ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ

Posted On June - 27 - 2019

ਸਿੱਖਿਆ ਕਮਾਊ ਧੰਦਾ ਬਣੀ

‘ਨੌਜਵਾਨ ਤੇ ਮਹਿੰਗੀ ਵਿੱਦਿਆ’ ਬਾਰੇ ਗੱਲ ਕਰਨੀ ਵਕਤ ਦੀ ਲੋੜ ਹੈ, ਕਿਉਂਕਿ ਸਿੱਖਿਆ ਨੇ ਮਨੁੱਖ ਦੀਆਂ ਪਛਾਣਕ ਕਿਰਨਾਂ ਨੂੰ ਚਾਨਣ ਦੇਣਾ ਹੁੰਦਾ ਹੈ, ਤਾਂ ਕਿ ਸਮਾਜ ਦਾ ਹਰ ਰੰਗ ਸਪੱਸ਼ਟਤਾ ਨਾਲ ਲੱਭਿਆ ਜਾ ਸਕੇ। ਅੱਜ ਸਿੱਖਿਆ ਕਮਾਊ ਧੰਦਾ ਬਣ ਗਈ ਹੈ, ਜਿਸ ਰਾਹੀਂ ਬੱਚਿਆਂ ਤੇ ਮਾਪਿਆਂ ਦਾ ਭਾਰੀ ਸ਼ੋਸ਼ਣ ਕੀਤਾ ਜਾਂਦਾ ਹੈ। ਸਰਕਾਰੀ ਸਕੂਲਾਂ ਦਾ ਮਿਆਰ ਸਹੂਲਤਾਂ ਪੱਖੋਂ ਬਹੁਤਾ ਚੰਗਾ ਨਹੀਂ ਤੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਅਸਮਾਨ ਛੂਹੰਦੀਆਂ ਹਨ। ਆਮ ਵਰਗ ਦਾ ਬੱਚਾ ਮਹਿੰਗੀ ਹੋ ਰਹੀ ਸਿੱਖਿਆ ਗ੍ਰਹਿਣ ਕਰਨੋਂ ਅਸਮਰੱਥ ਹੈ।

ਸਮਨ ਖੀਵਾ, ਪਿੰਡ ਖੀਵਾ ਮੀਹਾਂ ਸਿੰਘ ਵਾਲਾ,
ਜ਼ਿਲ੍ਹਾ ਮਾਨਸਾ। ਸੰਪਰਕ: 62842-19584

ਸਿੱਖਿਆ ਪੱਖੋਂ ਆਮ ਵਰਗ ਹਾਸ਼ੀਏ ’ਤੇ ਪੁੱਜਾ

ਮਸਲਾ ਸਿੱਖਿਆ ਦੇ ਵਧ ਰਹੇ ਵਪਾਰੀਕਰਨ ਅਤੇ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਹੈ, ਜੋ ਰੂਪ ਵਿੱਚ ਨਹੀਂ ਚਾਹੁੰਦੀਆਂ ਕਿ ਸਿੱਖਿਆ ਦਾ ਮਿਆਰ ਬਰਕਰਾਰ ਰੱਖਿਆ ਜਾਵੇ। ਉਹ ਪੜ੍ਹੇ-ਲਿਖੇ ਅਨਪੜ੍ਹ ਪੈਦਾ ਕਰਨਾ ਚਾਹੁੰਦੀਆਂ ਹਨ, ਜੋ ਮਹਿਜ਼ ਸਿਸਟਮ ਦੇ ਸੰਦ ਬਣ ਕੇ ਕੰਮ ਕਰਨ। ਆਮ ਵਰਗ ਨੂੰ ਤਾਂ ਸਿੱਖਿਆ ਪੱਖੋਂ ਹਾਸ਼ੀਏ ’ਤੇ ਧੱਕ ਦਿੱਤਾ ਗਿਆ ਹੈ। ਮਹਿੰਗੀ ਸਿੱਖਿਆ ਤੋਂ ਅੱਕਿਆ ਤੇ ਤਣਾਅ ਦਾ ਸ਼ਿਕਾਰ ਨੌਜਵਾਨ ਪਰਵਾਸ ਕਰ ਰਿਹਾ ਹੈ। ਰੁਜ਼ਗਾਰ ਦੀ ਤਲਾਸ਼ ਵਿੱਚ ਭਟਕਦਾ ਸਲਫਾਸ ਖਾ ਜਾਂਦਾ ਹੈ, ਪਰ ਸਰਕਾਰ ਨੂੰ ਇਸ ਦੀ ਪ੍ਰਵਾਹ ਨਹੀਂ ਹੈ।

