ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਨੰਨ੍ਹੀਆਂ ਬਾਲੜੀਆਂ ਦੇ ਜਿਨਸੀ ਸ਼ੋਸ਼ਣ ਦੇ ਵਧਦੇ ਮਾਮਲੇ

Posted On June - 6 - 2019

ਗੁਰਤੇਜ ਸਿੰਘ

ਬਾਲ ਮਨਾਂ ਨੂੰ ਸਮਝਣ ਦਾ ਕਾਰਜ ਮਾਂ ਤੋਂ ਵਧੀਆ ਦੁਨੀਆਂ ਵਿਚ ਹੋਰ ਕੋਈ ਨਹੀਂ ਕਰ ਸਕਦਾ। ਧਰਮ-ਜਾਤ ਤੋਂ ਉੱਪਰ ਅਗਰ ਕੋਈ ਹੋਵੇਗਾ ਤਾਂ ਉਹ ਬੱਚੇ ਹੁੰਦੇ ਹਨ। ਜੋ ਹਰ ਕਿਸੇ ਨਾਲ ਖੇਡਣ, ਉਸ ਨੂੰ ਆਪਣਾ ਬਣਾਉਣ ਦੀ ਹਿੰਮਤ ਰੱਖਦੇ ਹਨ। ਬੱਚਿਆਂ ਨੂੰ ਸਮਾਜ ਵਿੱਚ ਰੱਬ ਰੂਪ ਆਖ ਕੇ ਵਡਿਆਇਆ ਜਾਦਾ ਹੈ। ਉਨ੍ਹਾਂ ਦਾ ਭੋਲਾਪਣ ਹਰ ਕਿਸੇ ਨੂੰ ਕੀਲਣ ਦੀ ਸਮਰੱਥਾ ਰੱਖਦਾ ਹੈ। ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਕਿਲਕਾਰੀਆਂ ਰੂਹ ਨੂੰ ਸਕੂਨ ਬਖਸ਼ਦੀਆਂ ਹਨ ਅਤੇ ਉਨ੍ਹਾਂ ਦੀ ਗੈਰਮੌਜੂਦਗੀ ਘਰ ਸੰਸਾਰ ਨੂੰ ਵੀਰਾਨੀ ਦੇ ਆਲਮ ’ਚ ਧੱਕਦੀ ਹੈ। ਕੁਦਰਤ ਦੀ ਇਸ ਨਾਜ਼ੁਕ ਸ਼ੈਅ ਨੂੰ ਅਨੈਤਿਕਾ ਨੇ ਨਿਗਲਣਾ ਸ਼ੁਰੂ ਕੀਤਾ ਹੋਇਆ ਹੈ। ਸੰਸਾਰ ਦੇ ਸਭ ਤੋਂ ਖਤਰਨਾਕ ਪ੍ਰਾਣੀ ਮਨੁੱਖ ਨੇ ਇਨ੍ਹਾਂ ਦੀ ਮਾਸੂਮੀਅਤ ਨੂੰ ਵੀ ਨਹੀਂ ਬਖਸ਼ਿਆ।
ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ’ਚ ਬੇਤਹਾਸ਼ਾ ਵਾਧਾ ਹੋਇਆ ਹੈ। ਹਰ ਰੋਜ਼ ਸ਼ਰਮਨਾਕ ਕੇਸ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ। ਬੀਤੇ ਦਿਨੀਂ ਸੂਬੇ ਦੇ ਧੂਰੀ ਸ਼ਹਿਰ ਦੇ ਇੱਕ ਨਿੱਜੀ ਸਕੂਲ਼ ਦੇ ਬੱਸ ਕੰਡਕਟਰ ਨੇ ਚਾਰ ਸਾਲਾ ਬੱਚੀ ਨਾਲ ਬਲਾਤਕਾਰ ਕੀਤਾ, ਇਹ ਵੀ ਉਸ ਸਮੇਂ ਜਦੋਂ ਮਾਪੇ-ਅਧਿਆਪਕ ਮਿਲਣੀ ਚੱਲ ਰਹੀ ਸੀ। ਉਸ ਦੀ ਇਸ ਹਰਕਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਕਾਰਨ ਮਾਪਿਆਂ ’ਚ ਰੋਸ ਵਧਣਾ ਲਾਜ਼ਮੀ ਹੈ ਬਲਕਿ ਹਰ ਸੰਵੇਦਨਸ਼ੀਲ ਮਨੁੱਖ ਅਜਿਹੀਆਂ ਘਟਨਾਵਾਂ ਤੋਂ ਦੁਖੀ ਹੁੰਦਾ ਹੈ। ਬੀਤੀ 13 ਮਈ ਨੂੰ ਪੰਚਕੂਲਾ ’ਚ ਪਰਵਾਸੀ ਮਜ਼ਦੂਰ ਦੀ ਪੰਜ ਸਾਲ ਦੀ ਬੱਚੀ ਨਾਲ ਗੁਆਂਢ ’ਚ ਰਹਿੰਦੇ ਅਧਖੜ ਵਿਅਕਤੀ ਨੇ ਮਾੜਾ ਕੰਮ ਕੀਤਾ ਤੇ ਬਾਅਦ ’ਚ ਬੱਚੀ ਦੇ ਸਿਰ ਵਿੱਚ ਪੱਥਰ ਮਾਰ ਕੇ ਲਾਸ਼ ਨੂੰ ਝਾੜੀਆਂ ‘ਚ ਸੁੱਟ ਦਿੱਤਾ। ਉਹ ਦਰਿੰਦਾ ਬੱਚੀ ਨੂੰ ਆਪਣੇ ਘਰ ਪੂਜਾ ਦੇ ਬਹਾਨੇ ਲੈ ਗਿਆ ਸੀ। ਪਿਛਲੇ ਵਰ੍ਹੇ ਜੰਮੂ ‘ਚ ਰਸੂਖ਼ਦਾਰ ਲੋਕਾਂ ਨੇ ਨੌਂ ਦਿਨ ਅੱਠ ਸਾਲਾ ਬੱਚੀ ਆਸਿਫਾ ਦਾ ਜਿਸਮ ਇੱਕ ਧਾਰਮਿਕ ਸਥਾਨ ਵਿੱਚ ਨੋਚਿਆ, ਜਿਸ ਨੇ ਧਰਮ ਦੀ ਆੜ ’ਚ ਚੱਲ ਰਹੇ ਗੋਰਖਧੰਦੇ ਦਾ ਪਰਦਾਫਾਸ਼ ਕੀਤਾ ਸੀ। ਇਸੇ ਤਰਾਂ ਲਗਭਗ ਦੋ ਦਹਾਕੇ ਪਹਿਲਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਕਲਾਂ ’ਚ ਉਸੇ ਪਿੰਡ ਦੇ ਰਸੂਖਦਾਰਾਂ ਨੇ ਸਕੂਲ ਪੜ੍ਹਦੀ ਕੁੜੀ ਨਾਲ ਜਬਰ ਜਿਨਾਹ ਕੀਤਾ ਤੇ ਲਾਸ਼ ਨੂੰ ਧਰਤੀ ’ਚ ਦੱਬ ਦਿੱਤਾ ਸੀ। ਪ੍ਰਸ਼ਾਸ਼ਨ ਨੇ ਉਸ ਸਮੇਂ ਸਾਰਾ ਜ਼ੋਰ ਦੋਸ਼ੀਆਂ ਨੂੰ ਬਚਾਉਣ ਲਈ ਲਗਾ ਦਿੱਤਾ ਸੀ ਪਰ ਆਖਰ ਲੋਕ ਰੋਹ ਜਾਗਿਆ ਐਕਸ਼ਨ ਕਮੇਟੀ ਦੇ ਨਾਲ ਲੋਕਾਈ ਹੋ ਤੁਰੀ ਤਾਂ ਜਾ ਕੇ ਲੰਮੇ ਸਮੇਂ ਬਾਅਦ ਦੋਸ਼ੀਆਂ ਨੂੰ ਸਜ਼ਾਵਾਂ ਹੋਈਆਂ ਸਨ। ਪਰ ਉੱਚੀ ਰਾਜਨੀਤਕ ਪਹੁੰਚ ਕਾਰਨ ਐਕਸ਼ਨ ਕਮੇਟੀ ਦੇ ਆਗੂਆਂ ਨੂੰ ਝੂਠੇ ਮਾਮਲਿਆਂ ‘ਚ ਫਸਾਇਆ ਗਿਆ, ਜੋ ਅੱਜ ਵੀ ਅਦਾਲਤੀ ਕਾਰਵਾਈ ਅਧੀਨ ਹਨ।

ਗੁਰਤੇਜ ਸਿੰਘ

ਯੂਨੀਸੈੱਫ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ’ਚ 43 ਫੀਸਦੀ ਲੜਕੀਆਂ 19 ਸਾਲ ਦੀ ਉਮਰ ਤੋਂ ਪਹਿਲਾਂ ਹੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਜਾਦੀਆਂ ਹਨ। 20 ਸਾਲ ਉਮਰ ਦੀਆਂ 10 ਲੜਕੀਆਂ ’ਚੋਂ ਇੱਕ ਨੂੰ ਜਿਸਮ ਨੁਚਵਾਉਣ ਲਈ ਮਜਬੂਰ ਤੱਕ ਕੀਤਾ ਜਾਦਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਬੱਚਿਆਂ ਦੇ ਬੰਧੂਆ ਜਾਂ ਦੇਹ ਵਪਾਰ ਵਿੱਚ ਦੇਸ਼ ਵਿੱਚ ਪਹਿਲੇ ਸਥਾਨ ‘ਤੇ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ 2014 ਵਿੱਚ ਬੱਚਿਆਂ ਪ੍ਰਤੀ 90 ਹਜ਼ਾਰ ਜੁਰਮਾਂ ਦੇ ਕੇਸ ਰਿਕਾਰਡ ਹੋਏ, ਜਿਨ੍ਹਾਂ ‘ਚੋਂ 37 ਹਜ਼ਾਰ ਅਗਵਾ ਅਤੇ 14 ਹਜ਼ਾਰ ਦੁਸ਼ਕਰਮ ਦੇ ਕੇਸ ਸਨ। ਬੱਚਿਆਂ ’ਤੇ ਹੁੰਦੇ ਜੁਰਮਾਂ ‘ਚ ਪਿਛਲੇ ਸਾਲ ਦੇ ਮੁਕਾਬਲੇ 50 ਫੀਸਦੀ ਵਾਧਾ ਹੋਇਆ ਹੈ।
