ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਪੇਚ ਦਰ ਪੇਚ ਦਾਸਤਾਨ-ਏ-ਦਸਤਾਰ

Posted On June - 9 - 2019

ਆਖਦੇ ਹਨ ਕਿ ਬੰਦਾ ਆਪਣੀ ਦਸਤਾਰ, ਰਫ਼ਤਾਰ ਅਤੇ ਗੁਫ਼ਤਾਰ ਤੋਂ ਪਛਾਣਿਆ ਜਾਂਦਾ ਹੈ। ਦੁਨੀਆਂ ਦੇ ਵੱਖ ਵੱਖ ਖਿੱਤਿਆਂ ਵਿਚ ਵੱਖੋ-ਵੱਖਰੀਆਂ ਸੱਭਿਅਤਾਵਾਂ ਦੇ ਲੋਕ ਆਪੋ-ਆਪਣੇ ਢੰਗ ਦੀ ਪੱਗ ਬੰਨ੍ਹਦੇ ਹਨ। ਇਹ ਲੇਖ ਮਨੁੱਖ ਦੀ ਪਛਾਣ ਦੇ ਇਸ ਨਿਵੇਕਲੇ ਚਿੰਨ੍ਹ ਬਾਰੇ ਜਾਣਕਾਰੀ ਪੇਸ਼ ਕਰਦਾ ਹੈ।

ਡਾ. ਆਸਾ ਸਿੰਘ ਘੁੰਮਣ
ਰਵਾਇਤ ਤੇ ਮਰਿਆਦਾ

ਗਣਤੰਤਰ ਦਿਵਸ ਦੀ ਪਰੇਡ ਵਿਚ ਸ਼ਾਮਲ ਸਿੱਖ ਰੈਜੀਮੈਂਟ ਦੇ ਜਵਾਨ।

ਪੱਗ, ਪਗੜੀ, ਦਸਤਾਰ ਦੀ ਦਾਸਤਾਨ ਬਹੁਤ ਪੁਰਾਤਨ ਵੀ ਹੈ ਤੇ ਪੇਚੀਦਾ ਵੀ। ਇਸ ਸਿਰ-ਵਸਤਰ ਨਾਲ ਅਨੇਕਾਂ ਇਤਿਹਾਸਕ, ਧਾਰਮਿਕ, ਸੱਭਿਆਚਾਰਕ, ਸਦਾਚਾਰਕ ਅਤੇ ਮਿਥਿਹਾਸਕ ਸੰਕੇਤ ਜੁੜੇ ਹੋਏ ਹਨ। ਸ਼ਾਇਦ ਹੀ ਕਿਸੇ ਹੋਰ ਪਹਿਨਣ-ਵਸਤਰ ਦੇ ਏਨੇ ਨਾਂਅ, ਏਨੀਆਂ ਪਹਿਨਣ-ਸ਼ੈਲੀਆਂ, ਏਨੇ ਸੰਕੇਤਕ ਅਰਥ ਹੋਣ ਜਾਂ ਕਿਸੇ ਲਿਬਾਸ-ਇਕਾਈ ਨੂੰ ਜ਼ਿੰਦਾ-ਪਾਇੰਦਾ ਰਹਿਣ ਲਈ ਏਨੇ ਸੰਘਰਸ਼ ਕਰਨੇ ਪਏ ਹੋਣ। ਉਹ ਸਿਰ-ਵਸਤਰ ਜਿਸ ਨੂੰ ਪੰਜਾਬੀ ਲੋਕ ਪੱਗ, ਪਗੜੀ, ਦਸਤਾਰ, ਸਾਫਾ, ਚੀਰਾ ਆਦਿ ਨਾਵਾਂ ਨਾਲ ਜਾਣਦੇ ਹਨ ਅੰਗਰੇਜ਼ੀ ਵਿੱਚ ਟਰਬਨ, ਫਰੈਂਚ ਵਿੱਚ ਟਲਬੈਂਡ, ਇਤਾਲਵੀ, ਸਪੇਨੀ ਤੇ ਪੁਰਤਗਾਲੀ ਵਿੱਚ ਟਰੈਂਬਦੇ, ਡੱਚ ਵਿੱਚ ਟਲਬਨਜ਼, ਰੋਮਨ ਵਿੱਚ ਟੁਲੀਬਨ, ਲਾਤੀਨੀ ਵਿੱਚ ਮਾਇਟਰ ਅਤੇ ਤੁਰਕੀ ਵਿੱਚ ਸਾਰਿਕ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਅਸਲੀਅਤ ਤਾਂ ਇਹ ਹੈ ਕਿ ਪੱਗ ਕਿਸੇ ਨਾ ਕਿਸੇ ਨਾਂ ਨਾਲ, ਕਿਸੇ ਨਾ ਕਿਸੇ ਰੂਪ ਵਿੱਚ, ਕਿਸੇ ਨਾ ਕਿਸੇ ਕਾਲ ਵਿੱਚ ਤਕਰੀਬਨ ਦੁਨੀਆਂ ਦੇ ਹਰ ਹਿੱਸੇ ਵਿੱਚ ਈਸਾਈਆਂ, ਯਹੂਦੀਆਂ, ਮੁਸਲਮਾਨਾਂ, ਹਿੰਦੂਆਂ ਅਤੇ ਖ਼ਾਸ ਤੌਰ ’ਤੇ ਸਿੱਖਾਂ ਦੇ ਸਿਰਾਂ ਦਾ ਸ਼ਿੰਗਾਰ ਰਹੀ ਹੈ।

ਲਾਲਾ ਲਾਜਪਤ ਰਾਏ ਦੀ 1908 ਵਿਚ ਖਿੱਚੀ ਗਈ ਤਸਵੀਰ।

ਨਿਸ਼ਚਿਤ ਤੌਰ ’ਤੇ ਇਹ ਕਹਿ ਸਕਣਾ ਤਾਂ ਬਹੁਤ ਔਖਾ ਹੈ ਕਿ ਪੱਗ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਹੋਈ ਹੋਵੇਗੀ, ਪਰ ਪ੍ਰਾਪਤ ਖੋਜ ਸਾਧਨਾਂ ਤੋਂ ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਪੱਗ ਮੁੱਢਲੇ ਰੂਪ ਵਿੱਚ ਈਸਾ ਮਸੀਹ ਤੋਂ ਹਜ਼ਾਰਾਂ ਸਾਲ ਪਹਿਲਾਂ ਤੋਂ ਬੱਝਣੀ ਸ਼ੁਰੂ ਹੋ ਗਈ ਸੀ। ਡਾ. ਗੌਤਮ ਚੈਟਰਜੀ ਦੀ ਮੰਨੀਏ ਤਾਂ ਪਗੜੀ ਦੁਨੀਆਂ ਨੂੰ ਭਾਰਤ ਦੀ ਦੇਣ ਹੈ। ਉਨ੍ਹਾਂ ਮੁਤਾਬਿਕ ਇਸ ਦੇ ਸਭ ਤੋਂ ਪੁਰਾਣੇ ਪ੍ਰਮਾਣ ਭਰਹੂਤ, ਭੁਜਾ, ਬੋਧ-ਗਯਾ, ਸਾਂਚੀ, ਮਥੁਰਾ ਅਤੇ ਮਹਾਂਬਲੀਪੁਰਮ ਸਥਾਨਾਂ ਤੋਂ ਪੱਥਰ-ਚਿੱਤਰਾਂ ਅਤੇ ਮੂਰਤੀਆਂ ਤੋਂ ਪੁਰਾਤਤਵ ਵਿਭਾਗ ਨੇ ਖੋਜੇ ਹਨ। ਰਿਗਵੇਦ ਦੇ ਜ਼ਮਾਨੇ ਵਿੱਚ ਵੀ ਯੱਗ-ਪੂਜਾ ਸਮੇਂ ਵੱਖ-ਵੱਖ ਰੰਗਾਂ ਦੇ ਸਿਰ-ਪਹਿਰਾਵੇ ਦਾ ਜ਼ਿਕਰ ਮਿਲਦਾ ਹੈ ਜਿਸਨੂੰ ਸੰਸਕ੍ਰਿਤ ਵਿੱਚ ਸ਼ਿਰੋਸਤਰਾ (ਸਿਰ ਦੀ ਸੁਰੱਖਿਆ ਵਾਲਾ) ਕਿਹਾ ਗਿਆ ਹੈ। ਹਿੰਦੁਸਤਾਨੀ ਪੁਰਾਤਨ ਸਾਹਿਤ ਵਿੱਚ ਅਨੇਕ ਜਗ੍ਹਾ ’ਤੇ ਪਗੜੀ ਦਾ ਜ਼ਿਕਰ ਆਉਂਦਾ ਹੈ, ਸਮੇਤ ਬਾਨ-ਭੱਟ ਦੀ ਕ੍ਰਿਤ ‘ਕਦੰਬਰੀ’ ਦੇ। ਵਸਤਰ-ਇਤਿਹਾਸ ਦੇ ਮਹਾਨ ਖੋਜੀ ਡਾ. ਜੀ.ਐਸ. ਗੁਰੀਆ ਅਨੁਸਾਰ ਹਿੰਦੁਸਤਾਨੀ ਔਰਤਾਂ ਵੀ ਪੁਰਾਣੇ ਸਮਿਆਂ ਵਿੱਚ ਮਰਦਾਂ ਵਾਂਗ ਸਿਰ ’ਤੇ ਪਗੜੀ ਬੰਨ੍ਹਦੀਆਂ ਸਨ ਭਾਵੇਂ ਕਿ ਉਨ੍ਹਾਂ ਦੀ ਬੰਨ੍ਹਣ ਸ਼ੈਲੀ ਕਾਫ਼ੀ ਵੱਖਰੀ ਹੁੰਦੀ ਸੀ।
ਵਸਤਰ-ਗਾਥਾ ਦੇ ਵਿਸ਼ਲੇਸ਼ਣ ਵਿੱਚੋਂ ਮੁੱਖ ਤੌਰ ’ਤੇ ਦੋ ਧਾਰਨਾਵਾਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ: ਬਚਾਓ ਦਲੀਲ ਅਤੇ ਸਜਾਓ ਦਲੀਲ। ਆਮ ਸਮਝਿਆ ਜਾਂਦਾ ਹੈ ਕਿ ਕੱਪੜਾ ਮੁੱਢਲੇ ਤੌਰ ’ਤੇ ਮੌਸਮੀ ਬਚਾਓ ਕਰਕੇ ਅਤੇ ਕੁਦਰਤੀ ਦੁਸ਼ਵਾਰੀਆਂ ਤੋਂ ਬਚਣ ਲਈ ਹੋਂਦ ਵਿੱਚ ਆਇਆ। ਗਰਮੀਆਂ, ਸਰਦੀਆਂ, ਬਾਰਸ਼, ਘੱਟੇ-ਮਿੱਟੀ ਤੋਂ ਬਚਾਓ ਕਰਨ ਲਈ ਹੀ ਮਨੁੱਖ ਨੇ ਆਪਣੇ ਆਲੇ-ਦੁਆਲੇ ਵਿੱਚੋਂ ਉਪਲੱਬਧ ਸਾਧਨ ਵਰਤੇ ਹੋਣਗੇ। ਪੱਗ ਦੇ ਮਾਮਲੇ ਵਿੱਚ ਵੀ ਇੰਝ ਸੋਚਿਆ ਜਾ ਸਕਦਾ ਹੈ ਕਿ ਪੱਗ ਰੇਗਿਸਤਾਨੀ ਇਲਾਕਿਆਂ ਵਿੱਚ ਗਰਮੀ, ਰੇਤੇ ਅਤੇ ਘੱਟੇ-ਮਿੱਟੀ ਤੋਂ ਬਚਾਓ ਲਈ ਬੱਝਣੀ ਸ਼ੁਰੂ ਹੋਈ ਹੋਵੇਗੀ, ਪਰ ਇਹ ਧਾਰਨਾ ਪੂਰਨ ਰੂਪ ਵਿੱਚ ਸਹੀ ਨਹੀਂ ਜਾਪਦੀ। ਪੱਗ ਉਨ੍ਹਾਂ ਇਲਾਕਿਆਂ ਵਿੱਚ ਵੀ ਬਹੁਤ ਪ੍ਰਚੱਲਿਤ ਰਹੀ ਹੈ ਜ੍ਹਿਨਾਂ ਦਾ ਅਜਿਹੇ ਮੌਸਮਾਂ ਨਾਲ ਬਹੁਤਾ ਸੰਬੰਧ ਨਹੀਂ ਹੈ। ਨਿਰਸੰਦੇਹ ਪੱਗ, ਪਗੜੀ, ਸਾਫਾ, ਦੁਲਬੰਦ, ਦਸਤਾਰ ਜਾਂ ਅਜਿਹੇ ਨਾਂ ਨਾਲ ਜਾਣਿਆ ਜਾਂਦਾ ਸਿਰ-ਵਸਤਰ ਘੱਟੇ-ਮਿੱਟੀ-ਰੇਤਾ ਜਾਂ ਗਰਮੀ-ਸਰਦੀ ਤੋਂ ਬਚਾਅ ਲਈ ਵਰਤਿਆ ਜਾਣ ਕਰਕੇ ਹੋਂਦ ਵਿੱਚ ਆਇਆ ਹੋਵੇਗਾ, ਪਰ ਅਸਲੀਅਤ ਇਹ ਵੀ ਹੈ ਕਿ ਇਸ ਪਿੱਛੇ ਬਣਨ, ਫੱਬਣ ਅਤੇ ਸੋਹਣੇ ਲੱਗਣ ਦੀ ਚਾਹਨਾ ਜ਼ਿਆਦਾ ਪ੍ਰਬਲ ਰਹੀ ਹੋਵੇਗੀ।

ਯਹੂਦੀ ਬਜ਼ੁਰਗ।

ਮਨੁੱਖੀ ਲਿਬਾਸ ਦੀਆਂ ਸਾਰੀਆਂ ਵਸਤਾਂ ਬਣੀਆਂ-ਬਣਾਈਆਂ ਮਿਲਦੀਆਂ ਹਨ ਜਾਂ ਆਰਡਰ ’ਤੇ ਬਣਵਾਈਆਂ ਜਾਂਦੀਆਂ ਹਨ, ਪਰ ਪੱਗ ਇੱਕ ਅਜਿਹਾ ਵਸਤਰ ਹੈ ਜਿਸ ਨੂੰ ਸਜਾਉਣ ਵਿੱਚ ਸਿਰਜਕ ਦੀ ਹਸਤ-ਕਲਾ ਅਤੇ ਪ੍ਰਬੀਨਤਾ ਨੁਮਾਇਆ ਹੁੰਦੀ ਹੈ। ਪੱਗ ਵਿਅਕਤੀ ਦੀ ਸ਼ਖ਼ਸੀਅਤ ਦਾ ਸਵੈ-ਪ੍ਰਗਟਾਵਾ ਕਰਦੀ ਹੈ। ਜਿਸਮ ਦੀ ਚੋਟੀ ’ਤੇ ਹੋਣ ਕਰਕੇ ਅਤੇ ਸਿਰ-ਮਸਤਕ ਦੀ ਸ਼ੋਭਾ ਵਧਾਉਣ ਲਈ ਬੱਝਿਆ ਹੋਣ ਕਰਕੇ ਪਗੜੀ ਇੱਕ ਮਹੱਤਵਪੂਰਨ ਲਿਬਾਸ-ਇਕਾਈ ਤਾਂ ਹੈ ਹੀ ਸੀ, ਸਮਾਂ ਪਾ ਕੇ ਇਹ ਵਡੱਪਣ ਅਤੇ ਵਿਲੱਖਣਤਾ ਦੇ ਪ੍ਰਤੀਕਾਂ ਦਾ ਆਧਾਰ ਬਣਦੀ ਗਈ। ਇਸ ਉੱਪਰ ਕਈ ਸੰਕੇਤਕ ਚਿੰਨ ਸਜਾਏ ਜਾਣ ਲੱਗੇ। ਪਗੜੀ ਦਾ ਰੰਗ, ਆਕਾਰ ਅਤੇ ਬੰਨ੍ਹਣ ਸ਼ੈਲੀਆਂ ਕਈ ਅਰਥ ਦਰਸਾਉਣ ਲੱਗੇ। ਵਰਡ ਬੁੱਕ ਐਨਸਾਈਕਲੋਪੀਡੀਆ, ਭਾਗ 18 ਅਨੁਸਾਰ, ‘‘…ਇੱਕ ਮੌਕੇ ਤੁਰਕੀ ਦਾ ਸੁਲਤਾਨ ਪੱਗ ਉੱਪਰ ਸਾਰਸ ਦੇ ਤਿੰਨ ਖੰਭ ਲਾਉਂਦਾ ਸੀ ਜਦਕਿ ਸਾਧਾਰਨ ਸਰਕਾਰੀ ਅਫ਼ਸਰ ਇੱਕ ਖੰਭ ਲਾਉਂਦਾ ਸੀ।’’ ਬਾਈਬਲ ਅਨੁਸਾਰ ਪੱਗ ਯਹੂਦੀ ਪਾਦਰੀਆਂ ਦੀ ਯੂਨੀਫਾਰਮ ਦਾ ਇੱਕ ਅਹਿਮ ਹਿੱਸਾ ਹੁੰਦਾ ਸੀ। ਬਾਈਬਲ ਦੇ ਚੈਪਟਰ ‘ਕੂਚ’ ਪੰਨਾ ਨੰਬਰ 28 ’ਤੇ ਅੰਕਿਤ ਹੈ: ‘‘ਤੂੰ ਆਪਣੇ ਭਰਾ ਲਈ ਪੁਰੋਹਿਤਾਈ ਦੇ ਕੱਪੜੇ ਬਣਾ ਜੋ ਵੇਖਣ ਵਿੱਚ ਗੌਰਵਸ਼ਾਲੀ ਅਤੇ ਸੁੰਦਰ ਹੋਣ। ਉਹ ਕੱਪੜੇ ਇਹ ਹਨ: ਛਾਤੀ ’ਤੇ ਬੰਨਣ ਵਾਲਾ ਪਟਕਾ, ਇੱਕ ਟਿਊਨਕ (ਚੋਗਾ), ਇੱਕ ਕੱਢਿਆ ਹੋਇਆ ਹੋਇਆ ਕੁੜਤਾ, ਇੱਕ ਪਗੜੀ ਅਤੇ ਇੱਕ ਲੱਕ ਦੁਆਲੇ ਬੰਨ੍ਹਣ ਵਾਲੀ ਪੇਟੀ’’। ਬਾਈਬਲ ਅਨੁਸਾਰ ਪੱਗ ਪੁਰਾਤਨ ਜ਼ਮਾਨੇ ਵਿੱਚ ਵੀ ਤਾਕਤ, ਜਵਾਨੀ, ਸ਼ੌਕੀਨੀ ਅਤੇ ਰੋਅਬ-ਦਾਅਬ ਦੀ ਪ੍ਰਤੀਕ ਸੀ। ਉਸ ਜ਼ਮਾਨੇ ਵਿੱਚ ਵੀ ਪੱਗ ਚਿਣ-ਚਿਣ ਕੇ ਬੰਨ੍ਹਣ ਵਾਲਿਆਂ ਉੱਤੇ ਔਰਤਾਂ ਫਿਦਾ ਹੁੰਦੀਆਂ ਸਨ। ਬਾਈਬਲ ਵਿੱਚ ਜ਼ਿਕਰ ਹੈ ਕਿ ਬੇਬੀਲੋਨੀਆ ਦੇ ਜੁਆਨਾਂ ਦੀਆਂ ਦਾੜ੍ਹੀਆਂ ਅਤੇ ਪੱਗਾਂ ਨਾਲ ਸਜੀਆਂ ਸ਼ਖ਼ਸੀਅਤਾਂ ਦੇ ਕੰਧ-ਚਿੱਤਰ ਜਦ ਦੂਰ ਬੈਠੀਆਂ ਔਰਤਾਂ ਨੇ ਦੇਖੇ ਤਾਂ ਉਹ ਮੰਤਰ-ਮੁਗਧ ਹੋ ਗਈਆਂ।’’

ਰਾਜਸਥਾਨੀ ਪਗੜੀਧਾਰੀ ਸ਼ਖ਼ਸ।

ਇਸਲਾਮ ਧਰਮ ਵਿੱਚ ਪੱਗ ਨੂੰ ਵਿਸ਼ੇਸ਼ ਤੌਰ ’ਤੇ ਉਚੇਰਾ ਅਤੇ ਮਹੱਤਵਪੂਰਨ ਮੁਕਾਮ ਹਾਸਲ ਰਿਹਾ ਹੈ। ਮੁਹੰਮਦ ਸਾਹਿਬ ਦੇ ਆਪ ਦਸਤਾਰ ਸਜਾਉਣ ਬਾਰੇ ਕਈ ਹਦੀਸਾਂ ਵਿੱਚ ਜ਼ਿਕਰ ਹੈ। ਡਾ. ਤਰਲੋਚਨ ਸਿੰਘ ਅਨੁਸਾਰ ਤੁਰਕੀ ਦੇ ਪੱਗਾਂ ਤਿਆਰ ਕਰਨ ਵਾਲੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਨੂੰ ਆਪਣਾ ਸਰਪ੍ਰਸਤ ਮੰਨਦੇ ਹਨ ਕਿਉਂਕਿ ਹਜ਼ਰਤ ਸਾਹਿਬ ਖ਼ੁਦ ਸੀਰੀਆ ਵਿੱਚ ਪੱਗਾਂ ਦਾ ਵਿਉਪਾਰ ਕਰਦੇ ਸਨ ਅਤੇ ਮੱਕੇ ਤੋਂ ਪੱਗਾਂ ਬਸਰੇ ਨੂੰ ਨਿਰਯਾਤ ਕਰਦੇ ਸਨ। ਇਕ ਹਦੀਸ ਵਿੱਚ ਜ਼ਿਕਰ ਹੈ: ‘‘ਉਨ੍ਹਾਂ ਕਿਹਾ ਫਰਿਸ਼ਤੇ ਵੀ ਪੱਗ ਬੰਨ੍ਹਦੇ ਹਨ। … ਪੱਗ ਬੰਨ੍ਹਣ ਦੀ ਆਦਤ ਬਣਾਓ ਕਿਉਂਕਿ ਇਹ ਫਰਿਸ਼ਤਿਆਂ ਦੀ ਨਿਸ਼ਾਨੀ ਹੈ…।’’
ਮੁਸਲਿਮ ਧਰਮ ਜਿੱਥੇ ਜਿੱਥੇ ਵੀ ਫੈਲਿਆ ਪੱਗ ਕਿਸੇ ਨਾ ਕਿਸੇ ਰੂਪ ਵਿੱਚ ਲਿਬਾਸ ਦਾ ਮਹੱਤਵਪੂਰਨ ਹਿੱਸਾ ਬਣਦੀ ਗਈ। ਪੱਗ ਬਾਦਸ਼ਾਹੀ, ਧਾਰਮਿਕਤਾ, ਉੱਚਤਾ, ਸੁੱਚਤਾ, ਵਡੱਪਣ, ਸੱਤਾ ਅਤੇ ਇੱਜ਼ਤ ਦਾ ਚਿੰਨ੍ਹ ਬਣਦੀ ਗਈ। ਸੰਨ 1301 ਵਿੱਚ ਜਾਰੀ ਕੀਤੇ ਇੱਕ ਬਾਦਸ਼ਾਹੀ ਹੁਕਮ ਅਨੁਸਾਰ ਮਿਸਰ ਵਿੱਚ ਆਮ ਲੋਕ ਕੇਵਲ ਨੀਲੇ ਰੰਗ ਦੀ ਪੱਗ ਹੀ ਬੰਨ੍ਹ ਸਕਦੇ ਸਨ; ਚਿੱਟੀ ਪੱਗ ਬੰਨ੍ਹਣ ਵਾਲੇ ਨੂੰ ਮੌਤ ਦੀ ਸਜ਼ਾ ਵੀ ਮਿਲ ਸਕਦੀ ਸੀ। ਕਈ ਵਾਰ ਯਹੂਦੀਆਂ ਨੂੰ ਪੱਗ ’ਤੇ ਵਿਸ਼ੇਸ਼ ਨਿਸ਼ਚਿਤ ਚਿੰਨ੍ਹ ਲਾ ਕੇ ਦੱਸਣਾ ਪੈਂਦਾ ਸੀ ਕਿ ਉਹ ਯਹੂਦੀ ਹਨ। ਸੰਨ 1354 ਵਿੱਚ ਉਨ੍ਹਾਂ ਲਈ ਪੱਗ ਦਾ ਇੱਕ ਆਕਾਰ ਨਿਸ਼ਚਿਤ ਕਰ ਦਿੱਤਾ ਗਿਆ । ਅਠਾਰਵੀਂ ਸਦੀ ਵਿੱਚ ਸੁਲਤਾਨ ਮੁਰਾਦ ਤੀਜੇ ਨੇ ਯਹੂਦੀਆਂ ਨੂੰ ਪੱਗ ਬੰਨ੍ਹਣ ਤੋਂ ਉੱਕਾ ਹੀ ਵੰਚਿਤ ਕਰ ਦਿੱਤਾ। ਸੋ ਇਸ ਤਰ੍ਹਾਂ ਸਮਾਂ ਪਾ ਕੇ ਪੱਗ ਲਿਬਾਸ ਦਾ ਇੱਕ ਆਮ ਅੰਗ ਨਾ ਰਹਿ ਕੇ ਇਹ ਸ਼ਾਸਕਾਂ ਅਤੇ ਪ੍ਰਮੁੱਖਾਂ ਤੋਂ ਬਿਨਾਂ ਮੌਲਵੀਆਂ, ਸ਼ਰੀਫਾਂ, ਉਲੇਮਾਵਾਂ ਆਦਿ ਦਾ ਏਕਾਧਿਕਾਰ ਲਿਬਾਸ ਬਣ ਗਿਆ।
ਐਨਸਾਈਕਲੋਪੀਡੀਆ ਇਸਲਾਮ ਅਨੁਸਾਰ ਤੁਰਕੀ ਵਿੱਚ ਮਿਸਰ ਨਾਲੋਂ ਜ਼ਿਆਦਾ ਫੱਬਵੀਂ ਅਤੇ ਸ਼ਾਨਦਾਰ ਪੱਗ ਬੰਨ੍ਹੀਂ ਜਾਂਦੀ ਸੀ। ਉਲੇਮਾ, ਵਿਦਵਾਨ ਅਤੇ ਧਾਰਮਿਕ ਹਸਤੀਆਂ ਵਿਸ਼ੇਸ਼ ਤੌਰ ’ਤੇ ਚੌੜੀ ਪੱਗ ਬੰਨ੍ਹਦੀਆਂ ਸਨ। ਅਮੀਰ ਘਰਾਣਿਆਂ ਵਿੱਚ ਪੱਗ ਰਾਤ ਨੂੰ ਕੁਰਸੀ ’ਤੇ ਰੱਖੀ ਜਾਂਦੀ ਸੀ ਅਤੇ ਧੀ-ਭੈਣ ਦੀ ਸ਼ਾਦੀ ’ਤੇ ਇਸ ਨੂੰ ਹੋਰ ਫਰਨੀਚਰ ਦੇ ਨਾਲ ਹੀ ਸੌਗਾਤ ਵਜੋਂ ਭੇਟ ਕੀਤਾ ਜਾਂਦਾ ਸੀ। ਇਸ ਕੁਰਸੀ ਨੂੰ ਨਵ-ਵਿਆਹੀ ਆਪਣੇ ਸਿਰ-ਵਸਤਰ ਰੱਖਣ ਤੋਂ ਬਿਨਾਂ ਕਿਸੇ ਹੋਰ ਵਰਤੋਂ ਵਿੱਚ ਨਹੀਂ ਸੀ ਲਿਆਉਂਦੀ।

