ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਨਸ਼ਾ ਮੁਕਤੀ: ਯਤਨ ਅਨੇਕ, ਸਿੱਟਾ ਜ਼ੀਰੋ

Posted On June - 4 - 2019

ਸਤਨਾਮ ਚਾਨਾ

ਨਸ਼ਿਆਂ ਨੇ ਹੁਣ ਤਕ ਪੰਜਾਬ ਦਾ ਕਿੰਨਾ ਨੁਕਸਾਨ ਕਰ ਦਿੱਤਾ ਹੈ, ਇਸ ਦਾ ਪਤਾ ਕੁਝ ਦਹਾਕੇ ਠਹਿਰਕੇ ਲੱਗੇਗਾ। ਪੰਜਾਬ ਉਸ ਆਫ਼ਤ ਦੀ ਸਿਖਰਲੀ ਮੰਜ਼ਿਲ ਵੱਲ ਚੜ੍ਹਦਾ ਜਾ ਰਿਹਾ ਹੈ ਅਤੇ ‘ਰੋਕੋ ਰੋਕੋ’ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਹਨ। ਪੰਜਾਬ ਨੂੰ ਕਾਨੂੰਨ ਦੇ ਡੰਡੇ ਨਾਲ ਨਸ਼ਾ ਮੁਕਤ ਕਰਨ ਦੇ ਵਾਅਦੇ ਤੇ ਦਾਅਵੇ ਵੀ ਸੁਣਾਈ ਦਿੰਦੇ ਰਹਿੰਦੇ ਹਨ ਅਤੇ ਯਤਨ ਹੁੰਦੇ ਵੀ ਦਿਖਦੇ ਰਹਿੰਦੇ ਹਨ, ਪਰ ਜਦੋਂ ਕੋਈ ਸਿੱਟਾ ਦਿਖਾਈ ਨਹੀਂ ਦਿੰਦਾ ਤਾਂ ਹਾਕਮਾਂ ਦੀ ਸੁਹਿਰਦਤਾ ਸ਼ੱਕੀ ਹੋ ਜਾਂਦੀ ਹੈ।
ਅਸੀਂ ਆਪਣੇ ਅਣਯਥਾਰਥਕ ਅੰਦਾਜ਼ਿਆਂ ਨੂੰ ਨਸ਼ਿਆਂ ਦੇ ਮੁੱਖ ਕਾਰਨ ਸਮਝ ਲਿਆ ਹੈ, ਭਾਵੇਂ ਕਿ ਉਨ੍ਹਾਂ ਕਾਰਨਾਂ ਦੀ ਅੰਸ਼ਿਕ ਭੂਮਿਕਾ ਜ਼ਰੂਰ ਹੈ। ਅਸੀਂ ਸਮਝਦੇ ਹਾਂ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਬੁਰਾਈ ਬਾਰੇ ਜਾਗਰੂਕ ਨਹੀਂ ਕੀਤਾ ਗਿਆ। ਇਸ ਦੀ ਪਹਿਲੀ ਜ਼ਿੰਮੇਵਾਰੀ ਮਾਪਿਆਂ ਦੀ ਹੁੰਦੀ ਹੈ ਅਤੇ ਦੂਜੀ ਅਧਿਆਪਕਾਂ ਦੀ। ਕਈ ਬੁੱਧੀਜੀਵੀ ਇਸਨੂੰ ਸੋਚੀ ਸਮਝੀ ਸਾਜ਼ਿਸ਼ ਦੱਸਦੇ ਹਨ ਜੋ ਮਾਰਸ਼ਲ ਕੌਮ ਨੂੰ ਖ਼ਤਮ ਕਰਨ ਲਈ ਘੜੀ ਗਈ ਹੈ। ਇਕ ਧਾਰਨਾ ਇਹ ਵੀ ਹੈ ਕਿ ਜਿਹੜੀ ਸਰਕਾਰ ਖ਼ੁਦ ਸ਼ਰਾਬ ਵੇਚਣ ਦਾ ਧੰਦਾ ਕਰਦੀ ਹੈ ਉਹ ਨਸ਼ੇ ਖ਼ਤਮ ਕਰਨ ਪ੍ਰਤੀ ਸੰਜੀਦਾ ਕਿਵੇਂ ਹੋ ਸਕਦੀ ਹੈ? ਸ਼ਰਾਬ ਅਤੇ ਤੰਬਾਕੂ ਹੀ ਤਾਂ ਸਾਰੇ ਨਸ਼ਿਆਂ ਦੀ ਜੜ ਲਾਉਂਦੇ ਹਨ। ਪ੍ਰਸ਼ਾਸਨ ਦੇ ਸਹਿਯੋਗ ਤੋਂ ਬਿਨਾਂ ਜੇਲ੍ਹਾਂ ਅੰਦਰ ਨਸ਼ਾ ਕਿਵੇਂ ਪ੍ਰਵੇਸ਼ ਕਰ ਸਕਦਾ ਹੈ? ਇਹ ਅੰਦਾਜ਼ੇ ਐਵੇਂ ਤਾਂ ਹੋਂਦ ਵਿਚ ਨਹੀਂ ਆਏ। ਕਿਸੇ ਨਾ ਕਿਸੇ ਦ੍ਰਿਸ਼ਟੀਕੋਣ ਤੋਂ ਇਨ੍ਹਾਂ ਦੀ ਭੂਮਿਕਾ ਜ਼ਰੂਰ ਹੈ, ਪਰ ਮੂਲ ਕਾਰਨ ਤਕ ਤਾਂ ਹੀ ਪਹੁੰਚ ਸਕਾਂਗੇ ਜੇਕਰ ਇਹ ਜਾਣ ਜਾਵਾਂਗੇ ਕਿ ਸਮੱਸਿਆ ਸਮਾਜਿਕ ਹੈ ਜਾਂ ਮਾਨਸਿਕ, ਪ੍ਰਸ਼ਾਸਨਿਕ ਹੈ ਜਾਂ ਆਰਥਿਕ।
ਅਸਲੀਅਤ ਦੇ ਨੇੜੇ ਪਹੁੰਚਣ ਲਈ ਸਾਨੂੰ ਥੋੜ੍ਹਾ ਪਿੱਛੇ ਜਾਣਾ ਪਵੇਗਾ ਜਦੋਂ ਰਵਾਇਤੀ ਨਸ਼ਿਆਂ ਨੂੰ ਸੋਧ ਕੇ ਉਨ੍ਹਾਂ ਦੀ ਗੁਣਵੱਤਾ ਨੂੰ ਕਈ ਜ਼ਰਬਾਂ ਦੇ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਸਿਹਤ ਕਲਿਆਣ ਲਈ ਦਵਾਈਆਂ ਵਜੋਂ ਇਸਤੇਮਾਲ ਕੀਤਾ ਜਾਣ ਲੱਗਾ। ਇਹ ਸਮਾਂ ਉੱਨ੍ਹੀਵੀਂ ਸਦੀ ਦਾ ਤਕਰੀਬਨ ਆਰੰਭ ਹੀ ਸੀ ਜਦੋਂ ਅਫ਼ੀਮ ਦੀ ਕਾਇਆਕਲਪ ਕਰਕੇ ਮੌਰਫੀਨ ਬਣਾ ਲਈ ਗਈ। ਮੌਰਫੀਨ ਸਿਹਤ ਕਲਿਆਣ ਲਈ ਕ੍ਰਾਂਤੀਕਾਰੀ ਛਲਾਂਗ ਸੀ। ਇਸਨੂੰ ਇਕ ਤਰ੍ਹਾਂ ਨਾਲ ਸੰਜੀਵਨੀ ਹੀ ਸਮਝਿਆ ਜਾਣ ਲੱਗਾ ਸੀ, ਪਰ ਜਿਵੇਂ ਕਿ ਮਨੁੱਖ ਵਿਗਿਆਨ ਦੀਆਂ ਲੱਭਤਾਂ ਦਾ ਆਪਣੇ ਹੀ ਖਿਲਾਫ਼ ਦੁਰਉਪਯੋਗ ਕਰਨਾ ਗਿੱਝ ਗਿਆ ਹੈ ਉਵੇਂ ਹੀ ਉਸਨੇ ਮੌਰਫੀਨ ਦੀ ਈਜਾਦ ਨਾਲ ਵੀ ਕੀਤਾ। ਇਸ ਤਰ੍ਹਾਂ ਨਸ਼ੀਲੇ ਪੌਦਿਆਂ ਤੋਂ ਤਰ੍ਹਾਂ ਤਰ੍ਹਾਂ ਦੇ ਅਜਿਹੇ ਪਦਾਰਥ ਵੀ ਬਣਨ ਲੱਗੇ ਜਿਨ੍ਹਾਂ ਦਾ ਦਵਾਈਆਂ ਨਾਲ ਕੋਈ ਵਾਸਤਾ ਹੀ ਨਹੀਂ ਸੀ।
