ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਨਕਲਚੀ ਬਾਂਦਰ

Posted On June - 22 - 2019

ਗੁਰਮੀਤ ਸਿੰਘ

ਬਾਂਦਰ ਜੰਗਲੀ ਜਾਨਵਰਾਂ ਵਿਚੋਂ ਇਕ ਜਾਣੀ-ਪਛਾਣੀ ਪ੍ਰਜਾਤੀ ਹੈ। ਇਹ ਗੂੜ੍ਹੇ ਰੇਤਲੇ ਰੰਗ ਦਾ ਪੁਰਾਤਨ ਜੰਗਲਾਂ ਵਿਚ ਰਹਿਣ ਵਾਲਾ ਜੰਗਲੀ ਜਾਨਵਰ ਹੈ। ਬਾਂਦਰ ਉੱਤਰੀ ਭਾਰਤ, ਨੇਪਾਲ, ਪੂਰਬੀ ਅਤੇ ਦੱਖਣੀ ਚੀਨ, ਅਤੇ ਉੱਤਰੀ ਦੱਖਣੀ-ਪੂਰਬੀ ਏਸ਼ੀਆ ਵਿਚ ਮਨੁੱਖਾਂ ਨਾਲ ਰਹਿਣ ਦਾ ਆਦੀ ਹੋ ਗਿਆ ਹੈ। ਇਹ 47 ਤੋਂ 64 ਸੈਂਟੀਮੀਟਰ ਲੰਬਾ ਹੁੰਦਾ ਹੈ। ਇਸ ਦੀ ਪੂਛ 20 ਤੋਂ 30 ਸੈਂਟੀਮੀਟਰ ਲੰਬੀ, ਪਰ ਪਿੱਛੇ ਤੋਂ ਥੋੜ੍ਹੀ ਜਿਹੀ ਮੁੜੀ ਹੋਈ ਹੁੰਦੀ ਹੈ। ਅੰਗਰੇਜ਼ੀ ਵਿਚ ਇਸਨੂੰ ‘ਰੀਸਸ’ ਕਹਿੰਦੇ ਹਨ।
ਬਾਂਦਰ ਦੀ ਇਹ ਕਿਸਮ ਵੱਖੋ-ਵੱਖਰੇ ਮਾਹੌਲ ਅਤੇ ਨਿਵਾਸ ਸਥਾਨਾਂ ਵਿਚ ਰਹਿ ਸਕਦੀ ਹੈ। ਇਹ ਜੰਗਲੀ ਜਾਨਵਰਾਂ ਵਿਚੋਂ ਬੁੱਧੀਮਾਨ ਜਾਨਵਰ ਹੈ ਜੋ ਜਵਾਨੀ ਵੇਲੇ ਨਰਮ ਹੁੰਦਾ ਹੈ, ਪਰ ਜਿਸ ਤਰ੍ਹਾਂ ਹੀ ਇਸਦੀ ਉਮਰ ਵਧਦੀ ਹੈ ਇਹ ਸ਼ੈਤਾਨ ਤੇ ਗੁਸੈਲ ਹੋ ਜਾਂਦਾ ਹੈ। ਇਹ ਮੈਡੀਕਲ ਅਤੇ ਮਨੋਵਿਗਿਆਨਕ ਖੋਜ ਲਈ ਮਹੱਤਵਪੂਰਨ ਪ੍ਰਯੋਗਾਤਮਕ ਜਾਨਵਰ ਵੀ ਰਿਹਾ ਹੈ ਕਿਉਂਕਿ ਇਸਦਾ ਡੀ.ਐੱਨ. ਏ. ਕਾਫ਼ੀ ਹੱਦ ਤਕ ਮਨੁੱਖ ਨਾਲ ਮੇਲ ਖਾਂਦਾ ਹੈ। ਬਾਂਦਰ ਫ਼ਲਾਂ ਦੇ ਬਾਗ਼ਾਂ, ਫਾਰਮਾਂ ’ਤੇ ਹਮਲਾ ਕਰਦੇ ਹਨ ਅਤੇ ਉਤਪਾਦਾਂ ਨੂੰ ਅੰਨ੍ਹੇਵਾਹ ਖਾਂਦੇ ਹਨ ਤੇ ਨਸ਼ਟ ਵੀ ਕਰਦੇ ਹਨ। ਸਰਵ ਵਿਆਪਕ ਅਤੇ ਬੁੱਧੀਮਾਨ ਹੋਣ ਦੇ ਨਾਤੇ ਉਹ ਆਮ ਮਿਲਣ ਵਾਲੇ ਪੰਛੀ ਅਤੇ ਉਨ੍ਹਾਂ ਦੇ ਆਂਡੇ, ਸੱਪ ਅਤੇ ਹੋਰ ਪ੍ਰਜਾਤੀਆਂ ਨੂੰ ਵੀ ਫੜਦੇ ਹਨ ਤੇ ਹੱਥ ਆਉਣ ’ਤੇ ਮਾਰਦੇ ਵੀ ਹਨ।