ਪਿਛਲੀ ਸਦੀ: ਸਿੱਖ ਫ਼ੌਜੀ ਵਿਦੇਸ਼ੀ ਧਰਤ ’ਤੇ।

ਹਿੰਦੁਸਤਾਨ ਦੇ ਤਕਰੀਬਨ ਸਾਰੇ ਸੂਬਿਆਂ ਵਿੱਚ ਹੀ ਪੱਗ ਆਪਣੇ-ਆਪਣੇ ਰੰਗਾਂ-ਢੰਗਾਂ ਕਰਕੇ ਮਹੱਤਵਪੂਰਨ ਰਹੀ ਹੈ। ਸੰਸਕ੍ਰਿਤ ਵਿੱਚ ਇਸ ਲਈ ‘ਊਸ਼ਣੀਸ਼’ ਸ਼ਬਦ ਵੀ ਵਰਤਿਆ ਗਿਆ ਹੈ ਜਿਸ ਤੋਂ ਭਾਵ ਹੈ ਉਹ ਪਹਿਰਾਵਾ ਜੋ ਊਸ਼ਣ ਭਾਵ ਗਰਮੀ ਤੋਂ ਬਚਾ ਕਰੇ। ਸੰਸਕ੍ਰਿਤ ਸਾਹਿਤ ਵਿਚਲਾ ਸ਼ਬਦ ‘ਪਗ’ ਵੀ ‘ਪਕ’ ਤੋਂ ਬਣਿਆ ਹੋ ਸਕਦਾ ਹੈ ਜਿਸ ਦਾ ਅਰਥ ਹੈ- ਸਫੈਦ ਵਾਲ ਜਾਂ ਸਿਆਣਪ। ਪਰ ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਪਗੜੀ ਹਿੰਦੁਸਤਾਨ ਵਿੱਚ ਇਕ ਸੱਭਿਆਚਾਰਕ ਪਹਿਰਾਵੇ ਵਜੋਂ ਹੀ ਮਹੱਤਵਪੂਰਨ ਰਹੀ ਹੈ ਨਾ ਕਿ ਕਿਸੇ ਵਿਸ਼ੇਸ਼ ਧਰਮ ਨਾਲ ਸਬੰਧਿਤ ਹੋਣ ਕਰਕੇ। ਹਿੰਦੁਸਤਾਨ ਦੀਆਂ ਕਈ ਮਹਾਨ ਸ਼ਖ਼ਸੀਅਤਾਂ ਸੱਭਿਆਚਾਰਕ-ਸਮਾਜਿਕ ਕਾਰਨਾਂ ਕਰਕੇ ਰੋਜ਼ਾਨਾ ਜਾਂ ਵਿਸ਼ੇਸ਼ ਮੌਕਿਆਂ ’ਤੇ ਪਗੜੀਆਂ ਸਜਾਉਂਦੀਆਂ ਰਹੀਆਂ ਹਨ ਤੇ ਅੱਜ ਵੀ ਅਜਿਹਾ ਵਰਤਾਰਾ ਕਾਇਮ ਹੈ। ਵੀਹਵੀਂ ਸਦੀ ਦੇ ਕਈ ਮਹਾਨ ਹਿੰਦੁਸਤਾਨੀਆਂ ਦੀ ਪਹਿਚਾਣ ਪੱਗ ਨਾਲ ਜੁੜੀ ਹੋਈ ਹੈ ਜਿਨ੍ਹਾਂ ਵਿੱਚ ਖ਼ਾਸ ਤੌਰ ’ਤੇ ਸਵਾਮੀ ਵਿਵੇਕਾਨੰਦ, ਡਾ. ਸੀ.ਵੀ. ਰਮਨ, ਡਾ. ਰਾਧਾਕ੍ਰਿਸ਼ਨ, ਲਾਲਾ ਲਾਜਪਤ ਰਾਏ, ਸਵਾਮੀ ਅਗਨੀਵੇਸ਼ ਆਦਿ ਸ਼ਾਮਲ ਹਨ। ਮਹਾਤਮਾ ਗਾਂਧੀ ਵੀ ਪਹਿਲਾਂ ਪਗੜੀਧਾਰੀ ਹੀ ਸਨ; ਬਾਅਦ ਵਿੱਚ ਡਰਬਨ ਵਿਖੇ ਸੇਠ ਅਬਦੁੱਲਾ ਦਾ ਕੇਸ ਲੜਣ ਸਮੇਂ ਜਦ ਉਹ ਮੈਜਿਸਟਰੇਟ ਸਾਹਮਣੇ ਪੇਸ਼ ਹੋਏ ਤਾਂ ਉਨ੍ਹਾਂ ਨੂੰ ਪਗੜੀ ਉਤਾਰਣ ਦੇ ਹੁਕਮ ਦਿੱਤੇ ਗਏ। ਡਾ. ਸੀ.ਵੀ. ਰਮਨ ਵੀ ਜਦ ਨੋਬੇਲ ਪੁਰਸਕਾਰ ਲੈਣ ਲਈ ਦਸੰਬਰ 1930 ਵਿੱਚ ਸਟਾਕਹਾਮ ਪਹੁੰਚੇ ਤਾਂ ਉਨ੍ਹਾਂ ਹਮੇਸ਼ਾਂ ਵਾਂਗ ਪਗੜੀ ਬੰਨ੍ਹੀ ਹੋਈ ਸੀ। ਉਹ ਲਿਖਦੇ ਹਨ ਕਿ ਉਨ੍ਹਾਂ ਦੀ ਪਗੜੀ ਕਰਕੇ ਸਾਰੀ ਦੁਨੀਆਂ ਨੂੰ ਪਤਾ ਲੱਗ ਰਿਹਾ ਸੀ ਕਿ ਇੱਕ ਹਿੰਦੁਸਤਾਨੀ ਨੂੰ ਨੋਬੇਲ ਪੁਰਸਕਾਰ ਮਿਲ ਰਿਹਾ ਸੀ।

ਇਰਾਨੀ ਰਾਸ਼ਟਰਪਤੀ ਹਸਨ ਰੂਹਾਨੀ।

ਹਿੰਦੁਸਤਾਨ ਦੀ ਗੱਲ ਕਰਦਿਆਂ ਐਨਸਾਈਕਲੋਪੀਡੀਆ ਬਰੀਟੈਨਿਕਾ ਕਈ ਪੱਗ-ਸ਼ੈਲੀਆਂ ਦਾ ਜ਼ਿਕਰ ਕਰਦਾ ਹੈ। ਪੱਗ ਅਰਬੀ ਵੀ ਹੋ ਸਕਦੀ ਹੈ, ਮਨਸਬੀ ਵੀ; ਮਨਸੁਖੀ ਵੀ ਤੇ ਚਕਰੀਦਾਰ ਵੀ; ਖਿੜਕੀਦਾਰ ਵੀ ਤੇ ਲਾਟੂਦਾਰ ਵੀ; ਜੋੜੀਦਾਰ ਵੀ ਤੇ ਸਿਪਰਾਲੀ ਵੀ। ਮੜੱਸਾ ਵੀ ਤੇ ਲਟਾਪਟੀ ਵੀ। ਪਠਾਨੀ ਪੱਗ ਦਾ ਆਪਣਾ ਢੰਗ ਤਰੀਕਾ ਹੈ, ਮਾਰਵਾੜੀ ਦਾ ਆਪਣਾ; ਪਾਰਸੀ ਦਾ ਆਪਣਾ ਤੇ ਰਾਜਪੂਤਾਨਾ ਦਾ ਆਪਣਾ। ਇੱਕ ਅੰਗਰੇਜ਼ ਵਿਦਵਾਨ ਅਨੁਸਾਰ ਪੂਰਬੀ ਮੁਲਕਾਂ ਵਿੱਚ ਪੱਗ ਬੰਨ੍ਹਣ ਦੀਆਂ ਘੱਟੋ-ਘੱਟ ਇੱਕ ਹਜ਼ਾਰ ਸ਼ੈਲੀਆਂ ਹਨ। ਉਂਜ, ਪੱਗ ਬੰਨ੍ਹਣ ਵਾਲੇ ਬਾਖ਼ੂੁਬੀ ਜਾਣਦੇ ਹਨ ਕਿ ਹਰ ਪਗੜੀਧਾਰੀ ਦਾ ਇੱਕ ਆਪਣਾ ਹੀ ਅੰਦਾਜ਼ ਹੁੰਦਾ ਹੈ ਤੇ ਪੱਗ ਹਰ ਰੋਜ਼ ਬਿਲਕੁਲ ਇੱਕੋ ਜਿਹੀ ਵੀ ਨਹੀਂ ਬੱਝਦੀ।
ਹਿੰਦੁਸਤਾਨ ਦੇ ਉੱਤਰੀ ਸੂੁਬਿਆਂ ਵਿੱਚ ਪੱਗ ਹੋਰ ਵੀ ਵਧੇਰੇ ਮਕਬੂਲ ਰਹੀ ਹੈ। ਸਾਡੇ ਗੁਆਂਢੀ ਸੂਬੇ ਰਾਜਸਥਾਨ ਵਿੱਚ ਪੱਗ ਦਾ ਸੱਭਿਆਚਾਰਕ ਪਿਛੋਕੜ ਪੰਜਾਬ ਨਾਲੋਂ ਵੀ ਪੁਰਾਣਾ ਹੈ। ਇਸ ਮਾਰੂਥਲੀ ਇਲਾਕੇ ਵਿੱਚ ਰਾਜਸਥਾਨੀ ਲੋਕ ਕਈ ਸਦੀਆਂ ਤੋਂ ਰੰਗ-ਬਰੰਗੇ ਚੀਰੇ ਬੜੇ ਸ਼ੌਕ ਨਾਲ ਬੰਨ੍ਹਦੇ ਆਏ ਹਨ। ਅੱਜ ਵੀ ਵਿਆਹ-ਸ਼ਾਦੀਆਂ ਦੇ ਮੌਕੇ ’ਤੇ ਸਤਰੰਗੀਆ ਅਤੇ ਪਚਰੰਗੀਆ ਲਹਿਰੀਆ ਬੜੇ ਚਾਅ ਨਾਲ ਸਜਾਇਆ ਜਾਂਦਾ ਹੈ। ਜੈਪੁਰ ਵਿੱਚ ਮਹਾਰਾਜਾ ਸਵਾਏ ਜੈ ਸਿੰਘ ਦੇ ਮਹੱਲ ਵਿੱਚ ਸਥਾਪਤ ਪਗੜੀ-ਮਿਊਜ਼ੀਅਮ ਵਿੱਚ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਗੁਜਰਾਤ ਵਿੱਚ ਬੱਝਦੀਆਂ ਪੱਗ ਦੇ ਨਮੂਨੇ ਬੜੇ ਪਿਆਰ ਸਹਿਤ ਸਾਂਭੇ ਹੋਏ ਹਨ।

ਅਮਰੀਕੀ ਪੁਲੀਸ ਅਧਿਕਾਰੀ ਗੁਰਸੋਚ ਕੌਰ।

ਪੰਜਾਬੀ ਸੱਭਿਆਚਾਰ ਵਿਚ ਪੱਗ-ਪਗੜੀ ਇੱਜ਼ਤ-ਆਬਰੂ ਦੀ ਪ੍ਰਤੀਕ ਰਹੀ ਹੈ। ਸਿਰੋਂ ਪੱਗ ਲੱਥ ਜਾਣ ਦਾ ਅਰਥ ਹੈ ਬੇਇੱਜ਼ਤ ਹੋ ਜਾਣਾ। ਰੁੱਸੇ ਨੂੰ ਮਨਾਉਣ ਦਾ ਆਖ਼ਰੀ ਚਾਰਾ ਉਸ ਦੇ ਪੈਰੀਂ ਪੱਗ ਉਤਾਰ ਕੇ ਰੱਖਣਾ ਹੁੰਦਾ ਹੈ। ਪੈਰੀਂ ਪੱਗ ਰੱਖਣ ਦੇ ਮੌਕੇ ਬੜੇ ਸੰਵੇਦਨਸ਼ੀਲ ਹੁੰਦੇ ਹਨ। ਜੇਕਰ ਅਗਲੀ ਧਿਰ ਪੱਗ ਪੈਰੀਂ ਰੱਖੇ ’ਤੇ ਵੀ ਨਾ ਮੰਨੇ ਤਾਂ ਹਮੇਸ਼ਾਂ ਲਈ ਤੋੜ-ਵਿਛੋੜਾ ਪੈ ਜਾਂਦਾ ਹੈ। ਪੁਰਾਤਨ ਸਮਿਆਂ ਤੋਂ ਪੰਜਾਬ ਵਿੱਚ ਪੱਗ-ਵੱਟ ਯਾਰ ਭਰਾ ਦੀ ਰੀਤ ਪ੍ਰਚੱਲਿਤ ਰਹੀ ਹੈ। ਪੰਜਾਬੀ ਸੱਭਿਆਚਾਰ ਵਿੱਚ ਪੱਗ ਤਾਕਤ, ਜਵਾਨੀ, ਸ਼ੌਕੀਨੀ ਦਾ ਇਜ਼ਹਾਰ ਕਰਨ ਦਾ ਮਾਧਿਅਮ ਰਹੀ ਹੈ। ਖ਼ਾਸ ਤੌਰ ’ਤੇ ਵਿਆਹਾਂ-ਸ਼ਾਦੀਆਂ ਅਤੇ ਮੇਲੇ-ਤਿਉਹਾਰਾਂ ’ਤੇ ਵੱਟ-ਕੱਢਵੀਂ ਪੱਗ ਬੰਨ੍ਹਣੀ ਜ਼ਰੂਰੀ ਸਮਝੀ ਜਾਂਦੀ ਹੈ। ਅੱਗੇ-ਪਿੱਛੇ ਸਿਰ ਢੱਕਣ ਲਈ ਪਰਨਾ ਜਾਂ ਸਾਫਾ ਹੀ ਸਿਰ ’ਤੇ ਲਪੇਟ ਲਿਆ ਜਾਂਦਾ ਹੈ।
ਵਿਆਹ ਸਮੇਂ ਜਾਂ ਵਿਸ਼ੇਸ਼ ਮੌਕਿਆਂ ’ਤੇ ਸ਼ੋਖ ਰੰਗ ਦੀ ਬੰਨ੍ਹੀ ਪੱਗ ਚੀਰਾ ਅਖਵਾਉਂਦੀ ਹੈ। ਚੀਰਾ ਸਜਾਉਣ ਦਾ ਸ਼ੌਕ ਤੇ ਰਿਵਾਜ ਮੁੱਦਤਾਂ ਤੋਂ ਪੰਜਾਬ ਵਿੱਚ ਪ੍ਰਚੱਲਿਤ ਰਿਹਾ ਹੈ। ਜਿੱਥੇ ਪੰਜਾਬੀਆਂ ਨੇ ਚੀਰੇ ਨੂੰ ਆਪਣੇ ਸਿਰ ਦਾ ਤਾਜ ਸਮਝਿਆ ਹੈ, ਉੱਥੇ ਪੰਜਾਬਣਾਂ ਨੇ ਵੀ ਆਪਣੇ ਬਾਪ, ਵੀਰ, ਦਿਉਰ ਅਤੇ ਖ਼ਾਸ ਤੌਰ ’ਤੇ ਆਪਣੇ ਮਾਹੀ ਦੇ ਚੀਰੇ ਦੇ ਸੈਆਂ ਗੀਤ ਗਾਏ ਅਤੇ ਸ਼ਗਨ ਮਨਾਏ ਹਨ।
ਮੁਸਲਮਾਨਾਂ ਦੇ ਆਉਣ ਨਾਲ ਖ਼ਾਸ ਤੌਰ ’ਤੇ ਉੱਤਰੀ ਭਾਰਤ ਦੇ ਲਿਬਾਸ ਉੱਤੇ ਵੀ ਡਾਢਾ ਅਸਰ ਪਿਆ। ਪਰ ਪੱਗ-ਇਤਿਹਾਸ ਵਿੱਚ ਉਦੋਂ ਵੱਡਾ ਮੋੜ ਆਇਆ ਜਦੋਂ ਅਫ਼ਗਾਨੀਆਂ ਨੇ ਆਪਣਾ ਵਡੱਪਣ ਕਾਇਮ ਰੱਖਣ ਲਈ ਹਿੰਦੂਆਂ ਨੂੰ ਘੋੜ ਸਵਾਰੀ ਅਤੇ ਖ਼ਾਸ ਤੌਰ ’ਤੇ ਵੱਡੀਆਂ ਪੱਗਾਂ ਬੰਨ੍ਹਣ ਦੀ ਮਨਾਹੀ ਕਰ ਦਿੱਤੀ। ਇਸ ਹੁਕਮ ਦਾ ਅੰਦਰੋ-ਅੰਦਰੀ ਬਹੁਤ ਵਿਰੋਧ ਹੋਇਆ ਕਿਉਂਕਿ ਪੱਗ ਦਾ ਉਸ ਸਮੇਂ ਤੱਕ ਸੱਭਿਆਚਾਰ ਨਾਲ ਬਹੁਤ ਗਹਿਰਾ ਸੰਬੰਧ ਬਣ ਚੁੱਕਾ ਸੀ। ਉਂਜ, ਸਤਾਰਵੀਂ ਸਦੀ ਵਿੱਚ ਇੱਕ ਹਿੰਦੂ ਮੁਸਾਹਿਬ ਨੇ ਦੱਸਿਆ ਜਾਂਦਾ ਹੈ ਕਿ ਆਪਣੇ ਲੜਕੇ ਦੇ ਵਿਆਹ ’ਤੇ ਸੌ ਗਜ਼ ਤੱਕ ਲੰਬੀ ਪੱਗ ਦੀ ਇਜਾਜ਼ਤ ਲੈ ਲਈ।