ਰਮਨਦੀਪ ਸਿੰਘ, ਸਰਕਾਰੀ ਸੈਕੰਡਰੀ ਸਕੂਲ ਹੀਰੋਂ ਖੁਰਦ, ਜ਼ਿਲ੍ਹਾ ਮਾਨਸਾ। ਸੰਪਰਕ: 84378-13558

ਆਮ ਬੰਦਾ ਕਿਥੇ ਪੜ੍ਹਾਵੇ ਬੱਚੇ

ਨਿੱਜੀਕਰਨ ਕਾਰਨ ਸਿੱਖਿਆ ਇੰਨੀ ਮਹਿੰਗੀ ਹੋ ਗਈ ਹੈ ਕਿ ਇਕ ਆਮ ਇਨਸਾਨ ਕਿਸੇ ਪ੍ਰਾਈਵੇਟ ਸਕੂਲ-ਕਾਲਜ ਵਿਚ ਆਪਣਾ ਬੱਚਾ ਨਹੀਂ ਪੜ੍ਹਾ ਸਕਦਾ9 ਸਰਕਾਰੀ ਸਕੂਲਾਂ ਅਤੇ ਕਾਲਜਾਂ ਦਾ ਮਾੜਾ ਹਾਲ ਸਭ ਨੂੰ ਪਤਾ ਹੈ9 ਮੁਲਕ ਦੀ ਤ੍ਰਾਸਦੀ ਹੈ ਕਿ ਸਰਕਾਰੀ ਅਧਿਆਪਕ ਅਮੀਰ ਹੈ, ਬੱਚੇ ਗਰੀਬ ਅਤੇ ਪ੍ਰਾਈਵੇਟ ਅਧਿਆਪਕ ਗਰੀਬ ਹੈ, ਬੱਚੇ ਅਮੀਰ9 ਇਨ੍ਹਾਂ ਨਾਲੋਂ ਵੀ ਵੱਧ ਚਿੰਤਾ ਦਾ ਵਿਸ਼ਾ ਹੈ ਮਹਿੰਗੀ ਵਿਦਿਆ ਹਾਸਲ ਕਰਕੇ ਨੌਜਵਾਨਾਂ ਦਾ ਬੇਰੁਜ਼ਗਾਰ ਰਹਿਣਾ।

ਵਿਸ਼ਵਜੀਤ ਸਿੰਘ (ਸਹਾਇਕ ਪ੍ਰੋਫੈਸਰ ਚਿਤਕਾਰਾ ਯੂਨੀਵਰਸਿਟੀ), ਸੈਕਟਰ-44 ਬੀ, ਚੰਡੀਗੜ੍ਹ।
ਸੰਪਰਕ: 97809-66297

ਬੱਚੇ ਪੜ੍ਹਾਉਣਾ ਮਾਪਿਆਂ ਲਈ ਬੋਝ

ਆਮ ਲੋਕਾਂ ਲਈ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਔਖਾ ਹੋ ਗਿਆ ਹੈ। ਦਿਨੋਂ-ਦਿਨ ਵਧਦੇ ਸਕੂਲਾਂ ਦੇ ਖ਼ਰਚੇ ਮਾਪਿਆਂ ’ਤੇ ਬੋਝ ਬਣ ਚੁੱਕੇ ਹਨ। ਉਹ ਸਕੂਲੀ ਖਰਚਿਆਂ ਦਾ ਭਾਰ ਨਹੀਂ ਚੁੱਕ ਸਕਦੇ। ਪ੍ਰਾਈਵੇਟ ਸਕੂਲਾਂ ਵਿੱਚ ਹਰ ਮਹੀਨੇ ਭਾਰੀ ਫੀਸ ਤੋਂ ਇਲਾਵਾ ਪਿਕਨਿਕ, ਸਪੋਰਟਸ ਆਦਿ ਕਈ ਪ੍ਰੋਗਰਾਮ ਹੁੰਦੇ ਹਨ, ਜਿਨ੍ਹਾਂ ਦਾ ਖਰਚਾ ਬੱਚੇ ਦੇ ਪਰਿਵਾਰ ਪਾਸੋਂ ਵਸੂਲਿਆ ਜਾਂਦਾ ਹੈ। ਅੱਜ ਵਿੱਦਿਅਕ ਅਦਾਰੇ ਵਪਾਰ ਬਣ ਚੁੱਕੇ ਹਨ, ਧੜਾ ਧੜਾ ਨਵੇਂ ਸਕੂਲ ਕਾਲਜ ਖੁੱਲ੍ਹ ਰਹੇ ਹਨ, ਪਰ ਬਹੁਤੀ ਥਾਈਂ ਮਾਪਿਆਂ ਦੀ ਲੁੱਟ ਹੀ ਹੁੰਦੀ ਹੈ।

