ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਨਦੀਨ

Posted On June - 16 - 2019

ਸੁਖਵਿੰਦਰ ਕੌਰ ਸਿੱਧੂ
ਹੱਡਬੀਤੀ ਜੱਗਬੀਤੀ

ਮੈਂ ਓਦੋਂ ਪਿੰਡ ਮੂਲੋਵਾਲ ਦੇ ਸਰਕਾਰੀ ਸਕੂਲ ਵਿਚ ਪੜ੍ਹਦੀ ਸੀ। ਸਾਡੇ ਪਿੰਡ ਦੀ ਆਬਾਦੀ ਜ਼ਿਆਦਾ ਹੋਣ ਕਰਕੇ ਸਕੂਲ ਵੀ ਬੱਚਿਆਂ ਨਾਲ ਭਰਿਆ ਹੀ ਰਹਿੰਦਾ ਸੀ। ਮਾਸਟਰ ਇੰਦਰ ਸਿੰਘ ਜਦੋਂ ਪੜ੍ਹਾਉਂਦੇ ਤਾਂ ਜਾਣੋ ਜਿਵੇਂ ਘੋਲ ਕੇ ਦਿਮਾਗ਼ ’ਚ ਹੀ ਪਾ ਦਿੰਦੇ। ਮਜਾਲ ਕੋਈ ਗੱਲ ਭੁੱਲ ਜਾਵੇ। ਇਸ ਦੇ ਦੋ ਕਾਰਨ ਸਨ। ਇਕ ਤਾਂ ਉਨ੍ਹਾਂ ਦੇ ਪੜ੍ਹਾਉਣ ਦਾ ਤਰੀਕਾ ਤੇ ਦੂਜਾ ਸਖ਼ਤ ਸੁਭਾਅ। ਜੇਕਰ ਕਿਸੇ ਵਿਦਿਆਰਥੀ ਨੂੰ ਉਨ੍ਹਾਂ ਦੇ ਪੁੱਛੇ ਪ੍ਰਸ਼ਨ ਦਾ ਉੱਤਰ ਨਾ ਆਇਆ ਤਾਂ ਡੰਡਾ ਪਰੇਡ, ਬੱਸ ਜਿੱਥੇ ਪੈਂਦੀ ਐ ਪੈਣ ਦੇ। ਦੂਜੀ-ਤੀਜੀ ਜਮਾਤ ’ਚ ਹੀ ਸਾਨੂੰ ਪਹਾੜੇ, ਜੋੜ-ਘਟਾਓ, ਗੁਣਾ-ਭਾਗ ਦੇ ਸਾਰੇ ਸਵਾਲ ਚੰਗੀ ਤਰ੍ਹਾਂ ਆਉਣ ਲੱਗ ਗਏ ਸਨ। ਪੰਜਾਬੀ ਲਿਖਣ, ਬੋਲਣ ਜਾਂ ਪੜ੍ਹਨ ਵਿਚ ਗ਼ਲਤੀ ਕਰਨ ਵਾਲੇ ਦੀ ਤਾਂ ਖ਼ੈਰ ਨਹੀਂ ਸੀ। ਗ਼ਲਤੀ ਸੁਧਾਰ ਕੇ ਦਸ-ਦਸ ਵਾਰ ਬੁਲਾਉਂਦੇ ਤੇ ਲਿਖਾਉਂਦੇ। ਨਾਲ ਹੀ ਆਖ ਦਿੰਦੇ, ‘‘ਮਾਂ ਬੋਲੀ ਮਨੁੱਖ ਦੀ ਜੜ੍ਹ ਹੁੰਦੀ ਐ, ਜੀਹਦੀ ਜੜ੍ਹ ਈ ਖੋਖਲੀ ਰਹਿ ਗਈ ਉਹ ਦਰੱਖਤ ਤਾਂ ਕਦੇ ਨਾ ਕਦੇ ਡਿੱਗਦਾ ਈ ਐ।’’
