ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਨੀਵੀਂ ਨਜ਼ਰ ਹਿਆਊ ਦੇ ਨਾਲ ਰਹੀਏ

Posted On June - 29 - 2019

ਸੱਭਿਆਚਾਰ : 19

ਡਾ. ਨਾਹਰ ਸਿੰਘ

ਤ੍ਰਿਜਣ ਜੋੜ ਕੇ ਆਪਣੇ ਘਰੇ ਬਹਿੰਦੇ,
ਸੁਘੜ ਗਾਉਂਕੇ ਜੀਉ ਪਰਾਉਂਦੇ ਨੇ।
ਲਾਲ ਚਰਖੜਾ ਡਾਹ ਕੇ ਸ਼ੋਪ ਪਾਈਏ,
ਕੇਹੇ ਸੋਹਣੇ ਗੀਤ ਝਨਾਉਂ ਦੇ ਨੇ।
ਬਾਹਰ ਫਿਰਨ ਸੋਂਹਦਾ ਕੁਆਰੀਆਂ ਨੂੰ,
ਅਜ ਕਲ ਲਾਗੀ ਘਰੀਂ ਆਉਂਦੇ ਨੇ।
ਨੀਵੀਂ ਨਜ਼ਰ ਹਿਆਊ ਦੇ ਨਾਲ ਰਹੀਏ,
ਤੈਨੂੰ ਸਭ ਸਿਆਣੇ ਫਰਮਾਉਂਦੇ ਨੇ।
ਚੂਚਕ ਸਿਆਲ ਹੋਰੀਂ ਹੀਰੇ ਜਾਣਦੀ ਏਂ,
ਸਰਦਾਰ ਤੇ ਪੈਂਚ ਗਰਾਉਂ ਦੇ ਨੇ।
ਵਾਰਸ ਸ਼ਾਹ ਦੀ ‘ਹੀਰ’ ਵਿਚੋਂ ਲਈਆਂ ਇਨ੍ਹਾਂ ਲਾਈਨਾਂ ਵਿਚ ਪਿੰਡ ਦਾ ਕਾਜ਼ੀ ਹੀਰ ਨੂੰ ਮੱਤ ਦਿੱਤਾ ਹੈ। ਉਸ ਦੀ ਇਸ ‘ਮੱਤ’ ਵਿਚੋਂ ਮੱਧਕਾਲ ਦੀ ਇਸਤਰੀ ਉੱਤੇ ਠੋਸੀ ਗਈ ਨੈਤਿਕਤਾ ਦਾ ਮੂਲ ਚੌਖਟਾ ਸਾਹਮਣੇ ਆਉਂਦਾ ਹੈ। ਨੈਤਿਕਤਾ, ਲੋਕਾਂ ਦੇ ਸਮੁੱਚੇ ਸਮਾਜਿਕ ਵਿਵਹਾਰ ਵਿਚੋਂ ਪੈਦਾ ਹੋਈਆਂ ਤੇ ਸਥਾਪਤ ਹੋਈਆਂ ਸਦਾਚਾਰਕ ਕੀਮਤਾਂ ਦਾ ਅਜਿਹਾ ਸਮੁੱਚ ਹੁੰਦਾ ਹੈ ਜਿਸ ਨੂੰ ਉਸ ਕੌਮ, ਕਬੀਲੇ ਦੇ ਸਮੁੱਚੇ ਲੋਕਾਂ ਵੱਲੋਂ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ। ਕਿਸੇ ਬੰਦੇ ਦੀ ਬੰਦਿਆਈ ਨੂੰ ਇਨ੍ਹਾਂ ਕੀਮਤਾਂ ਵਿਚ ਤੋਲਿਆ ਜਾਂਦਾ ਹੈ। ਨੈਤਿਕਤਾ ਦੇ ਨੇਮ ਨਾ ਤਾਂ ਸਦੀਵੀ ਹੁੰਦੇ ਹਨ ਤੇ ਨਾ ਹੀ ਰੱਬੋਂ ਵਰੋਸਾਏ ਹੋਏ। ਇਹ ਲੋਕਾਂ ਦੀਆਂ ਸਮਾਜਿਕ ਲੋੜਾਂ ਵਿਚੋਂ ਪੈਦਾ ਹੋਏ ਤੇ ਪ੍ਰਵਾਨਤ ਹੋਏ ਹੁੰਦੇ ਹਨ। ਨੈਤਿਕਤਾ ਦੇ ਇਹ ਨੇਮ ਬਦਲਦੀਆਂ ਸੱਭਿਆਚਾਰਕ ਲੋੜਾਂ ਅਨੁਸਾਰ ਬਦਲਦੇ ਚਲੇ ਜਾਂਦੇ ਹਨ। ਇਹ ਇਕ ਵਿਗਿਆਨਕ ਸੱਚ ਹੈ ਕਿ ਜਿਨ੍ਹਾਂ ਲੋਕਾਂ ਦੀ ਆਰਥਿਕ ਤੇ ਸਿਆਸੀ ਖੇਤਰਾਂ ਵਿਚ ਚੌਧਰ ਬਣੀ ਹੁੰਦੀ ਹੈ ਉਨ੍ਹਾਂ ਚੌਧਰੀਆਂ ਦਾ ਹੀ ਸੱਭਿਆਚਾਰਕ ਖੇਤਰ ਵਿਚ ਸਿੱਕਾ ਚੱਲਦਾ ਹੈ। ਜਮਾਤੀ ਲੁੱਟ ਚੋਂਘ ਉੱਤੇ ਉਸਰੇ ਸਮਾਜਿਕ ਢਾਂਚੇ ਵਿਚਲੀਆਂ ਨੈਤਿਕ ਕੀਮਤਾਂ ਵੀ ਇਸੇ ਲੁੱਟ ਨੂੰ ਸਚਿਆਉਂਦੀਆਂ ਹਨ। ਪਰ ਉੱਪਰੋਂ ਵੇਖਣ ਨੂੰ ਇਹ ਕਦਰਾਂ ਕੀਮਤਾਂ ਸਰਬੱਤ ਦੇ ਭਲੇ ਲਈ ਬਣੀਆਂ ਨਜ਼ਰ ਆਉਂਦੀਆਂ ਹਨ। ਕਿਉਂਕਿ ਜੇ ਇਹ ਸਰਬੱਤ ਦੇ ਭਲੇ ਦੀ ਗੱਲ ਨਾ ਕਰਨ ਤਾਂ ਇਹ ਲੋਕਾਂ ਦੇ ਦਿਲਾਂ ਵਿਚ ਥਾਂ ਨਾ ਬਣਾ ਸਕਣ ਤੇ ਨਾ ਹੀ ਪ੍ਰਵਾਨ ਹੋ ਸਕਣ। ਲੋਕ-ਪੱਖੀ ਦਿੱਖ ਬਣਾਈ ਰੱਖਣੀ ਇਨ੍ਹਾਂ ਦੀ ਮਜਬੂਰੀ ਹੁੰਦੀ ਹੈ। ਜਮਾਤੀ ਸਮਾਜ ਦੀਆਂ ਬਹੁਤੀਆਂ ਨੈਤਿਕ ਕੀਮਤਾਂ ਲੋਕਾਂ ਦੀ ਆਪਣੀ ਬੋਲੀ ਬੋਲ ਕੇ ਹਾਕਮਾਂ ਦੇ ਹੱਕ ਵਿਚ ਭੁਗਤੀਆਂ ਹਨ।
ਦੂਜੇ ਸ਼ਬਦਾਂ ਵਿਚ ਇਨ੍ਹਾਂ ਸੰਸਥਾਵਾਂ ਦੇ ਚੌਧਰੀਆਂ-ਅਖੌਤੀ ਰਾਜਨੀਤਕ, ਧਾਰਮਿਕ ਆਗੂਆਂ ਦੀ ਕਥਨੀ ਲੋਕ ਪੱਖੀ ਤੇ ਕਰਨੀ ਹਾਕਮ ਪੱਖੀ ਹੁੰਦੀ ਹੈ। ਉਨ੍ਹਾਂ ਦੀ ਬਾਹਰੀ ਦਿੱਖ ਤੇ ਅਸਲ ਕਿਰਦਾਰ ਦਾ ਇਹ ਪਾੜਾ ਉਨ੍ਹਾਂ ਦੇ ਸਾਊ ਬੀਬੇ ਪਹਿਰਾਵੇ, ਮਿੱਠੇ ਬੋਲਾਂ ’ਤੇ ਕਾਲੇ ਅਮਲਾਂ ਦੇ ਰੂਪ ਵਿਚ ਉਘੜਦਾ ਹੈ। ਲੋਟੂ ਸਮਾਜ ਦੀਆਂ ਸਾਰੀਆਂ ਸੰਸਥਾਵਾਂ ਦੀ ਦਿੱਖ ਤੇ ਅਸਲੀਅਤ ਦਾ ਇਹ ਵਿਰੋਧ ਇਸ ਨਿਜ਼ਾਮ ਦੀ ਰਾਖੀ ਤੇ ਸਥਾਪਤੀ ਲਈ ਲਾਜ਼ਮੀ ਹੁੰਦਾ ਹੈ।
ਹਾਕਮ ਸ਼੍ਰੇਣੀ ਆਪਣੀ ਰਿਆਇਆ ਨੂੰ ਦੋ ਪੱਧਰਾਂ ਉੱਤੇ ਗ਼ੁਲਾਮੀ ਦੀਆਂ ਕੜੀਆਂ ਵਿਚ ਜਕੜਦੀ ਹੈ। ਇਕ ਪਾਸੇ ਉਨ੍ਹਾਂ ਦੀ ਕਮਾਈ ਨੂੰ ਹੜੱਪ ਕੇ ਲੋਕਾਂ ਨੂੰ ਆਰਥਿਕ, ਸਮਾਜਿਕ ਤੇ ਰਾਜਨੀਤਕ ਤੌਰ ’ਤੇ ਨਿਹੱਥੇ ਅਤੇ ਹੀਣੇ ਕਰਦੀ ਹੈ ਅਤੇ ਦੂਜੇ ਪਾਸੇ ਆਪਣੀਆਂ ਸੰਸਥਾਵਾਂ ਰਾਹੀਂ ‘ਭਲੀਆਂ’, ‘ਨੇਕ’ ਤੇ ‘ਸੁੱਚੀਆਂ’ ਸਮਾਜਿਕ, ਨੈਤਿਕ ਕੀਮਤਾਂ ਰਾਹੀਂ ਲੋਕਾਂ ਨੂੰ ਪਲੋਸ ਕੇ ਮਾਨਸਿਕ ਗ਼ੁਲਾਮੀ ਦੀ ਪੰਜਾਲੀ ਵਿਚ ਜੋੜਦੀ ਹੈ। ਇਕ ਵਾਰੀ ਮਾਨਸਿਕ ਤੌਰ ’ਤੇ ਗ਼ੁਲਾਮ ਹੋਇਆ ਕਾਮਾ ਆਪਣੀ ਲੁੱਟ ਨੂੰ ਸਮਝਣ ਤੋਂ ਸਦਾ ਲਈ ਨਕਾਰਾ ਹੋ ਜਾਂਦਾ ਹੈ। ਉਸ ਦਾ ਨਿੱਤ ਜੀਵਨ ਦਾ ਕੌੜਾ ਤਜਰਬਾ ਵਾਰ-ਵਾਰ ਅਸਲੀਅਤ ਨੂੰ ਨੰਗਾ ਕਰਦਾ ਹੈ, ਪਰ ਉਸ ਦੀ ਮਾਨਸਿਕਤਾ ਵਿਚ ਵਸੀ ਹੋਈ ‘ਬਿਗਾਨੀ ਸੋਚ’ ਉਸ ਨੂੰ ਗ਼ਲਤ ਸਿੱਟਿਆਂ ਵੱਲ ਲਿਜਾਂਦੀ ਹੈ। ਉਹ ਸਾਰੀ ਲੁੱਟ ਨੂੰ ‘ਕਿਸਮਤ ਦੇ ਕੜਛੇ ਨੇ’, ‘ਲਿਖੀ ਮੱਥੇ ਦੀ ਮੇਟ ਸਕੇ ਨਾ ਕੋਇ’, ‘ਜੋ ਭਾਵੇ ਕਰਤਾਰ’, ‘ਏਵੋਂ ਹੁੰਦਾ ਆਇਆ ਹੈ’ ਕਹਿ ਕੇ ਸਬਰ ਕਰ ਲੈਂਦਾ ਹੈ ਤੇ ਉਹ ਆਪਣੀ ਤਕਦੀਰ ਦਾ ਸਿਰਜਣਹਾਰ ਹੁੰਦਾ ਹੋਇਆ ਵੀ ‘ਹੋਣੀ’ ਅਥਵਾ ਸਮਾਜਿਕ ਲੁੱਟ ਅੱਗੇ ਬੇਵਸ ਹੋ ਕੇ ਰਹਿ ਜਾਂਦਾ ਹੈ।
