ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਨਵੀਂ ਪਈ ਸਾਂਝ – ਦੂਜੇ ਦਰਜੇ ਦੇ ਸ਼ਹਿਰੀ

Posted On June - 17 - 2019

ਐੱਸ ਪੀ ਸਿੰਘ*

‘‘ਹੁਣ ਬਣਾ ਲਵੋ ਪ੍ਰੋਗਰਾਮ, ਆ ਜਾਵੋ ਇੱਥੇ ਹੀ। ਉੱਥੇ ਤਾਂ ਹੁਣ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਰਹਿਣਾ ਪਵੇਗਾ।’’
ਮੇਰਾ ਯੂਨੀਵਰਸਿਟੀ ਦੇ ਦਿਨਾਂ ਦਾ ਦੋਸਤ ਹੈ ਉਹ। ਉਨ੍ਹੀਂ ਦਿਨੀਂ ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਈ ਅਧਿਆਪਕ ਸਾਹਿਬਾਨ ਬਾਰੇ ਖ਼ਬਰਾਂ ਮਿਲਦੀਆਂ ਸਨ ਕਿ ਉਨ੍ਹਾਂ ਕਿਸੇ ਦੂਜੇ ਮੁਲਕ ਜਾ ਕੇ ਟੈਕਸੀਆਂ ਪਾ ਲਈਆਂ ਹਨ ਤਾਂ ਮੈਂ ਉਹਨੂੰ ਛੇੜਦਾ। ਉਹ ਯੂਨੀਵਰਸਿਟੀ ਵਿੱਚ ਅਧਿਆਪਕ ਲੱਗ ਗਿਆ ਸੀ, ਪਰ ਫਿਰ ਇਕ ਦਿਨ ਉਸ ਚਾਲੇ ਪਾ ਦਿੱਤੇ। ਵਿਦੇਸ਼ ਵਿੱਚ ਟੈਕਸੀ ਚਾਲਕ ਹੋ ਗਿਆ, ਫਿਰ ਟੈਕਸੀਆਂ ਦਾ ਮਾਲਕ ਵੀ ਹੋ ਗਿਆ।
ਆਪਣਾ ਘਰ, ਮੁਹੱਲਾ, ਸ਼ਹਿਰ, ਮੁਲਕ, ਮਹਾਂਦੀਪ ਛੱਡ, ਸੱਤ ਸਮੁੰਦਰ ਪਾਰ ਕਰਕੇ ਲੋਕਾਂ ਨੂੰ ਇੱਕ ਥਾਂ ਤੋਂ ਦੂਜੇ ਥਾਂ ਢੋਣਾ ਵੀ ਤਾਂ ਕੋਈ ਸਵਾਬ ਦਾ ਕੰਮ ਹੋਵੇਗਾ! ਲਿਹਾਜ਼ਾ ਕਦੀ-ਕਦੀ ਉਹ ਫੋਨ ਕਰ ਲੈਂਦਾ, ਕਦੀ-ਕਦੀ ਮੈਂ। ਇਹ ‘ਕਦੀ-ਕਦੀ’ ਪਹਿਲਾਂ ਮਹੀਨੇ, ਦੋ ਮਹੀਨੇ ਬਾਅਦ ਆਉਂਦਾ ਸੀ, ਫਿਰ ਸਾਲ ਛਿਮਾਹੀ ਅਤੇ ਕਦੀ ਇਹਤੋਂ ਵੀ ਲੰਮੇਰਾ ਪੈਂਡਾ ਘੱਤਦਾ।
ਪਰ ਇਸ ਸਾਲ ਜੇਠ ਮਹੀਨੇ ਦੇ ਨੌਵੇਂ ਦਿਨ ਜਦੋਂ ਅੰਦਰ ਬਾਹਰ ਸਭ ਤਪਿਆ ਪਿਆ ਸੀ ਤੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਪਾਰਾ 303 ਛੂਹ ਗਿਆ ਸੀ ਤਾਂ ਉਸ ਘਬਰਾ ਕੇ ਫੋਨ ਕੀਤਾ ਸੀ। ਹਿੰਦੁਸਤਾਨੀ ਅਖ਼ਬਾਰਾਂ ਦੇ ਛਪਣ ਤੋਂ ਪਹਿਲਾਂ ਉਹਨੂੰ ਮੇਰੇ ਡਿੱਗ ਕੇ ਦੂਜੇ ਦਰਜੇ ਦੇ ਸ਼ਹਿਰੀ ਹੋ ਜਾਣ ਦੀ ਖ਼ਬਰ ਖੌਰੇ ਕਿਸ ਪੁਚਾਈ ਸੀ। ਅੱਧੀ ਰਾਤ ਨੂੰ ਵੱਜੀ ਟੈਲੀਫੋਨ ਦੀ ਘੰਟੀ ਨਾਲ ਪਤਨੀ ਵੀ ਨੀਂਦ ਵਿੱਚੋਂ ਉੱਠ ਪਈ ਸੀ। ਮੈਂ ਫੋਨ ਰੱਖਿਆ ਤਾਂ ਪੁੱਛਣ ਲੱਗੀ, ‘‘ਸਭ ਠੀਕ ਹੈ? ਕੀ ਕਹਿ ਰਿਹਾ ਸੀ?’’
