ਅਦਨਿਆਂ ਦੀ ਆਵਾਜ਼ ਅਤਰਜੀਤ !    ਘਿੱਕਾਂ ਪਾਸੇ ਵਾਲਾ ਧੰਨਾ ਸਿੰਘ !    ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼ !    ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ !    ਕੈਨੇਡਾ ਵਿਚ ਮਿਨੀ ਪੰਜਾਬ !    ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ !    ਆਪਣੀ ਮੱਝ ਦਾ ਦੁੱਧ !    ਕਾਵਿ ਕਿਆਰੀ !    ਜਦੋਂ ਮੈਨੂੰ ਪੁਰਸਕਾਰ ਮਿਲਿਆ! !    ਨਿਆਂ !    

ਨਾਦਿਆ ਨਦੀਮ: ਰਫਿਊਜੀ ਕੈਂਪ ਤੋਂ ਫੁਟਬਾਲ ਦੇ ਮੈਦਾਨ ਤਕ

Posted On June - 29 - 2019

ਸੁਖਵਿੰਦਰਜੀਤ ਸਿੰਘ ਮਨੌਲੀ
ਫੁਟਬਾਲ ਦੇ ਮੈਦਾਨ ਵਿਚ ਸੈਂਟਰ ਸਟਰਾਈਕਰ ਦੀ ਪੁਜ਼ੀਸ਼ਨ ‘ਤੇ ਖੇਡਣ ਵਾਲੀ ਨਾਦਿਆ ਨਦੀਮ ਦਾ ਜਨਮ 2 ਜਨਵਰੀ 1988 ’ਚ ਹੇਰਾਤ (ਅਫ਼ਗਾਨਿਸਤਾਨ) ਵਿਚ ਹੋਇਆ। ਨਾਦਿਆ ਦਾ ਪਿਤਾ ਅਫ਼ਗਾਨ ਫ਼ੌਜ ’ਚ ਮੇਜਰ ਜਰਨਲ ਦੇ ਅਹੁਦੇ ‘ਤੇ ਤਾਇਨਾਤ ਸੀ। ਨਾਦਿਆ ਜਦੋਂ 10 ਸਾਲ ਦੀ ਸੀ ਤਾਂ ਤਾਲਿਬਾਨ ਦੇ ਦਹਿਸ਼ਤਗਰਦਾਂ ਵਲੋਂ ਨਾਦਿਆ ਦੇ ਆਰਮੀ ਅਫ਼ਸਰ ਪਿਤਾ ਦੀ ਹੱਤਿਆ ਕਰ ਦਿੱਤੀ ਗਈ। ਪਿਤਾ ਦੀ ਮੌਤ ਤੋਂ ਬਾਅਦ ਵੀ ਤਾਲਿਬਾਨ ਦਹਿਸ਼ਤਗਰਦਾਂ ਵਲੋਂ ਨਾਦਿਆ ਦੀ ਮਾਂ ਨੂੰ ਪਰਿਵਾਰ ਸਣੇ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ। ਅਫ਼ਗਾਨਿਸਤਾਨ ਵਿਚ ਖੌਫ਼ਜ਼ਦਾ ਨਾਦਿਆ ਦਾ ਪਰਿਵਾਰ ਸ਼ਰਨਾਰਥੀ ਬਣ ਕੇ ਡੈਨਮਾਰਕ ਆ ਗਿਆ। ਡੈਨਮਾਰਕ ਵਿਚ ਨਾਦਿਆ ਨੂੰ ਆਪਣੀ ਮਾਂ ਨਾਲ ਰਿਫਿਊਜ਼ੀ ਕੈਂਪ ਵਿਚ ਰਹਿਣਾ ਪਿਆ। ਨਾਦਿਆ ਨੂੰ ਫੁਟਬਾਲ ਖੇਡਣ ਦੀ ਚੇਟਕ ਰਿਫਿਊਜ਼ੀ ਕੈਂਪ ਦੇ ਪਿੱਛਲੇ ਪਾਸੇ ਬੀ-52 ਅਲਬੋਰਗ ਫੁਟਬਾਲ ਅਕਾਡਮੀ ਦੇ ਗਰਾਸ ਰੂਟ ‘ਤੇ ਖੇਡਦੇ ਬੱਚਿਆਂ ਦੇਖਣ ਸਦਕਾ ਲੱਗੀ। ਨਾਦਿਆ ਦਾ ਮਨ ਵੀ ਫੁਟਬਾਲ ਖੇਡਣ ਨੂੰ ਕਰਦਾ, ਪਰ ਉਸ ਕੋਲ ਫੁਟਬਾਲ ਨਹੀਂ ਸੀ ਤੇ ਨਾ ਹੀ ਉਸ ਦੀ ਮਾਂ ਕੋਲ ਫੁਟਬਾਲ ਖ਼ਰੀਦਣ ਲਈ ਪੈਸੇ ਸਨ। ਫੁਟਬਾਲ ਖੇਡਣ ਵਿਚ ਦਿਲਚਸਪੀ ਰੱਖਣ ਸਦਕਾ ਨਾਦਿਆ ਰੋਜ਼ਾਨਾ ਸਮਾਂ ਕੱਢ ਕੇ ਅਕਾਦਮੀ ਦੇ ਬੱਚਿਆਂ ਨੂੰ ਫੁਟਬਾਲ ਖੇਡਦਿਆਂ ਦੇਖਣ ਲਗਾਤਾਰ ਜਾਂਦੀ ਰਹੀ। ਇਸ ਦੌਰਾਨ ਨਾਦਿਆ ਨੇ ਬੱਚਿਆਂ ਵਲੋਂ ਬੇਕਾਰ ਕੀਤੀ ਫੁਟਬਾਲ ਨਾਲ ਮੈਦਾਨ ਦੇ ਇਕ ਪਾਸੇ ਖੇਡਣਾ ਸ਼ੁਰੂ ਕਰ ਦਿੱਤਾ। ਨਾਦਿਆ ਦੀ ਫੁਟਬਾਲ ਖੇਡਣ ਦੀ ਕਲਾ ਤੋਂ ਪ੍ਰਭਾਵਿਤ ਹੋਏ ਅਕਾਦਮੀ ਦੇ ਕੋਚ ਨੇ ਨਾਦਿਆ ਨੂੰ ਪੁੱਛਿਆ ਕਿ ਕੀ ਉਹ ਫੁਟਬਾਲ ਖੇਡਣਾ ਚਾਹੁੰਦੀ ਹੈ। ਨਾਦਿਆ ਨੇ ਝੱਟ ਹਾਮੀ ਭਰ ਦਿੱਤੀ। ਇਸ ਦੇ ਨਾਲ ਹੀ ਨਾਦਿਆ ਨੇ ਅਕਾਡਮੀ ਦੇ ਕੋਚ ਨੂੰ ਦੱਸਿਆ ਕਿ ਉਸ ਕੋਲ ਸਪੋਰਟਸ ਬੂਟ ਖ਼ਰੀਦਣ ਲਈ ਪੈਸੇ ਨਹੀਂ ਹਨ। ਨਾਦਿਆ ਨੇ ਕੋਚ ਆਪਣੀ ਸਾਰੀ ਕਹਾਣੀ ਵਿਸਥਾਰ ਵਿਚ ਦੱਸਦਿਆਂ ਕਿਹਾ ਕਿ ਗ਼ਰੀਬੀ ਕਾਰਨ ਘਰ ਚਲਾਉਣ ਲਈ ਉਸ ਦੀ ਮਾਂ ਨੂੰ ਦਿਨ ਵਿਚ ਤਿੰਨ-ਤਿੰਨ ਨੌਕਰੀਆਂ ਕਰਨੀਆਂ ਪੈਂਦੀਆਂ ਹਨ। ਘਰੇਲੂ ਲੋੜਾਂ ਪੂਰੀਆਂ ਕਰਨ ਲਈ ਉਸ (ਨਾਦਿਆ) ਨੂੰ ਵੀ ਸਵੇਰੇ ਅਖਬਾਰ ਵੰਡਣ ਦਾ ਕੰਮ ਕਰਨਾ ਪੈਂਦਾ ਹੈ। ਕੋਚ ਦੀ ਮਿਹਰਬਾਨੀ ਸਦਕਾ ਨਾਦਿਆ ਨੂੰ ਬੱਚਿਆਂ ਨਾਲ ਫੁਟਬਾਲ ਖੇਡਣ ਦਾ ਮੌਕਾ ਨਸੀਬ ਹੋਇਆ। ਨਾਦਿਆ ਨਦੀਮ ਚੰਗਾ ਡਾਕਟਰ ਵੀ ਬਣਨ ਦਾ ਸੁਪਨਾ ਵੀ ਮਨ ‘ਚ ਸਮੋਈ ਬੈਠੀ ਸੀ।
19 ਸਾਲ ਦੀ ਉਮਰ ਵਿਚ ਖੇਡ ਸਿਲੈਕਟਰਾਂ ਵਲੋਂ ਨਾਦਿਆ ਦੀ ਡੈਨਮਾਰਕ ਦੀ ਕੌਮੀ ਟੀਮ ‘ਚ ਖੇਡਣ ਲਈ ਸਿਲੈਕਸ਼ਨ ਕੀਤੀ ਗਈ। ਨਾਦਿਆ ਨੇ ਡੈਨਮਾਰਕ ਦੀ ਫੁਟਬਾਲ ਐਸੋਸੀਏਸ਼ਨ ਤੋਂ ਡਾਕਟਰੀ ਦੀ ਪੜ੍ਹਾਈ ਲਈ ਸਮਾਂ ਮੰਗਿਆ ਪਰ ਕੋਚਿੰਗ ਕੈਂਪ ਵਲੋਂ ਨਾਦਿਆ ਨੂੰ ਫੁਟਬਾਲ ਖੇਡਣ ਤੇ ਡਾਕਟਰੀ ਦੀ ਪੜ੍ਹਾਈ ਵਿਚੋਂ ਕੋਈ ਇਕ ਚੁਣਨ ਦਾ ਮੌਕਾ ਦਿੱੱਤਾ ਗਿਆ। ਨਾਦਿਆ ਨੇ ਫੁਟਬਾਲ ਕੈਰੀਅਰ ਬਣਾਉਣ ਨੂੰ ਤਰਜ਼ੀਹ ਦਿੱਤੀ। 2009 ‘ਚ ਕੌਮੀ ਟੀਮ ‘ਚ ਬਰੇਕ ਮਿਲਣ ਤੋਂ ਬਾਅਦ ਨਾਦਿਆ ਰੈਗੂਲਰ ਡੈਨਮਾਰਕ ਦੀ ਕੌਮੀ ਟੀਮ ਨੁਮਾਇੰਦਗੀ ਵਿਚ ਕੌਮਾਂਤਰੀ ਪੱਧਰ ’ਤੇ ਫੁਟਬਾਲ ਖੇਡ ਰਹੀ ਹੈ। 10 ਸਾਲਾ ਕਰੀਅਰ ‘ਚ ਖੇਡੇ 85 ਕੌਮਾਂਤਰੀ ਮੈਚਾਂ ‘ਚ 29 ਗੋਲ ਆਪਣੇ ਖਾਤੇ ‘ਚ ਜਮ੍ਹਾਂ ਕਰਨ ਦਾ ਕਮਾਲ ਨਾਦਿਆ ਕਰ ਚੁੱਕੀ ਹੈ। ਫਰਾਂਸੀਸੀ ਸੌਕਰ ਕਲੱਬ ਪੈਰਿਸ ਸੇਂਟ ਜਰਮੇਨ ਦੇ ਟੀਮ ‘ਚ ਸ਼ਾਮਲ ਹੋਣ ਤੋਂ ਪਹਿਲਾਂ ਨਾਦਿਆ ਨਦੀਮ ਸਕਾਈ ਬਲੂ ਐਫਸੀ, ਪੋਰਟਲੈਂਡ ਥੋਰਨਸ ਐਫਸੀ ਅਤੇ ਇੰਗਲਿਸ਼ ਫੁਟਬਾਲ ਕਲੱਬ ਮੈਨਚੈਸਟਰ ਸਿਟੀ ਦੀਆਂ ਟੀਮਾਂ ਲਈ ਵੀ ਪ੍ਰੋਫੈਸ਼ਨਲ ਫੁਟਬਾਲ ਲੀਗਜ਼ ਖੇਡਣ ਦਾ ਕਰਿਸ਼ਮਾ ਕਰ ਚੁੱਕੀ ਹੈ। ਫਰਾਂਸ ਦੇ ਪ੍ਰਸਿੱਧ ਸੌਕਰ ਕਲੱਬ ਪੈਰਿਸ ਸੇਂਟ ਜਰਮੇਨ ਦੀ ਟੀਮ ਲਈ ਪੇਸ਼ੇਵਾਰਾਨਾ ਫੁਟਬਾਲ ਲੀਗ ਖੇਡਣ ਵਾਲੀ ਨਾਦਿਆ ਨੂੰ ਯੂਈਐਫਏ ਵਿਮੈਨ ਚੈਂਪੀਅਨਸ਼ਿਪ ‘ਚ ਉਪ ਜੇਤੂ ਡੈਨਿਸ ਟੀਮ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਹੈ। ਨਾਦਿਆ ਡੈਨਮਾਰਕ ਦੀ ਕੌਮੀ ਫੁਟਬਾਲ ਟੀਮ ਵਲੋਂ ਖੇਡਣ ਵਾਲੀ ਪਹਿਲੀ ਸ਼ਰਨਾਰਥੀ ਖਿਡਾਰਨ ਹੈ। ਫੁਟਬਾਲ ਖੇਡਣ ਪ੍ਰਤੀ ਲਗਨ ਨੂੰ ਦੇਖਦਿਆਂ ਨਾਦਿਆ ਨੂੰ ਫੁਟਬਾਲ ਐਸੋਸੀਏਸ਼ਨ ਨੇ ਡਾਕਟਰੀ ਦੀ ਡਿਗਰੀ ਦੀ ਇਜਾਜ਼ਤ ਵੀ ਦੇ ਦਿੱਤੀ।
ਮੁਸਲਿਮ ਪਰਿਵਾਰ ‘ਚ ਜਨਮੀ ਨਾਦਿਆ ਡੈਨਮਾਰਕ ਦੀ ਸਰਵੋਤਮ ਨੈਸ਼ਨਲ ਫੁਟਬਾਲਰ ਨਾਮਜ਼ਦ ਹੋਣ ਦੇ ਨਾਲ-ਨਾਲ ਮੈਡੀਕਲ ਯੂਨੀਵਰਸਿਟੀ ਅਰਹੁਸ ਤੋਂ ਡਾਕਟਰੀ ਦੀ ਡਿਗਰੀ ਹਾਸਲ ਕਰ ਚੁੱਕੀ ਹੈ। ਫੁਟਬਾਲ ਦੀ ਪਾਰੀ ਖੇਡਣ ਤੋਂ ਬਾਅਦ ਨਾਦਿਆ ਸਰਜਨ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ। ਨਾਦਿਆ ਨੂੰ ਨੌਂ ਭਾਸ਼ਾਵਾਂ ਲਿਖਣ ਅਤੇ ਬੋਲਣ ਦੀ ਮੁਹਾਰਤ ਹਾਸਲ ਹੈ।
