ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    ਹਾਂਗਕਾਂਗ ਓਪਨ: ਸਿੰਧੂ ਜਿੱਤੀ, ਸਾਇਨਾ ਹਾਰੀ !    ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    

‘ਨਾਂਹ’ ਕਹਿਣ ਦਾ ਹੁਨਰ

Posted On June - 29 - 2019

ਗੁਰਪ੍ਰੀਤ ਕੌਰ ਚਹਿਲ

ਸਾਡਾ ਪਹਿਰਾਵਾ, ਬੋਲਚਾਲ ਦਾ ਸਲੀਕਾ, ਕੰਮ ਕਰਨ ਦਾ ਢੰਗ, ਚਿਹਰੇ ਦੇ ਹਾਵ-ਭਾਵ ਆਦਿ ਅਜਿਹੇ ਪਹਿਲੂ ਹਨ ਜੋ ਸਾਡੀ ਸ਼ਖ਼ਸੀਅਤ ਦੀ ਉਸਾਰੀ ਵਿਚ ਅਹਿਮ ਰੋਲ ਅਦਾ ਕਰਦੇ ਹਨ। ਇਕ ਹੋਰ ਹੁਨਰ ਜੋ ਸ਼ਖ਼ਸੀਅਤ ਨਿਰਮਾਣ ਵਿਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ- ਉਹ ਹੈ ‘ਨਾਂਹ’ ਕਹਿਣ ਦਾ ਹੁਨਰ। ਅਕਸਰ ਹੀ ਅਸੀਂ ਡਰ ਜਾਂ ਝਿਜਕ ਕਾਰਨ ਹਰ ਕੰਮ ਲਈ ‘ਹਾਂ’ ਹੀ ਕਰਦੇ ਰਹਿੰਦੇ ਹਾਂ। ਅਸੀਂ ਸੋਚਦੇ ਹਾਂ ਕਿ ਅਜਿਹਾ ਕਰਨ ਨਾਲ ਅਪਣੱਤ ਵਧੇਗੀ ਅਤੇ ਸਬੰਧ ਸੁਖਾਵੇਂ ਹੋਣਗੇ, ਪਰ ਇੰਜ ਬਿਲਕੁਲ ਨਹੀਂ ਹੁੰਦਾ। ਹਮੇਸ਼ਾਂ ਹਾਂ ਕਰਦੇ ਰਹਿਣ ਨਾਲ ਸਾਨੂੰ ਹਰ ਕੋਈ ਦਬਾਉਣ ਦੀ ਕੋਸ਼ਿਸ਼ ਕਰੇਗਾ। ਨਾਜਾਇਜ਼ ਫਰਮਾਇਸ਼ਾਂ ਮੰਨਣ ਅਤੇ ਹਰ ਕਿਸੇ ਨੂੰ ਹਾਂ ਕਹਿਣ ਦੀ ਆਦਤ ਸਾਨੂੰ ਜੀਵਨ ਵਿਚ ਨਿਪੁੰਨ ਜਾਂ ਹਰਮਨ-ਪਿਆਰਾ ਨਹੀਂ, ਸਗੋਂ ਡਰਪੋਕ ਅਤੇ ਕਮਜ਼ੋਰ ਸ਼ਖ਼ਸੀਅਤ ਵਾਲਾ ਇਨਸਾਨ ਬਣਾਉਂਦੀ ਹੈ।
ਸਾਡੇ ਵਿਚ ਆਪਣੀ ਰਾਇ ਨੂੰ ਖੁੱਲ੍ਹ ਕੇ ਪ੍ਰਗਟਾਉਣ ਦੀ ਦਲੇਰੀ ਹੋਣੀ ਚਾਹੀਦੀ ਹੈ। ਠੀਕ ਨੂੰ ‘ਹਾਂ’ ਅਤੇ ਗ਼ਲਤ ਨੂੰ ‘ਨਾਂਹ’ ਕਹਿਣ ਦੀ ਨਿਡਰਤਾ ਸਾਡੇ ਸਵੈਮਾਣ ਨੂੰ ਵਧਾਉਂਦੀ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਵੱਖਰੀ ਪਛਾਣ ਹੋਵੇ ਤਾਂ ਸਾਡੀ ਆਪਣੇ ਆਪ ਬਾਰੇ ਰਾਇ ਸਵੱਛ ਹੋਣੀ ਚਾਹੀਦੀ ਹੈ। ਸਾਡੇ ਕਾਰਜਾਂ ਵਿਚੋਂ ਸੁਤੰਤਰਤਾ ਝਲਕਣੀ ਚਾਹੀਦੀ ਹੈ। ਹਰ ਵੇਲੇ ਹਾਂ ਜਾਂ ਨਾਂਹ ਦੀ ਦੁਚਿਤੀ ਵਿਚ ਰਹਿਣ ਵਾਲਾ ਵਿਅਕਤੀ ਦੱਬੂ ਸ਼ਖ਼ਸੀਅਤ ਵਾਲਾ ਬਣ ਜਾਂਦਾ ਹੈ। ਬਹੁਗਿਣਤੀ ਲੋਕ ਸੋਚਦੇ ਹਨ ਕਿ ਨਾਂਹ ਕਹਿਣ ਨਾਲ ਲੋਕੀਂ ਰੁੱਸ ਜਾਂਦੇ ਹਨ। ਸੱਚਾਈ ਤਾਂ ਇਹ ਹੈ ਕਿ ਹਾਂ ਜਾਂ ਨਾਂਹ ਦੀ ਦਲੇਰੀ ਪ੍ਰਗਟਾਉਣ ਵਾਲੇ ਲੋਕ ਸਾਧਾਰਨ ਹੁੰਦਿਆਂ ਵੀ ਆਪਣੇ ਦਾਇਰੇ ਵਿਚ ਵੱਖਰੀ ਪਛਾਣ ਰੱਖਦੇ ਹਨ। ਹਮੇਸ਼ਾ ਹਾਂ ਕਹਿਣ ਨਾਲ ਅਸੀਂ ਅਣਚਾਹੇ ਵਰਤਾਰੇ, ਸਮੇਂ ਅਤੇ ਮਨੋਬਲ ਨੂੰ ਨਸ਼ਟ ਕਰਨ ਵਾਲੇ ਚੱਕਰਵਿਊ ਵਿਚ ਫਸ ਜਾਂਦੇ ਹਾਂ। ਕੁਝ ਲੋਕ ਆਪਣੀ ਕੰਮ-ਕਾਜ ਵਾਲੀ ਥਾਂ ਜਾਂ ਦਫ਼ਤਰ ਵਿਚ ਆਪਣੇ ਸੀਨੀਅਰ ਨੂੰ ਕਿਸੇ ਕੰਮ ਲਈ ਇਸ ਕਰਕੇ ਨਾਂਹ ਨਹੀਂ ਕਰਦੇ, ਕਿਉਂਕਿ ਉਨ੍ਹਾਂ ਨੂੰ ਨੌਕਰੀ ਤੋਂ ਕੱਢੇ ਜਾਣ ਦਾ ਡਰ ਲੱਗਿਆ ਰਹਿੰਦਾ ਹੈ। ਅਜਿਹੀ ਡਰਪੋਕ ਤਬੀਅਤ ਦੇ ਵਿਅਕਤੀ ਅਕਸਰ ਹੀ ਗ਼ੈਰ-ਜ਼ਰੂਰੀ ਕੰਮਾਂ ਦੇ ਬੋਝ ਥੱਲੇ ਦੱਬਦੇ ਚਲੇ ਜਾਂਦੇ ਹਨ। ਇੱਥੇ ਨਾਂਹ ਕਹਿਣ ਦਾ ਅਰਥ ਹੁਕਮਾਂ ਦੀ ਉਲੰਘਣਾ ਕਰਨਾ ਹਰਗਿਜ਼ ਨਹੀਂ ਹੈ। ਸਗੋਂ ਤੁਹਾਡੀ ਦੱਬੂ ਸ਼ਖ਼ਸੀਅਤ ਦਾ ਲਾਹਾ ਲੈਂਦਿਆਂ ਸੌਂਪੇ ਗਏ ਗ਼ੈਰ-ਜ਼ਰੂਰੀ ਕੰਮਾਂ ਨੂੰ ਮਨ੍ਹਾਂ ਕਰਨਾ ਹੈ।
