ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਨਾਮਵਰ ਆਲੋਚਕ ਤੇ ਚਿੰਤਕ

Posted On June - 23 - 2019

ਡਾ. ਲਾਭ ਸਿੰਘ ਖੀਵਾ

ਡਾ. ਲਾਭ ਸਿੰਘ ਖੀਵਾ

ਡਾ. ਅਤਰ ਸਿੰਘ ਪੰਜਾਬੀ ਸਾਹਿਤ ਦਾ ਨਾਮਵਰ ਆਲੋਚਕ ਸੀ। ਪੰਜਾਬੀ ਆਲੋਚਨਾ ਵਿਚ ਉਸ ਦਾ ਵੱਖਰਾ ਸਥਾਨ ਹੈ। ਵੀਹਵੀਂ ਸਦੀ ਦੇ ਆਧੁਨਿਕ ਸਾਹਿਤ ਚਿੰਤਨ ਵਿਚ ਉਸ ਦੀ ਜਿੰਨੀ ਦਿਲਚਸਪੀ ਸੀ, ਓਨੀ ਹੀ ਗਹਿਰ-ਗੰਭੀਰਤਾ ਉਸ ਦੇ ਪੰਜਾਬੀ ਸੱਭਿਆਚਾਰ ਦੇ ਚਿੰਤਨ ਵਿਚ ਵੀ ਮਿਲਦੀ ਹੈ। ਉਸ ਦੀਆਂ ਪ੍ਰਕਾਸ਼ਿਤ ਪੁਸਤਕਾਂ ਅੰਦਰਲੇ ਨਿਬੰਧਾਂ ਵਿਚ ਉਸ ਦੀ ਇਹ ਗੰਭੀਰਤਾ ਭਲੀਭਾਂਤ ਦ੍ਰਿਸ਼ਟੀਗੋਚਰ ਹੁੰਦੀ ਹੈ। ਉਹ ਕਿਸੇ ਰਚਨਾਤਮਿਕ ਕਾਰਜ ਦੇ ਸਾਹਿਤਕ ਵਿਸ਼ਲੇਸ਼ਣ ਸਮੇਂ ਉਸ ਦੇ ਸੱਭਿਆਚਾਰਕ ਹੱਦ-ਬੰਨਿਆਂ ਨੂੰ ਵੀ ਛੂਹ ਜਾਂਦਾ ਹੈ।
ਡਾ. ਅਤਰ ਸਿੰਘ ਵੱਲੋਂ ਪੰਜਾਬੀ ਸੱਭਿਆਚਾਰ ਦੇ ਚਿੰਤਨ ਵਿਚ ਉਭਾਰੇ ਗਏ ਮੁੱਖ ਨੁਕਤਿਆਂ ਵਿਚ ਪੰਜਾਬੀ ਸੱਭਿਆਚਾਰ ਦੇ ਮੂਲ ਤੱਤਾਂ ਦੀ ਨਿਸ਼ਾਨਦੇਹੀ, ਪੰਜਾਬੀ ਸੱਭਿਆਚਾਰ ਦੀ ਉਸਾਰੀ ਵਿਚ ਪਏ ਦੁਖਾਂਤਕ ਸਰੋਕਾਰ ਤੇ ਅੰਤਰ-ਦਵੰਦ, ਪੰਜਾਬੀ ਸੱਭਿਆਚਾਰ ਦੇ ਸਿਰਜਣਾਤਮਕ ਰੂਪਾਂ ਦੀ ਸੰਭਾਲ ਅਤੇ ਪੰਜਾਬੀ ਸੱਭਿਆਚਾਰ ਦਾ ਮੁਤਾਲਿਆ ਤੇ ਇਸ ਪ੍ਰਤੀ ਪਹੁੰਚ-ਵਿਧੀ ਪ੍ਰਮੁੱਖ ਹਨ, ਪਰ ਮੂਲ ਤੱਤਾਂ ਦੀ ਨਿਸ਼ਾਨਦੇਹੀ ਅਤੇ ਸੱਭਿਆਚਾਰਕ ਉਸਾਰੀ ਅੰਦਰਲੇ ਵਿਰੋਧਾਭਾਸਾਂ ਬਾਰੇ ਉਸ ਦੀ ਗਹਿਰੀ ਸਮਝ ਅਤੇ ਪ੍ਰਮਾਣਿਕ ਧਾਰਨਾ ਵਿਸ਼ੇਸ਼ ਜ਼ਿਕਰਯੋਗ ਹੈ। ਉਹ ਪੰਜਾਬੀ ਸੱਭਿਆਚਾਰ ਦੇ ਖ਼ਾਸੇ ਦੀ ਪਛਾਣ ਕਰਦਿਆਂ ਉਦਾਰਤਾ, ਨਾਬਰੀ, ਮਰਿਆਦਾ-ਭੰਗਨ, ਵਿਦਰੋਹ, ਸਥਾਪਤੀ ਤੇ ਅਨਰਥ ਦਾ ਵਿਰੋਧ, ਮੁਹਿੰਮਬਾਜ਼ੀ, ਬੇਘਰੀ ਹੋਂਦ ਅਤੇ ਉਮੀਦ ਨੂੰ ਮੂਲ ਤੱਤਾਂ ਵਜੋਂ ਪ੍ਰਮੁੱਖ ਰੱਖਦਾ ਹੈ। ਇਨ੍ਹਾਂ ਤੱਤਾਂ ਪਿੱਛੇ ਉਹ ਪੰਜਾਬੀਆਂ ਦੀ ਸਰਹੱਦੀ ਮਾਨਸਿਕਤਾ ਤੇ ਸੰਯੁਕਤ ਸੰਸਕ੍ਰਿਤੀ ਨੂੰ ਜ਼ਿੰਮੇਵਾਰ ਸਮਝਦਾ ਹੈ ਕਿਉਂਕਿ ਪੰਜਾਬੀਆਂ ਨੇ ਮੱਧਕਾਲੀਨ ਸਮਿਆਂ ਵਿਚ ਅਨੇਕਾਂ ਸਰਹੱਦੀ ਹਮਲਿਆਂ ਦਾ ਟਾਕਰਾ ਕੀਤਾ, ਅੰਦਰੂਨੀ ਰਾਜਨੀਤਕ ਜੁਗਗਰਦੀ ਸਹਾਰੀ ਤੇ ਵਿਭਿੰਨ ਸੱਭਿਆਚਾਰਕ ਸੁਆਦ ਚੱਖੇ। ਇਉਂ ਪੰਜਾਬੀਆਂ ਵਿਚ ਸਰਹੱਦੀ ਹੋਣ ਦਾ ਅਹਿਸਾਸ ਉਤਪੰਨ ਹੋਇਆ ਅਤੇ ਸਾਂਝੀ ਸੰਸਕ੍ਰਿਤੀ ਦੀ ਉਸਾਰੀ ਹੋਈ। ‘‘ਸੁਭਾਵਿਕ ਸੀ ਕਿ ਪੰਜਾਬ ਦੇ ਸਭਿਆਚਾਰ ਦੀ ਮੁੱਖ ਸੁਰ ਕੱਟੜਤਾ ਦੀ ਥਾਂ ਉਦਾਰਤਾ, ਮਰਯਾਦਾ ਪੂਰਤੀ ਦੀ ਥਾਂ ਮਰਯਾਦਾ-ਪ੍ਰੀਖਿਆ, ਧਾਰਮਿਕ ਤੇ ਸੰਪਰਦਾਇਕ ਇਕਵਿਧਤਾ ਦੀ ਥਾਂ ਸੰਸਕ੍ਰਿਤਕ ਬਹੁਵਿਧਤਾ ਦੀ ਬਣ ਜਾਂਦੀ ਅਤੇ ਇਸ ਦੇ ਸਾਰੇ ਮੁੱਖ ਸਰੋਕਾਰ ਨਿਰਪੇਖ ਦੀ ਥਾਂ ਸਾਪੇਖ, ਸਨਾਤਨ ਦੀ ਥਾਂ ਆਲੋਚਨਾਤਮਕ ਅਤੇ ਮਾਣਕ ਦੀ ਥਾਂ ਉਪਯੋਗੀ ਹੋ ਰਹਿੰਦੇ।’’
ਡਾ. ਅਤਰ ਸਿੰਘ ਪੰਜਾਬੀ ਸੱਭਿਆਚਾਰ ਦੇ ਉਪਰੋਕਤ ਮੂਲ ਤੱਤਾਂ ਦੀ ਪਛਾਣ ਮੱਧਕਾਲੀਨ ਪੰਜਾਬੀ ਸਾਹਿਤ, ਪੰਜਾਬੀ ਲੋਕਧਾਰਾ ਜਾਂ ਮਿੱਥਾਂ ਵਿਚੋਂ ਕਰਦਾ ਹੈ। ਇਨ੍ਹਾਂ ਤੱਤਾਂ ਦਾ ਪ੍ਰਗਟਾਵਾ ਉਹ ਪੂਰਨ ਭਗਤ ਤੇ ਰਾਜਾ ਰਸਾਲੂ ਦੀ ਸਮਰੱਥਾ ਭਰਪੂਰ ਮਿੱਥ ਵਿਚੋਂ ਵੇਖਦਾ ਹੈ। ਪੂਰਨ ਸਥਾਪਤੀ ਤੇ ਅਨਰਥ ਦੇ ਵਿਰੋਧ ਦਾ ਪਰਚਮ ਬੁਲੰਦ ਕਰਦਿਆਂ ਭੋਗੀ ਨਾ ਹੋ ਕੇ ਜੋਗੀ ਹੋਣ ਨੂੰ ਤਰਜੀਹ ਦਿੰਦਾ ਹੈ। ਦੂਜੇ ਪਾਸੇ ਰਾਜਾ ਰਸਾਲੂ ਆਪਣੇ ਪਿਤਾ ਅਤੇ ਸਿਰਕੱਢ ਰਾਜੇ ਦੇ ਆਦਰਸ਼ਾਂ ਖ਼ਿਲਾਫ਼ ਜਲਾਵਤਨੀ ਸਹੇੜ ਲੈਂਦਾ ਹੈ।
ਪੰਜਾਬੀ ਸੱਭਿਆਚਾਰ ਦੇ ਮੂਲ ਤੱਤਾਂ ਦੀ ਨਿਸ਼ਾਨਦੇਹੀ ਨਾਲ ਸਬੰਧਿਤ ਕੁਝ ਹਵਾਲੇ ਡਾ. ਅਤਰ ਸਿੰਘ ਦੀ ਆਖ਼ਰੀ ਪੁਸਤਕ ‘ਸਾਹਿਤ ਸੰਵੇਦਨਾ’ ਦੇ ਪਹਿਲੇ ਲੇਖ ਵਿਚੋਂ ਵੀ ਵੇਖੇ ਜਾ ਸਕਦੇ ਹਨ। ਡਾ. ਅਤਰ ਸਿੰਘ ਦੇ ਇਸ ਮੱਤ ਨੂੰ ਵੀ ਰੇਖਾਂਕਿਤ ਕਰਨ ਦੀ ਲੋੜ ਹੈ ਕਿ ਇਤਿਹਾਸ ਵਿਚ ਕੁਝ ਉਹ ਦੁਖਾਂਤ ਵੀ ਵਾਪਰੇ ਜਿਹੜੇ ਸਾਡੇ ਸੱਭਿਆਚਾਰ ਦੇ ਅਖੰਡਿਤ ਬਿੰਬ ਦੀ ਉਸਾਰੀ ਵਿਚ ਗਤੀਰੋਧਕਾਂ ਦੀ ਭੂਮਿਕਾ ਵੀ ਨਿਭਾਉਂਦੇ ਰਹੇ ਅਤੇ ਪੰਜਾਬੀਅਤ ਦੇ ਸੰਕਲਪ ਨੂੰ ਆਪਣੇ ਪੂਰੇ ਪਾਸਾਰਾਂ ਤੇ ਬੁਲੰਦੀਆਂ ਦੇ ਜਲਾਲ ਵਿਚ ਪਨਪਣ/ਵਿਗਸਣ ਨਾ ਦਿੱਤਾ। ਅਜਿਹੇ ਵਿਰੋਧਾਭਾਸਾਂ ਦੀ ਨਿਸ਼ਾਨਦੇਹੀ ਉਹ ਭਾਰਤ ਦੇ ਬਸਤੀਵਾਦੀ ਦੌਰ ਵਿਚੋਂ ਕਰਦਾ ਹੈ। ਉਸ ਮੁਤਾਬਿਕ ਮੱਧਕਾਲ ਵਿਚ ਜਿਹੜਾ ਸਰੂਪ ਪੰਜਾਬੀਅਤ ਦਾ ਉਭਰ ਰਿਹਾ ਸੀ, ਅੰਗਰੇਜ਼ਾਂ ਨੇ ਇਸਲਾਮਿਕ, ਹਿੰਦੂ ਪਰੰਪਰਾਵਾਂ ਵਿਚਲੇ ਸਭਿਆਚਾਰਕ ਦਵੰਦਾਂ ਨੂੰ ਸੰਪਰਦਾਇਕ ਹਵਾ ਦੇ ਕੇ ਇਸ ਸਰੂਪ ਨੂੰ ਕਰੂਪ ਕਰ ਦਿੱਤਾ। ‘‘ਕੌਮ ਦੇ ਸੰਕਲਪ ਦਾ ਮੂਲ ਆਧਾਰ ਪਰੰਪਰਾ, ਧਰਮ ਅਤੇ ਬੋਲੀ ਦੀ ਉਹ ਸਾਂਝ ਹੈ ਜਿਹੜੀ ਭੂਗੋਲਿਕ ਇਕਾਗਰਤਾ ਤੇ ਰਾਜਨੀਤਕ ਏਕਤਾ ਦਾ ਰੂਪ ਧਾਰਨ ਕਰ ਸਕੇ।’’ ਪਰ ਧਰਮ ਦੀ ਹਨੇਰੀ ਨੇ ਪਰੰਪਰਾ ਅਤੇ ਬੋਲੀ ਦੇ ਬਿਰਛ ਉਖਾੜ ਦਿੱਤੇ। ਸਾਂਝੀ ਲੋਕਧਾਰਾ ਦਾ ਸਾਂਝਾ ਸੋਮਾ ਸੁੱਕ ਗਿਆ। ਪੰਜਾਬੀ ਕੌਮੀਅਤ ਦੇ ਮਹਿਲ ਵਿਚ ਤਰੇੜਾਂ ਪੈ ਗਈਆਂ ਜਿਸ ਕਰਕੇ ਭੂਗੋਲਿਕ ਤੇ ਰਾਜਨੀਤਕ ਇਕਾਗਰਤਾ ਤੇ ਏਕਤਾ ਖੇਰੂੰ-ਖੇਰੂੰ ਹੋ ਗਈ। ਫਲਸਰੂਪ ਅੱਜ ਸਾਡੇ ਕੋਲ ਇਕ ਦੀ ਥਾਂ ਤਿੰਨ ਪੰਜਾਬ ਹਨ: ਸਿੱਖ ਪੰਜਾਬ, ਹਿੰਦੂ ਪੰਜਾਬ (ਹਰਿਆਣਾ, ਹਿਮਾਚਲ, ਜੰਮੂ) ਅਤੇ ਮੁਸਲਿਮ ਪੰਜਾਬ (ਪਾਕਿਸਤਾਨ)। ਪਰਦੇਸੀ ਹੋਣਾ ਮੱਥੇ ਦੇ ਚਿੰਨ੍ਹ ਵਾਲੇ ਪੰਜਾਬੀ ਹੁਣ ਚੌਥਾ ਪਰਵਾਸੀ ਪੰਜਾਬ ਵਸਾ ਚੁੱਕੇ ਹਨ।
ਡਾ. ਅਤਰ ਸਿੰਘ ਨੇ ਪੰਜਾਬੀ ਸੱਭਿਆਚਾਰ ਦੇ ਮੂਲ ਲੱਛਣਾਂ ਦੀ ਤਲਾਸ਼ ਅਤੀਤ ਨੂੰ ਫੋਲਦਿਆਂ ਕੀਤੀ ਸੀ ਤੇ ਵਰਤਮਾਨ ਵਿਚ ਪਣਪੇ ਅੰਤਰ-ਵਿਰੋਧਾਂ ਦੇ ਨਿਵਾਰਕ ਵੀ ਸੁਝਾਏ ਸਨ। ਇਸ ਸੰਦਰਭ ਵਿਚ ਉਸ ਦੀ ਪੁਸਤਕ ‘ਸਮਦਰਸ਼ਨ’ ਵਿਚਲਾ ਲੇਖ ‘ਪੰਜਾਬੀ ਅਤੇ ਪੰਜਾਬੀਅਤ’ ਅਤੇ ਡਾ. ਕਰਨੈਲ ਸਿੰਘ ਥਿੰਦ ਦੀ ਸੰਪਾਦਿਤ ਪੁਸਤਕ ‘ਲੋਕਯਾਨ ਅਧਿਐਨ’ ਵਿਚ ਡਾ. ਅਤਰ ਸਿੰਘ ਦਾ ਨਿਬੰਧ ‘ਪੰਜਾਬੀ ਲੋਕਯਾਨ ਅਧਿਐਨ ਦੀਆਂ ਸਮੱਸਿਆਵਾਂ’ ਵਿਸ਼ੇਸ਼ ਤੌਰ ’ਤੇ ਦ੍ਰਿਸ਼ਟੀਗੋਚਰ ਕਰਨ ਦੀ ਲੋੜ ਹੈ।

ਸੰਪਰਕ: 94171-78487


Comments Off on ਨਾਮਵਰ ਆਲੋਚਕ ਤੇ ਚਿੰਤਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.