ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਪ੍ਰਮਾਣਿਕ ਲੋਕ ਗੀਤ: ਇਕ ਪਛਾਣ

Posted On June - 8 - 2019

ਸੱਭਿਆਚਾਰ : 16

ਡਾ. ਨਾਹਰ ਸਿੰਘ

ਲੋਕ ਗੀਤ ਦੇ ਸੁਭਾਅ ਦਾ ਇਕ ਬੁਨਿਆਦੀ ਲੱਛਣ ਉਸ ਦਾ ਇਲਾਕਾਈ ਅਤੇ ਸਮੂਹ ਵਿਸ਼ੇਸ਼ ਭਾਵ ਦਾਇਰਾਗਤ ਹੋਣਾ ਹੈ। ਲੋਕ ਗੀਤ ਦੇ ਇਲਾਕਾਈ ਹੋਣ ਦੀ ਪਛਾਣ ਉਸ ਦੀ ਬੋਲੀ (ਉਪ ਭਾਸ਼ਾ) ਤੋਂ ਇਲਾਵਾ ਉਸ ਵਿਚਲੀਆਂ ਸੰਸਕ੍ਰਿਤਕ ਸਥਿਤੀਆਂ ਤੇ ਬਾਕੀ ਵੇਰਵਿਆਂ ਤੋਂ ਵੀ ਹੁੰਦੀ ਹੈ। ਜੇ ਕਿਸੇ ਲੋਕ ਗੀਤ ਵਿਚੋਂ ਉਸ ਦੀ ਇਲਾਕਾਈ ਵਿਲੱਖਣਤਾ ਤੇ ਸਮੂਹ ਵਿਸ਼ੇਸ਼ ਦੀ ਭਾਵਨਾ ਲੋਪ ਹੋਵੇ ਤਾਂ ਸਮਝ ਲਵੋ ਲੋਕ ਗੀਤ ਦੀ ਭਾਸ਼ਾ ਦਾ ਕੇਂਦਰੀਕਰਨ ਹੋ ਗਿਆ ਹੈ ਜਾਂ ਸਮੁੱਚੇ ਲੋਕ ਗੀਤ ਦਾ ਹੀ ਸਾਹਿਤੀਕਰਨ ਕਰ ਦਿੱਤਾ ਗਿਆ ਹੈ। ਲੋਕ ਗੀਤ ਨੂੰ ਕੇਂਦਰੀ ਬੋਲੀ ਵਿਚ ਲਿਖਣ ਨਾਲ ਜਾਂ ਉਸ ਦਾ ਸਾਹਿਤੀਕਰਨ ਕਰ ਦੇਣ ਨਾਲ ਉਸ ਦਾ ਵਿਕਰੀ ਮੁੱਲ ਤਾਂ ਭਾਵੇਂ ਵਧ ਜਾਂਦਾ ਹੈ, ਪਰ ਲੋਕ ਗੀਤ ਦੀ ਰੂਹ ਗਵਾਚ ਜਾਂਦੀ ਹੈ।
ਪੰਜਾਬ ਦੇ ਲੋਕ ਗੀਤਾਂ ਦੇ ਸੰਗ੍ਰਹਿ ਵਿਚੋਂ ਬਹੁਤਿਆਂ ਵਿਚ ਨੂੰ ਸੰਗ੍ਰਹਿਤ ਕਰਨ ਦੀ ਵਿਧੀ ਅਣਵਿਗਿਆਨਕ ਹੈ ਕਿਉਂਕਿ ਉਨ੍ਹਾਂ ਨੇ ਲੋਕ ਗੀਤਾਂ ਦੇ ਪਾਠਾਂ ਨੂੰ ਸਿਰਫ਼ ਸੰਗ੍ਰਹਿਤ ਹੀ ਨਹੀਂ ਕੀਤਾ ਸਗੋਂ ‘ਸੰਪਾਦਨ’ ਦੇ ਨਾਲ ‘ਸੋਧ’ ਵੀ ਕਰ ਦਿੱਤੀ ਹੈ। ਲੋਕ ਗੀਤਾਂ ਦੇ ਖੇਤਰ ਵਿਚ ਇਹ ‘ਸੋਧ’ ਤੇ ‘ਸੰਪਾਦਨ’ ਦੀ ਕਿਰਿਆ ਲੋਕ ਗੀਤ ਨੂੰ ਬੇਜਾਨ ਕਰਨ ਦਾ ਹੀ ਦੂਜਾ ਨਾਂ ਹੈ। ਲੋਕ ਗੀਤਾਂ ਦੇ ਅਜਿਹੇ ਸੋਧਕਾਂ ਵਿਚ ਲੋਕ ਗੀਤਾਂ ਵਿਚਲੀ ਕਾਂਟ-ਛਾਂਟ ਤੋਂ ਇਲਾਵਾ ਉਨ੍ਹਾਂ ਨੂੰ ‘ਸਾਹਿਤਕ’ ਬਣਾਉਣ ਦਾ ਯਤਨ ਵੀ ਹੋਇਆ ਹੈ, ਜਿਹਾ ਕਿ ‘ਮੌਲੀ ਤੇ ਮਹਿੰਗੀ’ ਪੁਸਤਕ ਵਿਚ।
ਮਹਿੰਦਰ ਸਿੰਘ ਰੰਧਾਵਾ ਦੇ ਦੋ ਸੰਗ੍ਰਹਿ ‘ਪੰਜਾਬ ਦੇ ਲੋਕ ਗੀਤ’ ਤੇ ‘ਪੰਜਾਬੀ ਲੋਕ ਗੀਤ’ ਮਿਲਦੇ ਹਨ। ਇਨ੍ਹਾਂ ਵਿਚ ਸੰਗ੍ਰਹਿਤ ਲੋਕ ਗੀਤਾਂ ਵਿਚੋਂ ਬਹੁਤਿਆਂ ਨੂੰ ਕੇਂਦਰੀ ਪੰਜਾਬੀ ਵਿਚ ਦਿੱਤਾ ਗਿਆ ਹੈ। ਅਣਜਾਣ ਸੰਗ੍ਰਹਿਕਾਰਾਂ ਨੇ ਮੌਖਿਕ ਲੋਕ ਗੀਤ ਨੂੰ ਲਿਪੀਬੱਧ ਕਰਦਿਆਂ ਅਚੇਤ ਹੀ ਉਸ ਨੂੰ ਕੇਂਦਰੀ ਪੰਜਾਬੀ ਵਿਚ ਲਿਖ ਦਿੱਤਾ ਹੈ। ਸਿੱਟੇ ਵਜੋਂ ਉਨ੍ਹਾਂ ਲੋਕ ਗੀਤਾਂ ਵਿਚਲਾ ਸਥਾਨਕ ਲਹਿਜਾ, ਦੁਹਰਾਉ ਵਿਧੀ ਅਤੇ ਗੀਤ ਦਾ ਸਾਰਾ ਸੁਰ-ਪਰਪੰਚ ਨਸ਼ਟ ਹੋ ਗਿਆ ਹੈ:

 • (ੳ) ਗੱਡੀ ਆ ਗਈ ਸੰਦੂਕੋਂ ਖਾਲੀ,
  ਬਹੁਤਿਆਂ ਭਰਾਵਾਂ ਵਾਲੀਏ।
 • ਜੇਹੜੇ ਮਿੱਠੀਆਂ ਜ਼ਬਾਨਾਂ ਵਾਲੇ
  ਮਤਲਬ ਕੱਢ ਲੈਂਦੇ।
 • ਕੁੱਲੀ ਯਾਰ ਦੀ ਸੁਰਗ ਦਾ ਝੂਟਾ,
  ਅੱਗ ਲਾਵਾਂ ਮੰਦਰਾਂ ਨੂੰ।
