ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ

Posted On June - 20 - 2019

ਵਿੱਦਿਆ ਦਾ ਮਿਆਰੀਕਰਨ ਨਹੀਂ, ਵਪਾਰੀਕਰਨ ਹੋ ਰਿਹਾ

ਖੁੰਬਾਂ ਵਾਂਗ ਉੱਗੇ ਪ੍ਰਾਈਵੇਟ ਅਦਾਰਿਆਂ ਵੱਲੋਂ ਵਿਦਿਆ ਦਾ ਮਿਆਰੀਕਰਨ ਨਹੀਂ, ਵਪਾਰੀਕਰਨ ਕੀਤਾ ਜਾ ਰਿਹਾ ਹੈ। ਇਸ ਕਾਰਨ ਮਨੁੱਖ ਦੇ ਇਸ ਤੀਜੇ ਨੇਤਰ ਵਿਚ ਟੀਰ ਪੈਦਾ ਹੋ ਰਿਹਾ ਹੈ। ਆਰਥਿਕਤਾ ਪੱਖੋਂ ਝੰਬੇ ਆਮ ਤਬਕੇ ਦੀ ਪਹੁੰਚ ਤੋਂ ਦੂਰ ਮਹਿੰਗੀ ਸਿੱਖਿਆ ‘ਪਰਉਪਕਾਰੀ’ ਕਿਵੇਂ ਬਣ ਸਕਦੀ ਹੈ, ਕਿਉਂਕਿ ਦੇਸ਼ ਵਿਚ ਰੁਜ਼ਗਾਰ ਦੇ ਵਸੀਲੇ ਵੀ ਨਾਂਮਾਤਰ ਹਨ। ਅੱਜ ਹਾਲਤ ਇਹ ਹੈ ਕਿ ਪੀਐੱਚਡੀ ਯੋਗਤਾ ਵਾਲੇ ਵੀ ਦਰਜਾ ਚਾਰ ਅਸਾਮੀਆਂ ਲਈ ਅਰਜ਼ੀਆਂ ਦੇਣ ਵਾਸਤੇ ਮਜਬੂਰ ਹਨ। ਇਸੇ ਕਾਰਨ ਨੌਜਵਾਨ ਉਚੇਰੀ ਸਿੱਖਿਆ ਤੋਂ ਮੂੰਹ ਮੋੜ ਕੇ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੇ ਹਨ।

ਜਗਦੀਪ ਸਿੰਘ ਭੁੱਲਰ, ਪਿੰਡ ਜੋਗਾਨੰਦ, ਜ਼ਿਲ੍ਹਾ ਬਠਿੰਡਾ। ਸੰਪਰਕ: 70097-28427

ਸਰਕਾਰਾਂ ਵਿੱਦਿਆ ਪ੍ਰਤੀ ਸੰਜੀਦਾ ਹੋਣ

ਸਾਡੇ ਦੇਸ਼ ਵਿੱਚ ਵਿੱਦਿਆ ਇੱਕ ਵਪਾਰ ਬਣ ਗਈ ਹੈ। ਵਿੱਦਿਅਕ ਸੰਸਥਾਵਾਂ, ਹਸਪਤਾਲਾਂ ਅਤੇ ਮੈਰਿਜ ਪੈਲਸਾਂ ਦੀਆਂ ਇਮਾਰਤਾਂ ਵਿੱਚ ਕੋਈ ਅੰਤਰ ਨਜ਼ਰ ਹੀ ਨਹੀਂ ਆਉਂਦਾ। ਭਾਵੇਂ ਸਰਕਾਰੀ ਸੰਸਥਾਵਾਂ ਵਿੱਚ ਫੀਸ ਪ੍ਰਾਈਵੇਟ ਸੰਸਥਾਵਾਂ ਮੁਕਾਬਲੇ ਘੱਟ ਹੈ, ਪਰ ਉੱਥੇ ਬੁਨਿਆਦੀ ਜ਼ਰੂਰਤਾਂ ਅਤੇ ਅਧਿਆਪਨ ਅਮਲੇ ਦੀ ਘਾਟ ਹੈ। ਲੋੜ ਹੈ ਕਿ ਸਮੇਂ ਸਮੇਂ ’ਤੇ ਬਣਨ ਵਾਲੀਆਂ ਸਰਕਾਰਾਂ ਸਰਕਾਰੀ ਸੰਸਥਾਵਾਂ ਵਿੱਚ ਵਿੱਦਿਆ ਦੇ ਸਾਰੇ ਵਿਸ਼ੇ ਮੁਹੱਈਆ ਕਰਵਾਉਣ ਦੇ ਨਾਲ ਨਾਲ ਫੀਸ ਨੂੰ ਕਾਬੂ ਕਰ ਕੇ ਬੁਨਿਆਦੀ ਜ਼ਰੂਰਤਾਂ ਅਤੇ ਅਧਿਆਪਨ ਅਮਲੇ ਨੂੰ ਪੂਰਾ ਕਰਨ।