ਮੈਂ ਆਖਿਆ, ਚਿੰਤਾ ਵਿੱਚ ਸੀ। ਕਹਿ ਰਿਹਾ ਸੀ ਹੁਣ ਮੈਨੂੰ ਦੂਜੇ ਦਰਜੇ ਦੇ ਨਾਗਰਿਕ ਵਾਂਗ ਰਹਿਣਾ ਪਵੇਗਾ ਇਸ ਦੇਸ਼ ਵਿੱਚ। ਉਸ ਹੱਸ ਕੇ ਆਖਿਆ, ‘‘ਵੈਲਕਮ ਟੂ ਮਾਈ ਵਰਲਡ! ਤੁਹਾਨੂੰ ਸਭ ਨੂੰ ਇਹ ਅਭਿਆਸ ਵੀ ਜਿਊਣਾ ਚਾਹੀਦਾ ਹੈ।’’
ਪੰਜਾਹ ਤੋਂ ਵਧੇਰੇ ਗਰਮੀਆਂ ਵੇਖੀਆਂ ਨੇ ਪਰ ਹੋਸ਼ ਸੰਭਾਲਣ ਤੋਂ ਬਾਅਦ ਇਹ ਵਰਤਾਰਾ ਪਹਿਲੀ ਵਾਰੀ ਵੇਖਿਆ ਕਿ ਇੱਕੋ ਸਮੇਂ, ਇੱਕ ਖ਼ਾਸ ਦਿਨ ਤੋਂ ਬਾਅਦ ਬਹੁਤ ਸਾਰੇ ਦੋਸਤ, ਸਾਥੀ, ਸਹਿਯੋਗੀ ਭਵਿੱਖ ਬਾਰੇ ਅਸਲੋਂ ਨਿੰਮੋਝੂਣੇ ਹੋ ਜਾਣ। ਦੂਜੇ ਦਰਜੇ ਦੇ ਸ਼ਹਿਰੀ ਹੋ ਜਾਣ ਦੀਆਂ ਕਨਸੋਆਂ ਇੱਕ ਦੂਜੇ ਨਾਲ ਸਾਂਝੀਆਂ ਕਰਨ। ਕੋਈ ਘੱਟਗਿਣਤੀਆਂ ਨੂੰ ਲੈ ਕੇ ਚਿੰਤਾ ਵਿਚ ਡੁੱਬਿਆ ਹੈ, ਕਿਸੇ ਨੂੰ ਹਿੰਦੂਤਵ ਦਾ ਦਾਨਵ ਸੁਪਨਿਆਂ ’ਚੋਂ ਨਿਕਲ ਵੱਟਸਐਪ ’ਤੇ ਆ ਕੇ ਡਰਾ ਰਿਹਾ ਹੈ। ਦੂਜੇ ਦਰਜੇ ਦੇ ਸ਼ਹਿਰੀ ਹੋ ਜਾਣ ਦਾ ਝੋਰਾ ਖਾ ਰਿਹਾ ਹੈ।
ਹੁਣ ਤਾਂ ਕੈਲੰਡਰ ਦਾ ਪੰਨਾ ਵੀ ਪਲਟ ਦਿੱਤਾ ਹੈ। ਬਾਹਰ ਅਤਿ ਦੀ ਤਪਸ਼ ਹੈ। ਹਾੜ੍ਹ ਆ ਵੱਤਿਆ ਹੈ। ਅਖ਼ਬਾਰਾਂ ਦੇ ਸੰਪਾਦਕੀ ਪੰਨੇ ਅਜੇ ਵੀ ਇਹ ਮੁਤਾਲਿਆ ਕਰ ਰਹੇ ਹਨ ਕਿ ਜੇਠ ਮਹੀਨੇ ਕੀ ਭਾਣਾ ਵਰਤਿਆ, ਕਿਉਂ ਵਰਤਿਆ? ਘਰ ਦੇ ਅੰਦਰ ਮੈਂ ਆਪਣੇ ਦੂਜੇ ਦਰਜੇ ਦੇ ਸ਼ਹਿਰੀ ਹੋਣ ਦੇ ਅਭਿਆਸ ਬਾਰੇ ਗੱਲ ਕਰਨ ਲਈ ਜਗ੍ਹਾ ਲੱਭ ਰਿਹਾ ਹਾਂ ਕਿਉਂ ਜੋ ਇੱਕ ਨਵੀਂ ਸੁਰਖ਼ੀ ਨੇ ਪੁਰਾਣੇ ਸੱਚ ਨਾਲ ਮਿਲਾਪ ਕਰਵਾਇਆ ਹੈ – ਪਿਛਲੀ ਚੌਥਾਈ ਸਦੀ ਤੋਂ ਵੀ ਜ਼ਿਆਦਾ ਮੈਂ ਇਕ ਦੂਜੇ ਦਰਜੇ ਦੇ ਸ਼ਹਿਰੀ ਨਾਲ ਵਿਆਹ ਕਰਵਾ, ਰਹਿ ਰਿਹਾ ਹਾਂ।