ਵਿਲੱਖਣ ਕਿਸਮ ਦੀਆਂ ਦਸਤਾਰਾਂ ਸਜਾ ਕੇ ਹੋਲੇ ਮਹੱਲੇ ਵਿਚ ਸ਼ਾਮਲ ਨਿਹੰਗ ਸਿੰਘ।

ਜਦੋਂ ਹਾਕਮ ਧਿਰ ਸਥਾਨਕ ਲੋਕਾਂ ਦੇ ਧਰਮ ਅਤੇ ਸੱਭਿਆਚਾਰ ਨੂੰ ਤਬਦੀਲ ਕਰਨ ਦੀ ਠਾਣ ਲਵੇ ਤਾਂ ਉਸ ਦੇ ਨਤੀਜੇ ਬਗ਼ਾਵਤੀ ਰੂਪ ਵਿੱਚ ਨਿਕਲਦੇ ਹਨ। ਇਨ੍ਹਾਂ ਸਥਿਤੀਆਂ ਵਿੱਚ ਹੀ ਗੁਰੁੂ ਗੋਬਿੰਦ ਸਿੰਘ ਜੀ ਨੇ ਮੂਰਛਤ ਕੌਮ ਨੂੰ ਜੀਵੰਤ ਕਰਨ ਲਈ ਕਈ ਕੁਰਬਾਨੀਆਂ ਦਿੱਤੀਆਂ ਅਤੇ 1699 ਵਿਚ ਵਿਸਾਖੀ ਦੇ ਦਿਹਾੜੇ ’ਤੇ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ। ਖਾਲਸਾ ਪੰਥ ਦੀ ਰਹਿਤ ਮਰਿਆਦਾ ਵਿੱਚ ਵੱਖਰੀ ਪਹਿਚਾਣ ਸਥਾਪਤ ਕਰਨ ਲਈ ਪੰਜ ਕਕਾਰ- ਕੰਘਾ, ਕੇਸ, ਕੜਾ, ਕੱਛਾ, ਕਿਰਪਾਨ ਜ਼ਰੂਰੀ ਕਰ ਦਿੱਤੇ ਗਏ। ਸਮਾਂ ਪਾ ਕੇ ਕੇਸ ਬਾਕੀ ਸਭ ਕਕਾਰਾਂ ਤੋਂ ਵੱਧ ਮਹੱਤਵਪੂਰਨ ਹੋ ਨਿੱਬੜੇ। ਕੇਸਾਂ ਦੇ ਸਤਿਕਾਰ ਵਜੋਂ ਅਤੇ ਉਨ੍ਹਾਂ ਨੂੰ ਸਾਂਭਣ ਲਈ ਦਸਤਾਰ ਨੂੰ ਪਹਿਲਾਂ ਨਾਲੋਂ ਵੀ ਵੱਧ ਮਹੱਤਵਪੂਰਨ ਸਮਝਿਆ ਜਾਣ ਲੱਗਾ। ਭਾਵੇਂ ਪੱਗ ਦੁਨੀਆਂ ਦੇ ਅਨੇਕਾਂ ਸਮਾਜਾਂ ਵਿੱਚ ਬੜਾ ਸਤਿਕਾਰ ਪ੍ਰਾਪਤ ਕਰਦੀ ਰਹੀ ਹੈ ਅਤੇ ਮੁਸਲਮਾਨ ਧਰਮ ਵਿੱਚ ਵੀ ਇਸ ਦਾ ਨਿਵੇਕਲਾ ਸਥਾਨ ਰਿਹਾ ਹੈ, ਪਰ ਇਹ ਕਦੇ ਵੀ ਕਿਸੇ ਧਰਮ ਲਈ ਲਾਜ਼ਮੀ ਬੰਧੇਜ ਵਾਲਾ ਮੁਕਾਮ ਨਾ ਹਾਸਲ ਕਰ ਸਕੀ। ਖਾਲਸਾ ਪੰਥ ਦੀ ਸਿਰਜਨਾ ਤੋਂ ਬਾਅਦ ਪੱਗ/ਪਗੜੀ ਸਿੱਖ ਕੌਮ ਦੇ ਅਨੁਯਾਈਆਂ ਲਈ ਧਾਰਮਿਕ ਪ੍ਰਤੀਬੱਧਤਾ ਵਜੋਂ ਉੱਚਤਮ-ਸੁੱਚਤਮ ਮੁਕਾਮ ਹਾਸਲ ਕਰ ਗਈ ਅਤੇ ‘ਦਸਤਾਰ’ ਅਖਵਾਉਣ ਲੱਗੀ। ਖਾਲਸਾ ਪੰਥ ਨੇ ਦਸਤਾਰ ਨੂੰ ਇੰਨਾ ਜ਼ਿਆਦਾ ਪਿਆਰਿਆ, ਸਤਿਕਾਰਿਆ ਤੇ ਦੁਲਾਰਿਆ ਕਿ ਉਸ ਲਈ ਦਸਤਾਰ ਭਾਵਨਾਤਿਮਕ, ਧਾਰਮਿਕ, ਸੱਭਿਆਚਾਰਕ, ਸਦਾਚਾਰਕ ਅਤੇ ਅਧਿਆਤਮਕ ਗੁਣਾਂ ਦਾ ਮੁਜੱਸਮਾ ਬਣ ਗਈ। ਖਾਲਸੇ ਨੇ ਦਸਤਾਰ ਨੂੰ ਆਪਣੇ ਸਰਬੰਸਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਵਿਸ਼ੇਸ਼ ਸੌਗਾਤ ਵਜੋਂ ਕਬੂਲਿਆ।
ਸਿੱਖਾਂ ਦੇ ਪਰਵਾਸ ਦੇ ਰੁਝਾਨ ਕਾਰਨ ਅਤੇ ਦੁਨੀਆਂ ਦੇ ਹਰ ਖਿੱਤੇ ਵਿੱਚ ਖਿੱਲਰ ਜਾਣ ਕਾਰਨ ਉਨ੍ਹਾਂ ਨੂੰ ਅਜਿਹੇ ਦੇਸ਼ਾਂ ਵਿੱਚ ਖ਼ਾਸ ਤੌਰ ’ਤੇ ਮੁਸ਼ਕਿਲਾਂ ਦਰਪੇਸ਼ ਹਨ ਜਿੱਥੇ ਪੱਗ ਬੰਨ੍ਹਣ ਦਾ ਰਿਵਾਜ ਨਹੀਂ ਰਿਹਾ ਜਾਂ ਜਿੱਥੇ ਪੱਗ ਨੂੰ ਰੈਗ (ਲੀਰਾਂ) ਬਰਾਬਰ ਮੰਨਿਆ ਜਾਂਦਾ ਰਿਹਾ ਹੈ। ਇਸ ਦਾ ਕਾਰਨ ਇਹ ਵੀ ਸੀ ਕਿ ਪੱਗ ਬਹੁਤ ਸਮਾਂ ਪਹਿਲਾਂ ਏਸ਼ੀਆ-ਅਫ਼ਰੀਕਾ-ਅਮਰੀਕਾ ਵਿੱਚ ਖੇਤੀ ਮਜ਼ਦੂਰ ਮੜੱਸੇ ਦੇ ਤੌਰ ’ਤੇ ਹੀ ਬੰਨ੍ਹਦੇ ਸਨ।

