ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਪੁਆਧੀ ਕਵੀਸ਼ਰੀ ਪਰੰਪਰਾ

Posted On June - 30 - 2019

ਅਤੈ ਸਿੰਘ

ਪਰੰਪਰਾ ਲੋਕ ਨਾਲ ਜੁੜੀ ਏ। ਮਨ ਨਾਲ ਜੁੜੀ ਏ। ਲੋਕ-ਮਨ ਨਾਲ ਜੁੜੀ ਏ। ਲੋਕ-ਮਨ ਪਰੰਪਰਾਈ ਮਨ ਏ। ਕਲਾ ਮਨ ਦੀ ਧੜਕਣ ਏ। ਇਹ ਧੜਕਣ ਦੁਵੱਲੀ ਏ। ਮਨ ਤੋਂ ਕਲਾ ਤੱਕ। ਕਲਾ ਤੋਂ ਮਨ ਤੱਕ। ਲੋਕ ਪੀੜ੍ਹੀ ਦਰ ਪੀੜ੍ਹੀ ਪਰੰਪਰਾ ਨੂੰ ਅੱਗੇ ਤੋਰਦੇ ਨੇ। ਕਲਾਕਾਰ ਪਰੰਪਰਾ ਨੂੰ ਕਲਾ ਵਿਚ ਪਲਟਦੇ ਨੇ। ਕਲਾ ਪਰੰਪਰਾ ਮੁਕਤ ਨਹੀਂ। ਪਰੰਪਰਾ ਦੀ ਪਛਾਣ ਏ।
ਮਨ ਦੀ ਗੱਲ ਆਪਣੇ ਨਾਲ ਹੁੰਦੀ ਏ। ਕਿਸੇ ਆਪਣੇ ਨਾਲ ਹੁੰਦੀ ਏ। ਆਪਣੀ ਹੁੰਦੀ ਏ। ‘ਆਪਣੀ’ ਸ਼ਬਦ ਜਦੋਂ ਸ਼ਬਦੋਂ ਪਾਰ ਜਾਂਦਾ ਏ ਤਾਂ ਸਾਂਝ, ਨੇੜਤਾ; ਪਛਾਣ ਦਾ ਚਿੰਨ੍ਹ ਬਣ ਜਾਂਦਾ ਏ। ਆਪਣੀ ਜੂਹ, ਆਪਣੀ ਰੂਹ; ਆਪਣੀ ਧੂਹ ਹੋ ਜਾਂਦਾ ਏ। ਸੁਚੇਤ ,ਅਚੇਤ; ਅਰਧਚੇਤ ਮਨ ਸਿਮਰਤੀਆਂ ਦੀ ਸਮੁੱਚਤਾ ਏ। ਮੱਧਤਾ ਏ। ਆਪ-ਮੁਹਾਰਾਪਣ ਏ। ਕਿਤੇ ਧਰਤੀ ਹੇਠੋਂ ਆਪੇ ਪਾਣੀ ਸਿੰਮਣ ਵਾਂਗ, ਆਪੇ ਚੇਤੇ ਆਉਂਦੀਆਂ; ਚੇਤ ਹੋ ਜਾਂਦੀਆਂ ਨੇ। ਪਰੰਪਰਾ ਲੋਕ-ਸਿਮਰਤੀਆਂ ਦਾ ਸਾਂਝਾ ਲੋਕ-ਚਿੱਤ ਏ।
ਪੁਆਧੀ ਕਵੀਸ਼ਰੀ ਪਰੰਪਰਾ ਪੁਆਧੀ ਲੋਕ ਮਨ ਦਾ ਕਲਾਤਮਕ ਪ੍ਰਗਟਾ ਏ। ਇਹ ਲੋਕ ਕਲਾ ਦੇ ਘੇਰੇ ਵਿਚ ਆਉਂਦੀ ਏ। ਲੋਕ ਕਲਾ ਲੋਕ ਮਨ ਦੀ ਪਛਾਣ ਏ। ਇਹ ਲੋਕਾਂ ਵਰਗੀ ਹੁੰਦੀ ਏ। ਲੋਕਾਂ ਦੀ ਹੁੰਦੀ ਏ। ਲੋਕਾਂ ਦੀ ਜ਼ਬਾਨ ਹੁੰਦੀ ਏ। ਲੋਕ ਕਲਾ ਲੋਕਾਂ ਲਈ ਓਪਰੀ ਨਹੀਂ ਹੁੰਦੀ। ਆਪਣੀ ਹੁੰਦੀ ਏ। ਠੇਠ ਪੁਆਧੀ ਜ਼ਬਾਨ ਵਿਚ ਰਚੀ ਤੇ ਗਾਈ ਪੁਆਧੀ ਕਵੀਸ਼ਰੀ ਲਿਖਿਤ ਤੇ ਮੌਖਿਕ ਰੂਪ ਵਿਚ ਪ੍ਰਚਲਿਤ ਤੇ ਪ੍ਰਵਾਨਤ ਹੋਈ। ਇਹ ਰਚਨਾਤਮਕ, ਸੁਹਜਾਤਮਕ, ਕਲਾਤਮਕ; ਲੋਕ ਕਲਾ ਪੁਆਧੀ-ਲੋਕ ਦੀ ਸਮਾਜੀ-ਸੱਭਿਆਚਾਰੀ ਪਛਾਣ ਚਿੰਨ੍ਹਤ ਕਰਦੀ ਏ। ਇਹ ਅਟੁੱਟ, ਅਖੁੱਟ; ਅਮੋਲ ਵਿਰਾਸਤੀ, ਸਭਿਅਤੀ; ਪਰੰਪਰੀ ਭੰਡਾਰ ਏ। ਇਹ ਮੂਲੋਂ ਈ ਵਿਸਰਦੀ, ਗੁਆਚਦੀ, ਭੁੱਲਦੀ ਨਹੀਂ- ਪਰਿਵਰਤ ਭਾਵੇਂ ਹੁੰਦੀ ਏ। ਤਾਂ ਵੀ ਇਹਦੀ ਸੰਭਾਲ ਲਈ ਸੁਚੇਤਨਾ ਲੋੜੀਂਦੀ ਏ। ਪਰੰਪਰਾ ਲੋਕ ਕਲਾ ਜੁੜਤ ਵਿਰਾਸਤੀ ਹੋਂਦ ਏ ਕਿਸੇ ਖਿੱਤੇ ਦੇ ਲੋਕ ਮਨ ਦੀ। ਇਹ ਖ਼ੁਦਮੁਖਤਿਆਰ ਹੋਂਦ ਏ।
ਸਾਂਝੇ ਸਭਿਆਚਾਰ ਦੀ ਸਾਂਝੀ ਪਰੰਪਰਾ ਕਿਸੇ ਇਲਾਕੇ ਦੇ ਲੋਕ, ਮਨ; ਲੋਕ-ਮਨ ਦੀ ਸਾਂਝੀ ਵਿਰਾਸਤੀ ਪਛਾਣ ਏ। ਇਹ ਕਿਸੇ ਖਿੱਤੇ ਦੀ ਭੂਗੋਲਿਕ ਹੱਦਬੰਦੀ ਨਾਲ ਜੁੜਦੀ ਏ। ਇਹ ਹੱਦਬੰਦੀ ਲਕੀਰੀ ਹੱਦ ਨਹੀਂ ਹੁੰਦੀ। ਇਹ ਸੰਬੰਧਿਤ ਇਲਾਕੇ ਦੇ ਸਾਂਝੇ ਪੌਣ-ਪਾਣੀ, ਰਲਦੇ-ਮਿਲਦੇ ਕੁਦਰਤੀ ਪਾਸਾਰੇ ਤੇ ਇਕੋ-ਜਿੱਕੇ ਰਹਿਣ-ਸਹਿਣ ਦੀ ਨਿਰੰਤਰ ਵਹਿੰਦੀ ਧਾਰਾ ਏ – ਲੋਕਧਾਰਾ। ਇਹ ਆਤਮਿਕ ਸਾਂਝ ਦੀ ਸੱਭਿਆਚਾਰਕ ਖ਼ੁਦਮੁਖਿਤਆਰ ਹੋਂਦ ਏ। ਡਾ. ਕਰਨਜੀਤ ਸਿੰਘ ਦਾ ਖਿਆਲ ਏ ਕਿ ਆਤਮਕ ਸੱਭਿਆਚਾਰ ਦੇ ਵਿਕਾਸ ਦੀ ਪ੍ਰਕਿਰਿਆ ਵਿਚ ਲੋਕਧਾਰਾ ਦੀ ਚੜ੍ਹਤ ਤੇ ਪ੍ਰਗਤੀ ਦੇ ਸਮਾਨਾਂਤਰ ਹੀ ਸੱਭਿਆਚਾਰ ਦੇ ਅਜਿਹੇ ਰੂਪ ਜਨਮ ਲੈਂਦੇ ਹਨ…।
ਪੁਆਧੀ ਲੋਕ ਕਾਵਿ ਕਲਾ ਕਵੀਸ਼ਰੀ ਦਾ ਆਧਾਰ-ਬਿੰਦੂ ਪੁਆਧੀ ਕਿੱਸਾ ਕਾਵਿ ਏ। ਇਸ ਦੀ ਪਾਸਾਰੀ ਕੰਨੀ ਪੁਆਧੀ ਲੋਕ ਗੀਤ ਨਾਲ ਵੀ ਜਾ ਮਿਲਦੀ ਏ। ਪਰੰਪਰਾ ਇਸ ਦਾ ਮੂਲ ਏ। ਅਸਲ, ਇਹ ਖ਼ੁਦਮੁਖਤਿਆਰ ਲੋਕ ਕਾਵਿ ਰੂਪ ਏ ਜਿਸ ਨੇ ਆਪਣੀ ਮੌਲਿਕਤਾ ਕਾਇਮ ਰੱਖਦਿਆਂ ਹੋਰਨਾਂ ਨੇੜਲੇ ਕਾਵਿ ਰੂਪਾਂ ਦਾ ਅੰਸ਼ਿਕ ਪ੍ਰਭਾਵ ਵੀ ਕਬੂਲਿਆ। ਸੰਖਿਪਤ, ਬੱਝਵੀਂ ਤੇ ਪ੍ਰਸੰਗੀ ਲੋਕ ਕਾਵਿ ਕਲਾ ਪੁਆਧੀ ਕਵੀਸ਼ਰੀ ਲੋਕ ਮਨ ਦਾ ਅਕਸ ਏ। ਇਕਹਿਰੀ ਰਚਨਾ ਏ। ਛੰਦਬੱਧ ਏ। ਲੋਕਪ੍ਰਿਯ ਏ। ਪ੍ਰਸੰਗ ਦਰ ਪ੍ਰਸੰਗ ਛੇੜਦੀ, ਪ੍ਰਸੰਗ ਅੱਗੇ ਈ ਅੱਗੇ ਤੋਰਦੀ ਤੇ ਅਗਲੇ ਪ੍ਰਸੰਗ ਨਾਲ ਜੋੜਦੀ ਆਪਣੀ ਨਿਵੇਕਲੀ ਨੁਹਾਰ ਕਾਇਮ ਕਰਦੀ ਏ। ਪ੍ਰਸੰਗ ਏਸ ਕਥਾ ਕਾਵਿ ਦਾ ਉਸਾਰ ਬਿੰਦੂ ਏ। ਪ੍ਰਸੰਗ ਨਾਲ ਪ੍ਰਸੰਗ ਜੁੜਦਾ ਐਹੋ ਜਿਹਾ ਨਾਟਕੀ, ਕਾਵਿਕ, ਕਥਾਤਮਕ ਮਾਹੌਲ ਸਿਰਜਦਾ ਕਿ ਨਾ ਤਾਂ ਪੇਸ਼ਕਾਰ ਕਿਤੇ ਅਟਕਦਾ ਤੇ ਨਾ ਹੀ ਸੁਣਤਾ ਵਿਚੋਂ ਉਠਦਾ। ਇਹ ਨਿਰੰਤਰਤਾ ਸਰੋਤੇ ਨੂੰ ਕੀਲ ਕੇ ਬਿਠਾਈ ਰੱਖਦੀ ਤੇ ਪੇਸ਼-ਕਰਤਾ ਦੀ ਗੜ੍ਹਕ ਸਿਖਰ ਵੱਲ ਲਈ ਜਾਂਦੀ। ਡਾ. ਅਜਮੇਰ ਸਿੰਘ ਨੇ ਤਾਂਹੀਓਂ ਇਸਨੂੰ ‘ਕਵੀਸ਼ਰੀ ਦਾ ਬਹੁਤ ਵੱਡਾ ਕਾਰਜ’ ਸਵੀਕਾਰਿਆ ਏ। ਪ੍ਰਸੰਗੀ ਰਚਨਾ, ਬਿਰਤਾਂਤੀ ਰਸਨਾ; ਨਾਟਕੀ ਲਚਕ ਪੁਆਧੀ ਕਵੀਸ਼ਰੀ ਦੇ ਵਿਲੱਖਣ ਪਛਾਣ ਚਿੰਨ੍ਹ ਨੇ। ਇਹ ਕਵੀਸ਼ਰੀ ਲੋਕ ਕਾਵਿ ਕਲਾ ਸਾਕਿਆਂ ਦਾ ਬਿਰਤਾਂਤ ਵੀ ਛੇੜਦੀ, ਪ੍ਰੇਮ ਗਾਥਾਵਾਂ ਵੀ ਛੋਂਹਦੀ ਤੇ ਇਤਿਹਾਸ-ਮਿਥਿਹਾਸ ਦੇ ਪੰਨੇ ਵੀ ਫਰੋਲਦੀ। ਬੀਰ ਰਸ, ਸ਼ਿੰਗਾਰ ਰਸ ਤੇ ਕਰੁਣਾ ਰਸ ਨਾਲ ਬਹਾਦਰੀ, ਸੁੰਦਰਤਾ ਤੇ ਨਾਸ਼ਮਾਨਤਾ ਪਰੁੱਚੇ ਇਹ ਪ੍ਰਸੰਗ ਲੋਕ ਮਨਾਂ ਵਿਚ ਘਰ ਕਰ ਜਾਂਦੇ। ਬਿਨਾਂ ਮਿਥੇ, ਬਿਨਾਂ ਬੰਧੇਜੀ ਸਮੇਂ ਕਰਕੇ ਨਾ ਕਵੀਸ਼ਰੀ ਜਥੇ ਨੂੰ ਪ੍ਰਸੰਗ ਸਮੇਟਣ ਦੀ ਕੋਈ ਕਾਹਲ ਹੁੰਦੀ ਤੇ ਨਾ ਸਰੋਤੇ ਨੂੰ ਵਿਚੋਂ ਉੱਠ ਕੇ ਜਾਣ ਦੀ ਕੋਈ ਮਜਬੂਰੀ ਈ ਹੁੰਦੀ। ਖੁੱਲ੍ਹੇ ਸਮੇਂ ਵਿਚ ਖੁੱਲ੍ਹੇ ਮਨ ਨਾਲ ਖੁੱਲ੍ਹੇ ਮਾਹੌਲ ਵਿਚ ਪ੍ਰਸੰਗ-ਦਰ-ਪ੍ਰਸੰਗ ਪੁਆਧੀ ਕਵੀਸ਼ਰੀ ਪੁਆਧੀ ਲੋਕਧਾਰਾ ਦੇ ਕੋਨਿਆਂ ਤੋਂ ਲੈਕੇ ਕੰਨੀਆਂ ਤਕ ਪਸਰਦੀ ਪਸਰਦੀ ਪੇਸ਼ਕਾਰ ਤੇ ਸਰੋਤੇ ਦਰਮਿਆਨ ਇਕ ਸਾਂਝੀ ਕੜੀ ਉਸਾਰਦੀ ਅਲਾਪ, ਭੂਮਿਕਾ ਨਾਲ ਪ੍ਰਸੰਗ ਤੋਂ ਆਰੰਭ ਹੁੰਦੀ। ਮੁਖੀ ਪੁਆਧੀ ਕਵੀਸ਼ਰ ਸਭ ਤੋਂ ਪਹਿਲਾਂ ਧਰਤੀ ਨਮਸਕਾਰਕੇ, ਆਪਦੇ ਇਸ਼ਟ ਨੂੰ ਧਿਆਕੇ, ਸਰੋਤਿਆਂ ਨੂੰ ਪ੍ਰਣਾਮ ਕਰਕੇ ਆਪਣੀ ਲੈਅਬੱਧ, ਪ੍ਰਭਾਵੀ, ਬੁਲੰਦ ਆਵਾਜ਼ ਨਾਲ ਢੁਕਵਾਂ ਪ੍ਰਸੰਗ ਛੇੜ ਕੇ ਪੁਆਧੀ ਸਰੋਤਿਆਂ ਦਾ ਧਿਆਨ ਖਿੱਚਦਾ, ਜੋੜਦਾ, ਇਕਾਗਰਚਿਤ ਕਰਦਾ। ਕਾਵਿ, ਕਵੀਸ਼ਰ, ਸਰੋਤਾ ਇਕਮਿਕ ਹੋਏ ਅਨੰਦੀ ਮਨ ਅਵਸਥਾ ਵਿਚ ਡੂੰਘੇ ਲਹਿ ਜਾਂਦੇ। ਪੁਆਧੀ ਸੱਭਿਆਚਾਰ ਇਉਂ ਸਾਕਾਰ ਹੁੰਦਾ। ਚੇਤਨਾ ਇਉਂ ਜਾਗਰਿਤ ਹੁੰਦੀ। ਪ੍ਰਸੰਗ ਇਉਂ ਸਿਖਰ ਵੱਲ ਵਧਦਾ। ਲੈਅ, ਛੰਦ, ਰਾਗ ਵਿਚ ਗੁੱਝੀ ਪੁਆਧੀ ਕਵੀਸ਼ਰੀ ਸਿਰਫ਼ ਮਨੋਰੰਜਨੀ ਕਲਾ ਨਹੀਂ। ਇਹ ਮੰਤਵੀ ਕਲਾ ਏ। ਕਾਵਿ ਰਚੇਤਾ ਜ਼ਿੰਦਗੀ ਦੀ ਮਹੱਤਤਾ, ਨਾਸ਼ਮਾਨਤਾ, ਸਦਾਚਾਰਕਤਾ ਨੂੰ ਨਸੀਹਤੀ ਪੁੱਠ ਦੇ ਕੇ ਮੰਨਣਯੋਗ ਬਣਾ ਕੇ ਵਿਆਖਿਆਉਂਦਾ। ਡਾ. ਅਜਮੇਰ ਸਿੰਘ ਦਾ ਆਖਣਾ ਸਹੀ ਏ ਕਿ ‘ਕਵੀਸ਼ਰੀ ਦੀ ਆਪਣੀ ਨਿਆਰੀ ਗਾਇਨ ਸ਼ੈਲੀ ਹੈ। ਕਵੀਸ਼ਰੀ ਦਾ ਪੰਖੀ ਕਾਵਿ ਤੇ ਨਾਦ ਦੋ ਪੰਖਾਂ ਨਾਲ ਉੱਡਦਾ ਹੋਇਆ ਵਕਤ ਦੇ ਆਸਮਾਨ ਵਿਚ ਉੱਚੀਆਂ ਉਡਾਰੀਆਂ ਮਾਰਦਾ ਹੈ। ਬਿਨਾਂ ਸਾਜ਼ ਤੋਂ ਸੰਗੀਤ ਦੇ ਅਖਾੜੇ ਵਿਚ ਗਾਇਕੀ ਕਰਨਾ ਬਹੁਤ ਜੋਖਮ ਭਰਿਆ ਕਾਰਜ ਹੈ’। ਇਸ ਪ੍ਰਥਾਇ ਵਿਚਾਰਿਆਂ ਕਵੀਸ਼ਰੀ ਪ੍ਰਸੰਗ ਤੇ ਗਾਇਕੀ, ਵਾਰਤਾ ਤੇ ਕਾਵਿ, ਸੁਰਤ ਤੇ ਉਚਾਰ ਦਾ ਸਮੁੱਚਾ ਸੁਮੇਲ ਲੱਗਦੀ ਏ।
ਪੰਜਾਬੀ ਰਵਾਇਤੀ ਕਾਵਿ ਛੰਦਬੱਧ ਏ। ਪ੍ਰੋ. ਪੂਰਨ ਸਿੰਘ ਦਾ ਘੜਿਆ ਸੈਲਾਨੀ ਛੰਦ, ਛੰਦ-ਮੁਕਤ ਨਹੀਂ; ਮੁਕਤ-ਛੰਦ ਕਾਵਿ ਦੀ ਆਪਣੀ ਨਵੀਂ ਲੀਹ ਪਾਉਂਦਾ ਏ। ਕਵੀ ਕਵੀਸ਼ਰ ਲੋਕ-ਪ੍ਰਿਯ ਪ੍ਰਚੱਲਿਤ ਰਵਾਇਤੀ ਛੰਦਾਂ ਨਾਲ ਆਪਣੇ ਨਵੇਂ ਛੰਦ ਵੀ ਘੜਦੇ ਆਏ ਨੇ। ਪ੍ਰਚੱਲਿਤ ਮਿਥ ਅਨੁਸਾਰ, ਪਿੰਗਲ ਨਾਂ ਦੇ ਰਿਸ਼ੀ ਨੇ ਛੰਦ ਰਚੇ ਹੋਣ ਕਰਕੇ ਛੰਦ-ਗਿਆਨ ਨੂੰ ਪਿੰਗਲ ਆਖਿਆ ਜਾਂਦਾ ਏ। ਗਣਿਕ ਛੰਦ ਵਿਚ ਗਣਾਂ, ਵਰਣਿਕ ਛੰਦ ਵਿਚ ਵਰਣਾਂ (ਅੱਖਰਾਂ) ਤੇ ਮਾਤਰਿਕ ਛੰਦ ਵਿਚ ਨਾਲ ਮਾਤਰਾਵਾਂ ਦੀ ਗਿਣਤੀ ਹੁੰਦੀ ਏ। ਪੁਆਧੀ ਕਵੀਸ਼ਰਾਂ ਦੀ ਸਕੂਲੀ ਵਿਦਿਆ ਹੋਵੇ ਭਾਵੇਂ ਨਾ, ਪਰ ਉਹ ਛੰਦ ਵਿੱਦਿਆ ਜ਼ਰੂਰ ਗ੍ਰਹਿਣ ਕਰਦੇ। ਪੁਆਧੀ ਕਵੀਸ਼ਰੀ ਵਿਚ ਢਾਲ ਛੰਦ, ਢਾਈਆ ਛੰਦ, ਝੋਕ ਛੰਦ, ਗੱਡੀ ਛੰਦ, ਦੋਹਿਰਾ ਛੰਦ, ਕਬਿੱਤ ਛੰਦ ਆਦਿ ਦੀ ਵਰਤੋਂ ਅਕਸਰ ਹੁੰਦੀ। ਕਬਿਤ ਛੰਦ ਦੀ ਵਰਤੋਂ ਜ਼ਿਆਦਾ ਹੋਣ ਕਰਕੇ ਕਈ ਵਾਰ ਕਵਿਤਾ ਰਚਣ ਨੂੰ ਕਬਿੱਤ ਰਚਣਾ ਵੀ ਆਖ ਲਿਆ ਜਾਂਦਾ।
ਪੁਆਧ ਦਾ ਭੂਗੋਲਿਕ ਪਾਸਾਰ ਇਕ ਪਾਸੇ ਪੰਜਾਬ ਦੇ ਮਲਵਈ ਇਲਾਕੇ ਨਾਲ ਤੇ ਦੂਜੇ ਪਾਸਿਓਂ ਪਹਾੜੀ ਇਲਾਕੇ ਨਾਲ ਜੁੜਿਆ ਏ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ (ਪੁਆਂਧੀਂ) ਕੋਲ, ਸਮੁੱਚੇ ਪੰਜਾਬ ਦੇ ਸਿਰੇ ਵੱਲ ਅਤੇ ਵਿਚਕਾਰੇ ਵਹਿੰਦੇ ਦਰਿਆ ਸਤਲੁਜ ਦੇ ਕੰਢਿਆਂ ਉੱਤੇ ਵੱਸਿਆ ਪੁਆਧ ਆਪਣੀ ਨਿਵੇਕਲੀ ਭੂਗੋਲਕ ਹੋਂਦ ਰੱਖਦਾ ਏ। ਇਹ ਨਿਵੇਕਲਾਪਣ ਏਥੋਂ ਦੀ ਮਲਵਈ ਪੁੱਠ ਵਾਲੀ ਤੇ ਹਿੰਦੀ-ਪ੍ਰਭਾਵੀ ਪੰਜਾਬੀ ਉਪਬੋਲੀ ਵਿਚੋਂ ਵੀ ਝਲਕਦਾ ਏ। ਪੁਆਧੀ ਕਵੀਸ਼ਰੀ ਇਸ ਦੀ ਬੋਲੀ ਦਾ ਕੁਦਰਤੀ ਸੁਹੱਪਣ ਨਿਖਾਰਦੀ ਏ।
