ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ

Posted On June - 13 - 2019

ਮਹਿੰਗੀ ਵਿੱਦਿਆ ਮਸਲੇ ਪੈਦਾ ਕਰੇਗੀ

ਸਰਕਾਰੀ ਅਤੇ ਗੈਰ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਵਿਦਿਆ ਮਹਿੰਗੀ ਹੋ ਰਹੀ ਹੈ। ਸਕੂਲਾਂ ਕਾਲਜਾਂ ਵਿੱਚ ਬੇਲੋੜੀਆਂ ਫੀਸਾਂ ਦੀ ਭਰਮਾਰ ਹੈ, ਜਿਸ ਕਰਕੇ ਬਹੁਤ ਸਾਰੇ ਨੌਜਵਾਨ ਪੜ੍ਹਾਈ ਅੱਧ ਵਿਚਕਾਰ ਛੱਡ ਰਹੇ ਹਨ। ਇਸ ਨਾਲ ਭਾਰਤ ਵਿੱਚ ਡਾਕਟਰਾਂ, ਇੰਜਨੀਅਰਾਂ, ਮਕੈਨਿਕਾਂ ਤੇ ਵਿਗਿਆਨੀਆਂ ਦੀ ਵੱਡੀ ਘਾਟ ਪੈਦਾ ਹੋ ਜਾਵੇਗੀ। ਦੇਸ਼ ਦੀ ਅਰਥ-ਵਿਵਸਥਾ ਨੂੰ ਨੁਕਸਾਨ ਹੋਵੇਗਾ ਤੇ ਵਿਕਾਸ ਘਟ ਜਾਵੇਗਾ। ਗਰੀਬ ਵਰਗ ਦੇ ਨੌਜਵਾਨ ਪੜ੍ਹ ਨਾ ਸਕਣ ਕਾਰਨ ਨੌਕਰੀਆਂ ਤੋਂ ਵਾਂਝੇ ਰਹਿਣ ਕਾਰਨ ਗੈਰਸਮਾਜਿਕ ਕੰਮਾਂ ਵਿਚ ਪੈ ਸਕਦੇ ਹਨ ਤੇ ਦੇਸ਼ ਵਿੱਚ ਅਰਾਜਕਤਾ ਫੈਲਣ ਦਾ ਡਰ ਹੈ।

ਗੁਰਦਿੱਤ ਸਿੰਘ ਸੇਖੋਂ, ਪਿੰਡ ਤੇ ਡਾਕਖ਼ਾਨਾ ਦਲੇਲ ਸਿੰਘ ਵਾਲਾ। ਸੰਪਰਕ: 97811-72781

ਸਮੇਂ ਤੇ ਪੈਸੇ ਦੀ ਯੋਗ ਵਰਤੋਂ ਜ਼ਰੂਰੀ

ਸਿੱਖਿਆ ਦੇ ਹੋਏ ਨਿਜੀਕਰਨ ਨੇ ਇਸ ਨੂੰ ਜ਼ਰੂਰਤਮੰਦ ਬੰਦੇ ਦੀ ਪਹੁੰਚ ਤੋਂ ਦੂਰ ਕਰ ਦਿੱਤਾ ਹੈ। ਨਿਜੀ ਅਦਾਰਿਆਂ ਦੀਆਂ ਫੀਸਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਤੇ ਸਰਕਾਰੀ ਅਦਾਰਿਆਂ ਵਿੱਚ ਬਣਦੀਆਂ ਸਹੂਲਤਾਂ ਨਹੀਂ ਮਿਲਦੀਆਂ। ਇਸ ਕਾਰਨ ਵਿਦਿਆਰਥੀਆਂ ਨੂੰ ਮਹਿੰਗੀ ਸਿੱਖਿਆ ਵੱਲ ਮੂੰਹ ਕਰਨਾ ਪੈਂਦਾ ਹੈ। ਇਸ ਲਈ ਬੱਚਿਆਂ ਦਾ ਫ਼ਰਜ਼ ਹੈ ਕਿ ਉਹ ਆਪਣੇ ਕੀਮਤੀ ਸਮੇਂ ਅਤੇ ਮਾਂ-ਪਿਉ ਦੇ ਪੈਸੇ ਦੀ ਸਹੀ ਵਰਤੋਂ ਕਰਨ। ਬਹੁਤੇ ਵਿਦਿਆਰਥੀ ਆਪਣਾ ਸਮਾਂ ਐਸ਼ਪ੍ਰਸਤੀ ਵਿੱਚ ਗੁਜ਼ਾਰ ਦਿੰਦੇ ਹਨ, ਜੋ ਗ਼ਲਤ ਹੈ।

