ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਨੌਜਵਾਨ ਸੋਚ :ਨੌਜਵਾਨ ਸੋਚ ਨੌਜਵਾਨ ਤੇ ਮਹਿੰਗੀ ਵਿੱਦਿਆ

Posted On June - 6 - 2019

ਸਾਡੀ ਸਿੱਖਿਆ ਪ੍ਰਣਾਲੀ ਹੋਈ ਅਸਫਲ

ਵਿਦੇਸ਼ ਜਾਣ ਤੇ ਅੰਗਰੇਜ਼ੀ ਲਈ ਹਰ ਕੋਈ ਆਪਣੇ ਬੱਚਿਆਂ ਨੂੰ ਕਾਨਵੈਂਟ ਸਕੂਲਾਂ ਵਿਚ ਭੇਜਣਾ ਪਸੰਦ ਕਰਦਾ ਹੈ। ਸਕੂਲਾਂ-ਕਾਲਜਾਂ ਦੀਆਂ ਭਾਰੀ ਫੀਸਾਂ ਮਾਪਿਆਂ ਦਾ ਲੱਕ ਤੋੜ ਦਿੰਦੀਆਂ ਹਨ। ਕਈ ਬਹੁਤ ਮਹਿੰਗੀਆਂ ਕਿਤਾਬਾਂ ਲਵਾ ਕੇ ਇਕ ਅੱਧ ਵਾਰ ਮਸਾਂ ਪੜ੍ਹਾਈਆਂ ਜਾਂਦੀਆਂ ਹਨ। ਸਕੂਲ ਡਾਇਰੀ, ਆਈਡੀ ਕਾਰਡ, ਹੋਰ ਵੱਖ-ਵੱਖ ਸਮਾਗਮਾਂ ਦੀ ਐਂਟਰੀ ਫੀਸ ਅਤੇ ਪੁਸ਼ਾਕਾਂ ਦੇ ਨਾਮ ’ਤੇ ਰੁਪਏ ਬਟੋਰੇ ਜਾਂਦੇ ਹਨ। ਕਈ ਅਧਿਆਪਕਾਂ ਬਾਰੇ ਸੁਣੀਂਦਾ ਹੈ ਕਿ ਸਕੂਲ ਵਿੱਚ ਵਧੀਆ ਨਹੀਂ ਪੜ੍ਹਾਉਂਦੇ ਪਰ ਟਿਊਸ਼ਨਾਂ ’ਚ ਉਨ੍ਹਾਂ ਜਿੰਨਾ ਵਧੀਆ ਕੋਈ ਹੋਰ ਨਹੀਂ ਪੜ੍ਹਾ ਸਕਦਾ। ਮਹਿੰਗੀ ਪੜ੍ਹਾਈ ਤੋਂ ਬਾਅਦ ਵੀ ਨੌਕਰੀ ਦੀ ਕੋਈ ਗਰੰਟੀ ਨਹੀਂ। ਫਿਰ ਆਈਲੈਟਸ ਦੇ ਖਰਚੇ, ਵਿਦੇਸ਼ੀ ਕਾਲਜਾਂ ਦੀਆਂ ਫੀਸਾਂ। ਸਾਰੀਆਂ ਬੁਰਾਈਆਂ ਦੀ ਜੜ੍ਹ ਸਾਡੀ ਅਸਫਲ ਸਿੱਖਿਆ ਪ੍ਰਣਾਲੀ ਹੀ ਹੈ।

ਚਰਨਪ੍ਰੀਤ ਕੌਰ, ਤਲਵੰਡੀ ਸਾਬੋ, ਬਠਿੰਡਾ।

ਸਰਕਾਰਾਂ ਜ਼ਿੰਮੇਵਾਰੀ ਸਮਝਣ

ਸਾਡੀ ਸਿੱਖਿਆ ਪ੍ਰਣਾਲੀ ਦੀਆਂ ਘਾਟਾਂ ਨੇ ਸਿੱਖਿਆ ਵਿਵਸਥਾ ਵਿੱਚ ਭਾਰੀ ਗਿਰਾਵਟ ਲਿਆਂਦੀ ਹੈ। ਸਾਲ 1968 ਵਿੱਚ ਭਾਰਤ ਸਰਕਾਰ ਨੇ ਨਿਸ਼ਾਨਾ ਮਿਥਿਆ ਸੀ ਕਿ 1986 ਤੱਕ ਸਿੱਖਿਆ ਉੱਤੇ ਜੀਡੀਪੀ ਦਾ 6 ਫ਼ੀਸਦੀ ਖਰਚਿਆ ਜਾਵੇਗਾ ਪਰ ਇਹ ਨਿਸ਼ਾਨਾ ਅੱਜ ਤੱਕ ਪੂਰਾ ਨਹੀਂ ਹੋ ਸਕਿਆ। ਪਬਲਿਕ ਤੇ ਪ੍ਰਾਈਵੇਟ ਅਦਾਰਿਆਂ ਦੀਆਂ ਫੀਸਾਂ ਹਰ ਸਾਲ ਵਧਾ ਦਿੱਤੀਆਂ ਜਾਂਦੀਆਂ ਹਨ। ਉਚੇਰੀ ਸਿੱਖਿਆ ਤਾਂ ਹੋਰ ਵੀ ਮਹਿੰਗੀ ਹੋ ਗਈ ਹੈ। ਇਸ ਲਈ ਕੇਂਦਰ ਤੇ ਰਾਜ ਸਰਕਾਰਾਂ ਨੂੰ ਵਿੱਦਿਆ ਸਬੰਧੀ ਸਹੀ ਨੀਤੀਆਂ ਅਪਣਾਉਣ ਲਈ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ।

ਸੁਖਪ੍ਰੀਤ ਕੌਰ ਸਿੱਧੂ, ਮਹਿਰਾਜ, ਬਠਿੰਡਾ।
ਸੰਪਰਕ: 98776-76027

ਮਹਿੰਗੀ ਵਿੱਦਿਆ, ਘਟਦੇ ਰੁਜ਼ਗਾਰ

ਵਿੱਦਿਆ ਨੂੰ ਵਪਾਰਕ ਲੀਹਾਂ ’ਤੇ ਪਾਉਣ ਦੀਆਂ ਨੀਤੀਆਂ ਕਾਰਨ ਮਹਿੰਗੀ ਤੇ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀ ਹੈ। ਸਸਤੀ ਵਿੱਦਿਆ ਹਰ ਨਾਗਰਿਕ ਦੀ ਮੁੱਢਲੀ ਲੋੜ ਹੈ, ਪਰ ਇਸ ਦੇ ਮਹਿੰਗੀ ਹੋਣ ਨਾਲ ਸਮਾਜਿਕ ਪਾੜਾ ਵਧੇਗਾ। ਕਿੱਤਾ ਮੁਖੀ ਕੋਰਸਾਂ ਦੀ ਫੀਸ ਵਿੱਚ ਵਾਧੇ ਨਾਲ ਆਮ ਲੋਕਾਂ ਦੇ ਬੱਚੇ ਡਾਕਟਰੀ, ਇੰਜਨੀਅਰਿੰਗ ਅਤੇ ਹੋਰ ਉਚੇਰੀ ਸਿੱਖਿਆ ਤੋ ਵਾਂਝੇ ਹੋ ਰਹੇ ਹਨ। ਸਿੱਖਿਆ ਬਹੁਤ ਮਹਿੰਗੀ ਹੋਣ ਦੇ ਬਾਵਜੂਦ ਰੁਜ਼ਗਾਰ ਦੇ ਰਾਹ ਨਹੀਂ ਤੋਰਦੀ, ਕਿਉਂਕਿ ਰੁਜ਼ਗਾਰ ਦੇ ਸਾਧਨ ਦਿਨੋਂ-ਦਿਨ ਘਟ ਰਹੇ ਹਨ।

ਲਖਵੀਰ ਸਿੰਘ, ਕੰਪਿਊਟਰ ਅਧਿਆਪਕ, ਪਿੰਡ ਤੇ ਡਾਕ. ਉਦੇਕਰਨ, ਸ੍ਰੀ ਮੁਕਤਸਰ ਸਾਹਿਬ।
ਸੰਪਰਕ: 98556-00701