ਪਲਵਿੰਦਰ ਸਿੰਘ ਉੱਪਲ, ਪਿੰਡ ਉੱਪਲ ਖਾਲਸਾ, ਡਾਕਖਾਨਾ ਉੱਪਲ ਜਗੀਰ, ਤਹਿਸੀਲ ਫਿਲੌਰ, ਜਲੰਧਰ। ਸੰਪਰਕ: 97804-17474

ਕਾਬਲੀਅਤ ’ਤੇ ਭਾਰੀ ਪੈ ਰਹੀ ਮਹਿੰਗੀ ਸਿੱਖਿਆ

ਮਹਿੰਗੀ ਸਿੱਖਿਆ ਨੇ ਬਹੁਤ ਬੱਚਿਆਂ ਕੋਲੋਂ ਉਨ੍ਹਾਂ ਦੀ ਕਾਬਲੀਅਤ ਖੋਹ ਲਈ ਹੈ| ਇਸ ਦੀ ਬਹੁਤੀ ਮਾਰ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਨੂੰ ਪਈ ਹੈ| ਵਧੀਆ ਕਾਲਜ ਅਤੇ ਯੂਨੀਵਰਸਿਟੀਆਂ ਵੱਲੋਂ ਖ਼ਰਚਿਆਂ ਦਾ ਬੇਲੋੜਾ ਬੋਝ ਪਾਇਆ ਜਾ ਰਿਹਾ ਹੈ, ਜਿਸ ਕਾਰਨ ਵਿਦਿਆਰਥੀਆਂ ਦਾ ਵਧੀਆ ਵਿੱਦਿਆ ਹਾਸਲ ਕਰਨ ਦਾ ਸੁਪਨਾ ਹੀ ਟੁੱਟ ਗਇਆ ਹੈ| ਯੂਜੀਸੀ ਵਰਗੀਆਂ ਸੰਸਥਾਵਾਂ ਨੂੰ ਜ਼ਿਆਦਾ ਫੀਸ ਲੈਣ ਵਾਲੇ ਅਦਾਰਿਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ| ਵਧੀਆ ਕਾਬਲੀਅਤ ਵਾਲੇ ਵਿੱਦਿਆਰਥੀਆਂ ਦੀ ਸਾਰੀ ਪੜ੍ਹਾਈ ਮੁਫ਼ਤ ਕੀਤੀ ਜਾਣੀ ਚਾਹੀਦੀ ਹੈ।

ਹੈਪੀ ਬਜਾੜ, ਸ੍ਰੀ ਅਰਬਿੰਦੋ ਕਾਲਜ ਲੁਧਿਆਣਾ। ਸੰਪਰਕ: 95920-11708

ਸਿੱਖਿਆ ਹੁਣ ਮਹਿਜ਼ ਵਪਾਰ ਬਣ ਕੇ ਰਹਿ ਗਈ

ਸਿੱਖਿਆ ਅਤੇ ਸਿਹਤ ਸਰਕਾਰਾਂ ਦੀ ਪਹਿਲ ਹੋਣੀ ਚਾਹੀਦੀ ਹੈ, ਪਰ ਦੇਸ਼ ਅੰਦਰ 1991 ਤੋਂ ਲਾਗੂ ਨਿਜੀਕਰਨ ਦੀ ਨੀਤੀ ਕਾਰਨ ਸਿੱਖਿਆ ’ਚ ਲਗਾਤਾਰ ਨਿਘਾਰ ਆਇਆ ਹੈ ਤੇ ਇਹ ਦਿਨੋਂ ਦਿਨ ਮਹਿੰਗੀ ਵੀ ਹੋਈ ਹੈ। ਅੱਜ ਪੇਂਡੂ ਖੇਤਰ ਦੇ ਸਿਰਫ 4 ਫੀਸਦੀ ਨੌਜਵਾਨ ਹੀ ਉਚੇਰੀ ਸਿੱਖਿਆ ਲਈ ਯੂਨੀਵਰਸਿਟੀਆਂ ਤੱਕ ਪਹੁੰਚਦੇ ਹਨ। ਮੁਨਾਫੇ ਦੀ ਅੰਨ੍ਹੀ ਦੌੜ ਕਾਰਨ ਸਿੱਖਿਆ ਵਪਾਰ ਬਣਦੀ ਜਾ ਰਹੀ ਹੈ। ਅਲਾਹਾਬਾਦ ਹਾਈ ਕੋਰਟ ਦਾ ‘ਸਭ ਲਈ ਸਮਾਨ ਸਿੱਖਿਆ’ ਦਾ ਫ਼ੈਸਲਾ ਹੂ-ਬ-ਹੂ ਲਾਗੂ ਹੋਣ ਨਾਲ ਹੀ ਦੇਸ਼ ਸਹੀ ਅਰਥਾਂ ‘ਚ ਵਿਕਾਸ ਕਰ ਸਕਦਾ ਹੈ।

ਗੁਰਮਹਿਕ ਕੌਰ, ਸੀਬਾ ਕੈਂਪਸ, ਲਹਿਰਾਗਾਗਾ, ਸੰਗਰੂਰ।

ਗ਼ਰੀਬ ਕਿਵੇਂ ਪੜ੍ਹਾਵੇ ਆਪਣੇ ਬੱਚੇ

ਹਰੇਕ ਨੌਜਵਾਨ ਆਪਣੇ ਪਿੰਡ, ਇਲਾਕੇ ਦੇ ਸਰਕਾਰੀ ਸਕੂਲਾਂ/ਕਾਲਜਾਂ ਵਿੱਚ ਸਿੱਖਿਆ ਪ੍ਰਾਪਤ ਕਰ ਸਕਦਾ ਹੈ, ਪਰ ਸਰਕਾਰੀ ਅਦਾਰਿਆਂ ਵਿੱਚ ਅਧਿਆਪਕਾਂ ਦੀ ਭਾਰੀ ਕਮੀ ਹੈ। ਦੂਜੇ ਪਾਸੇ ਪ੍ਰਾਈਵੇਟ ਸਕੂਲਾਂ ਵਿਚ ਹਰੇਕ ਗਰੀਬ ਵਿਅਕਤੀ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦਾ, ਕਿਉਂਕਿ ਉਨ੍ਹਾਂ ਦੀਆਂ ਫੀਸਾਂ ਭਰਨੀਆਂ ਆਮ ਵਰਗ ਦੇ ਵੱਸੋਂ ਬਾਹਰ ਹਨ। ਸਰਕਾਰਾਂ ਤੇ ਅਮੀਰ ਵਰਗਾਂ ਲਈ ਸਿੱਖਿਆ ਇੱਕ ਵਪਾਰ ਬਣ ਚੁੱਕੀ ਹੈ। ਜ਼ਰੂਰਤ ਹੈ ਕਿ ਸਰਕਾਰਾਂ ਸਿੱਖਿਆ ਨੂੰ ਮੁਫ਼ਤ ਕਰਨ ਦੇ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਉਣ।