ਪੜ੍ਹ ਲਿਖ ਕੇ ਜ਼ਿੰਦਗੀ ਦੀਆਂ ਮੰਜ਼ਿਲਾਂ ਪਾਰ ਕਰਦੇ ਕਰਦੇ ਮੈਨੂੰ ਅਧਿਆਪਕਾਂ ਦੀਆਂ ਦਿੱਤੀਆਂ ਇਹ ਅਨਮੋਲ ਸਿੱਖਿਆਵਾਂ ਕਦੇ ਨਹੀਂ ਭੁੱਲੀਆਂ। ਮੇਰੇ ਛੋਟੇ ਭੈਣ ਭਰਾ ਵੀ ਉਮਰ ਮੁਤਾਬਿਕ ਉਸੇ ਸਰਕਾਰੀ ਸਕੂਲ ਵਿਚ ਦਾਖਲ ਹੋਣ ਲੱਗੇ। ਮਾਸਟਰ ਜੀ ਦੀ ਸਾਰੇ ਪਿੰਡ ਨਾਲ ਸਾਂਝ ਸੀ। ਸਾਰੇ ਪਰਿਵਾਰਾਂ ਅਤੇ ਉਨ੍ਹਾਂ ਦੇ ਬੱਚਿਆਂ ਬਾਰੇ ਪਤਾ ਸੀ। ਜਿਸ ਘਰ ਦਾ ਸਕੂਲ ਦਾਖਲ ਹੋਣ ਯੋਗ ਬੱਚਾ ਦਾਖਲ ਨਾ ਹੁੰਦਾ ਤਾਂ ਘਰ ਸੁਨੇਹਾ ਭੇਜ ਕੇ ਬੱਚਾ ਸਕੂਲ ਦਾਖਲ ਕਰਵਾ ਲੈਂਦੇ।
ਮੇਰੇ ਦੋ ਚਾਚਿਆਂ ਦੇ ਦੋ ਮੁੰਡੇ ਇੱਕੋ ਹਾਣ ਦੇ ਸਨ। ਇਕ ਤਾਂ ਸਰਕਾਰੀ ਸਕੂਲ ਵਿਚ ਦਾਖਲ ਹੋ ਗਿਆ ਤੇ ਦੂਜਾ ਪਿੰਡ ਦੇ ਇਕ ਘਰ ਵਿਚ ਖੁੱਲ੍ਹੇ ਛੋਟੇ ਜਿਹੇ ਪ੍ਰਾਈਵੇਟ ਸਕੂਲ ਵਿਚ ਲਗਾ ਦਿੱਤਾ। ਮੇਰੀ ਚਾਚੀ ਦਸ ਕੁ ਜਮਾਤਾਂ ਪੜ੍ਹੀ ਹੋਈ ਸੀ ਤੇ ਚਾਚਾ ਸਰਕਾਰੀ ਨੌਕਰੀ ਕਰਦਾ ਸੀ। ਇਸ ਕਰਕੇ ਮੇਰੀ ਚਾਚੀ ਸੋਚਦੀ ਸੀ ਕਿ ਮੁੰਡਾ ਪ੍ਰਾਈਵੇਟ ਸਕੂਲ ’ਚ ਪੜ੍ਹ ਕੇ ਬਾਕੀਆਂ ਨਾਲੋਂ ਅੱਗੇ ਲੰਘ ਜਾਵੇਗਾ। ਜਦੋਂਕਿ ਹੋਇਆ ਇਸ ਤੋਂ ਉਲਟ। ਉਹ ਸਰਕਾਰੀ ਸਕੂਲਾਂ ’ਚ ਪੜ੍ਹੇ ਸਾਡੇ ਵਰਗੇ ਬੱਚਿਆਂ ਨਾਲ ਸਾਰੀ ਉਮਰ ਨਹੀਂ ਰਲ਼ ਸਕਿਆ।
ਇਕ ਦਿਨ ਮਾਸਟਰ ਜੀ ਮੈਨੂੰ ਬੁਲਾ ਕੇ ਕਹਿੰਦੇ, ‘‘ਕੁੜੇ ਤੇਰੇ ਦੂਜੇ ਚਾਚੇ ਦਾ ਮੁੰਡਾ ਨ੍ਹੀਂ ਦਾਖਲ ਕਰਾਇਆ?’’