ਸਿਰ ਢਕਣ ਲਈ ਬੰਨ੍ਹਿਆ ਜਾਂਦਾ ਪਰਨਾ।

ਅੰਤਰਰਾਸ਼ਟਰੀ ਪੱਧਰ ’ਤੇ ਦਸਤਾਰ ਨੂੰ ਦਰਪੇਸ਼ ਮੁਸ਼ਕਿਲਾਂ ਦੇ ਤਿੰਨ ਚਾਰ ਪ੍ਰਮੁੱਖ ਕਾਰਨ ਹਨ। ਦਸਤਾਰ ਨੂੰ ਧਾਰਮਿਕ ਲਿਬਾਸ ਵਜੋਂ ਸਿਰ ’ਤੇ ਸਜਾਉਣ ਕਾਰਨ ਸਿੱਖਾਂ ਨੂੰ ਉਨ੍ਹਾਂ ਮਹਿਕਮਿਆਂ ਵਿੱਚ ਮੁਸ਼ਕਿਲਾਂ ਦਰਪੇਸ਼ ਆਉਂਦੀਆਂ ਹਨ ਜਿੱਥੇ ਯੂਨੀਫਾਰਮ ਵਜੋਂ ਹੈਲਮੈਟ ਪਾਉਣਾ ਜ਼ਰੂਰੀ ਹੁੰਦਾ ਹੈ। ਸਮਰਪਿਤ ਸਿੱਖ ‘ਸਿਖ ਹੋਇ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਟੀ ਹੋਇ ਮਰੈ’ ਦੀ ਰਹਿਤ ਅਧੀਨ ਲੋਹ-ਟੋਪ ਪਾਉਣ ਤੋਂ ਇਨਕਾਰ ਕਰਦੇ ਹਨ। ਇਸ ਮਾਮਲੇ ਵਿੱਚ ਦੂਸਰੇ ਵਿਸ਼ਵ ਯੁੱਧ ਵਿੱਚ 1,12,000 ਸਿੱਖ ਸਿਪਾਹੀਆਂ ਦੀ ਮਿਸਾਲ ਦਿੱਤੀ ਜਾਂਦੀ ਹੈ। ਜਦੋਂ ਅੰਗਰੇਜ਼ ਸਰਕਾਰ ਨੇ ਸਿੱਖ ਫ਼ੌਜੀਆਂ ਨੂੰ ਪੱਗਾਂ ਉਤਾਰ ਕੇ ਟੋਪ ਪਾਉਣ ਲਈ ਕਿਹਾ ਸੀ। ਕਿਉਂਕਿ ਮੌਤ ਹੋ ਜਾਣ ਦੀ ਸੂਰਤ ਵਿੱਚ ਅੰਗਰੇਜ਼ ਸਰਕਾਰ ਨੂੰ ਪੈਨਸ਼ਨਾਂ ਦੇਣੀਆਂ ਪੈਣੀਆਂ ਸਨ। ਸਿੱਖ ਫ਼ੌਜੀਆਂ ਨੇ ਇਹ ਲਿਖ ਕੇ ਦਿੱਤਾ ਕਿ ਉਹ ਲੋਹ-ਟੋਪ ਨਹੀਂ ਪਹਿਨਣਗੇ, ਪਰ ਜੇ ਉਨ੍ਹਾਂ ਦੀ ਮੌਤ ਸਿਰ ਵਿੱਚ ਗੋਲੀ ਲੱਗਣ ਕਾਰਨ ਹੋਈ ਤਾਂ ਉਨ੍ਹਾਂ ਦਾ ਪਰਿਵਾਰ ਪੈਨਸ਼ਨ ਦਾ ਹੱਕਦਾਰ ਨਹੀਂ ਹੋਵੇਗਾ। ਇਸੇ ਆਧਾਰ ’ਤੇ ਮੋਟਰਸਾਈਕਲ ਹੈਲਮਟ ਐਕਟ ਸੰਬੰਧੀ 1976 ਵਿੱਚ ਬ੍ਰਿਟਿਸ਼ ਪਾਰਲੀਮੈਂਟ ਨੇ ਸਿੱਖਾਂ ਨੂੰ ਹੈਲਮਟ ਤੋਂ ਵਿਸ਼ੇਸ਼ ਛੋਟ ਦਿੱਤੀ। ਇਸ ਤੋਂ ਬਾਅਦ ਕੈਨੇਡਾ, ਨਿਊਜ਼ੀਲੈਂਡ ਤੇ ਆਸਟਰੇਲੀਆ ਦੇ ਕਈ ਸੂਬਿਆਂ ਵਿੱਚ ਸਿੱਖਾਂ ਨੂੰ ਹੈਲਮਟ ਤੋਂ ਛੋਟ ਮਿਲ ਗਈ, ਪਰ ਅਜੇ ਵੀ ਬਹੁਤ ਸਾਰੇ ਦੇਸ਼ਾਂ/ਸੂਬਿਆਂ ਵਿੱਚ ਇਸ ਸੰਬੰਧੀ ਕਨੂੰਨੀ ਅੜਚਣਾਂ ਕਾਇਮ ਹਨ।
ਦੁਨੀਆਂ ਦੇ ਕਈ ਦੇਸ਼ਾਂ ਵਿੱਚ ਧਰਮ ਅਤੇ ਸਰਕਾਰ ਨੂੰ ਆਪਸ ਵਿੱਚ ਰਲਗੱਡ ਨਹੀ ਹੋਣ ਦਿੱਤਾ ਜਾਂਦਾ ਅਤੇ ਇਸ ਪਰਵਿਰਤੀ ਤਹਿਤ ਬਚਪਨ ਤੋਂ ਪ੍ਰਫੁੱਲਤ ਕਰਨ ਲਈ ਸਕੂਲਾਂ ਵਿੱਚ ਆਪਣੇ ਧਰਮ ਨੂੰ ਜੱਗ-ਜ਼ਾਹਰ ਕਰਣ ਦੀ ਮਨਾਹੀ ਹੁੰਦੀ ਹੈ, ਜਿਹਾ ਕਿ ਫਰਾਂਸ ਵਿੱਚ। ਅਜਿਹੇ ਕਾਨੂੰਨਾਂ ਅਧੀਨ ਕੋਈ ਵੀ ਸਿੱਖ ਵਿਦਿਆਰਥੀ ਨਾ ਤਾਂ ਉੱਤੋਂ ਦੀ ਗਾਤਰਾ ਪਾ ਸਕਦਾ ਹੈ ਤੇ ਨਾ ਹੀ ਪੱਗ ਬੰਨ੍ਹ ਸਕਦਾ ਹੈ। ਭਵਿੱਖ ਵਿੱਚ ਹੋਰ ਕਈ ਮੁਲਕਾਂ ਵਿੱਚ ਵੀ ਅਜਿਹੇ ਕਾਨੂੰਨ ਲਾਗੂ ਹੋਣ ਦੀ ਸੰਭਾਵਨਾ ਬਣਦੀ ਜਾਂਦੀ ਹੈ। ਇਸ ਦਾ ਮੁੱਖ ਕਾਰਨ ਬਾਹਰਲੇ ਦੇਸ਼ਾਂ ਵਿੱਚ ਮੁਸਲਮਾਨਾਂ ਦੇ ਵਧ ਰਹੇ ਪਰਵਾਸ ਨੂੰ ਰੋਕਣ ਲਈ ਉਨ੍ਹਾਂ ਲਈ ਮੁਸ਼ਕਿਲਾਂ ਪੈਦਾ ਕਰਨਾ ਹੈ। ਇੱਥੇ ਕਾਨੂੰਨੀ ਤੌਰ ’ਤੇ ਪਹਿਚਾਣ ਜ਼ਾਹਰ ਨਾ ਕਰਨ ਅਤੇ ਸਿੱਖਾਂ ਵਿਚਲੀ ਵੱਖਰੀ ਪਹਿਚਾਣ ਸਥਾਪਤ ਕਰਨ ਦੀ ਜ਼ਿੱਦ ਟਕਰਾਅ ਵਿੱਚ ਨਜ਼ਰ ਆਉਂਦੀ ਹੈ। ਜਦੋਂ ਅਜਿਹੇ ਕੇਸ ਕੋਰਟਾਂ ਵਿੱਚ ਚਲੇ ਜਾਂਦੇ ਹਨ ਤਾਂ ਇਹ ਇੱਕ ਵੱਡੀ ਬਹਿਸ ਦਾ ਵਿਸ਼ਾ ਬਣ ਜਾਂਦਾ ਹੈ ਕਿ ਕੀ ਦਸਤਾਰ ਸਿੱਖਾਂ ਦੀ ਧਾਰਮਿਕ ਪਹਿਚਾਣ ਹੈ ਜਾਂ ਸੱਭਿਆਚਾਰਕ ਲਿਬਾਸ ਹੈ ਕਿਉਂਕਿ ਦਸਤਾਰ, ਕਹੇ ਜਾਂਦੇ ਲਾਜ਼ਮੀ ਪੰਜ ਕਕਾਰਾਂ ਵਿੱਚ ਸ਼ਾਮਲ ਨਹੀਂ।
ਯੂੁਰੋਪ, ਕੈਨੇਡਾ, ਅਮਰੀਕਾ ਅਤੇ ਆਸਟਰੇਲੀਆ ਵਿੱਚ ਹੈਟ ਵਰਗੇ ਕਈ ਰੈਡੀਮੇਡ ਸਿਰ-ਵਸਤਰ ਟਰਬਨ ਨਾ ਥੱਲੇ ਪ੍ਰਚੱਲਿਤ ਰਹੇ ਹੋਣ ਕਾਰਨ ਸਿੱਖ ਦਸਤਾਰ ਨੂੰ ਬਹੁਤ ਸਾਰੇ ਵਿਕਸਿਤ ਦੇਸ਼ਾਂ ਵਿੱਚ ਹੈਟ ਵਾਂਗ ਹੀ ਸਮਝਿਆ ਜਾਂਦਾ ਹੈ। ਇਸੇ ਸੰਦਰਭ ਵਿੱਚ ਕਈ ਵਾਰ ਸੱਭਿਆਚਾਰਕ ਟਕਰਾਅ ਵੀ ਨਜ਼ਰ ਆਉਂਦਾ ਹੈ। ਜਿੱਥੇ ਯੂਰੋਪੀਅਨ ਕੌਮਾਂ ਵਿੱਚ ਸਤਿਕਾਰ ਵਜੋਂ ਹੈਟਸ ਆਫ ਦੀ ਰੀਤ ਵਿਦਮਾਨ ਹੈ, ਉੱਥੇ ਸਾਡੇ ਸੱਭਿਆਚਾਰ ਵਿੱਚ ਸਤਿਕਾਰ ਵਜੋਂ ਸਿੱਰ ਢਕਣ ਦਾ ਰਿਵਾਜ ਹੈ। ਮਹਾਤਮਾ ਗਾਂਧੀ ਨੂੰ ਵੀ ਇਸੇ ਮਰਿਆਦਾ ਅਧੀਨ ਜੱਜ ਸਾਹਮਣੇ ਪਗੜੀ ਉਤਾਰਨ ਲਈ ਕਿਹਾ ਗਿਆ ਸੀ।
ਦਸਤਾਰ ਨੂੰ ਪਿਛਲੇ ਕੁਝ ਸਾਲਾਂ ਤੋਂ ਇਸ ਕਰਕੇ ਵੀ ਨਫ਼ਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਕੈਨੇਡਾ ਵਿੱਚ ਕਨਿਸ਼ਕ ਕਾਂਡ ਅਤੇ ਅਮਰੀਕਾ ਵਿੱਚ ਵਰਲਡ ਟਰੇਡ ਸੈਂਟਰ ਹਮਲੇ ਤੋਂ ਬਾਅਦ ਦਸਤਾਰ ਦਾ ਸੰਬੰਧ ਦਹਿਸ਼ਤਗਰਦੀ ਨਾਲ ਜੋੜ ਦਿੱਤਾ ਗਿਆ ਹੈ। ਓਸਾਮਾ ਬਿਨ ਲਾਦੇਨ ਦਾ ਦਸਤਾਰਧਾਰੀ ਚਿਹਰਾ ਮੀਡੀਆ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਇਸ ਕਦਰ ਘੁਮਾਇਆ ਗਿਆ ਕਿ ਬੱਚਾ ਬੱਚਾ ਉਸ ਤੋਂ ਜਾਣੂੰ ਹੋ ਗਿਆ। ਕਿਉਂਕਿ ਸਿੱਖਾਂ ਅਤੇ ਮੁਸਲਮਾਨਾਂ ਦੀ ਪੱਗ ਵਿੱਚ ਵਿਦੇਸ਼ੀਆਂ ਲਈ ਫ਼ਰਕ ਕਰਨਾ ਬਹੁਤ ਮੁਸ਼ਕਿਲ ਹੈ ਇਸ ਲਈ ਸਿੱਖ ‘ਮਿਸਟੇਕਨ ਆਈਡੈਂਟਿਟੀ’ ਦਾ ਸ਼ਿਕਾਰ ਹੋ ਰਹੇ ਹਨ।