 • (ਅ) ਗੱਡੀ ਆ ਗਈ ਸੰਦੂਖੋਂ ਖਾਲੀ
  ਬਾਹਲਿਆਂ ਭਰਾਮਾਂ ਆਲੀਏ।
 • ਜੇੜ੍ਹੇ ਮਿੱਠੀਆਂ ਜ਼ਬਾਨਾਂ ਆਲੇ
  ਮਤਲਬ ਕਢ ਲੈਂਦੇ।
 • ਕੁੱਲੀ ਯਾਰ ਦੀ ਸੁਰਗ ਦਾ ਝੂਟਾ,
  ਅੱਗ ਲਾਮਾਂ ਮੰਦਰਾਂ ਨੂੰ।

ਉੱਪਰ (ੳ) ਤੇ (ਅ) ਭਾਗ ਵਿਚ ਦਿੱਤੇ ਟੱਪੇ ਇਕੋ ਖਿੱਤੇ ਮਾਲਵਾ ਨਾਲ ਸਬੰਧਤ ਹਨ। ਭਾਗ (ਅ) ਵਿਚ ਇਨ੍ਹਾਂ ਟੱਪਿਆਂ ਦਾ ਪ੍ਰਚੱਲਤ ਪ੍ਰਮਾਣਿਕ ਰੂਪ ਹੈ ਜਦੋਂ ਕਿ ਭਾਗ (ੳ) ਉਨ੍ਹਾਂ ਦਾ ਪ੍ਰਾਪਤ ਲਿਪੀਬੱਧ ਰੂਪ। ਮੌਖਿਕ ਤੋਂ ਲਿਖਤ ਤਕ ਏਨਾ ਪਾੜਾ, ਲਿਪੀਕਾਰ ਦੀ ਅਣਜਾਣਤਾ ਦਾ ਸਿੱਟਾ ਹੈ।
ਕਿਸੇ ਲੋਕ ਗੀਤ ਦਾ ਸਥਾਨਕ ਲਹਿਜਾ ਹੀ ਉਸ ਦੇ ਜੀਵੰਤ ਹੋਣ ਦਾ ਪ੍ਰਮਾਣ ਹੁੰਦਾ ਹੈ। ਇਸ ਤੱਥ ਦੇ ਆਧਾਰ ’ਤੇ ਅਸੀਂ ਕਹਿ ਸਕਦੇ ਹਾਂ ਕਿ ਤਕਨੀਕੀ ਤੌਰ ’ਤੇ ‘ਪੰਜਾਬੀ ਲੋਕ ਗੀਤ’ ਨਾਂ ਦਾ ਕੋਈ ਲੋਕ ਗੀਤ ਨਹੀਂ ਹੁੰਦਾ। ਇਧਰਲੇ ਪੰਜਾਬ ਦਾ ਲੋਕ ਗੀਤ ਮਾਝੀ, ਦੁਆਬੀ, ਮਲਵਈ ਜਾਂ ਪੁਆਧੀ ਵਿਚੋਂ ਕੋਈ ਇਕ ਹੋਵੇਗਾ। ਪ੍ਰਮਾਣਿਕ ਲੋਕ ਗੀਤ ਨਿਸ਼ਚੇ ਹੀ ਉਪ ਭਾਸ਼ਾਈ ਉਚਾਰ ਵਿਚ ਹੁੰਦਾ ਹੈ।
ਅਸੀਂ ਲੋਕ ਗੀਤ ਦੇ ਸ਼ੁੱਧੀਕਰਨ ਦੀ ਗੱਲ ਨਹੀਂ ਤੋਰੀ, ਮਸਲਾ ਉਨ੍ਹਾਂ ਦੀ ਪ੍ਰਮਾਣਿਕਤਾ ਦਾ ਹੈ। ਪ੍ਰਮਾਣਿਕ ਲੋਕ ਗੀਤ ਉਹ ਹੈ ਜੋ ਇਕ ਵੇਲੇ ਇਕ ਸਥਿਤੀ ਵਿਚ ਕਿਸੇ ਪ੍ਰਕਾਰ ਗਾਇਆ ਤੇ ਪ੍ਰਵਾਨਿਆ ਜਾਂਦਾ ਹੈ। ਪ੍ਰਮਾਣਿਕ ਲੋਕ ਗੀਤ ਆਪਣੇ ਮੌਖਿਕ ਰੂਪ ਵਿਚ ਗਾਉਣ ਦੀਆਂ ਸੁਰਾਂ ਸਮੇਤ ਜਿਉਂਦਾ ਹੈ। ਉਚਾਰ ਦੀਆਂ ਸੁਰਾਂ ਤੋਂ ਨਿਖੜਿਆ ਲੋਕ ਗੀਤ ਪ੍ਰਮਾਣਿਕ ਨਹੀਂ ਹੈ। ਜਦੋਂ ਇਕੋ ਗੀਤ ਨੂੰ ਦੋ ਵੱਖ-ਵੱਖ ਸਥਿਤੀਆਂ ਵਿਚ ਦੋ ਵੱਖੋ-ਵੱਖਰੇ ਭੂਗੋਲਿਕ ਖੇਤਰਾਂ ਵਿਚ, ਉਸੇ ਜਾਂ ਕਿਸੇ ਹੋਰ ਗਾਇਕ ਰਾਹੀਂ ਪਹਿਲੇ ਰੂਪ ਵਿਚ ਜਾਂ ਥੋੜ੍ਹੀ ਬਹੁਤ ਭਿੰਨਤਾ ਨਾਲ ਉਸੇ ਤਰਜ ਜਾਂ ਥੋੜ੍ਹੀ ਭਿੰਨ ਤਰਜ ਵਿਚ ਗਾਇਆ ਜਾਂਦਾ ਹੈ ਤਾਂ ਇਸ ਪ੍ਰਕਾਰ ਉਚਾਰੇ ਗਏ ਦੋਵੇਂ ਗੀਤ ਪ੍ਰਮਾਣਿਕ ਮੰਨੇ ਜਾਣੇ ਚਾਹੀਦੇ ਹਨ।
ਇਕੋ ਲੋਕ ਗੀਤ ਦਾ ਹਰ ਰੂਪਾਂਤਰ ਆਪਣੇ ਆਪ ਵਿਚ ਸੁਤੰਤਰ ਇਕਾਈ ਹੁੰਦਾ ਹੈ। ਇਹ ਗੱਲ ਲੋਕਧਾਰਾ ਦੇ ਬਾਕੀ ਰੂਪਾਂ ਵਿਚ ਵੀ ਸੱਚ ਹੈ। ਲੋਕ ਗੀਤ ਦੀ ਪ੍ਰਮਾਣਿਕਤਾ ਉਸ ਦੀ ਖੇਤਰੀ ਸਥਾਨਕਤਾ ਵਿਚ ਹੀ ਹੈ। ਇਸ ਤੱਤ ਨੂੰ ਸਵੀਕਾਰਨ ਤੋਂ ਬਾਅਦ ਲੋੜ ਹੈ ਪੰਜਾਬ ਦੇ ਲੋਕ ਗੀਤਾਂ ਦੇ ਇਲਾਕਾਈ ਤੇ ਉਪ ਭਾਸ਼ਾਈ ਲਹਿਜੇ ਨੂੰ ਪਛਾਨਣ ਦੀ ਅਤੇ ਲੋਕ ਗੀਤਾਂ ਨੂੰ ਲਿਪੀਬੱਧ ਕਰਦਿਆਂ ਉਨ੍ਹਾਂ ਨੂੰ ਮੌਖਿਕ ਮੁਹਾਵਰੇ ਦੇ ਅੰਤਰਗਤ ਸਮਝਣ ਦੀ।
ਇਸ ਲੜੀ ਅਧੀਨ ਮੈਂ ਮਲਵਈ ਤੇ ਪੁਆਧੀ ਬੋਲੀਆਂ ਇੱਥੇ ਦੇ ਰਿਹਾ ਹਾਂ, ਇੱਥੇ ਸਿਰਫ਼ ਉਹ ਬੋਲੀਆਂ ਹੀ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿਚਲੀ ਸਥਾਨਕਤਾ ਦੀ ਪਛਾਣ ਉਨ੍ਹਾਂ ਦੇ ਰੂਪ ਵਿਚੋਂ ਹੀ ਨਹੀਂ ਸਗੋਂ ਵਸਤੂ ਵਿਚੋਂ ਵੀ ਹੁੰਦੀ ਹੈ। ਇਹ ਸਾਰੀਆਂ ਬੋਲੀਆਂ ਮਾਲਵੇ ਤੇ ਪੁਆਧ (ਢਾਹੇ) ਦੇ ਵਿਸ਼ੇਸ਼ ਪਿੰਡਾਂ ਦੇ ਨਾਵਾਂ ਨਾਲ ਸਬੰਧਤ ਹਨ। ਇੱਥੇ ਦੇਣ ਲਈ ਸਿਰਫ਼ ਉਨ੍ਹਾਂ ਬੋਲੀਆਂ ਦੀ ਚੋਣ ਕੀਤੀ ਗਈ ਹੈ ਜੋ ਪਹਿਲੇ ਪ੍ਰਕਾਸ਼ਿਤ ਨਹੀਂ ਹੋਈਆਂ:

 • ਡਾ. ਨਾਹਰ ਸਿੰਘ

  ਤਾਵੇ-ਤਾਵੇ-ਤਾਵੇ/ ਤਿੰਨ ਪਿੰਡ ਕੰਜਰਾਂ ਦੇ
  ਛੋਟੀ ਬਗਲੀ, ਭੌਰਲੇ, ਚਾਵੇ।
  ਰੂਪੈ ਨੇ ਰਾਹ ਰੋਕ ਲਿਆ/ਬਾਬਾ ਪੂਰਬਾ ਪੂਰੀਆਂ ਪਾਵੇ।
  ਚੱਕ ਦੀ ਬਣਾਮਾ ਚੱਕਲੀ
  ਸੈਲ ਢੱਲੂਆਂ ਦਾ ਬੈੜ ਬਣਾਵੇ।
  ਮਾਣਕੀ ਦੀ ਮਾਲ੍ਹ ਬਣੀ ਬਘੌਰ ਨੂੰ ਬੇਂਡੀ ਲਾਵੇ।
  ਗਗੜੇ ਦਾ ਗੜ੍ਹ ਤੋੜ ਤਾ
  ਸੇਹ ਦੇ ਸਾਨ੍ਹ ਰੱਖਣ ਸਰਕਾਰੀ।
  ਗੋਹ ਦੇ ਵਛੇਰੀ ਪਾਲਦੇ
  ਮਾਨੂੰਪੁਰ ਵਿਚ ਮੜਕਾਂਦਾਰੀ।
  ਕੋਟਲੇ ’ਚੋਂ ਕਟਕ ਚੜ੍ਹ ਗਿਆ
  ਕਹਿੰਦੇ ਭੜੀ ਦੀ ਭੜ੍ਹਾਕਣ ਨਾਰੀ।
  ਚੜੀ ਦੇ ਲੜਾਕੂ ਵੱਜਦੇ
  ਫੇਰ ਆਈ ਗੋਸਲਾਂ ਦੀ ਬਾਰੀ।
  ਦੋ ਪਿੰਡ ਸੇਖੋਆਂ ਦੇ ਜਿੱਥੇ ਮਾਲ ਚਾਰਦੇ ਪਾਲ਼ੀ।
  ਪਿੱਤਰ ਸ਼ਾਇਰੀ ਦਾ ਪਿੰਡ ਵਜਦਾ ਬਰਬਾਲੀ…

 • ਪਿੰਡ ਢੁਡੀਕੇ ਖਾਸ ਵੀਰਨੋ ਮੋਗਾ ਤਸੀਲ ਲਖਾਉਂਦੇ।
  ਪਰੋਜਪੁਰੇ ਵਿਚ ਤਾਂ ਹੁੰਦੀਆਂ ਅਦਾਲਤਾਂ