ਪਰੰਪਰਾ ਮਨੁੱਖ ਦੇ ਨਾਲ ਨਾਲ ਰਹਿੰਦੀ, ਤੁਰਦੀ, ਵਹਿੰਦੀ ਧਾਰਾ ਏ। ਲੋਕ ਦੀ ਧਾਰਾ ਏ। ਲੋਕਧਾਰਾ ਏ। ਰੁੱਖ ਨਾ ਜੜ੍ਹੋਂ ਉਖੜ ਕੇ ਜਿਉਂਦਾ ਏ ਨਾ ਟੀਸੀਓਂ ਹੇਠਾਂ ਵੱਲ ਆਉਂਦਾ ਏ। ਇਹ ਕੁਦਰਤੀ ਵਰਤਾਰਾ ਏ। ਲੋਕਧਾਰਾ ਵੀ ਏਸੇ ਤਰ੍ਹਾਂ ਦਾ ਮਾਨਵੀ ਵਰਤਾਰਾ ਏ। ਬੋਲੀ ਦੇ ਆਧਾਰ ਉੱਤੇ ਮਨੁੱਖ ਨੂੰ ਕੁਦਰਤੀ, ਸਮਾਜੀ ਜੀਵ ਦੇ ਨਾਲ ਨਾਲ ਭਾਸ਼ਾਈ ਜੀਵ ਵੀ ਆਖਿਆ ਜਾਂਦਾ ਏ। ਪੁਆਧੀ ਬੋਲੀ ਦਾ ਆਪਣਾ ਵੱਖਰਾ ਮਹੱਤਵ, ਮੁਹਾਵਰਾ ਤੇ ਮੁਹਾਂਦਰਾ ਏ। ਕਵੀਸ਼ਰੀ ਦੀ ਕਾਵਿ ਬੋਲੀ ਪੁਆਧੀ ਬੋਲੀ ਦਾ ਮਾਣ ਤੇ ਘੇਰਾ ਵਧਾਉਂਦੀ ਏ। ਇਹ ਉਪਬੋਲੀ ਤੋਂ ਲੋਕ ਬੋਲੀ ਤਕ ਦਾ ਪੈਂਡਾ ਕਰਦੀ ਏ। ਸਮੁੱਚੀ ਪੁਆਧੀ ਲੋਕ ਕਾਵਿ ਕਲਾ ਕਵੀਸ਼ਰੀ ਪੁਆਧੀ ਲੋਕ ਬੋਲੀ ਦੀ ਪਛਾਣ ਦ੍ਰਿੜ੍ਹ ਕਰਵਾਉਂਦੀ ਏ।
ਪੁਆਧੀ ਲੋਕ ਕਿਰਤੀ, ਕਸਬੀ, ਕਿਰਸੀ ਹੋਣ ਕਰਕੇ ਵਧੇਰੇ ਨਿਰਛਲ ਨੇ। ਨਿਰਛਲਤਾ ਮਨੁੱਖੀ ਮਨ ਦੀ ਸੁੱਚਤਾ ਦਾ ਪ੍ਰਤੀਕ ਏ। ਪੁਆਧੀ ਲੋਕ ਸੱਭਿਆਚਾਰ ਦੀ ਪਛਾਣ ਮਨ ਦੀ ਸ਼ੁੱਧਤਾ ਏ। ਇਹ ਕਿਰਤੀ ਲੋਕਾਂ ਦਾ ਕਿਰਤ ਸੱਭਿਆਚਾਰ ਏ। ਓਪਰਾ ਸਭਿਆਚਾਰ ਲੋਕ-ਪਛਾਣ ਨੂੰ ਵੀ ਓਪਰਾ ਬਣਾ ਦੇਂਦਾ ਏ। ਪੁਆਧੀ ਖੇਤਰ ਲੰਮਾ ਸਮਾਂ ਪੱਛਮੀ ਸੱਭਿਅਕ ਪ੍ਰਭਾਵ ਤੋਂ ਅਭਿੱਜ ਰਹਿਣ ਕਰਕੇ ਏਥੋਂ ਦੀ ਲੋਕ ਕਲਾ ਵਿਚ ਲੋਕ ਰੰਗ ਵਧੇਰੇ ਉੱਘੜਦਾ ਏ। ਪੁਆਧੀ ਕਵੀਸ਼ਰੀ ਇਸ ਦੀ ਪ੍ਰਤੱਖ ਮਿਸਾਲ ਏ। ਇਹ ਕੁਦਰਤ ਦੇ ਸਾਮਨਾਂਤਰ ਕਵੀਸ਼ਰ ਦੀ ਰਚਨਾਤਮਕਤਾ ਏ। ਤਾਂ ਹੀ ਕਵੀਸ਼ਰੀ ਦਾ ਪੇਸ਼ਕਾਰ ਕਵੀਸ਼ਰੀ ਆਰੰਭਣ ਵੇਲੇ ਪਹਿਲਾਂ ਓਸ ਕਾਦਰ ਦੀ ਕੁਦਰਤ ਦੀ ਕੀਰਤੀ ਮੰਗਲਾਚਰਨ ਉਚਾਰ ਕੇ ਕਰਦਾ ਏ।
ਪੁਆਧੀ ਲੋਕ ਕਾਵਿ ਕਲਾ ਕਵੀਸ਼ਰੀ ਨੇ ਗੁਣ ਤੇ ਗਿਣ ਨੂੰ ਨਾਲ ਨਾਲ ਨਿਭਾਹਿਆ ਏ। ਪੁਆਧੀ ਉਪ-ਭਾਸ਼ਾਈ ਸ਼ਬਦਾਂ ਦੀ ਢੁਕਵੀਂ, ਜਚਵੀਂ, ਫਬਵੀਂ ਵਰਤੋਂ ਕਰਦਿਆਂ ਪੁਆਧੀ ਬੋਲੀ ਦੀ ਠੁੱਕ ਨੂੰ ਪ੍ਰਭਾਵੀ ਬਣਾਇਆ ਏ। ਕਿਸੇ ਵੀ ਖਿੱਤੇ ਦੀ ਕਲਾ ਉਪਰ ਉਸ ਦੇ ਬਾਹਰੀ ਆਲੇ ਦੁਆਲੇ ਅਤੇ ਅੰਦਰੂਨੀ ਮਾਨਸਿਕਤਾ ਦਾ ਪ੍ਰਭਾਵ ਪੈਂਦਾ ਏ। ਪੁਆਧੀ ਲੋਕਾਂ ਦੀ ਕਿਰਦਾਰ-ਉਸਾਰੀ ਇਨ੍ਹਾਂ ਕਾਵਿ-ਉਸਾਰੀਆਂ ਵਿਚ ਨਾਲੋ ਨਾਲ ਹੁੰਦੀ ਏ। ਉਹ ਕਿਰਤੀ, ਕਸਬੀ, ਕਿਰਸੀ ਹੋਣ ਕਰਕੇ ਸਿਰੜੀ, ਸਿਦਕੀ, ਸੰਜਮੀ ਵੀ ਨੇ। ਘੱਟ ਵਿਚ ਵੀ ਉਨ੍ਹਾਂ ਵੱਧ ਕਰ ਵਿਖਾਇਆ। ਕਵੀਸ਼ਰੀ ਲੋਕ ਮੁਖੀ ਏ। ਇਹ ਲੋਕ ਸੰਕਟ, ਲੋਕ ਸਮੱਸਿਆਵਾਂ, ਲੋਕ ਸਿਆਣਪਾਂ ਨੂੰ ਆਪਣੀ ਰਚਨਾ ਦੇ ਘੇਰੇ ਵਿਚ ਲਿਆਉਂਦੀ ਏ। ਮਾਨਵੀ ਜੀਵਨ, ਮਾਨਵੀ ਹੋਂਦ, ਮਾਨਵੀ ਸੰਕਟ ਲਈ ਇਹ ਲੋਕ ਕਾਵਿ ਰੂਪ ਫ਼ਿਕਰਮੰਦ ਏ।
ਪੁਆਧੀ ਕਵੀਸ਼ਰੀ ਬਹੁ-ਰੂਪੀ ਏ। ਕਿਸੇ ਕਲਾ ਰੂਪ ਵਿਚ ਸੁਰ, ਸਾਜ਼, ਸੰਗੀਤ ਦਾ ਪ੍ਰਭਾਵ ਵਧੇਰੇ ਉਜਾਗਰ ਹੁੰਦਾ ਏ। ਕੁਝ ਕਾਵਿ ਰਚਨਾਵਾਂ ਸਿਰਫ਼ ਲਿਖਤ-ਪੜ੍ਹਤ ਤਕ ਈ ਸੀਮਿਤ ਹੁੰਦੀਆਂ ਨੇ। ਕਈ ਪ੍ਰਦਰਸ਼ਿਤ ਹੋਣ ਵਾਲੀਆਂ ਵੀ ਹੁੰਦੀਆਂ ਨੇ। ਪੁਆਧੀ ਕਵੀਸ਼ਰੀ ਇਨ੍ਹਾਂ ਸਭਨਾਂ ਦਾ ਸੁਮੇਲ ਏ। ਇਹ ਬਿਨਾਂ ਸਾਜ਼ਾਂ ਦੇ ਛੰਦ-ਗਿਆਨ ਤੇ ਸੁਰ-ਧਿਆਨ ਨਾਲ ਸਰੋਤਿਆਂ ਨੂੰ ਕੀਲਣ ਦੀ ਕਲਾ ਏ। ਗਾਇਨ ਕਲਾ ਸੰਗੀਤਕ ਧੁਨ, ਸੁਰੀਲੀ ਸੁਰ, ਰਾਗ ਬੰਦਿਸ਼ ਦਾ ਸੁਮੇਲ ਏ। ਗਾਇਕੀ ਆਵਾਜ਼ ਦੀ ਥਰਕਣ, ਧੁਨ ਦੀ ਧੜਕਣ, ਸੁਰ ਦੀ ਤੜਪਣ ਏ। ਝਰਨੇ, ਦਰਿਆ, ਵਹਿਣ ਵਾਂਗ ਏ ਗਾਇਨ ਕਲਾ! ਲੈਅ, ਸੁਰ, ਤਾਲ ਗਾਇਕ ਦੇ ਅਚੇਤ-ਸਹਿਜ ਵਿਚ ਪਏ ਪੱਕੇ ਹੁੰਦੇ ਨੇ। ਲੋਕ ਗਾਇਕੀ ਹਿੱਕ ਦੇ ਜ਼ੋਰ ਨਾਲ ਗਾਈ ਜਾਣ ਵਾਲੀ ਲੋਕ ਕਲਾ ਏ। ਲੋਕ ਗਾਇਕ ਦੀ ਧੁਨ ਉਸ ਦੀ ਆਵਾਜ਼ ਵਿਚ ਗੁੰਨ੍ਹੀ, ਸੰਗੀਤ ਉਸ ਦੀਆਂ ਰਗਾਂ ’ਚ ਸਮਾਇਆ, ਰਾਗ ਉਸਦੇ ਜ਼ਿਹਨ ਵਿਚ ਪਿਆ ਹੁੰਦਾ ਏ। ਬਿਨਾਂ ਸਾਜ਼-ਜੰਤਰ ਦੇ ਇਉਂ ਨਿਭਾਈ ਜਾਂਦੀ ਏ ਪੁਆਧੀ ਲੋਕ ਕਾਵਿ ਕਲਾ ਕਵੀਸ਼ਰੀ! ਪੜ੍ਹੇ, ਸੁਣੇ, ਅਨੁਭਵ ਕੀਤੇ ਇਤਿਹਾਸਕ-ਮਿਥਿਹਾਸਕ, ਸਮਾਜਿਕ-ਸੱਭਿਆਚਾਰਕ, ਦਾਰਸ਼ਨਿਕ-ਮਾਨਸਿਕ ਗਿਆਨ ਨੂੰ ਆਪਣੀ ਰਚਨਾ ਦਾ ਧੁਰਾ ਬਣਾਉਂਦੀ ਏ ਪੁਆਧੀ ਕਵੀਸ਼ਰੀ। ਵਿਚਾਰ, ਵਿਧੀ, ਵਿਵੇਕ ਦੀ ਇਕਜੁਟਤਾ ਪੁਆਧੀ ਲੋਕ ਕਾਵਿ ਕਲਾ ਦੀ ਵਿਲੱਖਣ ਪਛਾਣ ਏ। ਕਵੀਸ਼ਰੀ ਦੀ ਦਾਤ ਨੂੰ ਕਵੀਸ਼ਰ ਲੋਕ ਕਲਿਆਣ ਦੀ ਭਾਵਨਾ ਵਜੋਂ ਅੱਗੇ ਵਰਤਾਉਂਦਾ ਏ।