ਭੂਗੋਲਿਕ ਤੌਰ ’ਤੇ ਜਿੱਥੇ ਅਸੀਂ ਬੈਠੇ ਹਾਂ ਉਸਦੇ ਪੂਰਬੀ ਅਤੇ ਪੱਛਮੀ ਖਿੱਤਿਆਂ ਵਿਚ ਵਿਸ਼ਵ ਦਾ ਅੱਸੀ ਪ੍ਰਤੀਸ਼ਤ ਨਸ਼ਾ ਪੈਦਾ ਹੁੰਦਾ ਹੈ। ਨਸ਼ਾ ਮੁਕਤੀ ਨਾ ਅਸੰਭਵ ਹੈ ਅਤੇ ਨਾ ਹੀ ਚੁਟਕੀ ਵਿਚ ਹੱਲ ਹੋਣ ਵਾਲੀ ਸਮੱਸਿਆ ਹੈ। ਇਤਿਹਾਸ ਦੀਆਂ ਦੋ ਮਹੱਤਵਪੂਰਨ ਘਟਨਾਵਾਂ ਨੂੰ ਯਾਦ ਕਰਕੇ ਅਸੀਂ ਇਸ ਪਾਸੇ ਵੱਲ ਪਰਤਾਂਗੇ ਜਿਹੜੀਆਂ ਉਨੀਵੀਂ ਸਦੀ ਦੇ ਪਹਿਲੇ ਅੱਧ ਵਿਚ ਵਾਪਰੀਆਂ ਸਨ। ਪਹਿਲੀ ਘਟਨਾ ਮੌਰਫੀਨ ਦੀ ਈਜਾਦ ਸੀ ਜਿਸ ਨੇ ਸਿਹਤ ਸੇਵਾਵਾਂ ਲਈ ਚਮਤਕਾਰੀ ਸਿੱਟੇ ਕੱਢੇ ਸਨ। ਖੋਜਕਾਰਾਂ ਦਾ ਮਨੋਰਥ ਰੋਗਾਂ ’ਤੇ ਜਿੱਤ ਪ੍ਰਾਪਤ ਕਰਨਾ ਸੀ, ਪਰ ਦਵਾਈ ਦੇ ਨਿੱਜੀ ਉਤਪਾਦਨ ਨੇ ਇਸਦੇ ਮਨੋਰਥ ਨੂੰ ਪ੍ਰਭਾਵਤ ਕਰ ਦਿੱਤਾ।

ਸਤਨਾਮ ਚਾਨਾ

ਦੂਜੀ ਘਟਨਾ ਸੀ ਈਸਟ ਇੰਡੀਆ ਕੰਪਨੀ ਵੱਲੋਂ ਅਫ਼ੀਮ ਦਾ ਕੌਮਾਂਤਰੀ ਵਪਾਰ ਆਰੰਭ ਕਰਨਾ। ਇਸਨੇ ਇਸ ਖਿੱਤੇ ’ਚ ਪੈਦਾ ਹੁੰਦੀ ਅਫ਼ੀਮ ਖ਼ਰੀਦ ਕੇ ਚੀਨ ਵਿਚ ਵੇਚਣੀ ਸ਼ੁਰੂ ਕੀਤੀ ਅਤੇ ਬਦਲੇ ਵਿਚ ਕੰਪਨੀ ਚੀਨ ਦਾ ਬਿਹਤਰੀਨ ਰੇਸ਼ਮ ਖ਼ਰੀਦ ਕੇ ਯੂਰੋਪ ਦੀ ਮੰਡੀ ਵਿਚ ਵੇਚਦੀ ਸੀ। ਦੁਵੱਲੇ ਮੁਨਾਫ਼ੇ ਨੇ ਇਕ ਪਾਸੇ ਤਾਂ ਈਸਟ ਇੰਡੀਆ ਕੰਪਨੀ ਦੇ ਵਾਰੇ ਨਿਆਰੇ ਕਰ ਦਿੱਤੇ ਅਤੇ ਦੂਜੇ ਪਾਸੇ ਚੀਨੀ ਵਸੋਂ ਦੇ ਵਿਸ਼ਾਲ ਹਿੱਸੇ ਨੂੰ ਅਫ਼ੀਮਚੀ ਬਣਾ ਦਿੱਤਾ।