ਵਿੱਦਿਆ ਹੋਈ ਮੱਧਵਰਗੀ ਨੌਜਵਾਨਾਂ ਤੋਂ ਦੂਰ

ਸਿੱਖਿਆ ਦੇ ਨਿੱਜੀਕਰਨ, ਸਿਆਸੀਕਰਨ ਅਤੇ ਪੂੰਜੀਕਰਨ ਨੇ ਇਸ ਨੂੰ ਅਮੀਰਜ਼ਾਦਿਆਂ ਦੇ ਹੱਥਾਂ ਦੀ ਕਠਪੁਤਲੀ ਬਣਾ ਕੇ ਮੱਧਵਰਗੀ ਨੌਜਵਾਨਾਂ ਦੀ ਪਹੁੰਚ ਤੋਂ ਦੂਰ ਕਰ ਦਿੱਤਾ ਹੈ। ਦੂਜਾ ਇਹ ਵੀ ਕਿ ਭਾਵੇਂ ਵਿੱਦਿਆ ਦਾ ਨਿੱਜੀਕਰਨ ਕਰਕੇ ਇਸ ਨੂੰ ਮਹਿੰਗਾ ਤਾਂ ਬਣਾ ਦਿੱਤਾ ਗਿਆ ਪਰ ਵਿਹਾਰਕ ਰੂਪ ਤੋਂ ਇਸ ਨੂੰ ਖੋਖਲ਼ਾ ਕਰ ਦਿੱਤਾ ਗਿਆ। ਮਹਿੰਗੀ ਵਿੱਦਿਆ ਦੇ ਭੈਅ ਨੇ ਨੌਜਵਾਨ ਵਰਗ ਦੀ ਹਾਂਪੱਖੀ ਸੋਚ ’ਤੇ ਅਜਿਹਾ ਮਾੜਾ ਪ੍ਰਭਾਵ ਪਾਇਆ ਹੈ ਕਿ ਉਹ ਇਨ੍ਹਾਂ ਆਲੀਸ਼ਾਨ ਪ੍ਰਾਈਵੇਟ ਅਦਾਰਿਆਂ ਤੱਕ ਪਹੁੰਚਣ ਤੋ ਵੀ ਗੁਰੇਜ਼ ਕਰਨ ਲੱਗਾ ਹੈ।

ਅਰਮਿੰਦਰ ਸਿੰਘ ਮਾਨ, ਪਿੰਡ ਤੇ ਡਾਕਖ਼ਾਨਾ ਗੋਬਿੰਦਪੁਰਾ, ਬਠਿੰਡਾ। ਸੰਪਰਕ: 99154-26454

ਸਰਕਾਰੀ ਸਕੂਲਾਂ ਵੱਲ ਸਰਕਾਰ ਦਾ ਧਿਆਨ ਨਹੀਂ

ਸਾਡੇ ਸਰਕਾਰੀ ਅੱਜ ਸਿਰਫ ਮੱਧਵਰਗੀ ਅਤੇ ਗਰੀਬਾਂ ਦੇ ਬੱਚਿਆਂ ਲਈ ਹੀ ਰਹਿ ਗਏ ਹਨ। ਸਰਕਾਰੀ ਅਧਿਆਪਕਾਂ ਤੇ ਹੋਰ ਸਰਕਾਰੀ ਅਧਿਕਾਰੀਆਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਹਨ, ਜਿਸ ਕਾਰਨ ਅਫ਼ਸਰਾਂ ਤੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਅਣਗੌਲਿਆ ਕੀਤਾ ਜਾਦਾ ਹੈ। ਸਾਲ 2015 ਵਿੱਚ ਅਲਾਹਾਬਾਦ ਹਾਈ ਕੋਰਟ ਨੇ ਹੁਕਮ ਦਿੱਤਾ ਸੀ ਕਿ ਸਰਕਾਰੀ ਅਧਿਕਾਰੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹਾਉਣ, ਨਹੀਂ ਤਾਂ ਉਨ੍ਹਾਂ ਨੂੰ ਪ੍ਰਾਈਵੇਟ ਸਕੂਲ ਦੀ ਫੀਸ ਜਿੰਨਾ ਜੁਰਮਾਨਾ ਦੇਣਾ ਹੋਵੇਗਾ। ਜੇ ਅਜਿਹਾ ਪੰਜਾਬ ਵਿੱਚ ਲਾਗੂ ਹੋ ਜਾਵੇ ਤਾਂ ਸ਼ਾਈਦ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਪੱਧਰ ਸੁਧਰ ਜਾਵੇ।

ਅਮਨਦੀਪ ਕੌਰ, ਪਿੰਡ ਬੀਰੋਕੇ ਖੁਰਦ,
ਜ਼ਿਲ੍ਹਾ ਮਾਨਸਾ।

ਵਿੱਦਿਆ ਮਹਿੰਗੀ ਹੋਈ ਪਰ ਸੰਸਕਾਰਾਂ ਦੀ ਘਾਟ

ਬਦਲਦੇ ਜ਼ਮਾਨੇ ਨਾਲ ਵਿੱਦਿਆ ਮਹਿੰਗੀ ਹੋ ਗਈ ਪਰ ਸੰਸਂਕਾਰ ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚੋ ਘਟਦੇ ਜਾਂਦੇ ਹਨ। ਜ਼ਿਆਦਾਤਰ ਲੋਕ ਦੇਖੋ ਦੇਖ ਹੀ ਆਵਦੇ ਬੱਚਿਆਂ ਨੂੰ ਵੱਡੇ ਸਕੂਲਾਂ-ਕਾਲਜਾਂ ਵਿਚ ਦਾਖ਼ਲ ਕਰਵਾਉਂਦੇ ਹਨ ਤਾਂ ਕੇ ਉਨ੍ਹਾਂ ਦਾ ਸਮਾਜਿਕ ਰੁਤਬਾ ਵਧੇ। ਵਿਦਿਆ ਦੇ ਨਾਲ ਹੀ ਅੱਜ ਦੇਸ਼ ਨੂੰ ਈਮਾਨਦਾਰੀ ਤੇ ਕਦਰਾਂ ਕੀਮਤਾਂ ਦੀ ਵੀ ਬਹੁਤ ਲੋੜ ਹੈ। ਵਿਦਿਅਕ ਅਦਾਰਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਹਮਦਰਦੀ, ਈਮਾਨਦਾਰੀ, ਇਨਸਾਨੀਅਤ ਵਰਗੇ ਗੁਣਾਂ ਲਈ ਵੀ ਉਤਸ਼ਾਹਿਤ ਕਰਨ ਤੇ ਇਸ ਸਬੰਧੀ ਲੈਕਚਰ ਵੀ ਕਰਵਾਉਣ।

