ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਪਾਕਿਸਤਾਨੀ ਲਾਲਫੀਤਾਸ਼ਾਹੀ, ਅਮਰੀਕੀ ਨਾਖ਼ੁਸ਼ੀ

Posted On June - 3 - 2019

ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ

ਵਾਹਗਿਓਂ ਪਾਰ

ਅਮਰੀਕੀ ਵਿਦੇਸ਼ ਵਿਭਾਗ ਨੇ ਪਾਕਿਸਤਾਨੀ ਸਫ਼ਾਰਤੀ ਅਧਿਕਾਰੀਆਂ ਤੋਂ ਟੈਕਸ ਮੁਆਫ਼ੀ ਦੀ ਸਹੂਲਤ ਵਾਪਸ ਲੈ ਲਈ ਹੈ। ਅਜਿਹਾ ਕਦਮ ਪਾਕਿਸਤਾਨੀ ਟੈਕਸ ਅਧਿਕਾਰੀਆਂ ਵੱਲੋਂ ਦਿਖਾਈ ਜਾ ਰਹੀ ਢਿੱਲ-ਮੱਠ ਉੱਤੇ ਨਾਖ਼ੁਸ਼ੀ ਪ੍ਰਗਟਾਉਣ ਲਈ ਚੁੱਕਿਆ ਗਿਆ ਹੈ। ਦੋਵਾਂ ਦੇਸ਼ਾਂ ਦਰਮਿਆਨ ਛੇ ਦਹਾਕੇ ਪਹਿਲਾਂ ਹੋਈ ਸੰਧੀ ਦੇ ਤਹਿਤ ਦੋਵਾਂ ਦੇ ਸਫ਼ਾਰਤੀ ਅਮਲੇ ਵੱਲੋਂ ਇਕ ਦੂਜੇ ਦੀ ਧਰਤੀ ’ਤੇ ਕੀਤੀ ਗਈ ਖ਼ਰੀਦ ਜਾਂ ਵਿਕਰੀ ਉੱਪਰ ਕੋਈ ਟੈਕਸ ਨਾ ਵਸੂਲਣਾ ਤੈਅ ਕੀਤਾ ਗਿਆ ਸੀ। ਅਮਰੀਕਾ ਵਿਚ ਪਾਕਿਸਤਾਨੀ ਸਫ਼ਾਰਤੀ ਅਮਲੇ ਨੂੰ ਸਾਮਾਨ ਦੀ ਵਿਕਰੀ, ਸੇਵਾਵਾਂ ਦੀ ਵਰਤੋਂ, ਖ਼ੁਰਾਕੀ ਵਸਤਾਂ ਦੀ ਖ਼ਰੀਦ, ਹਵਾਈ ਟਿਕਟਾਂ ਦੀ ਖ਼ਰੀਦ, ਗੈਸ ਆਦਿ ਦੀ ਸਪਲਾਈ ਆਦਿ ’ਤੇ ਟੈਕਸਾਂ ਤੋਂ ਛੋਟ ਤੁਰੰਤ ਦੇ ਦਿੱਤੀ ਜਾਂਦੀ ਸੀ। ਪਾਕਿਸਤਾਨ ਵਿਚ ਅਮਰੀਕੀ ਸਫ਼ਾਰਤੀ ਅਧਿਕਾਰੀਆਂ ਵੱਲੋਂ ਕੀਤੀ ਗਈ ਹਰ ਖ਼ਰੀਦ-ਵੇਚ ਉੱਤੇ ਟੈਕਸ ਵਸੂਲਿਆ ਜਾਂਦਾ ਸੀ, ਪਰ ਇਹ ਬਾਅਦ ਵਿਚ ਮਹੀਨੇਵਾਰੀ ਆਧਾਰ ’ਤੇ ਮੋੜ ਦਿੱਤਾ ਜਾਂਦਾ ਸੀ।
ਪਾਕਿਸਤਾਨੀ ਰੋਜ਼ਨਾਮਾ ‘ਡਾਅਨ’ ਵਿਚ ਛਪੀ ਖ਼ਬਰ ਮੁਤਾਬਿਕ ਪਾਕਿਸਤਾਨੀ ਟੈਕਸ ਅਧਿਕਾਰੀਆਂ ਨੇ ਪਿਛਲੇ ਅੱਠ ਮਹੀਨਿਆਂ ਤੋਂ ਅਮਰੀਕੀ ਸਫ਼ਾਰਤੀ ਅਮਲੇ ਨੂੰ ਟੈਕਸਾਂ ਦੀ ਰਕਮ ਵਾਪਸ ਨਹੀਂ ਕੀਤੀ। ਇਸ ਤੋਂ ਨਾਖ਼ੁਸ਼ ਹੋ ਕੇ ਅਮਰੀਕੀ ਵਿਦੇਸ਼ ਵਿਭਾਗ ਨੇ ਵੀ ਸਖ਼ਤ ਰੁਖ਼ ਅਪਣਾਇਆ। ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੇ ਮੁਲਕ ਵਿਚਲੀ ਲਾਲਫੀਤਾਸ਼ਾਹੀ ਨੂੰ ਕੋਸਦਿਆਂ ਅਮਰੀਕੀ ਸ਼ਿਕਵੇ ਦੂਰ ਕਰਨ ਦਾ ਵਾਅਦਾ ਕੀਤਾ ਹੈ। ਪਰ ਇਸ ਵਾਅਦੇ ਨੇ ਅਮਰੀਕੀ ਗੁੱਸੇ ਨੂੰ ਅਜੇ ਠੰਢਾ ਨਹੀਂ ਕੀਤਾ।

* * *

ਪਾਕਿਸਤਾਨੀ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ

ਸੇਵਾਮੁਕਤ ਬ੍ਰਿਗੇਡੀਅਰ ਨੂੰ ਸਜ਼ਾ-ਏ-ਮੌਤ

ਪਾਕਿਸਤਾਨੀ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਦੋ ਸੇਵਾਮੁਕਤ ਸੀਨੀਅਰ ਫ਼ੌਜੀ ਅਫ਼ਸਰਾਂ ਤੇ ਇਕ ਸਾਇੰਸਦਾਨ ਨੂੰ ਜਾਸੂਸੀ ਨਾਲ ਜੁੜੇ ਦੋ ਮੁਕੱਦਮਿਆਂ ਵਿਚ ਸੁਣਾਈਆਂ ਗਈਆਂ ਸਜ਼ਾਵਾਂ ਦੀ ਪੁਸ਼ਟੀ ਕਰ ਦਿੱਤੀ ਹੈ। ਅੰਗਰੇਜ਼ੀ ਰੋਜ਼ਨਾਮਾ ‘ਐਕਸਪ੍ਰੈਸ ਟ੍ਰਿਬਿਊਨ’ ਵਿਚ ਪ੍ਰਕਾਸ਼ਿਤ ਖ਼ਬਰ ਅਨੁਸਾਰ ਸੇਵਾਮੁਕਤ ਲੈਫ਼ਟੀਨੈਂਟ ਜਨਰਲ ਜਾਵੇਦ ਇਕਬਾਲ ਨੂੰ ਫ਼ੌਜੀ ਅਦਾਲਤ ਨੇ 14 ਸਾਲ ਦੀ ਬਾਮੁਸ਼ੱਕਤ ਕੈਦ ਅਤੇ ਬ੍ਰਿਗੇਡੀਅਰ ਰਾਜਾ ਰਿਜ਼ਵਾਨ ਤੇ ਸਾਇੰਸਦਾਨ ਡਾ. ਵਸੀਮ ਅਕਰਮ ਨੂੰ ਇਕ ਹੋਰ ਅਦਾਲਤ ਨੇ ਸਜ਼ਾ-ਏ-ਮੌਤ ਸੁਣਾਈ ਸੀ। ਅਖ਼ਬਾਰ ਨੇ ਇਨ੍ਹਾਂ ਉੱਪਰ ਲੱਗੇ ਦੋਸ਼ਾਂ ਦਾ ਖ਼ੁਲਾਸਾ ਨਹੀਂ ਕੀਤਾ, ਪਰ ਇਹ ਸੰਕੇਤ ਦਿੱਤਾ ਹੈ ਕਿ ਇਨ੍ਹਾਂ ਨੇ ਪਾਕਿਸਤਾਨੀ ਪਰਮਾਣੂ ਹਥਿਆਰਾਂ ਬਾਰੇ ਕੁਝ ਰਾਜ਼ ਕਿਸੇ ‘ਦੁਸ਼ਮਣ’ ਮੁਲਕ ਨਾਲ ਸਾਂਝੇ ਕੀਤੇ। ਅਖ਼ਬਾਰ ਅਨੁਸਾਰ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸੇਵਾਮੁਕਤ ਫ਼ੌਜੀ ਅਫ਼ਸਰ ਨੂੰ ਸੁਣਾਈ ਮੌਤ ਦੀ ਸਜ਼ਾ ਦੀ ਫ਼ੌਜ ਮੁਖੀ ਨੇ ਤਸਦੀਕ ਕੀਤੀ।