ਉਹਦੀ ਕੌਮ ਚਿਰੋਕਣੀ ਦੂਜੇ ਦਰਜੇ ਦੇ ਨਾਗਰਿਕਾਂ ਦੀ ਕੌਮ ਹੈ। ਕਿੰਨੇ ਵਜੇ ਤੱਕ, ਕਿਸ ਨਾਲ, ਕਿਹੜੇ ਕੱਪੜੇ ਪਾ ਕੇ, ਕਿੰਨੀ ਉੱਚੀ ਸਕਰਟ ਅਤੇ ਕਿਹੋ ਜਿਹੇ ਮੇਕਅੱਪ ਨਾਲ ਇਸ ਕੌਮ ਦੀ ਕੋਈ ਮੈਂਬਰ ਕਿੱਥੇ, ਕਿਸ ਦੇ ਘਰ ਜਾ ਸਕਦੀ ਹੈ, ਇਹ ਅਤਿ ਸੂਖ਼ਮ ਸਵਾਲ ਉਸ ਲਈ ਪਹਿਲਾਂ ਹੀ ਹੱਲ ਕਰ ਦਿੱਤੇ ਜਾਂਦੇ ਹਨ। ਉਸ ਬੱਸ ਜਵਾਬ ਤੋਂ ਉੱਨੀ-ਇੱਕੀ ਆਸੇ-ਪਾਸੇ ਨਹੀਂ ਜਾਣਾ। ਜੇ ਏਨੇ ਨਾਲ ਬਚੀ ਰਹੇ ਤਾਂ ਭਾਗਾਂਭਰੀ। ਸ਼ਹਿਰਾਂ ਵਿੱਚ ਰਹਿੰਦੀਆਂ ਨੇ ਫੋਨ ’ਤੇ ਅਲਾਰਮ ਲਾ ਰੱਖੇ ਹਨ ਕਿ ਕਿੰਨੇ ਵਜੇ ਉਹ ਦੂਜੇ ਦਰਜੇ ’ਤੇ ਡਿੱਗਦੀਆਂ ਹਨ। ਭਰ-ਗਰਮੀਆਂ ਵਿੱਚ ਸੱਤ ਵਜੇ, ਯੱਖ-ਸਰਦੀਆਂ ਵਿੱਚ ਸ਼ਾਮ ਪੰਜ ਤੋਂ ਬਾਅਦ ਹੀ ਹਨੇਰਾ ਹੋ ਜਾਂਦਾ ਹੈ। ਫਿਰ ਮੇਰੀ ਸਹਿਕਰਮੀ ਗਵਾਂਢ ਦੇ ਬਾਜ਼ਾਰ ਵਿੱਚੋਂ ਬ੍ਰੈੱਡ-ਅੰਡੇ ਲੈਣ ਲਈ ਵੀ ਘਰੋਂ ਨਿਕਲਣੋਂ ਗੁਰੇਜ਼ ਕਰਦੀ ਹੈ। ਇਹ ਕੰਮ ਉਹਦਾ ਪਹਿਲੇ ਦਰਜੇ ਦਾ ਸ਼ਹਿਰੀ ਪਤੀ ਰਾਤੀਂ ਗਿਆਰਾਂ ਵਜੇ ਵੀ ਨਿੱਕਰ ਪਾ ਕੇ ਭੱਜ ਕੇ ਕਰ ਆਉਂਦਾ ਹੈ।
ਇਹ ਦਰਜਾਬੰਦੀ ਸੱਤ ਸਮੁੰਦਰ ਪਾਰ ਵੀ ਭੰਨੀ ਨਹੀਂ ਜਾ ਰਹੀ ਭਾਵੇਂ ਇਹਦੀਆਂ ਅਣਥੱਕ ਘੁਲਾਟਣਾਂ ਪੈਰ ਗੱਡ ਕੇ ਜੰਗ ਕਰ ਰਹੀਆਂ ਹਨ। ਇੰਨੇ ਦਹਾਕਿਆਂ ਵਿੱਚ ਸੁਹਿਰਦ ਯਾਰਾਂ ਦੇ ਕਦੀ ਰਾਤ ਬੀਤੇ ਘਬਰਾਈ ਆਵਾਜ਼ ਵਿੱਚ ਟੈਲੀਫੋਨ ਨਹੀਂ ਆਏ ਕਿ ਮੇਰੇ, ਉਨ੍ਹਾਂ ਦੇ, ਸਭਨਾਂ ਦੇ ਘਰ, ਗਲੀ, ਮੁਹੱਲਿਆਂ, ਪਿੰਡਾਂ, ਸ਼ਹਿਰਾਂ, ਮੁਲਕਾਂ ਵਿੱਚ ਅਸੀਂ ਦੂਜੇ ਦਰਜੇ ਦੇ ਸ਼ਹਿਰੀਆਂ ਨਾਲ ਰਹਿ ਰਹੇ ਹਾਂ।
ਸ਼ਹਿਰ-ਏ-ਖ਼ੂਬਸੂਰਤ ਚੰਡੀਗੜ੍ਹ ਦੀ ਪਿੱਠ ’ਤੇ ਵਸੇ ਪੰਚਕੂਲਾ ਦੇ ਇੱਕ ਮੁਹੱਜ਼ਬ ਇਲਾਕੇ ਵਿੱਚ ਜਿਸ ਹਾਊਸਿੰਗ ਸੁਸਾਇਟੀ ਵਿੱਚ ਮੈਂ ਰਹਿੰਦਾ ਸਾਂ, ਉਹਦੀ ਹਰ ਲਿਫ਼ਟ ਵਿੱਚ ਚਿਤਾਵਨੀ ਲਿਖੀ ਹੋਈ ਸੀ ਕਿ ਘਰਾਂ ਵਿੱਚ ਕੰਮ ਕਰਦੀਆਂ ਨੌਕਰਾਣੀਆਂ ਨੂੰ ਲਿਫ਼ਟ ਵਰਤਣ ਦੀ ਮਨਾਹੀ ਹੈ। ਇਤਰਾਜ਼ ਕਰਨ ’ਤੇ ਮੇਰੇ ਵਿਰੋਧ ਵਿੱਚ ਏਕਤਾ ਹੀ ਨਹੀਂ ਹੋਈ ਬਲਕਿ ਮੈਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਇਹ ਨਿਯਮ ਬਹੁਤ ਸਾਰੇ ਸ਼ਹਿਰਾਂ ਵਿੱਚ ਹੈ।
