ ਦਿੱਤੀ ਜਾ ਸਕਦੀ ਹੈ।
ਪਿੰਡਾਂ ਦੇ ਲੋਕਾਂ ਦੀ ਸਮੱਸਿਆ ਨੂੰ ਮੁੱਖ ਰੱਖ ਕੇ 1961 ਦੇ ਐਕਟ ਤਹਿਤ ਪਸ਼ੂਆਂ ਦੀ ਚਰਾਂਦ ਅਤੇ ਸੁੱਕੀ ਲੱਕੜ ਚੁੱਕਣ ਦੀ ਖੁੱਲ੍ਹ ਹੈ। ਜਦੋਂ ਤੋਂ ਸਰਕਾਰ ਨੇ ਇਨ੍ਹਾਂ ਸ਼ਾਮਲਾਤ ਜ਼ਮੀਨਾਂ ਦੀ ਰਾਖੀ ਲਈ ਨਿਯਮ ਐਕਟ ਨਿਰਧਾਰਿਤ ਕੀਤੇ ਹਨ, ਉਦੋਂ ਤੋਂ ਸ਼ਾਮਲਾਤ ਜ਼ਮੀਨਾਂ ਸਬੰਧੀ ਜਾਗਰੂਕਤਾ ਪੈਦਾ ਹੋਈ ਹੈ। ਪਿੰਡਾਂ ਦੇ ਲੋਕ ਅਤੇ ਪੰਚਾਇਤਾਂ ਇਨ੍ਹਾਂ ਦੀ ਰਾਖੀ ਲਈ ਕੰਨੀ ਕਤਰਾਉਂਦੇ ਹਨ। ਕਾਰਨ ਇਹ ਕਿ ਕੋਈ ਕਿਸੇ ਨਾਲ ਵਿਗਾੜਨਾ ਨਹੀਂ ਚਾਹੁੰਦਾ। ਕਈ ਪੰਚਾਇਤਾਂ ਕੋਲ ਇਨ੍ਹਾਂ ਦੀ ਰਾਖੀ ਲਈ ਫੰਡ ਨਹੀਂ ਹੁੰਦੇ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਸ਼ਾਮਲਾਤ ਜ਼ਮੀਨਾਂ ਲਈ ਸੌਖੀ ਅਤੇ ਵੱਖਰੀ ਨੀਤੀ ਨਿਰਧਾਰਿਤ ਕਰਕੇ ਆਪਣੇ ਪੱਧਰ ’ਤੇ ਫ਼ੈਸਲੇ ਕਰੇ। ਜੋ ਸ਼ਾਮਲਾਤਾਂ ਵਿਚ ਮਕਾਨ ਬਣਾ ਚੁੱਕੇ ਹਨ ਉਨ੍ਹਾਂ ਨੂੰ ਨਿਯਮਿਤ ਕਰੇ। ਇਸ ਨਾਲ ਕਈ ਕਿਸਮ ਦੇ ਝਗੜਿਆਂ ਅਤੇ ਭਾਈਚਾਰਕ ਏਕਤਾ ਨੂੰ ਲਗਦੀ ਸੱਟ ਤੋਂ ਬਚਿਆ ਜਾ ਸਕਦਾ ਹੈ।
ਸੰਪਰਕ: 98781-11445


Comments Off on ਪੰਚਾਇਤੀ ਆਮਦਨ ਦਾ ਮੁੱਖ ਸਰੋਤ ਸ਼ਾਮਲਾਤ ਜ਼ਮੀਨਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.