* * *

ਐੱਚਆਈਵੀ ਕਾਂਡ ਨੇ ਲੋਕ ਡਰਾਏ

ਸੂਬਾ ਸਿੰਧ ਦੇ ਲੜਕਾਣਾ ਜ਼ਿਲ੍ਹੇ ਵਿਚ ਪ੍ਰਾਈਵੇਟ ਤੇ ਸਰਕਾਰੀ ਡਾਕਟਰਾਂ ਦੀ ਅਲਗਰਜ਼ੀ ਤੇ ਬੇਈਮਾਨੀ ਕਾਰਨ ਐੱਚਆਈਵੀ ਦੀ ਲਾਗ਼ ਨੇ ਮੁਲਕ ਦੇ ਸਿਹਤ ਸੰਭਾਲ ਢਾਂਚੇ ਦੀ ਜਰਜਰਤਾ ਇਕ ਵਾਰ ਫਿਰ ਉਜਾਗਰ ਕਰ ਦਿੱਤੀ ਹੈ। ਇਨ੍ਹਾਂ ਡਾਕਟਰਾਂ ਵੱਲੋਂ ਮਰੀਜ਼ਾਂ ਦੇ ਇਲਾਜ ਲਈ ਇਕੋ ਹੀ ਸਰਿੰਜ ਵਾਰ ਵਾਰ ਵਰਤੇ ਜਾਣ ਅਤੇ ਅਣਪਰਖਿਆ ਖ਼ੂਨ ਚੜ੍ਹਾਏ ਜਾਣ ਕਾਰਨ ਐੱਚਆਈਵੀ ਦੇ ਕੇਸਾਂ ਵਿਚ ਵਿਸਫੋਟਕ ਢੰਗ ਨਾਲ ਵਾਧਾ ਹੋਇਆ। ਇਕੱਲੇ ਰੱਤੋਡੇਰੋ ਕਸਬੇ ਵਿਚ ਹੁਣ ਤਕ 681 ਕੇਸ ਐੱਚਆਈਵੀ ਪਾਜ਼ੇਟਿਵ ਨਿਕਲੇ ਹਨ। ਇਨ੍ਹਾਂ ਵਿਚੋਂ 537 ਬੱਚੇ ਹਨ। ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਲੜਕਾਣਾ ਜ਼ਿਲ੍ਹੇ ਵਿਚ ਅਜਿਹੇ ਕੇਸਾਂ ਦੀ ਗਿਣਤੀ ਹਜ਼ਾਰਾਂ ਵਿਚ ਹੋ ਸਕਦੀ ਹੈ। ਪੁਲੀਸ ਨੇ ਰੱਤੋਡੇਰੇ ਦੇ ਇਕ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ 123 ਮਰੀਜ਼ਾਂ ਨੂੰ ਇਕੋ ਸਰਿੰਜ ਨਾਲ ਟੀਕੇ ਲਾਏ। ਇਹ ਸਾਰੇ ਹੁਣ ਐੱਚਆਈਵੀ ਪਾਜ਼ੇਟਿਵ ਨਿਕਲੇ ਹਨ। ਰੋਜ਼ਨਾਮਾ ‘ਜੰਗ’ ਅਨੁਸਾਰ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਮਰਕਜ਼ੀ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਨਿਆਂਇਕ ਕਮਿਸ਼ਨ ਬਿਠਾਇਆ ਹੈ, ਪਰ ਜਿਨ੍ਹਾਂ ਸੈਂਕੜੇ ਪਰਿਵਾਰਾਂ ਵਿਚ ਐੱਚਆਈਵੀ ਪੀੜਤ ਅਚਾਨਕ ਉਭਰ ਆਏ ਹਨ, ਉਨ੍ਹਾਂ ਦੀ ਵੇਦਨਾ ਤੇ ਪੀੜਾ ਵੱਲ ਧਿਆਨ ਦੇਣ ਦੀ ਥਾਂ ਰਾਜਨੀਤੀਵਾਨਾਂ ਵੱਲੋਂ ‘ਸਿਆਸੀ ਕਬੱਡੀ’ ਖੇਡਣ ਨੂੰ ਪੂਰੀ ਤਰਜੀਹ ਦਿੱਤੀ ਜਾ ਰਹੀ ਹੈ।