ਡਾ. ਆਸਾ ਸਿੰਘ ਘੁੰਮਣ

ਜਿੱਥੇ ਗਲੋਬਲ ਪੱਧਰ ’ਤੇ ਸਿੱਖ ਮਰਦਾਂ ਲਈ ਦਸਤਾਰ ਇੱਕ ਚੁਣੌਤੀ ਬਣੀ ਹੋਈ ਹੈ, ਉੱਥੇ ਸਿੱਖ ਔਰਤਾਂ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਵਿਚਰਦਿਆਂ ਪੱਗ ਨੂੰ ਅਨੇਕਾਂ ਮੁਸ਼ਕਿਲਾਂ ਦਰਪੇਸ਼ ਹੋਣ ਦੇ ਬਾਵਜੂਦ ਪੱਗ ਬੰਨ੍ਹਣ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਇਸ ਸੰਬੰਧ ਵਿੱਚ ਔਰਤਾਂ ਦੀ ਗੋਲ ਪੱਗ ਸਿੱਖੀ ਦਾ ਪਹਿਚਾਣ-ਵਸਤਰ ਬਣਦਾ ਜਾ ਰਿਹਾ ਹੈ। ਕੈਨੇਡਾ-ਅਮਰੀਕਾ-ਆਸਟਰੇਲੀਆ-ਯੂਰੋਪ ਭਾਵ ਦੁਨੀਆਂ ਦੇ ਅਤਿ ਵਿਕਸਿਤ ਦੇਸ਼ਾਂ ਵਿੱਚ ਕਈ ਪੰਜਾਬਣਾਂ ਸਰਕਾਰੀ ਖੇਤਰਾਂ ਵਿੱਚ ਵੱਡੀਆਂ ਪ੍ਰਾਪਤ ਕਰ ਰਹੀਆਂ ਹਨ ਅਤੇ ਪਗੜੀਧਾਰੀ ਹੋਣ ਕਰਕੇ ਦਸਤਾਰ ਦੇ ਸੰਘਰਸ਼ਸ਼ੀਲ ਇਤਿਹਾਸ ਵਿੱਚ ਮੀਲ-ਪੱਥਰ ਵੀ ਸਾਬਤ ਹੋ ਰਹੀਆਂ ਹਨ। ਇਹ ਵੀ ਸੱਚ ਹੈ ਕਿ ਇਨ੍ਹਾਂ ਵਿਕਸਿਤ ਦੇਸ਼ਾਂ ਵਿੱਚ ਸਥਾਈ ਔਰਤਾਂ ਵੀ ਪੱਗਾਂ ਬੰਨ੍ਹਦੀਆਂ ਰਹੀਆਂ ਹਨ ਅਤੇ ਅੱਜ ਵੀ ਮਾਡਲਿੰਗ ਦੀ ਦੁਨੀਆ ਵਿੱਚ ਇਹ ਰੁਝਾਨ ਫੈਸ਼ਨ ਵਜੋਂ ਕਾਫ਼ੀ ਵਧ ਰਿਹਾ ਹੈ, ਪਰ ਰੋਜ਼ਾਨਾ ਲਿਬਾਸ ਦੇ ਰੂਪ ਵਿੱਚ ਬਾਹਰੀ ਸਮਾਜ ਵਿੱਚ ਵਿਚਰਣ ਵਾਲੀ ਦਸਤਾਰਧਾਰੀ ਔਰਤ ਯਕੀਨਨ ਤੌਰ ’ਤੇ ਸਿੱਖ ਔਰਤ ਹੀ ਹੁੰਦੀ ਹੈ।
ਉੱਚੇ ਤੇ ਨਾਮਵਰ ਅਹੁਦਿਆਂ ’ਤੇ ਬਿਰਾਜਮਾਨ ਹੋਣ ਵਾਲੀਆਂ ਗੋਲ ਦਸਤਾਰ ਬੰਨ੍ਹਣ ਵਾਲੀਆਂ ਔਰਤਾਂ ਵਿੱਚ ਖ਼ਾਸ ਤੌਰ ’ਤੇ ਗੁਰਸੋਚ ਕੌਰ (ਅਮਰੀਕੀ ਪੁਲੀਸ ਅਫ਼ਸਰ), ਪਲਬਿੰਦਰ ਕੌਰ (ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਜੱਜ), ਅਰਪਿੰਦਰ ਕੌਰ (ਅਮਰੀਕਾ ਵਿੱਚ ਕਮਰਸ਼ੀਅਲ ਪਾਇਲਟ), ਹਰਕਿਰਨ ਵਾਂਡਾ (ਅਮਰੀਕਨ ਨੇਵੀ ਅਫ਼ਸਰ), ਹਰਿੰਦਰ ਕੌਰ ਖਾਲਸਾ (ਕੈਲੀਫੋਰਨੀਆ ਵਿੱਚ ਪੁਲੀਸ ਅਧਿਕਾਰੀ), ਕਰਨ ਕੌਰ (ਆਸਟਰੇਲੀਆ ਵਿੱਚ ਫੈਸ਼ਨ ਬਲੌਗਰ) ਆਦਿ ਦੇ ਨਾਂ ਮੀਡੀਆ ਵਿੱਚ ਉੱਭਰਦੇ ਰਹੇ ਹਨ। ਇਨ੍ਹਾਂ ਕਾਮਯਾਬ ਔਰਤਾਂ ਵਿੱਚ ਆਪਣੀ ਧਾਰਮਿਕ ਪਹਿਚਾਣ ਕਾਇਮ ਕਰਨ, ਬਰਾਬਰੀ ਦਾ ਸੰਕਲਪ ਬੁਲੰਦ ਕਰਨ ਅਤੇ ਹੀਣਤਾ ਭਾਵ ਤੋਂ ਉੱਪਰ ਉੱਠਣ ਦੀ ਪ੍ਰਬਲ ਤਮੰਨਾ ਵਰਣਨਯੋਗ ਹੈ। ਇਸ ਵੱਡੀ ਦੁਨੀਆਂ ਵਿੱਚ ਦਸਤਾਰਧਾਰੀ ਸਰੂਪ ਵਿੱਚ ਸਮਾਜ ਨਾਲ, ਕਾਨੂੰਨ ਨਾਲ, ਆਲੇ-ਦੁਆਲੇ ਤੋਂ ਬੇਨਿਆਜ਼ ਹੋ ਆਪਣੇ ਅਕੀਦੇ ਵਿੱਚ ਪਰਪੱਕ ਹੋਣਾ ਬੜੀ ਨਿਵੇਕਲੀ ਗੱਲ ਹੈ। ਇਨ੍ਹਾਂ ਔਰਤਾਂ ਦੇ ਸਿਰੜ ਸਦਕਾ ਦੁਨੀਆਂ ਦੇ ਕਈ ਕਾਨੂੰਨਘਾੜਿਆਂ ਨੂੰ ਆਪਣੀ ਸੋਚ ਦੇ ਰੁਖ਼ ਬਦਲਣੇ ਪਏ ਹਨ।
ਪੰਜਾਬੀਆਂ ਵਿੱਚ ਬਾਹਰਲੀ ਦੁਨੀਆਂ ਵੱਲ ਪਰਵਾਸ ਦੇ ਵਡੇਰੇ ਰੁਝਾਨ; ਵਧੇਰੇ ਗਿਣਤੀ ਕਰਕੇ ਕੈਨੇਡਾ, ਅਮਰੀਕਾ, ਇੰਗਲੈਂਡ ਆਦਿ ਦੇਸ਼ਾਂ ਵਿੱਚ ਨੌਜਵਾਨ ਪੀੜ੍ਹੀ ਦੀ ਸੱਤਾ ਪ੍ਰਾਪਤ ਕਰਨ ਵਿੱਚ ਕਾਮਯਾਬੀ ਅਤੇ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਦਸਤਾਰਧਾਰੀਆਂ ਦਾ ਸਥਾਨਕ ਸਮਾਜਾਂ ਪ੍ਰਤੀ ਦਿੱਤਾ ਜਾਂਦਾ ਯੋਗਦਾਨ, ਦਸਤਾਰ ਪ੍ਰਤੀ ਉਨ੍ਹਾਂ ਦੀ ਸ਼ਰਧਾ-ਭਾਵਨਾ, ਵੱਖਰੀ ਹੋਂਦ ਸਥਾਪਤ ਕਰਨ ਲਈ ਜੂਝਣ ਦੀ ਮਰਿਆਦਾ, ਜਿੱਤਾਂ ਪ੍ਰਾਪਤ ਕਰਨ ਦਾ ਪਰੰਪਰਾਗਤ ਇਤਿਹਾਸ, ਚੜ੍ਹਦੀ ਕਲਾ ਵਿੱਚ ਰਹਿਣ ਦਾ ਸੰਕਲਪ ਆਦਿ ਕੁਝ ਅਜਿਹੇ ਤੱਤ ਹਨ ਜਿਨ੍ਹਾਂ ਕਰਕੇ ਭਵਿੱਖ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਦਸਤਾਰ ਨੂੰ ਦਰਪੇਸ਼ ਸਮੱਸਿਆਵਾਂ ਘਟਣ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਹਨ।

ਸੰਪਰਕ: 97798-53245
(‘ਦਾਸਤਾਨ-ਇ-ਦਸਤਾਰ’ ਅਤੇ ‘ਲੋਕ ਗੀਤਾਂ ਵਿੱਚ ਪੱਗ, ਪਗੜੀ, ਦਸਤਾਰ’ ਵਿੱਚੋਂ)


Comments Off on ਪੇਚ ਦਰ ਪੇਚ ਦਾਸਤਾਨ-ਏ-ਦਸਤਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.