ਇਸ ਦੇਸ਼ ਵਿੱਚ ਦਲਿਤ ਭਾਈਚਾਰਾ, ਘੱਟਗਿਣਤੀਆਂ, ਔਰਤਾਂ, ਆਦਿਵਾਸੀ, ਮਜ਼ਦੂਰ, ਅੰਗਹੀਣ, ਗ਼ਰੀਬ, ਸਭਨਾਂ ਦਾ ਸਦੀਆਂ-ਲੰਬਾ ਦੂਜੇ ਦਰਜੇ ਦੇ ਸ਼ਹਿਰੀ ਵਜੋਂ ਜਿਊਣ, ਵਿਚਰਣ, ਬਚ-ਬਚਾ ਕੇ ਵਰ੍ਹਾ-ਦਰ-ਵਰ੍ਹਾ ਲੰਘਾ ਦੇਣ ਦਾ ਅਭਿਆਸ ਹੈ। ਤੁਸੀਂ ਇਸ ਸ਼੍ਰੇਣੀ ਵਿੱਚ ਹਰ ਇੱਕ ਦੀ ਦੂਜੇ ਦਰਜੇ ਦੇ ਅਭਿਆਸ ਦੀ ਵਿਅਕਤੀਗਤ ਇੰਤਹਾ ਦਾ ਪੱਧਰ ਗੁਣਾ-ਤਕਸੀਮ-ਜਮ੍ਹਾਂ-ਘਟਾਉ ਦੇ ਫਾਰਮੂਲੇ ਨਾਲ ਕੱਢ ਸਕਦੇ ਹੋ। ਜੇ ਤੁਸੀਂ ਦਲਿਤ ਹੋ, ਔਰਤ ਵੀ ਹੋ, ਮਜ਼ਦੂਰੀ ਕਰਦੇ ਹੋ, ਅੰਗਹੀਣ ਹੋ ਅਤੇ ਸਮਲਿੰਗੀ ਹੋ ਤਾਂ ਉਦੋਂ ਤੱਕ ਗੁਣਾ ਕਰਦੇ ਜਾਣਾ ਜਦੋਂ ਤੱਕ ਸਹਿ ਸਕੋ। ਫਿਰ ਪਿੰਡ ਦੇ ਕਿਸ ਸ਼ਮਸ਼ਾਨਘਾਟ ਵਿੱਚ ਸਾੜੇ ਜਾਵੋਗੇ, ਇਹ ਹਿਸਾਬ ਪਹਿਲੇ ਦਰਜੇ ਦੇ ਨਾਗਰਿਕ ਕਰ ਲੈਣਗੇ।
ਦਸਵੀਂ ਪੜ੍ਹਦਾ ਸਾਂ ਜਦੋਂ ਮੁਲਕ ਵਿੱਚ ਏਸ਼ੀਆਡ ਖੇਡਾਂ ਅਤੇ ਰੰਗੀਨ ਟੈਲੀਵਿਜ਼ਨ ਇਕੱਠੇ ਆਏ। ਜਦੋਂ ਤੱਕ ਵੇਖਿਆ ਨਹੀਂ ਸੀ, ਯਕੀਨ ਨਹੀਂ ਸੀ ਆਉਂਦਾ ਕਿ ਬਲੈਕ-ਐਂਡ-ਵ੍ਹਾਈਟ ਟੀਵੀ, ਜਿਹੜਾ ਅਸਲ ਵਿੱਚ ਮੈਨੂੰ ਸਲ੍ਹੇਟੀ ਤੇ ਨੀਲਾ ਜਿਹਾ ਜਾਪਦਾ ਸੀ, ਹੁਣ ਸਤਰੰਗੀ ਹੋ ਜਾਵੇਗਾ। ਨਾ ਇਸ ਗੱਲ ’ਤੇ ਯਕੀਨ ਆਉਂਦਾ ਸੀ ਕਿ ਜਿਹੜਾ ਪੰਜਾਬ ਤੋਂ ਪੱਗ ਬੰਨ੍ਹ ਕੇ, ਬੱਸ ਵਿੱਚ ਬੈਠ, ਹਰਿਆਣਿਓਂ ਲੰਘ ਕੇ ਦਿੱਲੀ ਦੀਆਂ ਏਸ਼ਿਆਈ ਖੇਡਾਂ ਵੇਖਣ ਜਾਵੇਗਾ, ਉਹਨੂੰ ਪਹਿਲੇ ਦਰਜੇ ਦੇ ਸ਼ਹਿਰੀ, ਭਜਨ ਲਾਲ, ਦੇ ਇਸ਼ਾਰੇ ’ਤੇ ਬੱਸ ਵਿੱਚੋਂ ਲਾਹ ਕੇ ਕੁੱਟਿਆ ਜਾਵੇਗਾ। ਇਹ 1982 ਦੀ ਗੱਲ ਹੈ।