ਰੁਪਿੰਦਰ ਕੌਰ, ਅਸਿਸਟੈਂਟ ਪ੍ਰੋਫੈਸਰ, ਬਾਬਾ ਫਰੀਦ ਕਾਲਜ ਆਫ ਐਜੂਕੇਸ਼ਨ, ਦਿਉਣ, ਬਠਿੰਡਾ।

ਮਹਿੰਗੇ ਬੁੱਤਾਂ ਨਾਲੋਂ, ਸਸਤੀ ਵਿੱਦਿਆ ਜ਼ਰੂਰੀ

ਵਿਦਿਆ ਮਨੁੱਖ ਦੀ ਤੀਜੀ ਅੱਖ ਹੈ, ਜਿਸ ਨੂੰ ਅਜੋਕੇ ਮਹਿੰਗੇ ਯੁੱਗ ਵਿੱਚ ਨਾ ਸਿਰਫ ਪ੍ਰਾਈਵੇਟ ਅਦਾਰਿਆਂ ਤੋਂ ਸਗੋਂ ਸਰਕਾਰੀ ਅਦਾਰਿਆਂ ਤੋਂ ਪ੍ਰਾਪਤ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਨੌਜਵਾਨ ਵਿੱਦਿਆ ਹਾਸਲ ਕਰਨ ਤੋਂ ਅਸਮੱਰਥ ਰਹਿ ਕੇ ਪਛੜਦਾ ਜਾ ਰਿਹਾ ਹੈ। ਦਰਮਿਆਨੇ ਅਤੇ ਗਰੀਬ ਪਰਿਵਾਰਾਂ ਦੇ ਬੱਚੇ ਵਿੱਦਿਆ ਅੱਧਵਾਟੇ ਛੱਡਣ ਲਈ ਮਜਬੂਰ ਹੋ ਜਾਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਹਿੰਗੇ ਮਹਿੰਗੇ ਬੁੱਤ ਬਣਾਉਣ ਦੀ ਥਾਂ ਦੇਸ਼ ਵਾਸੀਆਂ ਲਈ ਵਿੱਦਿਆ ਸਸਤੀ ਕਰਕੇ ਉਨ੍ਹਾਂ ਦੀ ਤੀਜੀ ਅੱਖ ਦਾ ਪ੍ਰਕਾਸ਼ ਬਣਨ ਲਈ ਮਦਦ ਕਰੇ।

ਰਮਨਦੀਪ ਕੌਰ, ਪਿੰਡ ਗੁਰੂਸਰ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। ਸੰਪਰਕ: 87258-53245

ਮਹਿੰਗੀ ਵਿੱਦਿਆ ਬਣ ਰਹੀ ਬੇਰੁਜ਼ਗਾਰੀ ਦਾ ਕਾਰਨ

ਵਿੱਦਿਆ ਅਜਿਹਾ ਧਨ ਹੈ ਜਿਸ ਨੂੰ ਜਿੰਨਾ ਵੰਡਿਆ ਜਾਵੇ, ਥੋੜ੍ਹਾ ਹੈ। ਪਰ ਦਿਨੋ ਦਿਨ ਵਧ ਰਹੀ ਮਹਿੰਗਾਈ ਕਾਰਨ ਵਿੱਦਿਆ ਤੇ ਵਿਦਿਆਰਥੀ ਵਿੱਚ ਪਾੜਾ ਵਧ ਰਿਹਾ ਹੈ। ਸਰਕਾਰੀ ਸਕੂਲਾਂ ਵਿਚ ਫੀਸਾਂ ਬੇਸ਼ੱਕ ਘੱਟ ਹਨ ਪਰ ਪੜ੍ਹਾਈ ਦੇ ਪੱਧਰ ਨੂੰ ਉੱਚਾ ਨਹੀਂ ਚੁੱਕਿਆ ਜਾ ਰਿਹਾ। ਪ੍ਰਾਈਵੇਟ ਸਕੂਲਾਂ ਦੀਆਂ ਤਾਂ ਫੀਸਾਂ ਹੀ ਹਰੇਕ ਦੇ ਵੱਸ ਦੀ ਗੱਲ ਨਹੀਂ।
ਇਸੇ ਮਹਿੰਗਾਈ ਕਰਕੇ ਬਹੁਤ ਸਾਰੇ ਨੌਜਵਾਨ ਵਿੱਦਿਆ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਬੇਰੁਜ਼ਗਾਰਾਂ ਦੀਆਂ ਕਤਾਰਾਂ ਵਧਾਉਂਦੇ ਹਨ। ਇਸੇ ਕਰਕੇ ਅੱਜ ਦੇਸ਼ ਹਰ ਪਾਸਿਉਂ ਪਛੜ ਰਿਹਾ ਹੈ।