ਹਰਦੀਪ ਸਿੰਘ, ਪਿੰਡ ਸ਼ੇਖਪੁਰਾ, ਤਹਿਸੀਲ ਤਲਵੰਡੀ ਸਾਬੋ, ਬਠਿੰਡਾ। ਸੰਪਰਕ: 95019-95121

ਮਹਿੰਗੀ ਸਿੱਖਿਆ ਬੇਰੁਜ਼ਗਾਰੀ ਦਾ ਕਾਰਨ

ਸਿੱਖਿਆ ਉੱਤੇ ਹਰ ਵਰਗ ਦੇ ਬੱਚੇ ਦਾ ਹੱਕ ਹੈ, ਪਰ ਅੱਜ ਵਿੱਦਿਆ ਮਹਿੰਗੀ ਕਰ ਕੇ ਬਹੁਤੇ ਵਿਦਿਆਰਥੀਆਂ ਤੋਂ ਦੂਰ ਕੀਤੀ ਜਾ ਰਹੀ ਹੈ। ਸਕੂਲਾਂ-ਕਾਲਜਾਂ ਦੀਆਂ ਬੇਲੋੜੀਆਂ ਫ਼ੀਸਾਂ ਕਾਰਨ ਕਈ ਅਸਮਰੱਥ ਮਾਪੇ ਬੱਚਿਆਂ ਨੂੰ ਪੜ੍ਹਨੋਂ ਹਟਾਉਣ ਲਈ ਮਜਬੂਰ ਹੋ ਜਾਂਦੇ ਹਨ। ਇਸ ਦਾ ਸਿੱਟਾ ਵਧਦੀ ਬੇਰੁਜ਼ਗਾਰੀ ਵਜੋਂ ਨਿਕਲਦਾ ਹੈ। ਅਜਿਹੇ ਬੇਰੁਜ਼ਗਾਰ ਨੌਜਵਾਨ ਬਹੁਤੀ ਵਾਰ ਗ਼ਲਤ ਰਾਹਾਂ ਉੱਤੇ ਪੈ ਜਾਂਦੇ ਹਨ। ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ, ਤਾਂ ਕਿ ਹਰ ਨੌਜਵਾਨ ਨੂੰ ਪੜ੍ਹਨ ਦਾ ਹੱਕ ਮਿਲੇ ਤੇ ਉਹ ਦੇਸ਼ ਦੀ ਤਰੱਕੀ ਵਿਚ ਹਿੱਸਾ ਪਾ ਸਕੇ।

ਜਸਵਿੰਦਰ ਕੌਰ, ਕੁਰੂਕਸ਼ੇਤਰ, ਹਰਿਆਣਾ।

ਸਿੱਖਿਆ ਮੱਧ ਵਰਗ ਦੀ ਪਹੁੰਚ ਤੋਂ ਬਾਹਰ

ਦਿਨ-ਬ-ਦਿਨ ਮਹਿੰਗੀ ਹੁੰਦੀ ਜਾ ਰਹੀ ਵਿੱਦਿਆ ਅੱਜ ਬਹੁਤ ਚਿੰਤਾ ਦਾ ਵਿਸ਼ਾ ਹੈ। ਅੱਜ ਕਾਬਲੀਅਤ ਰੱਖਣ ਵਾਲੇ ਨੌਜਵਾਨਾਂ ਦੇ ਸੁਪਨੇ ਭਾਰੀ ਫੀਸਾਂ ਨਾ ਅਦਾ ਕਾਰਨ ਟੁੱਟ ਰਹੇ ਹਨ। ਬਹੁਤੇ ਮਾਪੇ ਕਰਜ਼ਾ ਲੈ ਕੇ ਵੀ ਬੱਚਿਆਂ ਨੂੰ ਪੜ੍ਹਾਉਂਦੇ ਹਨ, ਪਰ ਉਸ ਤੋਂ ਬਾਅਦ ਨੌਕਰੀਆਂ ਨਾ ਮਿਲਣ ਕਾਰਨ ਉਨ੍ਹਾਂ ਦੀ ਹਾਲਤ ਬਹੁਤ ਮਾੜੀ ਹੋ ਜਾਂਦੀ ਹੈ। ਕੀ ਸਰਕਾਰਾਂ ਨੂੰ ਵਿੱਦਿਅਕ ਸਿਸਟਮ ਦੀਆਂ ਇਹ ਕਮੀਆਂ ਨਜ਼ਰ ਨਹੀਂ ਆਉਦੀਆਂ? ਸਾਡੀ ਨੌਜਵਾਨ ਪੀੜ੍ਹੀ ਬਿਹਤਰ ਭਵਿੱਖ ਲਈ ਵਿਦੇਸ਼ਾਂ ਵਿੱਚ ਜਾ ਵੱਸਣ ਲਈ ਮਜਬੂਰ ਹੈ।

ਜਸਵਿੰਦਰ ਕੌਰ, ਪ੍ਰਤਾਪ ਨਗਰ, ਗਲੀ ਨੰ: 13,
ਮਕਾਨ ਨੰ: 33430, ਬਠਿੰਡਾ।

ਮਹਿੰਗੀ ਵਿੱਦਿਆ ਚਿੰਤਾ ਦਾ ਵਿਸ਼ਾ

ਜਿਸ ਦੇਸ਼ ਦੇ ਨੌਜਵਾਨ ਪੜ੍ਹਨ ਦਾ ਸ਼ੌਕ ਰੱਖਦੇ ਹੋਏ ਵੀ ਗਰੀਬੀ ਅਤੇ ਤੰਗੀ ਕਰ ਕੇ ਪੜ੍ਹਨ ਤੋਂ ਅਸਮਰੱਥ ਹੋ ਜਾਣ, ਉਸ ਦੇਸ਼ ਲਈ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ। ਇਹ ਭਾਰੀ ਚਿੰਤਾ ਦਾ ਵਿਸ਼ਾ ਹੈ। ਅੱਜ ਘਰੇ ਬੱਚਾ ਪੈਦਾ ਹੁੰਦਿਆਂ ਹੀ ਮਾਪਿਆਂ ਨੂੰ ਉਸ ਦੀ ਪੜ੍ਹਾਈ ਦੀ ਫਿਕਰ ਹੋ ਜਾਂਦੀ ਹੈ ਕਿਉਂਕਿ ਸਰਕਾਰੀ ਸਕੂਲਾਂ/ਕਾਲਜਾਂ ਵਿੱਚ ਪੜ੍ਹਾਈ ਦਾ ਪੱਧਰ ਨੀਵਾਂ ਹੈ ਅਤੇ ਪ੍ਰਾਇਵੇਟ ਸਕੂਲਾਂ ਦਾ ਖਰਚਾ ਮੱਧਵਰਗੀ ਪਰਿਵਾਰਾਂ ਲਈ ਚੁੱਕਣਾ ਮੁਸ਼ਕਲ ਹੈ। ਨੌਜਵਾਨਾਂ ਦਾ ਪੜ੍ਹਾਈ ਵੱਲ ਝੁਕਾਅ ਘਟਣ ਦਾ ਇਕ ਕਾਰਨ ਬੇਰੁਜ਼ਗਾਰੀ ਵੀ ਹੈ।