‘‘ਜੀ ਉਹ ਤਾਂ ਅੰਗਰੇਜ਼ੀ ਸਕੂਲ ’ਚ ਲਾ’ਤਾ।’’ ਮੈਂ ਜਵਾਬ ਦਿੱਤਾ।
‘‘ਤੇਰੇ ਡੈਡੀ ਨੂੰ ਆਖੀਂ ਉਹਨੂੰ ਆਪਣੇ ਸਕੂਲ ’ਚ ਲਾਓ।’’ ਮਾਸਟਰ ਜੀ ਨੇ ਫੇਰ ਕਿਹਾ।
‘‘ਜੀ, ਮੇਰੀ ਚਾਚੀ ਕਹਿੰਦੀ ਮੈਂ ਤਾਂ ਅੰਗਰੇਜ਼ੀ ਸਕੂਲ ’ਚ ਹੀ ਲਾਊਂ।’’ ਮੈਂ ਘਰੋਂ ਸੁਣੀ ਸੁਣਾਈ ਗੱਲ ਆਖ ਦਿੱਤੀ।
‘‘ਇਹ ਜਿਹੜੇ ਅੰਗਰੇਜ਼ੀ ਸਕੂਲਾਂ ਦੇ ਨਦੀਨ ਉੱਗਪੇ ਨਾ… ਸਾਡੀ ਸਿੱਖਿਆ ਦੀ ਫ਼ਸਲ ਲਈ ਨੁਕਸਾਨਦਾਇਕ ਨੇ। ਮਾਤ ਭਾਸ਼ਾ ਦਾ ਘਾਣ ਕਰ ਦੇਣਗੇ ਇਹ।’’ ਉਨ੍ਹਾਂ ਨੇ ਨਾਲ ਬੈਠੇ ਮਾਸਟਰ ਕਿਰਪਾਲ ਸਿੰਘ ਨੂੰ ਕਿਹਾ। ਮੈਨੂੰ ਸਮਝ ਨਹੀਂ ਸੀ ਲੱਗਿਆ ਕਿ ਇਸ ਗੱਲ ਦਾ ਕੀ ਮਤਲਬ ਹੈ। ਪਰ ਪਤਾ ਨਹੀਂ ਕਿਵੇਂ ਇਹ ਗੱਲ ਮੇਰੇ ਅਚੇਤ ਮਨ ਵਿਚ ਘਰ ਕਰ ਗਈ।
ਅੱਜ ਅਚਾਨਕ ਬੈਠੇ-ਬੈਠੇ ਮੈਨੂੰ ਮਾਸਟਰ ਜੀ ਦੀ ਦੂਰਅੰਦੇਸ਼ੀ ਦੀਆਂ ਗੱਲਾਂ ਯਾਦ ਆਈਆਂ। ਮਾਸਟਰ ਇੰਦਰ ਸਿੰਘ ਹੋਰਾਂ ਦੀ ਚਿੰਤਾ ਵਾਜਬ ਸੀ। ਅੰਗਰੇਜ਼ੀ ਸਕੂਲਾਂ ਦਾ ਨਦੀਨ ਪੰਜਾਬੀ ਬੋਲੀ ਦੀ ਫ਼ਸਲ ’ਤੇ ਭਾਰੂ ਹੋ ਗਿਆ ਹੈ। ਸਾਡੀ ਨੇੜੇ ਦੀ ਰਿਸ਼ਤੇਦਾਰੀ ’ਚੋਂ ਲੜਕਾ ਸ਼ਹਿਰ ਦੇ ਵੱਡੇ ਨਾਮੀ ਪ੍ਰਾਈਵੇਟ ਸਕੂਲ ਵਿਚ ਮੋਟੀਆਂ ਫੀਸਾਂ ਦੇ ਕੇ ਪੜ੍ਹਿਆ, ਪਰ ਆਈਲੈਟਸ ਵਿਚ ਲੋੜੀਂਦੇ ਬੈਂਡ ਨਹੀਂ ਲੈ ਸਕਿਆ ਜਦੋਂਕਿ ਪਿੰਡ ਦੇ ਸਰਕਾਰੀ ਸਕੂਲ ਦਾ ਪੜ੍ਹਿਆ ਲੜਕਾ ਉਸ ਨੂੰ ਮਾਤ ਦੇ ਗਿਆ। ਇਸੇ ਤਰ੍ਹਾਂ ਜਦੋਂ ਅੱਜ ਦੇ ਸ਼ਹਿਰੀ ਪਿਉਂਦ ਵਾਲੇ ਬੱਚੇ ਕਪਾਹ ਨੂੰ ਕੌਟਨ ਪਲਾਂਟ, ਖਿੱਲਾਂ ਨੂੰ ਪੌਪਕੌਰਨ ਤੇ ਬੁਝਾਰਤਾਂ ਨੂੰ ਪਜ਼ਲਜ਼ ਆਖਦੇ ਨੇ ਤਾਂ ਮੇਰੀਆਂ ਅੱਖਾਂ ਅੱਗੇ ਕਈ ਤਰ੍ਹਾਂ ਦੇ ਨਦੀਨ ਘੁੰਮਣ ਲੱਗਦੇ ਹਨ। ਮਹਿੰਗੇ ਮਾਡਲ ਸਕੂਲਾਂ ਦੀਆਂ ਡੱਬੇਬੰਦ ਇਮਾਰਤਾਂ ਨੇ ਪੇਂਡੂਆਂ ਨੂੰ ਸ਼ਹਿਰੀ ਬਣਾ ਅੰਗਰੇਜ਼ ਬਣਨ ਦੇ ਜੋ ਸੁਪਨੇ ਦਿਖਾਏ, ਉਹੀ ਨਦੀਨ ਸਾਂਝੇ ਪਰਿਵਾਰ, ਵਿਰਸਾ, ਪੰਜਾਬੀ ਬੋਲੀ, ਨੈਤਿਕ ਕਦਰਾਂ ਕੀਮਤਾਂ ਅਤੇ ਅਣਭੋਲ ਬਚਪਨ ਉੱਤੇ ਭਾਰੂ ਹੋ ਗਏ। ਸਿੱਟਾ ਇਹ ਹੋਇਆ ਕਿ ਨਾ ਉਹ ਪੰਜਾਬੀ ਰਹੇ ਤੇ ਨਾ ਅੰਗਰੇਜ਼ ਬਣੇ। ਨਸ਼ਿਆਂ ਦਾ ਨਦੀਨ ਜਵਾਨੀ ਦੀ ਫ਼ਸਲ ਨਿਗਲ ਗਿਆ, ਪਰਵਾਸ ਦੇ ਨਦੀਨ ਨੇ ਪੜ੍ਹੇ ਲਿਖੇ ਪੰਜਾਬ ਦੀ ਫ਼ਸਲ ਵੱਢ ਲਈ, ਲੱਚਰ ਸਾਹਿਤ ਦੇ ਨਦੀਨ ਨੇ ਸਕੂਲਾਂ ਕਾਲਜਾਂ ਵਿਚ ਪੜ੍ਹਦੇ ਭੈਣ-ਭਰਾ ਦੇ ਰਿਸ਼ਤੇ ’ਤੇ ਕਾਂਗਿਆਰੀ ਫੇਰ ਦਿੱਤੀ, ਭ੍ਰਿਸ਼ਟਾਚਾਰ ਦੇ ਨਦੀਨ ਨੇ ਸਮਾਜਿਕ ਤਾਣਾ-ਬਾਣਾ ਖੋਖਲਾ ਕਰ ਦਿੱਤਾ। ਮੈਨੂੰ ਲੱਗਿਆ ਕਿ ਇਨ੍ਹਾਂ ਨਦੀਨਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ ਤੇ ਮੇਰੀ ਸੋਚ ਦੀ ਉਡਾਰੀ ਇਨ੍ਹਾਂ ਦੇ ਖਾਤਮੇ ਦਾ ਹੱਲ ਲੱਭਣ ਲੱਗੀ, ਪਰ ਅਫ਼ਸੋਸ ਕਿ ਹਾਲੇ ਤਕ ਕੋਈ ਰਸਤਾ ਮਿਲਿਆ ਨਹੀਂ।

ਸੰਪਰਕ: 94654-34177


Comments Off on ਨਦੀਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.