ਅਵਿਨਾਸ਼ ਸ਼ਰਮਾ, ਜਮਾਤ ਬਾਰ੍ਹਵੀਂ (ਮੈਡੀਕਲ),
ਕੋਟ ਲੱਲੂ, ਜ਼ਿਲ੍ਹਾ ਮਾਨਸਾ।

ਨੌਜਵਾਨਾਂ ਨੂੰ ਆਵਾਜ਼ ਉਠਾਉਣ ਦੀ ਲੋੜ

ਅਜੋਕੇ ਸਮੇਂ ਵਿੱਚ ਵਿੱਦਿਅਕ ਅਦਾਰਿਆਂ ਵਿੱਚ ਸਿੱਖਿਆ ਦਾ ਸਿਰਫ ਵਪਾਰੀਕਰਨ ਹੋ ਰਿਹਾ ਹੈ। ਸਿਖਿਆ ਇੰਨੀ ਮਹਿੰਗੀ ਹੋ ਗਈ ਹੈ ਕਿ ਮਿਆਰੀ ਸਿੱਖਿਆ ਆਮ ਵਰਗ ਦੀ ਪਹੁੰਚ ਤੋਂ ਬਾਹਰ ਹੈ। ਪ੍ਰਾਈਵੇਟ ਸੰਸਥਾਵਾਂ ਦੇ ਨਾਲ ਨਾਲ ਸਰਕਾਰੀ ਸੰਸਥਾਵਾਂ ਦੀ ਸਿਖਿਆ ਵੀ ਮਹਿੰਗੀ ਹੋ ਰਹੀ ਹੈ। ਇਸ ਖ਼ਿਲਾਫ਼ ਨੌਜਵਾਨ ਵਰਗ ਨੂੰ ਆਵਾਜ਼ ਉਠਾਉਣ ਦੀ ਲੋੜ ਹੈ ਕਿ ਘੱਟੋ ਘੱਟ ਉਨ੍ਹਾਂ ਤੋਂ ਜਿਹੜੀਆਂ ਮੋਟੀਆਂ ਫੀਸਾਂ ਲਈਆਂ ਜਾਂਦੀਆਂ ਹਨ, ਉਸ ਦੇ ਬਦਲੇ ਵਿੱਚ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਤਾਂ ਦਿੱਤੀਆਂ ਜਾਣ।

ਕੁਲਵਿੰਦਰ ਸਿੰਘ ਬਰਾੜ ‘ਛੋਟਾਘਰ’।
ਸੰਪਰਕ: 98553-18181

ਸਿੱਖਿਆ ਹੋਈ ਮੱਧਵਰਗ ਤੋਂ ਦੂਰ

ਜਿੱਥੇ ਅੱਜ ਵਿਦੇਸ਼ਾਂ ਵਿੱਚ ਵਿੱਦਿਆ ਦਾ ਮੀਨਾਰ ਉੱਚਾ ਚੁੱਕਣ ਲਈ ਸਰਕਾਰਾਂ ਵਿਦਿਆਰਥੀਆਂ ਨੂੰ ਪੂਰਾ ਸਹਿਯੋਗ ਦੇ ਰਹੀਆਂ ਹਨ, ਉੱਥੇ ਸਾਡੇ ਦੇਸ਼ ਵਿੱਚ ਵਿੱਦਿਆ ਐਨੀ ਮਹਿੰਗੀ ਹੁੰਦੀ ਜਾ ਰਹੀ ਹੈ ਕਿ ਹਰ ਸਾਲ ਅਨੇਕਾਂ ਬੁੱਧੀਜੀਵੀ ਵਿਦਿਆਰਥੀਆਂ ਦੀਆਂ ਆਕਾਸ਼ ਛੂਹ ਲੈਣ ਦੀਆਂ ਸੱਧਰਾਂ ਪੈਸੇ ਕਰਕੇ ਦਮ ਤੋੜ ਜਾਂਦੀਆਂ ਹਨ। ਡਾਕਟਰੀ ਪੜ੍ਹਾਈ ਤਾਂ ਗਰੀਬ ਅਤੇ ਮੱਧਵਰਗ ਤੋਂ ਬਹੁਤ ਪਰੇ ਦੀ ਗੱਲ ਹੋ ਚੁੱਕੀ ਹੈ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਵਿੱਦਿਆ ਵਿੱਚ ਵਧ ਰਹੀ ਮਹਿੰਗਾਈ ਖ਼ਿਲਾਫ਼ ਆਵਾਜ਼ ਸਰਕਾਰਾਂ ਤੱਕ ਪਹੁੰਚਾਉਣ।