ਗੁਰਪ੍ਰੀਤ ਸਿੰਘ ਕੱਲ੍ਹਾ, ਜ਼ਿਲ੍ਹਾ ਅੰਮ੍ਰਿਤਸਰ।
ਸੰਪਰਕ: 99881-26079

ਸਰਕਾਰ ਸਕੂਲਾਂ-ਕਾਲਜਾਂ ਦੀਆਂ ਫ਼ੀਸਾਂ ਘਟਾਵੇ

ਵਿੱਦਿਆ ਅਜਿਹਾ ਪੁਲ ਹੈ, ਜਿਸ ’ਤੇ ਸਫਰ ਕਰ ਕੇ ਹੀ ਅਸੀਂ ਸਫਲਤਾ ’ਤੇ ਪੁੱਜ ਸਕਦੇ ਹਾਂ ਪਰ ਇਸ ਪੁਲ ’ਤੇ ਮੰਹਗਾਈ ਦੇ ਰੋੜੇ ਬਹੁਤ ਹਨ| ਕਿਸੇ ਸਮੇਂ ਗੁਰੂ ਆਪਣੇ ਬਚਿਆਂ ਨੂੰ ਮੁਫਤ ਹੀ ਪੜ੍ਹਾ ਦਿੰਦੇ ਸਨ, ਪਰ ਅੱਜ ਸਕੂਲ ਵਾਲੇ ਬੱਚਿਆਂ ਦੀਆਂ ਬਾਹਾਂ ’ਤੇ ਮੋਹਰਾਂ ਲਾ ਦਿੰਦੇ ਹਨ ਕਿ ਉਨ੍ਹਾਂ ਨੂੰ ਯਾਦ ਰਹੇ ਕਿ ਫੀਸ ਦੇਣੀ ਹੈ| ਇਸ ਮਹਿੰਗੀ ਵਿਦਿਆ ਲਈ ਜਾਂ ਤਾਂ ਮਾਂ ਦੀ ਦਵਾਈ ਦੀ ਕੁਰਬਾਨੀ ਦੇਣੀ ਪੈਂਦੀ ਹੈ ਜਾਂ ਬਾਪੂ ਨੂੰ ਆਪਣਾ ਟਰਾਲਾ ਵੇਚਣਾ ਪੈਂਦਾ ਹੈ। ਸਰਕਾਰ ਨੂੰ ਸਕੂਲਾਂ-ਕਾਲਜਾਂ ਦੀ ਫੀਸ ਘੱਟ ਕਰਨੀ ਚਾਹੀਦੀ ਹੈ।

ਜਾਨਵੀ ਬਿੱਠਲ, ਜਲੰਧਰ। ਸੰਪਰਕ: 97819-29714

ਖ਼ਰਚਿਆਂ ਨੇ ਸਿੱਖਿਆ ਮਧੋਲ਼ੀ

ਮਹਿੰਗਾਈ ਨੇ ਸਿੱਖਿਆ ਦੇ ਪਸਾਰ ਨੂੰ ਬਹੁਤ ਸੱਟ ਮਾਰੀ ਹੈ। ਛੋਟੀਆਂ ਜਮਾਤਾਂ ਦੀਆਂ ਫੀਸਾਂ ਨੇ ਹੀ ਆਮ ਮਾਪਿਆਂ ਦਾ ਕਚੂਮਰ ਕਢ ਦਿੱਤਾ ਹੈ। ਵਿੱਦਿਆ, ਕਿਸੇ ਸਮੇਂ ਮੁਫਤ ਦਿੱਤੀ ਜਾਂਦੀ ਸੀ ਪਰ ਅੱਜ ਭਾਰੀ ਖਰਚਿਆਂ ਦੇ ਬੋਝ ਥੱਲੇ ਬੁਰੀ ਤਰਾਂ ਮਧੋਲੀ ਗਈ ਹੈ। ਪਹਿਲਾਂ ਸਾਲਾਨਾ ਖਰਚੇ, ਫਿਰ ਸਮੈਸਟਰ, ਫਿਰ ਤਿਮਾਹੀ, ਮਹੀਨਾਵਾਰ, ਹਫਤਾਵਾਰ ਅਤੇ ਰੋਜ਼ਾਨਾ ਖਰਚਿਆਂ ਨੇ ਨੌਜਵਾਨਾਂ ਤੇ ਮਾਪਿਆਂ ’ਤੇ ਬਹੁਤ ਮਾਨਸਿਕ ਬੋਝ ਪਾ ਦਿੱਤਾ ਹੈ। ਵਿੱਦਿਆ ਨੂੰ ਵਪਾਰਕ ਨਜ਼ਰੀਏ ਤੋਂ ਵੇਖਿਆ ਜਾਣ ਲਗਿਆ ਹੈ।