ਸੁਖਜੀਤ ਸ਼ਰਮਾ, ਪਿੰਡ- ਬਾਹਮਣ ਵਾਲਾ,
ਕੋਟਕਪੂਰਾ, ਫਰੀਦਕੋਟ।

ਵਿੱਦਿਆ ਦੇ ਨਾਂ ’ਤੇ ਮਾਪਿਆਂ ਦੀ ਅੰਨ੍ਹੀ ਲੁੱਟ ਹੋ ਰਹੀ

ਸਰਕਾਰੀ ਸਕੂਲਾਂ ਦੀ ਮਾੜੀ ਹਾਲਤ ਨੇ ਪ੍ਰਾਈਵੇਟ ਸਕੂਲਾਂ ਨੂੰ ਜਨਮ ਦਿੱਤਾ ਹੈ ਪਰ ਅਜਿਹੇ ਬਹੁਤੇ ਸਕੂਲਾਂ ਵਿਚ ਮਾਪਿਆਂ ਦੀ ਲੁੱਟ ਹੁੰਦੀ ਹੈ। ਅਜਿਹੇ ਸਕੂਲਾਂ ਵਿੱਚ ਸਿਆਸੀ ਨੇਤਾਵਾਂ ਦਾ ਵੀ ਹਿੱਸਾ ਹੈ। ਦਾਖਲਿਆਂ ਦਾ ਖ਼ਰਚ ਲੱਖਾਂ ਵਿੱਚ ਪਹੁੰਚ ਜਾਂਦਾ ਹੈ। ਰਹਿੰਦੀ ਕਸਰ ਨਵੀਆਂ ਕਿਤਾਬਾਂ ਤੇ ਵਰਦੀਆਂ ਕੱਢ ਦਿੰਦੀਆਂ ਹਨ ਜਦਕਿ ਅਮਰੀਕਾ ਵਰਗੇ ਵਿਕਸਤ ਮੁਲਕਾਂ ਵਿੱਚ ਬੱਚਿਆਂ ਤੋਂ ਪੁਰਾਣੀਆਂ ਕਿਤਾਬਾਂ ਸਕੂਲ-ਕਾਲਜ ਜਮ੍ਹਾਂ ਕਰਵਾ ਲੈਂਦੇ ਹਨ ਤਾਂ ਕਿ ਆਉਣ ਵਾਲੇ ਬੱਚੇ ਪੜ੍ਹ ਸਕਣ ਅਤੇ ਵਾਤਾਵਰਨ ਤੇ ਪੈਸੇ ਦਾ ਨੁਕਸਾਨ ਨਾ ਹੋਵੇ।

ਸੋਨੀ ਭਾਈਕਾ, ਪਿੰਡ ਮੰਡੀ ਕਲਾਂ, ਬਠਿੰਡਾ।
ਸੰਪਰਕ: 95698-71800

ਤੀਜਾ ਨੇਤਰ ਮੱਧਮ ਕੀਤਾ ਜਾ ਰਿਹੈ

ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ, ਪਰ ਅੱਜ ਤੀਜੇ ਨੇਤਰ ਨੂੰ ਮੱਧਮ ਕੀਤਾ ਜਾ ਰਿਹਾ ਹੈ। ਵਿੱਦਿਆ ਇੰਨੀ ਮਹਿੰਗੀ ਹੋ ਗਈ ਹੈ ਕਿ ਹਰ ਕਿਸੇ ਲਈ ਬੱਚੇ ਪੜ੍ਹਾਉਣੇ ਮੁਸ਼ਕਲ ਹੋ ਰਹੇ ਹਨ। ਪ੍ਰਾਈਵੇਟ ਵਿੱਦਿਅਕ ਅਦਾਰੇ ਸਭ ਹੱਦਾਂ ਟੱਪ ਰਹੇ ਹਨ, ਜਿਥੇ ਆਮ ਬੰਦਾ ਪੜ੍ਹਨ ਬਾਰੇ ਸੋਚ ਵੀ ਨਹੀਂ ਸਕਦਾ। ਦਲਿਤ ਬੱਚਿਆਂ ਦੀਆਂ ਫੀਸਾਂ ਰੋਕ ਕੇ ਸਰਕਾਰ ਉਨ੍ਹਾਂ ਨੂੰ ਵਿੱਦਿਆ ਤੋਂ ਵਾਂਝੇ ਕਰ ਰਹੀ ਹੈ। ਵਿਰੋਧ ਦੇ ਬਵਾਜੂਦ ਫੀਸਾਂ ਵਧ ਰਹੀਆਂ ਹਨ। ਸ਼ਾਇਦ ਇਸੇ ਕਾਰਨ ਬਹੁਤ ਸਾਰੇ ਵਿਦਿਆਰਥੀ ਬਾਹਰ ਦਾ ਰੁਖ਼ ਕਰ ਰਹੇ ਹਨ।

ਜੋਬਨਜੀਤ ਸਿੰਘ ਸੰਧਾ, ਪਿੰਡ ਬੁਰਜ ਸਿੱਧਵਾਂ, ਤਹਿਸੀਲ ਮਲੋਟ, ਜ਼ਿਲ੍ਹਾ ਮੁਕਤਸਰ।


Comments Off on ਨੌਜਵਾਨ ਸੋਚ :ਨੌਜਵਾਨ ਸੋਚ ਨੌਜਵਾਨ ਤੇ ਮਹਿੰਗੀ ਵਿੱਦਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.