* * *

ਉਦਾਸੀ ਸੰਤ ਮੋਹਨ ਦਾਸ ਦੀ ਸਮਾਧ।

ਉਦਾਸੀ ਸੰਤ ਦੀ ਸਮਾਧੀ

ਅੰਗਰੇਜ਼ੀ ਹਫ਼ਤਾਵਾਰੀ ‘ਫਰਾਈਡੇਅ ਟਾਈਮਜ਼’ ਨੇ ਉਦਾਸੀ ਸੰਤ ਮੋਹਨ ਦਾਸ ਦੀ ਸਮਾਧੀ ਦੀ ਦੁਰਦਸ਼ਾ ਨੂੰ ਆਪਣੇ ਨਵੇਂ ਅੰਕ ਵਿਚ ਉਚੇਚੇ ਤੌਰ ’ਤੇ ਉਭਾਰਿਆ ਹੈ। ਉੱਘੇ ਪੁਰਾਤੱਤਵ ਵਿਗਿਆਨੀ ਜੁਲਫ਼ਿਕਾਰ ਅਲੀ ਕਲਹੋਰੋ ਦੇ ਇਸ ਲੇਖ ਮੁਤਾਬਿਕ ਬਾਬਾ ਮੋਹਨ ਦਾਸ ਦੀ ਸਮਾਧੀ ਰਾਵਲਪਿੰਡੀ ਜ਼ਿਲ੍ਹੇ ਦੀ ਗੁੱਜਰਖਾਨ ਤਹਿਸੀਲ ਦੇ ਪਿੰਡ ਕਰਨਾਲੀ ਵਿਚ ਸਥਿਤ ਹੈ। ਇਹ ਪਿੰਡ, ਸੁੱਖੋ ਕਸਬੇ ਤੋਂ ਤਿੰਨ ਕਿਲੋਮੀਟਰ ਦੂਰ ਦੱਖਣ ਵਿਚ ਪੈਂਦਾ ਹੈ। ਜਿਸ ਟਿੱਬੇ ’ਤੇ ਸਮਾਧੀ ਸਥਿਤ ਹੈ, ਉੱਥੇ ਪਹਿਲਾਂ ਕਿਸੇ ਜ਼ਮਾਨੇ ਵਿਚ ਬੋਧ-ਵਿਹਾਰ ਹੋਇਆ ਕਰਦਾ ਸੀ। ਉਸ ਵਿਹਾਰ ਦੇ ਅਵਸ਼ੇਸ਼ ਇਕ ਸਤੂਪ ਦੇ ਰੂਪ ਵਿਚ ਟਿੱਲੇ ਉੱਤੇ ਮੌਜੂਦ ਹਨ। ਸੁੱਖੋ ਕਸਬਾ ਕਦੇ ਹਿੰਦੂ-ਸਿੱਖ ਭਾਈਚਾਰਿਆਂ ਦਾ ਗੜ੍ਹ ਸੀ। ਇਸ ਲਈ ਬਟਵਾਰੇ ਤੋਂ ਪਹਿਲਾਂ ਇਸ ਸਮਾਧੀ ਦੀ ਭਰਪੂਰ ਦੇਖ-ਰੇਖ ਕੀਤੀ ਜਾਂਦੀ ਸੀ। ਉਦਾਸੀਨ ਪੰਥ ਦੇ ਮੋਢੀ ਬਾਬਾ ਸ੍ਰੀਚੰਦ ਸਨ ਜੋ ਕਿ ਬਾਬਾ ਗੁਰੂ ਨਾਨਕ ਦੇ ਵੱਡੇ ਸਪੁੱਤਰ ਸਨ। ਕਿਸੇ ਸਮੇਂ ਪੋਠੋਹਾਰ ਇਲਾਕੇ ਵਿਚ ਸਿੱਖ ਸੰਗਤਾਂ ਤੋਂ ਇਲਾਵਾ ਉਦਾਸੀ ਆਗੂਆਂ ਦੀਆਂ ਵੀ ਦਰਜਨਾਂ ਸਮਾਧਾਂ ਮੌਜੂਦ ਸਨ। ਉਨ੍ਹਾਂ ਵਿਚੋਂ ਵਿਰਲੀਆਂ-ਟਾਵੀਆਂ ਹੀ ਹੁਣ ਵੇਖਣ ਨੂੰ ਮਿਲਦੀਆਂ ਹਨ।