ਨਾਂਹ ਕਹਿਣ ਵਾਸਤੇ ਵਧੇਰੇ ਤਾਕਤ, ਤਿਆਗ, ਦ੍ਰਿੜਤਾ ਤੇ ਸਵੈਮਾਣ ਦੀ ਲੋੜ ਹੁੰਦੀ ਹੈ। ਇਸ ਕਰਕੇ ਨਾਂਹ ਕਹਿਣੀ ਔਖੀ ਹੁੰਦੀ ਹੈ। ਨਾਂਹ ਕਹਿਣ ਦਾ ਅਭਿਆਸ ਹੈ ਤਾਂ ਜ਼ਰਾ ਕੁ ਔਖਾ, ਪਰ ਆਪਣੇ ਸਵੈਮਾਣ ’ਤੇ ਕਾਇਮ ਰਹਿੰਦਿਆਂ ਗ਼ਲਤ ਕੰਮ ਨੂੰ ਕੀਤੀ ਗਈ ਨਾਂਹ ਸਾਡੀ ਸ਼ਖ਼ਸੀਅਤ ਨੂੰ ਰੋਅਬਦਾਰ ਤੇ ਪ੍ਰਭਾਵਸ਼ਾਲੀ ਬਣਾ ਦੇਵੇਗੀ। ਕੁਝ ਲੋਕਾਂ ਦੀ ਪਛਾਣ ਵਿਲੱਖਣ ਹੁੰਦੀ ਹੈ। ਉਨ੍ਹਾਂ ਦੀ ਸ਼ਖ਼ਸੀਅਤ ਦਾ ਕੱਦ ਹੋਰਨਾਂ ਨਾਲੋਂ ਉਚੇਰਾ ਹੁੰਦਾ ਹੈ। ਅਜਿਹੇ ਵਿਅਕਤੀ ਭੀੜ ਦਾ ਭਾਗ ਨਹੀਂ ਹੁੰਦੇ। ਉਨ੍ਹਾਂ ਦੀ ਹਾਂ ਜਾਂ ਨਾਂਹ ਵਿਚ ਤਾਕਤ ਹੁੰਦੀ ਹੈ। ਆਪਣੇ ਵਿਸ਼ੇ ਵਿਚ ਨਿਪੁੰਨਤਾ ਅਤੇ ਸ਼ਖ਼ਸੀਅਤ ਵਿਚ ਸੁਖਾਵਾਂ ਰੋਹਬ ਰੱਖਣ ਵਾਲੇ ਅਧਿਆਪਕਾਂ ਦਾ ਵਿਦਿਆਰਥੀ ਕੇਵਲ ਸਨਮਾਨ ਹੀ ਨਹੀਂ ਕਰਦੇ, ਸਗੋਂ ਉਨ੍ਹਾਂ ਨੂੰ ਸਿਜਦਾ ਵੀ ਕਰਦੇ ਹਨ। ਸਵੈਮਾਣ ਨਾਲ ਭਰਪੂਰ ਸ਼ਖ਼ਸੀਅਤ ਵਾਲੇ ਵਿਅਕਤੀ ਆਪਣੀ ਸਿਆਣਪ ਤੇ ਲਿਆਕਤ ਨਾਲ ਕੀਤੀ ਗਈ ਨਾਂਹ ਨਾਲ ਆਪਣਾ ਕੱਦ-ਬੁੱਤ ਹੋਰ ਉਚੇਰਾ ਕਰ ਲੈਂਦੇ ਹਨ। ਨਾਂਹ ਨੂੰ ਕਦੇ ਵੀ ਨਾਕਾਰਾਤਮਕ ਨਜ਼ਰੀਏ ਤੋਂ ਨਹੀਂ ਵੇਖਣਾ ਚਾਹੀਦਾ ਕਿਉਂਕਿ ਹਰ ਸੰਕਲਪ ਦੇ ਦੋ ਪਹਿਲੂ ਸਾਕਾਰਾਤਮਕ ਤੇ ਨਾਕਾਰਾਤਮਕ ਹੁੰਦੇ ਹਨ। ਬਸ ਜ਼ਰੂਰਤ ਹੈ ਸਾਕਾਰਾਤਮਕ ਨੂੰ ਚੁਣਨ ਦੀ। ਸਫਲਤਾ ਦੇ ਅਰਥ ਵੀ ਹਾਰ ਮੰਨਣ ਪ੍ਰਤੀ ਕੀਤੀ ਗਈ ਨਾਂਹ ਤੋਂ ਹੀ ਹੁੰਦੇ ਹਨ। ਜਿਸ ਨੂੰ ਅਸੀਂ ਮਿਹਨਤ ਨਾਲ ਹਾਂ ਵਿਚ ਬਦਲ ਸਕਦੇ ਹਾਂ।