  ਜਿੱਥੇ ਬੈਲੀ ਭੁਗਤ ਕੇ ਆਉਂਦੇ।
  ਮਟਵਾਣੀ ਪਿੰਡ ਸੀ ਮਟੀਆ
  ਢੁਡੀਕੇ ਨੂੰ ਸੀਸ ਨਿਵਾਉਂਦੇ।
  ਵੱਡੀ ਕੋਕਰੀ ਛੋਟੀ ਕੋਕਰੀ ਸਾਧਾਂ ਆਲੇ ਕਹਾਉਂਦੇ।
  ਝੰਡਿਆਣੀ ਦੀ ਪੰਚੈਤ ਸੁਣੀਂਦੀ ਮਾੜੇ ਨੂੰ ਡੰਨ ਲਾਉਂਦੇ।
  ਤਖਾਣਵੱਧ ਦੇ ਬੈਲੀ ਸੁਣੀਂਦੇ ਨਾਜਰ, ਜਾਗਰ ਕਹਾਉਂਦੇ।
  ਬੁੱਟਰ ਭਰਾਵੋ ਲੱਗੇ ਬਸਾਖੀ ਗਾਣੇ ਸੋਹਣੇ ਗਾਉਂਦੇ।
  ਮੱਦੋਕਿਆਂ ਵਿਚ ਪੰਡਤ ਬਾਹਲੇ
  ਘੋਨੀ ਕਣਕ ਬਿਜਾਉਂਦੇ।
  ਦਾਉਧਰ ਦੇ ਮੁੰਡੇ ਚੱਕਣ ਬੋਰੀਆਂ
  ਬੰਤਾ, ਸੰਤਾ ਕਹਾਉਂਦੇ।
  ਦੱਲਾਂ ਮੱਲਾ ਕੁੱਸਾ ਮੀਨੀਆ
  ਚਲ ਜਗਰਾਮੀ ਆਉਂਦੇ।
  ਚੂਹੜ ਚੱਕ ਦਾ ਮਾਰਿਆ ਬਾਵਾ
  ਲੋਕੀ ਭੱਜ-ਭੱਜ ਆਣ ਛੜਾਉਂਦੇ।
  ਔਥੇ ਲਗੇ ਕਿਲੀ ਦਾ ਮੇਲਾ
  ਲੋਕੀ ਮਿੱਟੀ ਕੱਢ-ਕੱਢ ਆਉਂਦੇ
  ਉਦੋਂ ਨੇੜੇ ਅਜਿਤਵਾਲ ਸੁਣੀਂਦਾ
  ਜਿੱਥੇ ਠੇਕੇ ਲਲਾਮ ਕਰਾਉਂਦੇ।
  ਕੂੜਾ ਮੁੰਡਾ ਢੁਡੀਕਿਆਂ ਤੋਂ ਬੋਲੀ ਜੋੜ ਸੁਣਾਵੇ।
  ਮੇਲਣ ਸੱਪ ਅਰਗੀ ਛੜਾ ਘੜੀਸੀ ਜਾਵੇ…
 • ਪਿੰਡ ਢੁੱਡੀਕੇ ਖਾਸ ਵੀਰਨੋ ਦੁਨੀਆਂ ਜਾਣਦੀ ਸਾਰੀ।
  ਜ਼ਿਲ੍ਹਾ ਪਰੋਜ਼ਪੁਰ ਮੇਰਾ ਸੁਣੀਂਦਾ
  ਜਿੱਥੇ ਲਗਦੀ ਕਚਾਇਰੀ ਭਾਰੀ।
  ਮੋਗਾ ਤਸੀਲ ਕਹਿੰਦੇ ਨਗਰ ਹਮਾਰਾ
  ਜਿਥੇ ਸੌਦਾ ਕਰਨ ਵਪਾਰੀ।
  ਮਹਿਣਾ ਠਾਣਾ ਲੱਗਦਾ