ਨਵੇਂ ਤੋਂ ਨਵੇਂ ਨਸ਼ਿਆਂ ਦੇ ਹੋਂਦ ਵਿਚ ਆਉਣ ਨਾਲ ਜਦੋਂ ਨਸ਼ੇ ਦੀ ਮੰਡੀ ਹੋਂਦ ਵਿਚ ਆਈ ਤਾਂ ਪਾਬੰਦੀ ਦੇ ਕਾਨੂੰਨ ਵੀ ਹੋਂਦ ਵਿਚ ਆਉਣੇ ਆਰੰਭ ਹੋਏ। ਪਰ ਕੀ ਪਾਬੰਦੀਆਂ ਤੇ ਕਾਨੂੰਨੀ ਸਖ਼ਤੀ ਨੇ ਨਸ਼ਾ ਮੁਕਤੀ ਵਿਚ ਕੋਈ ਸਹਾਇਤਾ ਕੀਤੀ ? ਸ਼ਾਇਦ ਨਹੀਂ ਜਾਂ ਫਿਰ ਅਦਿੱਸ ਹੈ। ਹਾਂ, ਪਾਬੰਦੀਆਂ ਅਤੇ ਸਖ਼ਤੀਆਂ ਮੁਨਾਫ਼ੇ ਵਿਚ ਵੱਡੇ ਉਛਾਲ ਜ਼ਰੂਰ ਲਿਆਉਂਦੀਆਂ ਹਨ। ਖੁੱਲ੍ਹੀ ਮੰਡੀ ਤਸਕਰੀ ਦਾ ਰੂਪ ਧਾਰਨ ਕਰਕੇ ਮੁਨਾਫ਼ੇ ਦੀ ਖਾਣ ਬਣ ਜਾਂਦੀ ਹੈ। ਬੀਤੇ ਵਿਚ ਰਾਜਕੀ ਅਰਥ ਵਿਵਸਥਾ ਨੂੰ ਪਰਿਵਰਤਤ ਕੀਤੇ ਬਿਨਾਂ ਦੁਨੀਆਂ ਦੇ ਅਨੇਕਾਂ ਦੇਸ਼ਾਂ ਨੇ ਪਾਬੰਦੀਆਂ ਦੇ ਤਜਰਬੇ ਕੀਤੇ ਹਨ। ਦੇਸ਼ ਆਜ਼ਾਦ ਹੋਣ ਉਪਰੰਤ ਲੋਕਾਂ ਦੀ ਸਿਹਤ ਨੂੰ ਏਜੰਡੇ ’ਤੇ ਲੈਂਦਿਆਂ ਦੇਸ਼ ਦੇ ਸੰਵਿਧਾਨ ਵਿਚ ਉਦੇਸ਼ ਦਰਜ ਕੀਤਾ ਗਿਆ ਕਿ ਸਰਕਾਰ ਦੇਸ਼ ਨੂੰ ਨਸ਼ਾ ਮੁਕਤ ਕਰੇਗੀ। 1979 ਵਿਚ ਕਾਨੂੰਨ ਹੋਰ ਸਖ਼ਤ ਕਰ ਦਿੱਤਾ, ਪਰ ਸਮੁੱਚੇ ਤੌਰ ’ਤੇ ਨਤੀਜੇ ਸੁਹਿਰਦ ਵਿਸ਼ਲੇਸ਼ਣ ਦਾ ਵਿਸ਼ਾ ਹਨ।
ਇਹ ਵੀ ਸਪੱਸ਼ਟ ਕਰ ਲਈਏ ਕਿ ਹਰ ਬੇਰੁਜ਼ਗਾਰ ਨਸ਼ੇੜੀ ਨਹੀਂ ਬਣ ਜਾਂਦਾ। ਨਾ ਹੀ ਹਰ ਬੇਰੁਜ਼ਗਾਰ ਆਪਣੀ ਨਿਰਾਸ਼ਾ ਦਾ ਇਲਾਜ ਕਰਨ ਲਈ ਨਸ਼ੇ ਦਾ ਸਹਾਰਾ ਲੈਂਦਾ ਹੈ। ਜਦੋਂ ਮੁਨਾਫ਼ੇ ਦੇ ਸਬਜ਼ਬਾਗ ਦਿਖਾਏ ਜਾਂਦੇ ਹਨ ਤਾਂ ਇਕ ਹਿੱਸਾ ਇਸ ਧੰਦੇ ਨੂੰ ਵੀ ਅਪਨਾਉਣ ਲਈ ਤਿਆਰ ਹੋ ਜਾਂਦਾ ਹੈ। ਉਹ ਇਸਨੂੰ ਰਾਤੋਰਾਤ ਅਮੀਰ ਹੋਣ ਵਾਲਾ ਧੰਦਾ ਮੰਨ ਕੇ ਵੱਡੇ ਤਸਕਰਾਂ ਦੇ ਜਾਲ ਵਿਚ ਫਸ ਜਾਂਦਾ ਹੈ। ਨਿਰਸੰਦੇਹ, ਨਸ਼ਿਆਂ ਦੀ ਹੋਂਦ ਆਪਣੇ ਆਪ ਨਸ਼ੇੜੀ ਪੈਦਾ ਨਹੀਂ ਕਰਦੀ ਸਗੋਂ ਇਸਦਾ ਮੰਡੀਕਰਨ ਨਸ਼ੇੜੀ ਪੈਦਾ ਕਰਦਾ ਹੈ।