ਡੈਨਮਾਰਕ ਦੀ ਮਹਿਲਾ ਸੌਕਰ ਟੀਮ ਇਸ ਵਾਰ ਫਰਾਂਸ ਵਿਚ ਖੇਡੇ ਜਾ ਰਹੇ ਵਿਮੈਨ ਵਿਸ਼ਵ ਫੁਟਬਾਲ ਕੱਪ ਲਈ ਕੁਆਲੀਫਾਈ ਨਹੀਂ ਕਰ ਸਕੀ ਹੈ। ਮਹਿਲਾ ਫੁਟਬਾਲ ਵਿਸ਼ਵ ਕੱਪ ਦੇ ਕੁਆਲੀਫਿਕੇਸ਼ਨ ਮੁਕਾਬਲਿਆਂ ਦੌਰਾਨ ਡੈਨਮਾਰਕ ਦੀ ਮਹਿਲਾ ਟੀਮ ਦੀਆਂ ਖਿਡਾਰਨਾਂ ਵਲੋਂ ਪੁਰਸ਼ ਖਿਡਾਰੀਆਂ ਦੇ ਬਰਾਬਰ ਵੇਤਨ ਅਤੇ ਭੱਤਿਆਂ ਦੀ ਮੰਗ ਕੀਤੀ ਗਈ ਸੀ। ਪਰ ਉਨ੍ਹਾਂ ਦੀ ਇਹ ਮੰਗ ਡੈਨਮਾਰਕ ਫੁਟਬਾਲ ਐਸੋਸੀਏਸ਼ਨ ਵਲੋਂ ਨਹੀਂ ਮੰਨੇ ਜਾਣ ਸਦਕਾ ਮਹਿਲਾ ਖਿਡਾਰਨਾਂ ਵਲੋਂ ਸਾਲ-2108 ਵਿਚ ਸਵੀਡਨ ਦੀ ਮਹਿਲਾ ਟੀਮ ਨਾਲ ਕੁਆਲੀਫਿਕੇਸ਼ਨ ਮੈਚ ਇਸ ਕਰੇ ਨਹੀਂ ਖੇਡਿਆ ਗਿਆ, ਕਿਉਂਕਿ ਕੌਮੀ ਟੀਮ ਦੀ ਸਾਰੀਆਂ ਮਹਿਲਾ ਫੁਟਬਾਲ ਖਿਡਾਰਨਾਂ ਵੇਤਨ ਅਤੇ ਭੱਤਿਆਂ ਦੀ ਮੰਗ ਨੂੰ ਲੈ ਕੇ ਹੜਤਾਨ ਉਤੇ ਸਨ। ਇਸ ਕਰਕੇ ਡੈਨਮਾਰਕ ਦੀ ਮਹਿਲਾ ਫੁਟਬਾਲ ਟੀਮ ਕੁਆਲੀਫਿਕੇਸ਼ਨ ਗਰੁੱਪ ਵਿਚ ਤੀਜੇ ਸਥਾਨ ’ਤੇ ਰਹਿਣ ਕਾਰਨ ਸਾਲ-2019 ‘ਚ ਜੂਨ ਮਹੀਨੇ ਖੇਡੇ ਜਾ ਰਹੇ ਮਹਿਲਾ ਸੰਸਾਰ ਫੁਟਬਾਲ ਕੱਪ ਖੇਡਣ ਲਈ ਕੁਆਲੀਫਾਈ ਨਹੀਂ ਕਰ ਸਕੀ। ਡੈਨਮਾਰਕ ਦੀਆਂ ਸਾਰੀਆਂ ਮਹਿਲਾ ਕੌਮੀ ਫੁਟਬਾਲ ਖਿਡਾਰਨਾਂ ਪੁਰਸ਼ ਫੁਟਬਾਲ ਖਿਡਾਰੀਆਂ ਦੇ ਬਰਾਬਰ ਵੇਤਨ ਅਤੇ ਭੱਤੇ ਲੈਣ ਲਈ ਡੈਨਿਸ ਫੁਟਬਾਲ ਐਸੋਸੀਏਸ਼ਨ ਖ਼ਿਲਾਫ਼ ਡਟੀਆਂ ਹੋਈਆਂ ਹਨ।
ਸੰਪਰਕ: 94171-82993


Comments Off on ਨਾਦਿਆ ਨਦੀਮ: ਰਫਿਊਜੀ ਕੈਂਪ ਤੋਂ ਫੁਟਬਾਲ ਦੇ ਮੈਦਾਨ ਤਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.