ਵਿਚਾਰਧਾਰਕ ਮੁਹਾਜ਼ ਉੱਤੇ ਦਿੱਤੀ ਜਾਂਦੀ ਇਹ ਮਿੱਠੀ ਜ਼ਹਿਰ ਬੜੀ ਖ਼ਤਰਨਾਕ ਸਾਬਤ ਹੁੰਦੀ ਹੈ ਕਿਉਂਕਿ ਇਹ ਲੋਕਾਂ ਦੀ ਆਪਣੀ ਬਣ ਕੇ ਦੁਸ਼ਮਣੀ ਪੁਗਾਉਂਦੀ ਹੈ। ਇਸ ਲਈ ਘਰ ਅੰਦਰਲੇ ਇਸ ਦੁਸ਼ਮਣ ਨੂੰ ਪਛਾਣਨਾ ਹੋਰ ਵੀ ਔਖਾ ਹੁੰਦਾ ਹੈ, ਖ਼ਾਸ ਕਰਕੇ ਜਦੋਂ ਧਰਮ ਇਸ ਦੀ ਪਿੱਠ ਉੱਤੇ ਖੜ੍ਹਾ ਹੁੰਦਾ ਦਿਖਾਇਆ ਜਾਂਦਾ ਹੈ। ਹਾਕਮ ਸ਼੍ਰੇਣੀ ਵਿਚਾਰਧਾਰਾ ਦੇ ਹਰ ਪਹਿਲੂ- ਧਰਮ, ਦਰਸ਼ਨ, ਇਤਿਹਾਸ, ਮਿਥਿਹਾਸ ਆਦਿ ਨੂੰ ਆਪਣੇ ਅਨੁਸਾਰ ਤੋੜ-ਮਰੋੜ ਕੇ ਪੇਸ਼ ਕਰਦੀ ਹੈ ਜਿਵੇਂ ਪੰਡਤ, ਬ੍ਰਹਮਾ ਦੇ ਸਿਰ ਵਿਚੋਂ ਕਸ਼ੱਤਰੀ ਉਸ ਦੀਆਂ ਬਾਹਵਾਂ ਤੋਂ, ਵੈਸ਼ ਉਸ ਦੇ ਪੇਟ ਤੋਂ ਅਤੇ ਸ਼ੂਦਰ ਉਸ ਦੇ ਪੈਰਾਂ ਤੋਂ ਪੈਦਾ ਹੋਇਆ ਦੱਸ ਕੇ ਸਮਾਜਿਕ ਦਰਜਾਬੰਦੀ ਨੂੰ ‘ਰੱਬੀ’ ਸਿੱਧ ਕਰਨ ਦੇ ਯਤਨ ਹੋਏ ਹਨ।

ਡਾ. ਨਾਹਰ ਸਿੰਘ

ਲੋਕ-ਕਥਾਵਾਂ ਵਿਚ ਜਿੱਥੇ ਕਿਤੇ ਦੁਰਕਾਰੇ ਹੋਏ, ਨਿਕੰਮੇ ਤੇ ਮੌਜੂ ਉਡਾਉਣ ਲਈ ਕਿਸੇ ਪਾਤਰ ਦੀ ਲੋੜ ਪਈ ਤਾਂ ਜੁਲਾਹਾ, ਝਿਊਰ, ਚਮਾਰ, ਨਾਈ ਆਦਿ ਵਿਚੋਂ ਚੁਣ ਲਿਆ ਗਿਆ- ‘ਰੱਜੇ ਕੰਮ ਨਾ ਆਉਂਦੇ ਨਾਈ, ਕੁੱਤੇ, ਬਾਜ਼।’ ‘ਅੰਨ੍ਹਾ ਜੁਲਾਹਾ ਮਾਂ ਨਾਲ ਮਸ਼ਕਰੀਆਂ’ ਆਦਿ। ਸੱਭਿਆਚਾਰ ਦੇ ਕਈ ਵਿਚਾਰਧਾਰਕ ਪਹਿਲੂਆਂ ਵਿਚ ਲੋਕਾਂ ਦੀ ਆਪਣੀ ਸੋਚ ਦੇ ਨਾਲ-ਨਾਲ ਲੋਟੂ ਜ਼ਹਿਨੀਅਤ ਨਾਲ ਭਰੇ ਵਿਚਾਰਾਂ ਦੀ ਘੁਸਪੈਠ ਸਹਿਜੇ ਹੀ ਹੋ ਜਾਂਦੀ ਹੈ। ਜੋ ਬਹੁਤ ਵਾਰ ਧਾਰਮਿਕ ਕਥਨ- ਵੇਦਾਂ ਵਿਚ ਕਿਹਾ, ਗੁਰੂ ਪੀਰ ਦਾ ਫਰਮਾਇਆ, ਸਿਆਣਿਆਂ ਦਾ ਕਿਹਾ- ਦੀ ਆੜ ਵਿਚ ਆਉਂਦੇ ਹਨ। ਇਸਤਰੀ ਦੀ ਗ਼ੁਲਾਮੀ ਦੇ ਪ੍ਰਸੰਗ ਵਿਚ ਇਹ ਗੱਲ ਸਪੱਸ਼ਟ ਉੱਘੜਦੀ ਹੈ:
* ਰੰਨ ਗਿਆਨਣ, ਭੇਡ ਅਸ਼ਨਾਨਣ,
ਲੋਈ ਖੁੰਬ ਨਾ ਹੋਈ,
* ਭੱਠ ਰੰਨਾਂ ਦੀ ਦੋਸਤੀ,
ਖੁਰੀ ਜਿਨ੍ਹਾਂ ਦੀ ਮੱਤ,
ਰੰਨਾਂ ਹਸ ਹਸ ਲਾਉਂਦੀਆਂ ਯਾਰੀਆਂ,
ਰੋ ਕੇ ਦੇਵਣ ਦੱਸ,
* ਵਾਰਸ ਰੰਨ, ਫਕੀਰ, ਤਲਵਾਰ ਘੋੜਾ
ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ,
* ਰੰਨ ਪੈਰ ਦੀ ਜੁੱਤੀ,
ਥੋੜ੍ਹੀ ਹੰਢਾ ਲੀ ਕਿ ਬਹੁਤੀ।
ਮੱਧਕਾਲ ਵਿਚ ਦੂਹਰੀ-ਤੀਹਰੀ ਗ਼ੁਲਾਮੀ ਵਿਚ ਇਸਤਰੀ ਦੀ ਆਜ਼ਾਦੀ ਨੂੰ ਕਈ ਢੰਗਾਂ ਨਾਲ ਖੋਹਿਆ ਗਿਆ। ਇਕ ਪਾਸਿਓਂ ਸਮਾਜਿਕ ਤੌਰ ’ਤੇ ਉਸ ਨੂੰ ਘਰੇਲੂ ਦਾਇਰੇ ਤਕ ਸੀਮਤ ਰੱਖ ਕੇ ਉਸ ਕੋਲੋਂ ਆਰਥਿਕ ਆਜ਼ਾਦੀ ਖੋਹੀ ਗਈ, ਦੂਜੇ ਪਾਸਿਓਂ ਵਿਚਾਰਧਾਰਕ ਪੱਧਰ ਉੱਤੇ ਉਸ ਨੂੰ ‘ਰੰਨ’ ਦੇ ਰੂਪ ਵਿਚ ਭੰਡ ਕੇ ‘ਅੱਯਾਸ਼ੀ ਦੀ ਵਸਤ’ ਬਣਾ ਕੇ ਰੱਖਣ ਉੱਤੇ ਜ਼ੋਰ ਦਿੱਤਾ ਗਿਆ। ਜੋ ਜੀਵਨ ਦਾ ਥੋੜ੍ਹਾ ਹਿੱਸਾ ਬਚਦਾ ਹੈ, ਉਹ ਹੈ ਧੀ ਰੂਪ ਵਿਚ। ਪਰ ਇੱਥੇ ਵੀ ‘ਸਿਆਣਿਆਂ’ ਨੇ ਉਸ ਨੂੰ ਪੁੱਤ ਦੇ ਬਰਾਬਰ ਪ੍ਰਵਾਨ ਕਰਨ ਦੀ ਥਾਵੇਂ ਉਸ ਨੂੰ ਮਾਪਿਆਂ ਦੀ ਲੱਜ, ਸ਼ਰਮ ਨਾਲ ਜੋੜ ਕੇ ਉਸ ਨੂੰ ਪਰਿਵਾਰਕ ਸਰਪ੍ਰਸਤੀ ਦਿੱਤੀ- ਕੇਹੇ ਸੋਹਣੇ ਗੀਤ ਝਨਾਉਂ ਦੇ ਨੇ।’ ਇਸ ਦੇ ਬਦਲੇ ਉਸ ਦੀ ਬਾਕੀ ਖੁੱਲ੍ਹ ਵੀ ਖੋਹੀ ਗਈ- ‘ਬਾਹਰ ਫਿਰਨ ਨਾ ਸੋਂਹਦਾ ਕੁਆਰੀਆਂ ਨੂੰ।’ ਹੁਣ ਉਸ ਕੋਲੋਂ ਗਊ ਵਰਗੇ ਸੀਲ ਸੁਭਾਅ ਤੇ ਚਿੜੀ ਵਰਗੀ ਬੇਵਸੀ ਦੀ ਆਸ ਰੱਖੀ ਗਈ। ਇਸ ਪੜਾਅ ਉੱਤੇ ਉਹ ਆਪਣੇ ਪਿਉ- ਬਾਬਲ ਅੱਗੇ ਹਾਣੀ ਦੀ ਪਸੰਦ ਦੱਸਣ ਲਈ ਚੰਦਨ ਦੇ ਰੁੱਖ ਦਾ ਓਹਲਾ ਹੀ ਨਹੀਂ ਲੱਭਦੀ, ਸਗੋਂ ਆਪਣੀ ਰਾਇ ਵੀ ਕਾਹਨ ਘਨੱਈਏ (ਕ੍ਰਿਸ਼ਨ) ਨਾਲ ਜੋੜ ਕੇ ਹੀ ਕਹਿ ਸਕਦੀ ਹੈ।
ਕਾਜ਼ੀ ਦੀ ਸ਼ਬਦਾਵਲੀ ਵਿਚ ਸੁਘੜਤਾ, ਸਾਊਪੁਣਾ ਤੇ ਨੀਵੀਂ ਨਜ਼ਰ ਨਾਲ ਰਹਿਣ ਦਾ ਅਰਥ ਗ਼ੁਲਾਮੀ ਦੀ ਪੰਜਾਲੀ ਵਿਚ ਜੁੜਨ ਲਈ ਝੁਕੀ ਹੋਈ ਧੌਣ ਦਾ ਹੀ ਦੂਜਾ ਨਾਂ ਹੈ। ਇਸ ਤਰ੍ਹਾਂ ਗ਼ੁਲਾਮੀ ਨੂੰ ਗੁਣ ਬਣਾ ਕੇ ਪੇਸ਼ ਕਰਨ ਵਿਚ ਹੀ ਉਸ ਦੀ ਸਫਲਤਾ ਦਾ ਰਾਜ਼ ਹੈ। ਇਸ ਤੋਂ ਅੱਗੇ ਜਦੋਂ ਇਹ ਗੁਣ ਨੈਤਿਕ ਕੀਮਤ ਬਣ ਕੇ ਪ੍ਰਵਾਨ ਹੋ ਜਾਣ ਤਾਂ ਲੋਟੂ ਢਾਂਚੇ ਦੀਆਂ ਜੜਾਂ ਹੋਰ ਵੀ ਪੱਕੀਆਂ ਹੋ ਜਾਂਦੀਆਂ ਹਨ। ਠੀਕ ਇਸ ਤਰ੍ਹਾਂ ਆਰਥਿਕ ਸਮਾਜਿਕ ਤੇ ਵਿਚਾਰਧਾਰਕ ਤਿੰਨਾਂ ਪੱਧਰਾਂ ਉੱਤੇ ਗ਼ੁਲਾਮੀ ਨੂੰ ਆਪਣੀ ‘ਹੋਣੀ’ ਸਵੀਕਾਰ ਕਰ ਚੁੱਕੀ ਇਸਤਰੀ ਲਈ ਇਹ ਸੱਭੋ ਕੁਝ ਸੁਭਾਵਿਕ ਹੋ ਗਿਆ ਤੇ ਇਸਤਰੀ ਸਮਾਜ ਦਾ ਬੇਵਸ, ਮਾਸੂਮ ਤੇ ਤਰਸ ਦਾ ਦੁਰਕਾਰਿਆ ਪਾਤਰ ਬਣ ਕੇ ਰਹਿ ਗਈ। ਉਹ ਧੀ ਦੇ ਰੂਪ ਵਿਚ ਸਰਾਪ ਤੇ ਰੰਨ ਦੇ ਰੂਪ ਵਿਚ ਲਾਹਣਤ ਬਣ ਕੇ ਰਹਿ ਗਈ ਤੇ ਇਸ ਨੂੰ ਨਿੰਦਣਾ ਵੀ ਸਿਆਣਪ ਸਮਝੀ ਜਾਣ ਲੱਗੀ।
ਪਰ ਜਦੋਂ ਕੋਈ ਜਮਾਤ ਆਪਣੇ ਹਿੱਤਾਂ ਬਾਰੇ ਚੇਤੰਨ ਹੁੰਦੀ ਹੈ ਤਾਂ ਉਸ ਦੇ ਸੰਗਰਾਮ ਦਾ ਇਕ ਪੱਖ ਸਥਾਪਤ ਸੰਸਥਾਵਾਂ ਨੂੰ ਵੰਗਾਰਨਾ ਹੁੰਦਾ ਹੈ, ਅਰਥਾਤ ਜੂਝਦੇ ਲੋਕ ਆਪਣਾ ਸੱਭਿਆਚਾਰ, ਆਪਣੀਆਂ ਨੈਤਿਕ ਕੀਮਤਾਂ ਆਪ ਸਿਰਜਦੇ ਹਨ, ਉਦੋਂ ਰਾਜ-ਭਾਗ ਦੇ ਉੱਚ ਅਦਾਰਿਆਂ ਤੋਂ ਲੈ ਕੇ ਪਿੰਡ ਦੀ ਸੱਥ ਤਕ ਪਸਰੇ ਇਨ੍ਹਾਂ ਚੌਧਰੀਆਂ ਦੀ ਮੁਖਤਿਆਰੀ ਖੁੱਸਣ ਲੱਗਦੀ ਹੈ, ਤਾਂ ਇਹ ‘ਸਿਆਣੇ’ ਆਪਣਾ ਕਰੂਪ ਚਿਹਰਾ ਵਿਖਾਉਣ ਲੱਗ ਪੈਂਦੇ ਹਨ। ਪਰ ਵੇਲਾ ਵਿਹਾ ਚੁੱਕਿਆ ਇਹ ਬੰਦਾ ਸੱਭਿਆਚਾਰਕ, ਨਵੀਆਂ ਕੀਮਤਾਂ, ਜੋ ਬਦਲਦੇ ਸਮੇਂ ਦੇ ਅਨੁਕੂਲ ਹੁੰਦੀਆਂ ਹਨ, ਦੀ ਤਾਬ ਝੱਲਣ ਜੋਗਾ ਨਹੀਂ ਹੁੰਦਾ ਅਤੇ ਇਹ ਪੁਰਾਣੇ ਇਤਿਹਾਸ ਦੇ ਅਜਾਇਬ- ਘਰ ਵਿਚ ਪਹੁੰਚ ਜਾਂਦਾ ਹੈ। ਬਸ਼ਰਤੇ ਲੋਕ ਆਪਣੀ ਹੋਂਦ ਤੇ ਹੋਣੀ ਤੋਂ ਇਤਿਹਾਸਕ ਤੌਰ ’ਤੇ ਚੇਤੰਨ ਹੋ ਚੁੱਕੇ ਹੋਣ।

ਸੰਪਰਕ: 98880-06118


Comments Off on ਨੀਵੀਂ ਨਜ਼ਰ ਹਿਆਊ ਦੇ ਨਾਲ ਰਹੀਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.