ਅਕਸਰ ਅਸੀਂ ਵੇਖਦੇ ਹਾਂ ਕਿ ਵਿਆਹ ਦਾ ਰਿਸ਼ਤਾ ਗੰਢਣ ਵੇਲੇ ਕੁੜੀਆਂ ਅਕਸਰ ਆਪਣੀ ਮਰਜ਼ੀ ਵਿਰੁੱਧ ਪਰਿਵਾਰਕ ਅਤੇ ਸਮਾਜਿਕ ਦਬਾਅ ਕਾਰਨ ਨਾਂਹ ਨਹੀਂ ਕਹਿ ਸਕਦੀਆਂ। ਅਜਿਹਾ ਸਾਡੇ ਸਮਾਜਿਕ ਤਾਣੇ-ਬਾਣੇ ਦੀ ਬਦੌਲਤ ਕੁੜੀਆਂ ਵਿਚ ਸਵੈਮਾਣ ਦੀ ਅਣਹੋਂਦ ਕਾਰਨ ਵਾਪਰਦਾ ਹੈ। ਵਿਕਸਤ ਦੇਸ਼ਾਂ ਵਿਚ ਇਸਤਰੀ ਲਈ ਵਿਆਹ ਨਾਲੋਂ ਸਵੈਮਾਣ ਵਧੇਰੇ ਕੀਮਤੀ ਹੈ। ਇਸੇ ਕਰਕੇ ਵਿਦੇਸ਼ੀ ਇਸਤਰੀ ਭਾਰਤੀ ਨਾਰੀ ਨਾਲੋਂ ਵਧੇਰੇ ਸੁਤੰਤਰ ਤੇ ਮਜ਼ਬੂਤ ਹੈ।
ਕੱਟੜ ਧਰਮੀ ਅਤੇ ਕਮਜ਼ੋਰ ਸਮਾਜਾਂ ਵਿਚ ਨਵੀਨਤਾ ਪ੍ਰਤੀ ਦ੍ਰਿਸ਼ਟੀਕੋਣ ਅਕਸਰ ਨਾਂਹ-ਪੱਖੀ ਹੁੰਦਾ ਹੈ ਜੋ ਕਿ ਗ਼ਲਤ ਵਰਤਾਰਾ ਹੈ। ਅਜਿਹੇ ਵਰਤਾਰੇ ਸਮਾਜ ਦੀ ਸ਼ਕਤੀ ਤੇ ਸਮਰੱਥਾ ਨੂੰ ਖੋਰਾ ਲਗਾਉਂਦੇ ਹਨ। ਕਈ ਸੰਦਰਭਾਂ ਵਿਚ ਸਾਡੀ ਨਾਂਹ, ਹਾਂ ਵਿਚ ਬਦਲ ਜਾਂਦੀ ਹੈ।
ਸੋ ਸੁਤੰਤਰ, ਹਾਜ਼ਰ-ਜਵਾਬ, ਮਜ਼ਬੂਤ, ਪ੍ਰਭਾਵਸ਼ਾਲੀ ਤੇ ਸਵੈਮਾਣ ਨਾਲ ਭਰਪੂਰ ਸ਼ਖ਼ਸੀਅਤ ਦੀ ਉਸਾਰੀ ਲਈ ਸਹੀ ਨੂੰ ਹਾਂ ਤੇ ਗ਼ਲਤ ਨੂੰ ਨਾਂਹ ਕਹਿਣ ਦਾ ਸਾਹਸ ਹੋਣਾ ਲਾਜ਼ਮੀ ਹੈ ਤਾਂ ਹੀ ਸਾਡੀ ਪਛਾਣ ਭੀੜ ਦਾ ਹਿੱਸਾ ਨਹੀਂ, ਸਗੋਂ ਭੀੜ ਤੋਂ ਵਿਲੱਖਣ ਤੇ ਉਚੇਰੀ ਹੋਵੇਗੀ।

ਸੰਪਰਕ : 90565-26703


Comments Off on ‘ਨਾਂਹ’ ਕਹਿਣ ਦਾ ਹੁਨਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.