ਵਿਸ਼ਾਲ, ਬਸੰਤ ਵਿਹਾਰ ਕਲੋਨੀ, ਨੂਰਵਾਲਾ ਰੋਡ, ਲੁਧਿਆਣਾ। ਸੰਪਰਕ: 81464-49478

ਮਹਿੰਗੀ ਵਿੱਦਿਆ ਭਵਿੱਖ ਲਈ ਮਾਰੂ

ਅੱਜ ਆਮ ਆਦਮੀ ਲਈ ਆਪਣੇ ਬਚਿਆਂ ਨੂੰ ਪੜ੍ਹਾਉਣਾ ਵੱਸੋਂ ਬਾਹਰ ਹੋਇਆ ਪਿਆ ਹੈ। ਵਿੱਦਿਅਕ ਅਦਾਰਿਆਂ ’ਚ ਮੋਟੀਆਂ ਫ਼ੀਸਾਂ ਵਸੂਲੀਆਂ ਜਾ ਰਹੀਆਂ ਹਨ, ਜਿਸ ਕਾਰਨ ਗਰੀਬਾਂ ਦੇ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਉਨ੍ਹਾਂ ਦੇ ਭਵਿਖ ’ਤੇ ਬਹੁਤ ਬੁਰਾ ਅਸਰ ਪੈਦਾ ਹੈ। ਬੱਚੇ ਨਿਰਾਸ਼ ਹੋ ਕੇ ਨਸ਼ੇ ਜਾਂ ਆਤਮ ਹੱਤਿਆ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਬਹੁਤ ਸਾਰੇ ਬੱਚੇ ਬਾਹਰਲੇ ਦੇਸ਼ਾਂ ਵੱਲ ਰੁਖ਼ ਕਰਦੇ ਹਨ। ਸਰਕਾਰ ਨੂੰ ਇਨ੍ਹਾਂ ਮਸਲਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ।

ਗੁਲਸ਼ਾਨਾ ਮਲਿਕ, ਮਾਲੇਰਕੋਟਲਾ। ਮਨੋਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ।

ਸਕੂਲਾਂ ਦੀ ਹਾਲਤ ਸੁਧਾਰੀ ਜਾਵੇ

ਬੱਚਿਆਂ ਨੂੰ ਚੰਗੀ ਸਿੱਖਿਆ ਦੇਣਾ ਸਰਕਾਰ ਦਾ ਫ਼ਰਜ਼ ਹੈ। ਸਿੱਖਿਆ ਨੂੰ ਮੁੱਢਲਾ ਦਰਜਾ ਦੇਣ ਦੀ ਲੋੜ ਹੈ। ਕਈ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਤਾਂ ਚੰਗੀ ਹੈ ਪਰ ਸਹੂਲਤਾਂ ਦੀ ਬਹੁਤ ਘਾਟ ਹੈ। ਬੱਚਿਆ ਲਈ ਬੈਠਣ, ਪੀਣ ਲਈ ਪਾਣੀ ਆਦਿ ਦਾ ਕੋਈ ਵਧੀਆ ਪ੍ਰਬੰਧ ਨਹੀਂ ਹੈ। ਪ੍ਰਾਈਵੇਟ ਸਕੂਲ਼ਾਂ ਵਿੱਚ ਸਹੂਲਤਾਂ ਦਾ ਮਿਲਣਾ ਆਮ ਵਰਗ ’ਤੇ ਇੱਕ ਬੋਝ ਹੈ। ਜੇ ਸਰਕਾਰੀ ਖ਼ਾਸਕਰ ਪੇਂਡੂ ਸਕੂਲਾਂ ਦੀ ਹਾਲਤ ਸੁਧਾਰੀ ਜਾਵੇ ਤਾਂ ਹੀ ਸਿੱਖਿਆ ਤੇ ਦੇਸ਼ ਦਾ ਸੁਧਾਰ ਹੋਵੇਗਾ।

ਜਗਦੀਪ ਸਿੰਘ ਝਿੰਗੜਾਂ, ਦੁਆਬਾ ਕਾਲਜ ਘਟੌਰ, ਜ਼ਿਲ੍ਹਾ ਐਸਏਐਸ ਨਗਰ। ਸੰਪਰਕ: 97799-16963


Comments Off on ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.