ਅਮਨਦੀਪ ਸਿੰਘ, ਪਿੰਡ: ਜੱਖਲਾਂ, ਡਾਕ ਮੀਮਸਾ, ਧੂਰੀ, ਸੰਗਰੂਰ। ਸੰਪਰਕ: 94782-26980

ਬੇਮਤਲਬ ਦੇ ਖਰਚਿਆਂ ਨੂੰ ਘੱਟ ਕੀਤਾ ਜਾਵੇ

ਅੱਜ ਸਿੱਖਿਆ ਬਹੁਤ ਮਹਿੰਗੀ ਹੋ ਗਈ ਹੈ। ਸਕੂਲ ਕਾਲਜਾਂ ਦੀ ਫੀਸ ਇੰਨੀ ਜ਼ਿਆਦਾ ਹੈ ਕਿ ਆਮ ਵਰਗ ਦਾ ਨੌਜਵਾਨ ਪੜ੍ਹ ਹੀ ਨਹੀਂ ਸਕਦਾ ਤੇ ਉਹ ਸਿੱਖਿਆ ਦੇ ਹੱਕ ਤੋਂ ਵਾਂਝਾ ਹੋ ਜਾਂਦਾ ਹੈ। ਕੁਝ ਖਰਚੇ ਤਾਂ ਬਿਲਕੁਲ ਬੇਮਤਲਬ ਦੇ ਹੁੰਦੇ ਹਨ। ਮਹਿੰਗੀ ਵਿੱਦਿਆ ਕਾਰਨ ਆਮ ਵਰਗ ਦੇ ਬੱਚੇ ਪੜ੍ਹਾਈ ਛੱਡ ਕੇ ਹੋਰ ਕੋਈ ਕੰਮ ਕਰਨ ਲਗ ਜਾਂਦੇ ਹਨ ਤੇ ਕਈ ਵਾਰ ਕੋਈ ਕੰਮ ਨਾ ਮਿਲਣ ਕਰਕੇ ਬੇਰੁਜ਼ਗਾਰੀ ਕਾਰਨ ਨਸ਼ਿਆਂ ’ਤੇ ਲਗ ਜਾਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਵਿਚ ਕਦਮ ਚੁੱਕਣ।

ਹਰਪ੍ਰੀਤ ਕੌਰ, ਪਿਪਲੀ, ਕੁਰੂਕਸ਼ੇਤਰ, ਹਰਿਆਣਾ।

ਸਰਕਾਰ ਵਿੱਦਿਆ ਸਸਤੀ ਕਰਨ ਵੱਲ ਧਿਆਨ ਦੇਵੇ

ਵਿੱਦਿਆ ਇੰਨੀ ਮਹਿੰਗੀ ਹੋ ਗਈ ਹੈ ਕਿ ਹਰੇਕ ਦੇ ਵੱਸ ਤੋਂ ਬਾਹਰ ਹੋ ਗਈ ਹੈ। ਸਰਕਾਰਾਂ ਵਿਦਿਆ ਲਈ ਸਹੂਲਤਾਂ ਜਾਂ ਲੜਕੀਆਂ ਨੂੰ ਵਿੱਦਿਆ ਮੁਫ਼ਤ ਦੇਣ ਦੇ ਲਾਰੇ ਹੀ ਲਾਉਂਦੀਆਂ ਹਨ। ਜਦੋਂ ਬੱਚਾ ਦਸਵੀਂ ਜਾਂ ਬਾਰ੍ਹਵੀਂ ਤੋਂ ਬਾਅਦ ਕਾਲਜ/ਯੂਨੀਵਰਸਿਟੀਆਂ ਵੱਲ ਰੁਖ਼ ਕਰਦਾ ਹੈ ਤਾਂ ਪੱਲੇ ਨਿਰਾਸ਼ਾ ਹੀ ਪੈਂਦੀ ਹੈ, ਕਿਉਂਕਿ ਪ੍ਰਾਈਵੇਟ ਕਾਲਜ/ਯੂਨੀਵਰਸਿਟੀਆਂ ਭਾਰੀ ਫੀਸਾਂ ਬਟੋਰ ਰਹੇ ਹਨ। ਮਾਪੇ ਜ਼ਮੀਨਾਂ ਵੇਚ-ਵੇਚ ਕੇ ਫੀਸਾਂ ਤਾਰਨ ਲਈ ਮਜਬੂਰ ਹਨ, ਪਰ ਤਾਂ ਵੀ ਪੱਲੇ ਕੱਖ ਨਹੀਂ ਪੈਂਦਾ। ਜੇ ਸਰਕਾਰਾਂ ਰਤਾ ਸੰਜੀਦਾ ਹੋਣ ਤਾਂ ਸਸਤੀ ਵਿੱਦਿਆ ਮੁਹੱਈਆ ਕਰਵਾਈ ਜਾ ਸਕਦੀ ਹੈ।

ਆਸ਼ਾ ਵਰਮਾ, 326, ਨਿਊ ਸ਼ਿਮਲਾਪੁਰੀ, ਲੁਧਿਆਣਾ। ਸੰਪਰਕ: 98156-60419


Comments Off on ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.