ਰਾਵਲਪਿੰਡੀ ਗਜ਼ਟੀਅਰ ਅਨੁਸਾਰ ਬਾਬਾ ਮੋਹਨ ਦਾਸ ਦੀ ਬਰਸੀ ਮੌਕੇ ਸਮਾਧੀ ਉੱਤੇ ਮੇਲਾ ਭਰਦਾ ਹੁੰਦਾ ਸੀ। ਉਦੋਂ ਪੂਰੇ ਤਿੰਨ ਦਿਨ ਭੰਡਾਰਾ ਚੱਲਦਾ ਸੀ ਜਿਸ ਦਾ ਲਾਭ ਇਲਾਕੇ ਦੇ ਮੁਸਲਮਾਨ ਪਰਿਵਾਰ ਵੀ ਲਿਆ ਕਰਦੇ ਸਨ। ਹੁਣ ਇਸ ਸਮਾਧ ਦੀ ਇਮਾਰਤ ਖੰਡਰ ਬਣ ਚੁੱਕੀ ਹੈ। ਇਸ ਦਾ ਪੱਛਮੀ ਹਿੱਸਾ ਮੌਸਮ ਦੇ ਥਪੇੜਿਆਂ ਕਾਰਨ ਲਗਪਗ ਢਹਿ ਚੁੱਕਾ ਹੈ। ਜਿਸ ਥੜ੍ਹੇ ਹੇਠ ਬਾਬਾ ਮੋਹਨ ਦਾਸ ਦੀਆਂ ਅਸਥੀਆਂ ਦਫ਼ਨ ਸਨ, ਉਸ ਦੀਆਂ ਟਾਈਲਾਂ ਹੁਣ ਗਾਇਬ ਹਨ। ਇਮਾਰਤ ਅੰਦਰਲਾ ਭੋਰਾ ਵੀ ਜਰਜਰ ਹਾਲਤ ਵਿਚ ਹੈ। ਸਮਾਧੀ ਦੇ ਨੇੜੇ ਬਾਬਾ ਮੋਹਨ ਦਾਸ ਦੇ ਸਮੇਂ ਦੇ ਦੋ ਬੋਹੜ ਜ਼ਰੂਰ ਅਜੇ ਤਕ ਸਲਾਮਤ ਹਨ। ਲੇਖ ਅਨੁਸਾਰ ਜੇਕਰ ਪਾਕਿਸਤਾਨ ਸਰਕਾਰ ਅਜਿਹੇ ਸਥਾਨਾਂ ਦੀ ਮੁਰੰਮਤ ਅਤੇ ਸਾਂਭ ਸੰਭਾਲ ਵੱਲ ਥੋੜ੍ਹਾ ਬਹੁਤ ਧਿਆਨ ਦੇਵੇ ਤਾਂ ਇਨ੍ਹਾਂ ਨੂੰ ਧਾਰਮਿਕ ਟੂਰਿਜ਼ਮ ਸਰਕਟ ਦਾ ਹਿੱਸਾ ਬਣਾ ਕੇ ਕਮਾਈ ਦੇ ਸਾਧਨ ਵਜੋਂ ਸਹਿਜੇ ਹੀ ਵਿਕਸਿਤ ਕੀਤਾ ਜਾ ਸਕਦਾ ਹੈ।

– ਪੰਜਾਬੀ ਟ੍ਰਿਬਿਊਨ ਫੀਚਰ


Comments Off on ਪਾਕਿਸਤਾਨੀ ਲਾਲਫੀਤਾਸ਼ਾਹੀ, ਅਮਰੀਕੀ ਨਾਖ਼ੁਸ਼ੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.