ਕੌਮੀ ਅਪਰਾਧ ਰਿਕਾਰਡ ਬਿਉਰੋ ਦੇ ਤਾਜਾ ਅੰਕੜੇ ਬਹੁਤ ਡਰਾਉਣੇ ਹਨ ਕਿ ਬਲਾਤਕਾਰ ਦੇ 94 ਫੀਸਦੀ ਦਰਜ ਮਾਮਲਿਆਂ ਵਿੱਚ ਦੋਸ਼ੀ ਪੀੜਿਤਾ ਦੇ ਕਰੀਬੀ ਹੀ ਸਨ, ਜਿਨ੍ਹਾਂ ਵਿੱਚ ਦਾਦਾ, ਭਰਾ ਜਾਂ ਪੁੱਤਰ ਤੱਕ ਸ਼ਾਮਿਲ ਸਨ। ਰਿਪੋਰਟ ਅਨੁਸਾਰ ਦੇਸ਼ ਵਿੱਚ ਬਲਾਤਕਾਰ ਦੇ 36859 ਮਾਮਲਿਆਂ ਵਿੱਚ ਬੱਚੀਆਂ ਜਾਂ ਔਰਤਾਂ ਦੇ ਜਿਸਮਾਨੀ ਸ਼ੋਸ਼ਣ ਵਿੱਚ ਮੁਲਜ਼ਮ ਜਾਣਕਾਰ ਪਾਏ ਗਏ। ਸਾਲ 2016 ਵਿੱਚ ਦੁਸ਼ਕਰਮ ਦੇ 630 ਮਾਮਲੇ ਦਾਦਾ, ਭਰਾ, ਪਿਤਾ ਨਾਲ ਸਬੰਧਤ ਸਨ ਜਦਕਿ 1087 ਮਾਮਲੇ ਬੇਹੱਦ ਕਰੀਬੀ ਰਿਸ਼ਤੇਦਾਰਾਂ ਨਾਲ। 2015 ਪੂਰੇ ਦੇਸ਼ ਅੰਦਰ ਦੁਸ਼ਕਰਮ ਦੇ ਕੁੱਲ ਮਾਮਲਿਆਂ ‘ਚੋਂ 2173 ’ਚ ਰਿਸ਼ਤੇਦਾਰ ਅਤੇ 10520 ’ਚ ਦੋਸ਼ੀ ਗੁਆਂਢੀ ਸਨ। 2013 ਦੇ ਅੰਕੜਿਆਂ ਅਨੁਸਾਰ ਦੇਸ਼ ਅੰਦਰ 24923 ਦੁਸ਼ਕਰਮ ਦੇ ਕੇਸ ਸਾਹਮਣੇ ਆਏ, ਜਿਨ੍ਹਾਂ ’ਚੋਂ 24470 ਕੇਸਾਂ ਦਾ ਹੈਰਾਨੀਜਨਕ ਸੱਚ ਇਹ ਹੈ ਕਿ ਦੁਸ਼ਕਰਮ ਜਾਣਕਾਰਾਂ ਨੇ ਕੀਤਾ। ਦਿੱਲੀ ਵਿੱਚ ਸਭ ਤੋਂ ਜ਼ਿਆਦਾ ਦੁਰਾਚਾਰ ਹੋਏ। ਸਾਲ 2002 ਤੋਂ 2011 ਤੱਕ ਸਾਲਾਨਾ ਔਸਤਨ 22 ਹਜ਼ਾਰ ਦੁਸ਼ਕਰਮ ਹੋਏ। ਪਿਛਲੇ ਦੋ ਦਹਾਕਿਆਂ ਦੌਰਾਨ ਦੁਸ਼ਕਰਮ ਦੇ ਕੇਸਾਂ ਵਿੱਚ 30 ਫੀਸਦੀ ਵਾਧਾ ਹੋਇਆ ਹੈ। ਦੇਸ਼ ਵਿੱਚ ਰੋਜ਼ਾਨਾ ਔਸਤਨ 92 ਦੁਸ਼ਕਰਮ ਦੇ ਕੇਸ ਦਰਜ ਹੁੰਦੇ ਹਨ ਜਦਕਿ ਦਿੱਲੀ ’ਚ ਰੋਜ਼ਾਨਾ 4 ਦੁਸ਼ਕਰਮ ਕੇਸ ਦਰਜ ਹੁੰਦੇ ਹਨ। ਦੁਨੀਆਂ ਦੇ ਵੱਧ ਦੁਸ਼ਕਰਮਾਂ ਵਾਲੇ ਦਸ ਮੁਲਕਾਂ ’ਚੋਂ ਭਾਰਤ ਦਾ ਤੀਜਾ ਸਥਾਨ ਹੈ। ਦੁਸ਼ਕਰਮ ਦੇ ਬਹੁਤ ਸਾਰੇ ਕੇਸ ਪਿਛਲੇ ਵੀਹ ਸਾਲਾਂ ਤੋਂ ਲਟਕੇ ਹਨ ਅਤੇ ਕਾਨੂੰਨ ਨਾਲ ਸਬੰਧਿਤ ਲੋਕ ਅਜੇ ਵੀ ਕਨੂੰਨ ਦੀਆਂ ਚੋਰ-ਮੋਰੀਆਂ ਦਾ ਲਾਹਾ ਦੋਸ਼ੀਆਂ ਨੂੰ ਦਿਵਾ ਰਹੇ ਹਨ। ਦੁਰਾਚਾਰ ਦੇ ਕੇਸਾਂ ’ਚ ਕਨੂੰਨ ਸਖਤ ਕੀਤਾ ਗਿਆ ਹੈ ਪਰ ਜਦ ਤੱਕ ਲੋਕਾਂ ਦੀ ਮਾਨਸਿਕਤਾ ਨਹੀਂ ਬਦਲਦੀ, ਕਨੂੰਨੀ ਸਖਤੀ ਸਾਰਥਕ ਨਹੀਂ ਹੋ ਸਕਦੀ।
ਪੰਜਾਬ ’ਚ ਪਿਛਲੇ ਦਸ ਸਾਲਾਂ ਦੌਰਾਨ 781 ਬੱਚੀਆਂ ਲਾਪਤਾ ਹੋਈਆਂ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਤਿੰਨ ਸਾਲਾਂ ਦੇ ਅੰਕੜਿਆਂ ਅਨੁਸਾਰ ਦੇਸ ਅੰਦਰ 2012 ਵਿੱਚ 76493, 2013 ਵਿੱਚ 77721 ਅਤੇ 2014 ਵਿੱਚ 73549 ਬੱਚਿਆਂ ਦੇ ਗੁੰਮ ਹੋਣ ਦੀ ਰਿਪੋਰਟ ਹੈ। ਪੁਲੀਸ ਅਜੇ ਵੀ ਇਹ ਪਤਾ ਲਗਾਉਣ ‘ਚ ਅਸਮਰੱਥ ਹੈ ਕਿ ਆਖਿਰ ਇੰਨੀ ਵੱਡੀ ਗਿਣਤੀ ‘ਚ ਗੁੰਮ ਹੋਏ ਬੱਚੇ ਕਿੱਥੇ ਹਨ। ਇਥੇ ਪੁਲੀਸ ਦਾ ਨਾਂਹਪੱਖੀ ਰਵੱਈਆ ਜੱਗ ਜ਼ਾਹਰ ਹੋਇਆ ਹੈ। ਅਮੀਰ ਘਰਾਂ ਦੇ ਬੱਚਿਆਂ ਦੇ ਮਾਮਲੇ ’ਚ ਹੀ ਮੁਸਤੈਦੀ ਦਿਖਾਈ ਜਾਦੀ ਹੈ। ਬਚਪਨ ਬਚਾਉ ਅੰਦੋਲਨ ਸੰਸਥਾ ਅਨੁਸਾਰ 50 ਫੀਸਦੀ ਗੁੰਮ ਬੱਚਿਆਂ ਦੀ ਰਿਪੋਰਟ ਹੀ ਕੌਮੀ ਅਪਰਾਧ ਰਿਕਾਰਡ ਬਿਊਰੋ ਕੋਲ ਪੁੱਜੀ ਹੈ। ਇੱਕ ਗੈਰ ਸਰਕਾਰੀ ਸੰਸਥਾ ਦੇ ਅਨੁਮਾਨ ਅਨੁਸਾਰ ਦੇਸ਼ ਅੰਦਰ ਵੱਖ ਵੱਖ ਥਾਵਾਂ ’ਤੇ ਰੋਜ਼ਾਨਾ 271 ਬੱਚੇ ਲਾਵਾਰਸ ਛੱਡੇ ਜਾਂਦੇ ਹਨ, ਜਿਨ੍ਹਾਂ ਵਿੱਚੋਂ 90 ਫੀਸਦੀ ਕੁੜੀਆਂ ਹੁੰਦੀਆਂ ਹਨ। ਲਾਵਾਰਸ ਥਾਵਾਂ ਤੋਂ ਚੁੱਕ ਕੇ ਇਨ੍ਹਾਂ ਨੂੰ ਅਨਾਥ ਆਸ਼ਰਮਾਂ ’ਚ ਪਹੁੰਚਾ ਦਿੱਤਾ ਜਾਂਦਾ ਹੈ। ਇਹ ਬੱਚੇ ਜ਼ਿਆਦਾਤਰ ਯਤੀਮਖ਼ਾਨਿਆਂ ’ਚ ਨਰਕਮਈ ਜ਼ਿੰਦਗੀ ਜਿਉਂਦੇ ਹਨ। ਉੱਥੇ ਤਾਇਨਾਤ ਵਾਰਡਨ ਜਾਂ ਹੋਰ ਅਮਲਾ ਇਨ੍ਹਾਂ ਨਾਲ ਜਾਨਵਰਾਂ ਵਰਗਾ ਸਲੂਕ ਕਰਦਾ ਹੈ। ਛੋਟੀਆਂ ਛੋਟੀਆਂ ਬੱਚੀਆਂ ਦਾ ਜਿਸਮਾਨੀ ਸ਼ੋਸ਼ਣ ਕੀਤਾ ਜਾਂਦਾ ਹੈ। ਮੀਡੀਆ ਨੇ ਅਜਿਹੇ ਅਣਗਿਣਤ ਕੇਸਾਂ ਦਾ ਖੁਲਾਸਾ ਕੀਤਾ ਹੈ।
ਇਸ ਵਰਤਾਰੇ ਦੇ ਬਹੁਤ ਕਾਰਨ ਹਨ, ਜਿਨ੍ਹਾਂ ’ਚ ਮੁੱਖ ਤੌਰ ’ਤੇ ਨਸ਼ੇ, ਬੇਰੁਜ਼ਗਾਰੀ, ਮਾਪਿਆਂ ਦੀ ਅਣਗਹਿਲੀ, ਇੰਟਰਨੈਟ ਦੀ ਦੁਰਵਰਤੋਂ ਅਤੇ ਕਈ ਸਮਾਜਿਕ ਕਾਰਨ ਹਨ, ਜੋ ਲੋਕਾਂ ਖਾਸਕਰ ਨੌਜਵਾਨਾਂ ਨੂੰ ਘਿਨੌਣੇ ਕੰਮ ਲਈ ਪ੍ਰੇਰਦੇ ਹਨ। ਮਨੋਰੰਜਨ ਇੰਡਸਟਰੀ ਨੇ ਨੈਤਿਕ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ। ਅਜੋਕਾ ਸਿਨਮਾ ਆਪਣੀ ਜ਼ਿੰਮੇਵਾਰੀ ਭੁੱਲ ਚੁੱਕਾ ਹੈ ਤੇ ਮੁਨਾਫੇ ਲਈ ਅਸ਼ਲੀਲਤਾ ਪਰੋਸ ਰਿਹਾ ਹੈ। ਸੈਂਸਰ ਬੋਰਡ ਸੁੱਤਾ ਪਿਆ ਹੈ ਜਾਂ ਫਿਰ ਚੰਦ ਨੋਟਾਂ ਦੀ ਖਾਤਰ ਅੱਖਾਂ ਮੀਟ ਲਈਆਂ ਜਾਂਦੀਆਂ ਹਨ। ਟੀਵੀ ਸੀਰੀਅਲਾਂ ਤੇ ਇਸ਼ਤਿਹਾਰਾਂ ਵਿੱਚ ਵੀ ਅਸ਼ਲੀਲਤਾ ਦੀ ਭਰਮਾਰ ਹੈ। ਇਸ ਲਈ ਲੋਕ ਵੀ ਬਰਾਬਰ ਜਿਮੇਵਾਰ ਹਨ ਜੋ ਅਜਿਹੇ ਮਨੋਰੰਜਨ ਨੂੰ ਕਬੂਲਦੇ ਹਨ।