ਦੋ ਸਾਲ ਬਾਅਦ ਸੁਪਰੀਮ ਕੋਰਟ ਦੇ ਗਵਾਂਢ ਏਸ਼ੀਆਡ ਦੀ ਯਾਦ ਨੂੰ ਹੋਰ ਠੋਸ ਰੂਪ ਦਿੰਦਾ ‘ਅੱਪੂ ਘਰ’ ਖੋਲਿਆ ਗਿਆ ਜਿਸ ਦਾ ਉਦਘਾਟਨ 19 ਨਵੰਬਰ 1984 ਨੂੰ ਨੌਜਵਾਨ ਪ੍ਰਧਾਨ ਮੰਤਰੀ ਦੇ ਕਰ-ਕਮਲਾਂ ਨਾਲ ਹੋਇਆ। ਦੇਸ਼ ਦੇ ਸਭ ਤੋਂ ਪਹਿਲੇ ਏਨੇ ਵੱਡੇ ਮਨੋਰੰਜਨ ਪਾਰਕ ਖੁੱਲ੍ਹਣ ਦੀ ਇਹ ਅਤਿਅੰਤ ਖ਼ੁਸ਼ੀ ਦੀ ਖ਼ਬਰ ਤਿਰਲੋਕਪੁਰੀ ਦੀਆਂ ਗਲੀਆਂ ਵਿੱਚ ਕਿੰਨੇ ਚਾਅ ਨਾਲ ਪੜ੍ਹੀ ਗਈ ਹੋਵੇਗੀ, ਇਹ ਨਹੀਂ ਕਿਹਾ ਜਾ ਸਕਦਾ ਕਿਉਂ ਜੋ ਉੱਥੋਂ ਦੇ ਕੁਝ ਪਾਠਕਾਂ ਦੇ ਗਲੇ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਤਗਮਾ ਦੋ ਹਫ਼ਤੇ ਪਹਿਲਾਂ ਹੀ ਪਾਇਆ ਗਿਆ ਸੀ। ਕੰਡਮ ਟਾਇਰਾਂ ਤੋਂ ਬਣੇ ਇਨ੍ਹਾਂ ਤਗ਼ਮਿਆਂ ਵਿਚੋਂ ਲਾਟਾਂ ਨਿਕਲੀਆਂ ਸਨ।
ਜਿਨ੍ਹਾਂ ਨੂੰ ਜਾਪਦਾ ਹੈ ਕਿ ਉਹ 23 ਮਈ 2019 ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋ ਗਏ ਉਹ ਇਤਿਹਾਸ ਵਿੱਚ ਵਾਪਸ ਜਾਣ, 1947 ਤੱਕ ਦੇ ਵਰਕੇ ਫਰੋਲਣ ਜਿੱਥੇ ਉਨ੍ਹਾਂ ਨੂੰ ਮੇਰਾ ਭਰ-ਜਵਾਨ ਦਾਦਾ, ਭੋਲਾ ਸਿੰਘ ਮਿਲੇਗਾ। ਓਕਾੜੇ ਦੇ ਦੀਪਾਲਪੁਰ ਵਿਚਲੇ ਹੁਜਰਾ ਸ਼ਾਹ ਮੁਕੀਮ ਤੋਂ ਉਜੜਿਆ ਭੋਲਾ ਸਿੰਘ ਦਾ ਪਰਿਵਾਰ ਲੁਧਿਆਣੇ ਦੇ ਜਵਾਹਰ ਨਗਰ ਰਫਿਊਜੀ ਕੈਂਪ ਵਿੱਚ ਆ ਡਿੱਗਿਆ। ਥੱਕੇ-ਟੁੱਟੇ ਭੋਲਾ ਸਿੰਘ ਨੂੰ ਜਦੋਂ ਰਾਸ਼ਨ ਵੰਡਦਾ ਫ਼ੌਜੀ ‘‘ਕਿੰਨੇ ਜੀਅ?’’ ਪੁੱਛ, ਕੁੜਤੇ ਦੀ ਝੋਲੀ ਬਣਾ, ਉਹਦੇ ਵਿੱਚ ਸੱਤ ਮੁੱਠ ਆਟਾ ਸੁੱਟਦਾ ਹੋਣਾ ਏ ਤਾਂ ਦਾਦਾ ਸ਼ਾਇਦ ਸੋਚਦਾ ਹੋਵੇਗਾ ਕਿ ਵਕਤ ਦੇ ਨਾਲ-ਨਾਲ ਇਹ ਦੂਜੇ ਦਰਜੇ ਵਾਲਾ ਮੁਕਾਮ ਬਦਲ ਜਾਵੇਗਾ।
ਸਕੂਲ ਵਿੱਚ ਮੈਂ ਸਬਕ ਨਾ ਯਾਦ ਕਰਨ ਕਰਕੇ ਮਾਰ ਘੱਟ ਹੀ ਖਾਧੀ। ਬਹੁਤੀ ਵਾਰੀ ਚਾਰ-ਪੰਜ ਜਣੇ ਇਕੱਠੇ ਹੋ ਕੇ ਮੈਨੂੰ ‘ਭਾਪਾ’ ‘ਭਾਪਾ’ ਕਹਿ ਕੇ ਕੁੱਟਦੇ ਸਨ। ਦੂਜੇ ਦਰਜੇ ਦੇ ਇਸ ਅਭਿਆਸ ਦਾ ਤਾਜ਼ਾ ਸਿੱਕੇਬੰਦ ਸਬੂਤ ਅਖ਼ਬਾਰਾਂ ਵਿੱਚ ‘ਰਿਸ਼ਤੇ ਹੀ ਰਿਸ਼ਤੇ’ ਕੂਕਦੇ ‘ਸਿਰਲੇਖਵਾਰ’ ਇਸ਼ਤਿਹਾਰਾਂ ਵਿੱਚੋਂ ਪੜ੍ਹ ਸਕਦੇ ਹੋ। ਇਹ ਇਸ਼ਤਿਹਾਰ ਕੱਲ੍ਹ ਵੀ ਛਪੇ ਸਨ, ਕੱਲ੍ਹ ਵੀ ਛਪਣਗੇ। ਤੁਹਾਨੂੰ ਅੱਧੀ ਰਾਤੀਂ ਘਬਰਾਏ ਮਿੱਤਰਾਂ ਕਿੰਨੇ ਕੁ ਟੈਲੀਫੋਨ ਕੀਤੇ, ਕਿੰਨੇ ਕੱਲ੍ਹ ਕਰਨਗੇ, ਮੇਰੇ ਕੋਲ ਸਾਰਾ ਰਿਕਾਰਡ ਮੌਜੂਦ ਹੈ।
ਬੰਬਈ ਵਿੱਚ ਬੰਬਈ ਨੂੰ ਬੰਬਈ ਕਹਿਣ ਕਰਕੇ ਜਿਨ੍ਹਾਂ ਕੁੱਟ ਖਾਧੀ, ਉਹ ਮੁੰਬਾ ਦੇਵੀ ਦੀ ਕਰੋਪੀ ਦਾ ਸ਼ਿਕਾਰ ਨਹੀਂ ਸਨ ਹੋਏ ਬਲਕਿ ਉਸ ਬਾਲ ਠਾਕਰੇ ਦੀ ਕੁਝ ਨੂੰ ਦੂਜੇ ਦਰਜੇ ਦੇ ਨਾਗਰਿਕ ਬਣਾ ਦੇਣ ਵਾਲੀ ਸਿਆਸਤ ਦੀ ਬਲੀ ਚੜ੍ਹੇ ਸਨ ਜਿਸ ਨੂੰ ਅੱਜ ਵੀ ਵੱਡੇ ਨੇਤਾ ਅਤੇ ਮੇਰੇ ਦੂਜੇ ਦਰਜੇ ਦਾ ਸ਼ਹਿਰੀ ਹੋ ਜਾਣ ਦੀ ਚਿੰਤਾ ਵਿੱਚ ਡੁੱਬੇ ਵੱਡੇ-ਵੱਡੇ ਪੱਤਰਕਾਰ ‘ਬਾਲਾ ਸਾਹਿਬ’ ਤੋਂ ਘੱਟ ਕਹਿ ਕੇ ਮੁਖ਼ਾਤਿਬ ਹੋਣ ਦਾ ਹੀਆ ਨਹੀਂ ਕਰਦੇ। ਚੀਤੇ ਦੀ ਖੱਲ ’ਤੇ ਬੈਠ ਦੂਜਿਆਂ ਦੀ ਦਰਜਾਬੰਦੀ ਦਾ ਅਧਿਕਾਰ ਚਲਾਉਣਾ ਜੰਗਲ ਦਾ ਕਾਨੂੰਨ ਹੈ, ਪਰ ਇਹਦੇ ਵਿਰੁੱਧ ਅੱਧੀ ਰਾਤ ਕਿਸੇ ਸਿਆਸਤ ਦੀਆਂ ਘੰਟੀਆਂ ਨਹੀਂ ਖੜਕੀਆਂ। ਪੰਜਾਬ ਦੇ ਹਨ੍ਹੇਰੇ ਦਿਨਾਂ ਵਿੱਚ ਜਿਹੜੇ ਚਾਂਗਰਾਂ ਮਾਰ ਕੇ ਇੱਕ ਦੇ ਹਿੱਸੇ ਪੈਂਤੀ-ਪੈਂਤੀ ਦੀਆਂ ਗੱਲਾਂ ਕਰਦੇ ਰਹੇ, ਉਨ੍ਹਾਂ ਦੇ ਇਹ ਅੱਜ ਦੀ ਦੂਜੇ ਦਰਜੇ ਦੇ ਸ਼ਹਿਰੀਆਂ ਦੀ ਦਰਜਾਬੰਦੀ ਕਰਨ ਵਾਲੇ ਮਾਮੇ-ਤਾਏ ਦੇ ਪੁੱਤ ਲੱਗਦੇ ਹਨ।
ਜਦੋਂ ਵਿਆਹ ਧਰਮਸ਼ਾਲਾ ਜਾਂ ਖੁੱਲ੍ਹੇ ਵਿੱਚ ਕਨਾਤ ਲਾ ਕੇ ਹੁੰਦੇ ਸਨ ਤਾਂ ਖ਼ੁਸ਼ੀ ਸਾਂਝੀ ਹੁੰਦੀ ਸੀ। ਹੁਣ ਡਰਾਈਵਰਾਂ, ਬੈਂਡ ਵਾਲਿਆਂ ਅਤੇ ਹੋਰਨਾਂ ਗੁਰਬਿਆਂ ਕਿਰਤੀਆਂ ਲਈ ਲੱਗੀ ਵੱਖਰੀ ਖਾਣੇ ਦੀ ਮੇਜ਼ ਉੱਤੇ ਦੂਜੇ ਦਰਜੇ ਵਾਲੀ ਤਖ਼ਤੀ ਜੜ੍ਹਨ ਤੋਂ ਘੱਟ, ਬਾਕੀ ਕੀ ਬਚਿਆ ਹੈ? ਭਾਂਡੇ ਮਾਂਜਦੀ, ਪੋਚਾ ਦੇਂਦੀ, ਬਿਹਾਰ ਤੋਂ ਆਈ ਬੜੇ ਘਰਾਂ ਵਿੱਚ ਰਸੋਈ ਦੀ ਆਖ਼ਰੀ ਨੁੱਕਰ ਤੱਕ ਜਾ ਸਕਦੀ ਹੈ ਪਰ ਗੁਸਲਖਾਨਾ ਨਹੀਂ ਵਰਤ ਸਕਦੀ।
ਹੁਣ ਫਿਰ ਅੱਧੀ ਰਾਤ ਨੂੰ ਟੈਲੀਫੋਨ ਖੜਕ ਰਹੇ ਹਨ। ਬੰਗਾਲ ਵਿੱਚ ਡਾਕਟਰਾਂ ’ਤੇ ਸੁਣਿਐ ਕੋਈ ਜ਼ੁਲਮ ਹੋ ਗਿਆ ਹੈ। ਪੂਰੇ ਮੁਲਕ ਵਿੱਚ ਡਾਕਟਰ ਭੜਕ ਗਏ ਹਨ। ਮੇਰੇ ਦੂਜੇ ਦਰਜੇ ਦੇ ਸ਼ਹਿਰੀ ਹੋਣ ਦੇ ਤਸਦੀਕਸ਼ੁਦਾ ਪ੍ਰਮਾਣ ਪੱਤਰ ਜਾਰੀ ਹੋਣ ਤੋਂ ਇਕ ਦਿਨ ਪਹਿਲਾਂ, 22 ਮਈ ਨੂੰ ਜਦੋਂ 26 ਵਰ੍ਹਿਆਂ ਦੀ ਗਾਇਨੇਕਾਲੋਜਿਸਟ ਡਾ. ਪਾਇਲ ਤਾੜਵੀ ਨੇ ਜ਼ਾਤਪਾਤੀ ਵਿਤਕਰੇ ਤੋਂ ਤੰਗ ਆ ਕੇ ਆਤਮ ਹੱਤਿਆ ਕੀਤੀ ਸੀ ਤਾਂ ਇਹ ਸਾਰੇ ਡਾਕਟਰ ਸੜਕਾਂ ’ਤੇ ਕਿਉਂ ਨਹੀਂ ਸਨ ਨਿਕਲੇ? ਅੱਧੀ ਰਾਤ ਨੂੰ ਮੁਲਕ ਭਰ ਵਿੱਚ ਟੈਲੀਫੋਨ ਕਿਉਂ ਨਹੀਂ ਖੜਕੇ? ਕੀ ਇਸ ਲਈ ਕਿ ਪਾਇਲ ਤਾੜਵੀ ਤਾਂ ਪਹਿਲੋਂ ਹੀ ਦੂਜੇ ਦਰਜੇ ਦੀ ਨਾਗਰਿਕ ਸੀ?
ਹਾਲ ਹੀ ਵਿੱਚ ਜਦੋਂ ਅਮ੍ਰਤਿਆ ਸੇਨ ਦੇ ਮੁੱਖਬੰਦ ਨਾਲ ਔਕਸਫੋਰਡ ਯੂਨੀਵਰਸਿਟੀ ਪ੍ਰੈੱਸ ਦੀ ਕਿਤਾਬ ‘ਹੀਲਰਜ਼ ਐਂਡ ਪ੍ਰੀਡੇਟਰਜ਼’ (Healers and Predators) ਨੇ ਦੇਸ਼ ਵਿੱਚ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦੇ ਪਾਜ ਖੋਲ੍ਹੇ ਤਾਂ ਇਹਦੇ ਮੁੱਖ ਲੇਖਕ, ਪਦਮ ਸ੍ਰੀ ਡਾਕਟਰ ਸਮੀਰ ਨੰਦੀ ਨੇ ਰਾਸ਼ਟਰੀ ਟੀਵੀ ਚੈਨਲਾਂ ’ਤੇ ਕਿਹਾ ਕਿ ਭਾਵੇਂ ਕਿਤਾਬ ਵਿੱਚ 90 ਪ੍ਰਤੀਸ਼ਤ ਡਾਕਟਰਾਂ ਨੂੰ ਭ੍ਰਿਸ਼ਟ ਕਿਹਾ ਗਿਆ ਹੈ ਪਰ ਇਹ ਅੰਕੜਾ 99 ਪ੍ਰਤੀਸ਼ਤ ਵੀ ਹੋ ਸਕਦਾ ਹੈ ਤਾਂ ਸਾਰੇ ਦੇਸ਼ ਵਿੱਚ ਡਾਕਟਰਾਂ ਨੂੰ ਸੜਕਾਂ ’ਤੇ ਆ ਜਾਣਾ ਚਾਹੀਦਾ ਸੀ। ਅੱਧੀ ਰਾਤ ਨੂੰ ਘੰਟੀਆਂ ਖੜਕਾ ਦੇਣੀਆਂ ਚਾਹੀਦੀਆਂ ਸਨ। ਪਰ ਉਹ ਕਿਉਂ ਅਜਿਹਾ ਕਰਨਗੇ? ਪਹਿਲੇ ਦਰਜੇ ਵਾਲਿਆਂ ਲਈ ਪੰਜ ਸਿਤਾਰਾ ਹਸਪਤਾਲ ਜੋ ਖੁੱਲ੍ਹ ਰਹੇ ਹਨ।
ਦੂਜੇ ਦਰਜੇ ਵਾਲਿਆਂ ਦੇ ਹਸਪਤਾਲਾਂ ’ਚ ਜਿਹੜੇ ਡਾਕਟਰ ਦਿਨ-ਰਾਤ ਥੋੜ੍ਹੀ ਤਨਖ਼ਾਹ ਲੈ ਬਹੁਤੇ ਘੰਟੇ ਕੰਮ ਕਰਦੇ ਹਨ, ਬੱਸ ਉੱਥੇ ਹੀ ਬਚੀ ਹੋਈ ਮਨੁੱਖਤਾ ਧੜਕਦੀ ਹੈ। ਅੱਧੀ ਰਾਤੀਂ ਵੀ ਗ਼ਰੀਬ ਦੀ ਵਜਾਈ ਘੰਟੀ ਉਹੀ ਸੁਣਦੇ ਹਨ।