  ਦੋਸਤੋ ਪੁਲਸ ਬੜੀ ਸੀ ਮਾੜੀ।
  ਅਜਿਤਵਾਲ ਟੇਸ਼ਣ ਲਗਦਾ
  ਵੀਰਨੋ ਗੱਡੀ ਚਲਦੀ ਆਣ ਸਵਾਰੀ।
  ਦਾਉਧਰ ਨੂੰ ਇਕ ਰੋੜ ਨਿਕਲ ਗਿਆ
  ਲੱਗੀ ਪੰਜ ਵਜੇ ਦੀ ਲਾਰੀ।
  ਸੌਂ ਜਾ ਦਿਲ ਧਰ ਕੇ ਵਿਛਿਆ ਪਲੰਘ ਨਮਾਰੀ…
 • ਫੂਲ੍ਹਾ ਫੂਲ੍ਹੀ ਕੋਲ ਸੁਣੀਂਦੇ ਮੁਕਸਰ ਕੋਲ ਰੁਪਾਣਾ,
  ਚੰਦ ਭਾਨ ਦੇ ਭੌਕਣ ਕੁੱਤੇ ਲੁੱਟਿਆ ਦਬੜੀਖਾਣਾ।
  ਆਕਲੀਏ ਦੇ ਮੰਜੇ ਸਦਾ ਲੇ ਵਿਚੇ ਰੰਗੀਲੀ ਠਾਣਾ,
  ਏਸ ਪਟੋਲੇ ਨੂੰ ਹਿੱਕ ਨਾਲ ਲਾ ਕੇ ਜਾਣਾ…
 • ਖੁਰਦ ਮਾਣਕੀ ਕੋਲੇ ਕੋਲੀ ਪੰਜ ਗਰਾਈਂਏ ਠਾਣਾ,
  ਰਾਏਕੋਟ ਬਸੀਆਂ ਕੋਲੋ ਕੋਲੀ ਪੂਲ੍ਹੇ ਕੋਲ ਨਥਾਣਾ।
  ਚੜ੍ਹ ਕੇ ਡਾਕ ਗੱਡੀ ਭਮਕੇ ਖਰੀਦਣ ਡਾਣਾ,
  ਤੀਮੀ ਸੱਪ ਬਰਗੀ ਆਪ ਕੰਜਰ ਦਾ ਕਾਣਾ…
 • ਬੋਹਾ ਬੁਲਾਢਾ, ਕੋਲੇ ਕੋਲੀ ਵਿਚ ਮੁੱਗਲਾਂ ਦਾ ਠਾਣਾ,
  ਮੁਗ਼ਲੇ ਮੈਨੂੰ ਮਾਰਨ ਅਖੀਆਂ ਮੈਂ ਨਿਆਣੀ ਕੀ ਜਾਣਾਂ।
  ਜਾਂਦੇ ਨੌਕਰ ਦਾ ਕੁੜਤਾ ਕਾਲਜੇ ਲਾਮਾ…
 • ਪੱਤੋ ਕੋਲੇ ਖਾਈ ਸੁਣੀਂਦੀ ਖਾਈ ਕੋਲ੍ਹੇ ਦੀਨਾ,
  ਰਾਹ ਤੇ ਘਰ ਮੇਰਾ ਮਿਲ ਕੇ ਜਾਈਂ ਸ਼ੁਕੀਨਾ…
 • ਚੌਂਦੇ ਦੇ ਮੁੰਡੇ ਬੜੇ ਸ਼ਕੀਨੀ ਮਨਵੀ ਦੇ ਮਸਤਾਨੇ,
  ਹੱਥੀਂ ਬੋਤਲਾਂ ਕੱਛੀਂ ਬੋਤਲਾਂ ਮੋਢੇ ਲਟਕਣ ਟੌਰੇ।
  ਰੂਪ ਗਮਾਂ ਲਿਆ ਨੀ ਹੁਣ ਕੀ ਜਾਣਾ ਸੌਹਰੇ…