ਇਸ ਮੰਦਭਾਗੇ ਵਰਤਾਰੇ ਨੇ ਸਮਾਜ ’ਚ ਬੜੀ ਉੱਥਲ ਪੁੱਥਲ ਮਚਾ ਰੱਖੀ ਹੈ। ਜਦ ਤੱਕ ਅਸੀਂ ਇਸ ਖ਼ਿਲਾਫ਼ ਲਾਮਬੰਦ ਨਹੀਂ ਹੁੰਦੇ, ਇਸ ਦਾ ਰੁਕਣਾ ਅਸੰਭਵ ਹੈ। ਸਾਰੇ ਲੋਕ ਇਹ ਜ਼ਰੂਰ ਸੋਚਣ ਕਿ ਇਹ ਮੰਦਭਾਗਾ ਵਰਤਾਰਾ ਕਦੇ ਵੀ ਸਾਡੇ ਬੱਚਿਆਂ ਨਾਲ ਵੀ ਵਾਪਰ ਸਕਦਾ ਹੈ। ਇਹ ਵੀ ਸਾਡਾ ਫਰਜ਼ ਹੈ ਕਿ ਅਸੀਂ ਇਹ ਧਿਆਨ ਰੱਖੀਏ ਬੱਚਿਆਂ ਲਈ ਬਣੀਆਂ ਸਮਾਜਿਕ ਸੰਸਥਾਵਾਂ ਹੀ ਕਿਤੇ ਉਨ੍ਹਾਂ ਨਾਲ ਵਧੀਕੀਆਂ ਤਾਂ ਨਹੀਂ ਕਰ ਰਹੀਆਂ। ਅਜੋਕੇ ਸਮੇ ਅੰਦਰ ਸਮਾਜ ਅਤੇ ਸਰਕਾਰਾਂ ਨੂੰ ਅਜਿਹੇ ਪ੍ਰਬੰਧ ਕਰਨ ਦੀ ਲੋੜ ਹੈ ਤਾਂ ਕਿ ਕਿਸੇ ਦੀ ਆਬਰੂ ਤਾਰ ਤਾਰ ਨਾ ਹੋਵੇ। ਬਹੁਤੇ ਦੇਸ਼ਾਂ ’ਚ ਸਜ਼ਾ ਦੇ ਤੌਰ ’ਤੇ ਦੋਸ਼ੀਆਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਕਈ ਦੇਸ਼ਾਂ ਵਿੱਚ ਕੈਮੀਕਲ ਤੇ ਸਰਜੀਕਲ ਵਿਧੀਆਂ ਦੀ ਵਰਤੋ ਕੀਤੀ ਜਾਂਦੀ ਹੈ। ਸਜ਼ਾ ਦੇ ਨਾਲ ਨੈਤਿਕ ਸਿੱਖਿਆ ਵੀ ਦਿੱਤੀ ਜਾਵੇ ਅਤੇ ਇਸਦੀ ਜਗ੍ਹਾ ਲੋਕਾਂ ਦੇ ਦਿਲ ਦਿਮਾਗ ’ਚ ਬਣਾਈ ਜਾਵੇ। ਸਾਨੂੰ ਆਪਣੇ ਪੁਰਖਿਆਂ ਦੀ ਉਹ ਰੀਤ ਕਾਇਮ ਕਰਨੀ ਹੋਵੇਗੀ, ਜੇ ਉਹ ਅਹਿਮਦ ਸ਼ਾਹ ਅਬਦਾਲੀ ਅੱਗੇ ਲੋਕਾਂ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਦੀ ਰਾਖੀ ਲਈ ਅੜ ਸਕਦੇ ਸਨ ਤਾਂ ਸਾਨੂੰ ਵੀ ਅਜਿਹਾ ਕਦਮ ਜ਼ਰੂਰ ਚੁੱਕਣਾ ਚਾਹੀਦਾ ਹੈ।

-ਪਿੰਡ ਤੇ ਡਾਕ. ਚੱਕ ਬਖਤੂ, ਤਹਿ. ਤੇ ਜ਼ਿਲ੍ਹਾ ਬਠਿੰਡਾ।
ਸੰਪਰਕ: 94641-72783


Comments Off on ਨੰਨ੍ਹੀਆਂ ਬਾਲੜੀਆਂ ਦੇ ਜਿਨਸੀ ਸ਼ੋਸ਼ਣ ਦੇ ਵਧਦੇ ਮਾਮਲੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.