ਜੋ ਵੀ ਹੋਵੇ, ਹਮਦਰਦੀ ਤਾਂ ਯੂਨੀਵਰਸਿਟੀ ਵਾਲੇ ਮਿੱਤਰ ਨੇ ਜਤਾਈ ਹੀ ਸੀ ਨਾ? ਇਸ ਲਈ ਰਸਮ-ਅਦਾਇਗੀ ਵਜੋਂ ਮੈਂ ਵੀ ਫੋਨ ਕਰ ਦਿੱਤਾ। ਪੁੱਛਿਆ, ‘‘ਤੁਸੀਂ ਤਾਂ ਪਹਿਲੇ ਦਰਜੇ ਦਾ ਅਹਿਸਾਸ ਮਹਿਸੂਸਦੇ ਹੋ ਨਾ?’’ ਕਹਿਣ ਲੱਗਾ, ‘‘ਜੇ ਟਰੂਡੋ ਹਾਰ ਗਿਆ, ਫਿਰ ਸ਼ਾਇਦ ਟਰੰਪ ਦੇ ਮੁਲਕ ਵਗ ਚੱਲੀਏ। ਵੈਨਕੂਵਰ ਤੋਂ ਸਿਆਟਲ ਢਾਈ ਘੰਟੇ ਹੀ ਹੈ। ਜੇ ਦੂਜੇ ਦਰਜੇ ਦੇ ਸ਼ਹਿਰੀ ਹੀ ਰਹਿਣਾ ਹੈ ਤਾਂ ਚਾਰ ਪੈਸੇ ਤਾਂ ਵਧੇਰੇ ਕਮਾਵਾਂਗੇ।’’ ਦੂਜੇ ਦਰਜੇ ਦੇ ਨਾਗਰਿਕ ਦੀ ਚਿੰਤਾ ਕਰਨ ਵਾਲਿਆਂ ਦੀ ਕਮਾਲ ਵੇਖੋ – ਰਾਜਨੀਤੀ ਆਊਟ-ਸੋਰਸ ਕੀਤੀ ਹੋਈ ਹੈ, ਵੈਨਕੂਵਰ ਤੋਂ ਸਿਆਟਲ ਪਰਵਾਸ ਨਾਲ ਦੂਜੇ ਦਰਜੇ ਦੀ ਵੀ ਸ਼ੌਪਿੰਗ ਕਰਦੇ ਹਨ।
ਜੇ 23 ਮਈ ਦੀ ਅੰਦਰ ਤੱਕ ਪੁੱਜੀ ਤਪਸ਼ ਤੋਂ ਕੁਝ ਸਿੱਖਣਾ ਹੈ ਤਾਂ ਏਨਾ ਕਿ ਰਾਜਨੀਤੀ ਨੇਤਾਵਾਂ ਨੂੰ ਆਊਟ-ਸੋਰਸ ਨਹੀਂ ਕੀਤੀ ਜਾ ਸਕਦੀ। ਅੰਦਰ ਝਾਤ ਮਾਰ ਸਫ਼ਾਈ ਜ਼ਰੂੁਰੀ ਹੈ। ਦੂਜੇ, ਤੀਜੇ, ਦਸਵੇਂ ਦਰਜੇ ਤੱਕ ਬਥੇਰੀ ਖ਼ਲਕਤ ਪਹਿਲੋਂ ਵੀ ਧੱਕੀ ਜਾਂਦੀ ਰਹੀ ਹੈ। ਅੱਧੀ ਰਾਤ ਨੂੰ ਟੈਲੀਫੋਨ ਦੀਆਂ ਘੰਟੀਆਂ ਵਜਾਉਣੋਂ ਪਹਿਲੋਂ ਵੀ ਬੜੀ ਵਾਰ ਉੱਕੇ ਹਾਂ। ਦਰਜਾ ਪਹਿਲਾਂ ਵੀ ਪਹਿਲਾ ਨਹੀਂ ਸੀ, ਦੂੁਜਾ ਵੀ 23 ਮਈ ਨੂੰ ਨਹੀਂ ਹੋਇਆ। ਕੁਝ ਅੰਦਰ ਜਾਗਿਆ, ਕੁਝ ਧੁਰ ਅੰਦਰ ਮੋਇਆ। ਲਿਖਤੁਮ ਬਾਦਲੀਲ।

(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਘਟਨਾਵਾਂ ਜਾਂ ਸਮੇਂ ਸੰਗ ਦਰਜਾ-ਬਦਰਜਾ ਡਿੱਗਦਾ-ਉੱਠਦਾ-ਮੁੜ ਡਿੱਗਦਾ ਸ਼ਹਿਰੀ ਹੈ।)


Comments Off on ਨਵੀਂ ਪਈ ਸਾਂਝ – ਦੂਜੇ ਦਰਜੇ ਦੇ ਸ਼ਹਿਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.