 • ਰਤੀਆ ਰੇਤਗੜ੍ਹ ਕੋਲੇ ਕੋਲੀ ਵਿਚ ਰਤੀਏ ਦੇ ਠਾਣਾ,
  ਕਟਮੀ ਸੁੱਥਣ ਦਾ ਛੱਡ ਦੇ ਪੈਨ੍ਹਣਾ
  ਬੇਅਕਲਾਂ ਦਾ ਬਾਣਾ।
  ਅਗਲੀ ਝਿੜਕ ਦਊ ਨਾ ਜਾਈਂ ਅਣਜਾਣਾ…
 • ਊਠਾਂ ਆਲਿਉ ਵੇ ਊਠ ਲੱਦੇ ਨੇ ਚੜਿੱਕ ਨੂੰ,
  ਸੋਨਾ ਵੇ ਲਿਆਇਉ ਮੇਰੇ ਸੋਹਣੇ ’ਜੇ ਕਲਿੱਪ ਨੂੰ…
 • ਆਰੀ-ਆਰੀ-ਆਰੀ
  ਵਿਚ ਜਗਰਾਮਾ ਦੇ ਲਗਦੀ ਰੋਸ਼ਨੀ ਭਾਰੀ
  ਗਿਜੇ ਹੋਏ ਦਾਰੂ ਦੇ ਜਾ ਵੜਦੇ ਵਿਚ ਬਜਾਰੀਂ
  ਲੱਡੂਆਂ ਦੇ ਥਾਲ ਚੱਕ ਲੇ ਭਾਨ ਚੱਕ ਲੀ ਹੱਟੀ ਦੀ ਸਾਰੀ
  ਭਾਈ ਬਖਤੌਰਾ ਰੋਹਣੋਂ ਦਾ
  ਜ੍ਹੀਨੇ ਡਾਕੇ ਆਲੇ ਘੇਰਲੇ ਚਾਲੀ
  ਪੂਰਨ ਬਸਰੇ ਦਾ ਜ੍ਹੀਨੇ ਅਲਕ ਬਛੇਰੀ ਪਾਲੀ
  ਬਚਨਾ ਬਿਲਗੇ ਦਾ
  ਗੱਲ ਕਰ ਗਿਆ ਜਗਤ ਤੇ ਨਿਆਰੀ
  ਮੰਗੂ ਖੇੜੀ ਦਾ ਜ੍ਹੇੜਾ ਰੱਖਦਾ ਗੰਡਾਸੀ ਚਾੜ੍ਹੀਂ
  ਈਸੂ ਘੜੂਏ ਦਾ ਜ੍ਹੀਤੇ ਚਲਗੇ ਮੁਕੱਦਮੇ ਭਾਰੀ
  ਮਿਲਖੀ ਨਿਊਆਂ ਦਾ ਪੈਰ ਜੋੜ ਕੇ ਗੰਡਾਸੀ ਮਾਰੀ
  ਠਾਣੇਦਾਰ ਇਉਂ ਡਿੱਗਿਆ
  ਜਿਉਂ ਹਲ ਤੋਂ ਡਿੱਗੀ ਪੰਜਾਲੀ
  ਭਜ ਲਉ ਵੇ ਲੋਕੋ ਹੋ ਗਿਆ ਮੁਕੱਦਮਾ ਭਾਰੀ
  ਕਾਹਨੂੰ ਛੇੜੀ ’ਤੀ ਨਾਗਾਂ ਦੀ ਪਟਿਆਰੀ…

ਸੰਪਰਕ: 98880-06118


Comments Off on ਪ੍ਰਮਾਣਿਕ ਲੋਕ ਗੀਤ: ਇਕ ਪਛਾਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.