ਨਿਰਭੈ ਸਿੰਘ ਰੰਧਾਵਾ, ਪਿੰਡ ਤੇ ਡਾਕ
ਮੀਮਸਾ, ਜ਼ਿਲ੍ਹਾ ਸੰਗਰੂਰ।

ਵਿੱਦਿਆ ਬਣੀ ਮੰਡੀ ਦੀ ਵਸਤੂ

ਅੱਜ ਵਿੱਦਿਆ ਮੰਡੀ ਦੀ ਵਸਤੂ ਬਣਦੀ ਜਾ ਰਹੀ ਹੈ। ਪ੍ਰਾਈਵੇਟ ਸੰਸਥਾਵਾਂ ਵਿੱਦਿਆ ਨੂੰ ਵਸਤੂ ਬਣਾ ਕੇ ਵੇਚ ਰਹੀਆਂ ਹਨ। ਅਮੀਰ ਲੋਕ ਵਿੱਦਿਆ ਨੂੰ ਆਰਥਿਕ ਸੁਰੱਖਿਆ ਸਮਝ ਕੇ ਖਰੀਦ ਰਹੇ ਹਨ ਤੇ ਇਹ ਗਰੀਬਾਂ ਦੀ ਪਹੁੰਚ ਤੋਂ ਦੂਰ ਹੋ ਰਹੀ ਹੈ। ਆਰਥਿਕ ਕਮਜ਼ੋਰੀ ਕਰ ਕੇ ਗਰੀਬਾਂ ਦੇ ਬੱਚੇ ਇਸ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹਾ ਸਰਕਾਰਾਂ ਵੱਲੋਂ ਦੇਸ਼ ਵਿੱਚ ਬੱਚਿਆਂ ਨੂੰ ਵਿੱਦਿਆ ਦੇਣ ਦੀ ਜ਼ਿੰਮੇਵਾਰੀ ਤੋਂ ਭੱਜਣ ਕਾਰਨ ਵਾਪਰ ਰਿਹਾ ਹੈ।

ਗੁਲਸ਼ੇਰ ਸਿੰਘ ਚੀਮਾ, ਰਾਮਗੜ੍ਹ ਸਰਦਾਰਾਂ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ। ਸੰਪਰਕ: 95929-63950

ਸਿੱਖਿਆ ਸਿਰਫ ਸਿਲੇਬਸ ਤੱਕ ਸੀਮਤ ਕਿਉਂ?

ਇਕ ਪਾਸੇ ਵਿਦਿਅਕ ਅਦਾਰਿਆਂ ਦੀਆਂ ਫੀਸਾਂ ਅਸਮਾਨ ਛੂਹ ਰਹੀਆਂ ਹਨ, ਦੂਜੇ ਪਾਸੇ ਹੁਣ ਵਿਦਿਆ ਸਿਰਫ ਸਿਲੇਬਸ ਦੀਆਂ ਕਿਤਾਬਾਂ ਤੱਕ ਸੀਮਤ ਹੋ ਗਈ ਹੈ, ਕਿਉਕਿ ਅੱਜ-ਕੱਲ੍ਹ ਜ਼ਿਆਦਾਤਰ ਵਿਦਿਆਰਥੀ ਡਿਗਰੀ ਜਾਂ ਨੰਬਰਾਂ ਨੂੰ ਹੀ ਤਰਜੀਹ ਦਿੰਦੇ ਹਨ। ਸੋਚਣ ਵਾਲੀ ਗੱਲ ਹੈ ਕਿ ਇਹ ਵਿਦਿਅਕ ਸੰਸਥਾਵਾਂ ਵਿਦਿਆਰਥੀਆਂ ਨੂੰ ਏਨੀਆਂ ਫੀਸਾਂ ਦੇ ਬਦਲੇ ਕੀ ਦਿੰਦੀਆਂ ਹਨ? ਵਿਦਿਆਰਥੀ ਪੜ੍ਹ ਕੇ ਜਦੋਂ ਰੁਜ਼ਗਾਰ ਦੀ ਭਾਲ ਲਈ ਜਾਂਦੇ ਹਨ ਤਾਂ ਉਨ੍ਹਾਂ ਵਿੱਚ ਸਵੈ-ਵਿਸ਼ਵਾਸ਼, ਆਮ ਜਾਣਕਾਰੀ ਤੇ ਤਜਰਬੇ ਆਦਿ ਪੱਖੋਂ ਕਮੀਆਂ ਹੁੰਦੀਆਂ ਹਨ, ਜੋ ਸਿੱਖਿਆ ਦੇ ਮਾੜੇ ਹਾਲ ਦਾ ਸਬੂਤ ਹੈ।

ਗੁਰਪ੍ਰੀਤ ਸਿੰਘ ਚੱਠਾ, ਪਿੰਡ ਤੇ ਡਾਕ ਚਨਾਰਥਲ ਕਲਾਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ। ਸੰਪਰਕ: 88376-20163

 


Comments Off on ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.