ਉਸਤਾਦੀ-ਸ਼ਾਗਿਰਦੀ ਪੰਜਾਬੀ ਰਵਾਇਤੀ ਕਾਵਿ ਦਾ ਅਟੁੱਟ ਅੰਗ ਰਿਹਾ ਏ। ਸਿਖਾਂਦਰੂ ਸ਼ਾਗਿਰਦ ਉਸਤਾਦ ਕਵੀਸ਼ਰ ਦੇ ਚਰਨੀਂ ਮੱਥਾ ਟੇਕ ਕੇ; ਪੱਗ, ਰੁਪਈਆ ਧਰ ਕੇ ਉਸ ਨੂੰ ਆਪਣਾ ਉਸਤਾਦ ਧਾਰ ਲੈਂਦਾ। ਲੰਮੇ ਅਭਿਆਸ, ਅਨੁਭਵ, ਅਨੁਸ਼ਾਸਨ ਤੋਂ ਬਾਅਦ ਜੇ ਕਾਬਲ ਸ਼ਾਗਿਰਦ ਉਸਤਾਦ ਦੀ ਕਸਵੱਟੀ ਉਪਰ ਪੂਰਾ ਉਤਰਦਾ ਤਾਂ ਉਸਤਾਦ ਉਸ ਨੂੰ ਥਾਪੜਾ ਦੇ ਕੇ ਕਵੀਸ਼ਰੀ ਦੇ ਪਿੜ ਵਿਚ ਉਤਾਰਦਾ। ਕਸਵੱਟੀ ਏਥੇ ਕਵੀਸ਼ਰੀ ਕਲਾ ਹੁੰਦੀ। ਸੱਚਾ, ਪੱਕਾ, ਸੁਹਿਰਦ ਕਵੀਸ਼ਰ ਆਪਣੇ ਉਸਤਾਦ ਦੀ ਲੱਜ ਪਾਲਦਾ ਪਾਲਦਾ ਉਸ ਦੀਆਂ ਆਸਾਂ ਉੱਤੇ ਪੂਰਾ ਉਤਰਦਾ ਉਤਰਦਾ ਆਪਣੀ ਸਾਰੀ ਦੀ ਸਾਰੀ ਉਮਰ ਕਵੀਸ਼ਰੀ ਦੇ ਲੇਖੇ ਲਾ ਛੱਡਦਾ। ਹੰਢੇ ਉਸਤਾਦ ਦੇ ਚੰਡੇ ਸ਼ਾਗਿਰਦ ਦੀ ਜਦੋਂ ਕਿਤੇ ਉਸਤਤ ਹੁੰਦੀ ਤਾਂ ਅਕਸਰ ਆਖਿਆ ਜਾਂਦਾ, ‘ਕਿਸੇ ਪੁੱਜੇ ਗੁਰੂ ਦਾ ਚੇਲਾ ਏਂ ਤੂੰ!’ ਤੇ ਜੇ ਕਿਤੇ ਇਸਦੇ ਉਲਟ ਵਾਪਰਦਾ ਤਾਂ ਸੁਆਲ ਕੀਤਾ ਜਾਂਦਾ, ‘ਕਿਹੜਾ ਗੁਰੂ ਆ ਤੇਰਾ?’ ਡਾ. ਗੁਰਨਾਮ ਦਾ ਆਖਣਾ ਏ ਕਿ ‘ਪੀੜ੍ਹੀ ਦਰ ਪੀੜ੍ਹੀ ਕਵੀਸ਼ਰੀ ਘਰਾਣੇ ਅਤੇ ਕਵੀਸ਼ਰੀ ਦੀ ਚੇਟਕ ਉਪਰੰਤ ਉਸਤਾਦੀ ਸ਼ਾਗਿਰਦੀ ਕਰ ਅਨੇਕ ਕਵੀਸ਼ਰਾਂ ਨੇ ਆਪਣੇ ਉਸਤਾਦਾਂ ਦੁਆਰਾ ਦਰਸਾਏ ਮਾਰਗ ਉੱਤੇ ਸਾਧਨਾ ਕਰਦਿਆਂ ਇਸ ਕਲਾ ਵਿਚ ਮੁਹਾਰਤ ਹਾਸਲ ਕੀਤੀ।’
ਲੋਕ-ਨਾਇਕਾਂ ਦਾ ਜਸ ਗਾਇਨ ਕਰਦਿਆਂ, ਲੋਕ-ਗਾਥਾਵਾਂ ਵਿਚਲਾ ਸੱਚ ਸਾਕਾਰਦਿਆਂ, ਲੋਕ-ਇਤਿਹਾਸ ਨੂੰ ਚੇਤਿਆਂ ਵਿਚ ਲਿਆਉਂਦਿਆਂ ਪੁਆਧੀ ਕਵੀਸ਼ਰ ਪੁਆਧੀ ਕਵੀਸ਼ਰੀ ਨੂੰ ਲੋਕ ਕਾਵਿ ਕਲਾ ਵਜੋਂ ਹੋਰ ਗੌਲਣ ਯੋਗ ਬਣਾਉਂਦੇ ਨੇ। ਕਿੱਸਾ ਕਾਵਿ ਤੇ ਕਵੀਸ਼ਰੀ ਵਿਚਕਾਰ ਕੋਈ ਨਿਸ਼ਚਿਤ ਵੰਡ-ਰੇਖਾ ਨਹੀਂ ਖਿੱਚੀ ਗਈ। ਦੋਵਾਂ ਦੀ ਸਾਂਝੀ ਪਛਾਣ ਦੋਵਾਂ ਦਾ ਲੋਕ ਕਾਵਿ ਰੂਪ ਵਜੋਂ ਉੱਭਰਨਾ ਏ। ਡਾ. ਗੁਰਦੇਵ ਸਿੰਘ ਸਿੱਧੂ ਅਨੁਸਾਰ ‘ਕਿੱਸਾਕਾਰੀ ਅਤੇ ਕਵੀਸ਼ਰੀ ਦਾ ਨਹੁੰ ਅਤੇ ਮਾਸ ਵਾਲਾ ਸਬੰਧ ਹੈ। ਕਿੱਸਾਕਾਰੀ ਕਵੀਸ਼ਰੀ ਨੂੰ ਅਤੇ ਕਵੀਸ਼ਰੀ ਕਿੱਸਾਕਾਰੀ ਨੂੰ ਪ੍ਰਭਾਵਿਤ ਕਰਦੀ ਹੈ।’ ਕਲਾ ਵੰਡਾਂ ਵਿਚ ਨਹੀਂ ਵੰਡੀ ਜਾਂਦੀ। ਇਹ ਨਿਰੰਤਰ ਕੁਦਰਤੀ ਆਪਮੁਹਾਰਾ ਵਹਾ ਏ ਮਨੁੱਖੀ ਮਨ ਦੇ ਵਹਿਣ ਦਾ! ਪੁਆਧੀ ਲੋਕ ਕਾਵਿ ਕਲਾ ਕਵੀਸ਼ਰੀ ਸਮੁੱਚੀ ਪੰਜਾਬੀ ਕਵੀਸ਼ਰੀ ਪਰੰਪਰਾ ਵਿਚ ਵਿਸ਼ੇਸ਼ ਸਥਾਨ ਰੱਖਦੀ ਏ। ਡਾ. ਅਮਰ ਕੋਮਲ ਦਾ ਮੰਨਣਾ ਏ ਕਿ ‘ਕਵੀ ਜੋ ਕਵਿਤਾ ਰਚਦਾ ਹੈ, ਗਾ ਕੇ ਪਾਠ ਕਰਦਾ ਹੈ, ਉਸ ਦੀ ਵਿਆਖਿਆ ਕਰਦਾ ਹੈ, ਕਵੀਸ਼ਰ ਹੈ। ਕਵੀ ਦੀ ਇਸ ਪ੍ਰਕਿਰਿਆ ਨੂੰ ਕਵੀਸ਼ਰੀ ਆਖਦੇ ਹਨ।’
ਕਵੀਸ਼ਰ ਦਾ ਪੰਜਾਬੀ ਸਮਾਜ-ਸੱਭਿਆਚਾਰ ਵਿਚ ਵਿਸ਼ੇਸ਼ ਸਥਾਨ ਰਿਹਾ ਏ। ਪਹਿਲਾਂ ਵਿਆਹਾਂ ਵਿਚ ਕਵੀਸ਼ਰਾਂ ਨੂੰ ਉਚੇਚਾ ਬੁਲਾਇਆ ਜਾਂਦਾ। ਕੁੜੀ ਪੱਖ ਵੱਲੋਂ ਜੰਞ ਬੰਨ੍ਹੀ ਜਾਂਦੀ ਤੇ ਮੁੰਡੇ ਪੱਖ ਵੱਲ ਜੰਞ ਛੁਡਾਈ ਜਾਂਦੀ। ਮਾਲਵੇ ਵਿਚ ਇਹ ਪੱਤਲ ਕਾਵਿ ਵਜੋਂ ਪ੍ਰਚਲਿਤ ਹੋਈ। ਇਸ ਦਾ ਪ੍ਰਭਾਵ ਪੁਆਧੀ ਕਵੀਸ਼ਰੀ ਉੱਤੇ ਵੀ ਪਿਆ। ਇਹ ਮੌਕੇ ਉੱਤੇ ਘੜੀ ਕਵੀਸ਼ਰੀ ਦੀ ਮਿਸਾਲ ਏ:
ਬੰਨ੍ਹਾਂ ਤੇਰੀ ਤੋਰ ਤੁਰੇਂ ਵਾਂਗ ਮੋਰ ਨੀਂ…
ਬੰਨ੍ਹਾਂ ਤੇਰੇ ਬੋਲ ਬੋਲੇਂ ਵਾਂਗ ਕੋਲ ਨੀਂ…
ਪ੍ਰਸਿੱਧ ਲੋਕਧਾਰਾ ਸ਼ਾਸਤਰੀ ਡਾ. ਵਣਜਾਰਾ ਬੇਦੀ ਦਾ ਵਿਚਾਰ ਏ ਕਿ ‘ਕਵੀਸ਼ਰੀ ਲੋਕਧਾਰਾਈ ਬਿਰਤੀ ਵਾਲੀ ਕਵਿਤਾ ਹੈ ਜਿਸ ਵਿਚ ਕਿਸੇ ਵਸਤੂ, ਕਥਾ ਜਾਂ ਸੱਭਿਆਚਾਰਕ ਮਸਲੇ ਦੀ ਪੇਸ਼ਕਾਰੀ ਪਰੰਪਰਾਗਤ ਵਿਧੀ ਨਾਲ ਕੀਤੀ ਜਾਂਦੀ ਹੈ।’ ਡਾ. ਗੁਰਨਾਮ ਸਿੰਘ ਦਾ ਮਤ ਏ ਕਿ ‘ਕਵੀਸ਼ਰੀ ਇਕ ਵਿਲੱਖਣ ਗਾਇਨ ਕਲਾ ਹੈ। ਸਾਜ਼ਾਂ ਨਾਲ ਸਜੇ ਗਵੰਤਰੀਆਂ ਦੇ ਗਾਇਨ ਦੀ ਤੁਲਨਾ ਵਿਚ ਇਹ ਸਾਦ-ਮੁਰਾਦੀ ਦਿੱਖ ਵਾਲੇ ਕਵੀਸ਼ਰ ਸਾਜ਼ਾਂ ਤੋਂ ਬਿਨਾਂ ਖਾਲੀ ਹੱਥੀਂ ਪੇਸ਼ਕਾਰੀ ਕਰਦੇ ਹਨ।’ ਡਾ. ਅਮਰ ਕੋਮਲ ਨੇ ਆਖਿਆ ਏ ਕਿ ‘ਕਵੀਸ਼ਰੀ ਲੋਕ-ਮਨ ਦੀ ਤ੍ਰਿਪਤੀ ਕਰਦੀ ਹੈ।’
ਇਹ ਸਿਧਾਂਤਕ ਵਿਸ਼ਲੇਸ਼ਣੀ ਵਿਆਖਿਆ ਪੁਸ਼ਟ ਕਰਦੀ ਏ ਕਿ ਪੁਆਧੀ ਲੋਕ ਕਾਵਿ ਕਲਾ ਕਵੀਸ਼ਰੀ ਮਨ, ਲੋਕ, ਲੋਕ-ਮਨ ਦੀ ਉਪਜਾਊ ਧਰਤੀ ਦੀ ਉਪਜ ਏ।

ਸੰਪਰਕ: 98151-77577


Comments Off on ਪੁਆਧੀ ਕਵੀਸ਼ਰੀ ਪਰੰਪਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.