ਪਹਿਲੇ ਪਹਿਲ ਪੰਜਾਬ ਮਾਰੂ ਨਸ਼ਿਆਂ ਦਾ ਲਾਂਘਾ ਹੀ ਸੀ। ਖਪਤ ਦੀ ਮੰਡੀ ਨਹੀਂ ਸੀ। ਖਪਤਕਾਰ ਵਧਾਉਣ ਦੇ ਯਤਨਾਂ ਨੇ ਇਸਨੂੰ ਵੀ ਮੰਡੀ ਵਿਚ ਬਦਲ ਦਿੱਤਾ। ਇਹ ਬੇਲਗਾਮ ਮੁਨਾਫ਼ੇ ਦੀ ਹਵਸ ਦਾ ਸਿੱਟਾ ਹੈ। ਮੁਨਾਫ਼ਾ ਕਦੇ ਵੀ ਇੱਧਰ ਉੱਧਰ ਝੱਖ ਨਹੀਂ ਮਾਰਦਾ ਕੇਵਲ ਖਪਤਕਾਰ ਨੂੰ ਨਿਸ਼ਾਨਾ ਬਣਾਉਂਦਾ ਹੈ, ਫਿਰ ਉਸ ਅੰਦਰ ਇੱਛਾ ਫੂਕਦਾ ਹੈ ਅਤੇ ਜਿਣਸ ਦੇ ਤੀਰ ਨਾਲ ਫੁੰਡ ਲੈਂਦਾ ਹੈ। ਮੁਨਾਫ਼ੇ ਦੇ ਨਿਸ਼ਾਨੇ ’ਤੇ ਸਿਰਫ਼ ਖਪਤਕਾਰ ਹੀ ਨਹੀਂ ਹੁੰਦਾ ਸਗੋਂ ਉਹ ਵਿਕਰੇਤਾ ਨੂੰ ਵੀ ਆਪਣੇ ਚੁੰਗਲ ਵਿਚ ਫਸਾ ਕੇ ਰੱਖਦਾ ਹੈ। ਜਿੰਨੀ ਦੇਰ ਨਸ਼ੀਲੇ ਅਸਰ ਵਾਲੇ ਉਤਪਾਦਾਂ ਦਾ ਉਤਪਾਦਨ ਨਿੱਜੀ ਕੰਪਨੀਆਂ ਦੇ ਹੱਥਾਂ ਵਿਚ ਰਹੇਗਾ ਓਨੀ ਦੇਰ ਮਨੁੱਖਾਂ ਨੂੰ ਨਸ਼ਿਆਂ ਦੇ ਚੁੰਗਲ ਵਿਚੋਂ ਆਜ਼ਾਦ ਨਹੀਂ ਕਰਾਇਆ ਜਾ ਸਕਦਾ। ਜਿੰਨੀ ਦੇਰ ਸਿਹਤ ਸੇਵਾਵਾਂ, ਮਨੁੱਖੀ ਕਲਿਆਣ ਦੇ ਦ੍ਰਿਸ਼ਟੀਕੋਣ ਨਾਲ ਪ੍ਰਦਾਨ ਨਹੀਂ ਕੀਤੀਆਂ ਜਾਂਦੀਆਂ, ਮੁਨਾਫ਼ਾ ਰਹਿਤ ਨਹੀਂ ਹੁੰਦੀਆਂ ਅਤੇ ਮਨੁੱਖੀ ਸੇਵਨ ਦੇ ਜ਼ਰੂਰੀ ਰਸਾਇਣਾਂ ਦਾ ਉਤਪਾਦਨ ਅਤੇ ਵਿਤਰਣ ਮੁਕੰਮਲ ਤੌਰ ’ਤੇ ਜਨਤਕ ਕੰਟਰੋਲ ਵਿਚ ਨਹੀਂ ਹੁੰਦਾ ਓਨੀ ਦੇਰ ਨਸ਼ੇ ’ਤੇ ਜਿੱਤ ਪ੍ਰਾਪਤ ਕਰਨ ਦੀ ਕੋਈ ਸੰਭਾਵਨਾ ਨਹੀਂ।

ਸੰਪਰਕ: 94172-70411


Comments Off on ਨਸ਼ਾ ਮੁਕਤੀ: ਯਤਨ ਅਨੇਕ, ਸਿੱਟਾ ਜ਼ੀਰੋ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.