ਬਾਂਦਰ ਦੇ ਮੂੰਹ ਦਾ ਰੰਗ ਗੁਲਾਬੀ ਹੁੰਦਾ ਹੈ, ਪਰ ਬਾਕੀ ਦਾ ਸਾਰਾ ਸਰੀਰ ਵਾਲਾਂ ਦੀ ਭੂਰੇ-ਰੰਗ ਦੀ ਜੱਤ ਨਾਲ ਢਕਿਆ ਹੁੰਦਾ ਹੈ। ਬਾਂਦਰ ਮੌਕਾਪ੍ਰਸਤ ਹੁੰਦੇ ਹਨ ਹੈ ਤੇ ਨਾਲ ਹੀ ਇਹ ਬਹੁਤ ਵਧੀਆ ਤੈਰਾਕ ਵੀ ਹਨ। ਇਹ ਰੁੱਖਾਂ ’ਤੇ ਰਹਿਣ ਨੂੰ ਵੱਧ ਤਰਜੀਹ ਦਿੰਦੇ ਹਨ, ਪਰ ਭੋਜਨ ਦੀ ਭਾਲ ਵਿਚ ਜ਼ਮੀਨ ’ਤੇ ਆਉਂਦੇ ਹਨ। ਉਹ ਹੌਲੀ ਹੌਲੀ ਆਪਣੇ ਆਪ ਨੂੰ ਸਮਾਜਿਕ ਅਤੇ ਸੰਗਤਵਾਨ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਹਨ ਅਤੇ ਸਹਿਜੇ ਸਹਿਜੇ ਇਨਸਾਨਾਂ ਅਤੇ ਘਰੇਲੂ ਜਾਨਵਰਾਂ ਵਿਚ ਉਨ੍ਹਾਂ ਵਾਂਗ ਹੀ ਖ਼ੁਦ ਨੂੰ ਢਾਲ ਲੈਂਦੇ ਹਨ। ਡਰਾਉਣ ’ਤੇ ਉਹ ਇਨਸਾਨ ’ਤੇ ਹਮਲਾ ਵੀ ਕਰ ਦਿੰਦੇ ਹਨ।
ਨਰ ਬਾਂਦਰ 2 ਤੋਂ 3 ਸਾਲ ਵਿਚਕਾਰ ਲਿੰਗਕ ਪਰਿਪੱਕਤਾ ਪ੍ਰਾਪਤ ਕਰ ਲੈਂਦਾ ਹੈ ਜਦੋਂਕਿ ਮਾਦਾ ਨੂੰ 2 ਤੋਂ 4 ਸਾਲ ਤਕ ਦਾ ਸਮਾਂ ਲੱਗ ਜਾਂਦਾ ਹੈ। ਮਾਦਾ ਕਈ ਵਾਰ ਸਾਲ ਵਿਚ ਦੋ ਬਾਰ ਗਰਭਵਤੀ ਹੋ ਜਾਂਦੀ ਹੈ। ਲਗਪਗ 7 ਮਹੀਨੇ ਬਾਅਦ ਉਹ ਇਕ ਜਾਂ ਦੋ ਬੱਚਿਆਂ ਨੂੰ ਜਨਮ ਦਿੰਦੀ ਹੈ। ਭਾਰਤ ਦੇ ਕੁਝ ਹਿੱਸਿਆਂ ਵਿਚ ਬਾਂਦਰ ਦੀ ਇਸ ਕਿਸਮ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਬਹੁਤ ਸਾਰੇ ਲੋਕ ਇਸ ਤੋਂ ਤੰਗ ਹੋਣ ਦੇ ਬਾਵਜੂਦ ਇਸ ਨੂੰ ਮਾਰਦੇ ਨਹੀਂ ਹਨ। ਇਹ ਮੰਦਰਾਂ ਦੇ ਆਲੇ-ਦੁਆਲੇ ਆਮ ਮਿਲ ਜਾਂਦੇ ਹਨ। ਵੱਡੀ ਪੱਧਰ ’ਤੇ ਜੰਗਲਾਂ ਨਾਲ ਲੱਗਦੀਆਂ ਕੁਦਰਤੀ ਥਾਂਵਾਂ ਤਬਾਹ ਹੋ ਗਈਆਂ ਹਨ, ਸਿੱਟੇ ਵਜੋਂ ਬਾਂਦਰ ਭੋਜਨ ਦੀ ਭਾਲ ਵਿਚ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵੱਲ ਵਧਦੇ ਹਨ।
ਇਹ ਨਕਲ ਕਰਨ ਵਿਚ ਬਹੁਤ ਮਾਹਿਰ ਹਨ। ਬਾਂਦਰ ਦੀ ਗਿਣਤੀ ਵਧਣ ਕਰਕੇ ਲੋਕਾਂ ਨੂੰ ਕੱਟਣ ਕਰਕੇ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੀਆਂ ਰਾਜ ਸਰਕਾਰਾਂ ਨੇ ਇਸ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਅਧੀਨ ‘ਵਰਮਿਨ’ ਐਲਾਨਿਆ ਹੋਇਆ ਹੈ, ਭਾਵ ਬਾਂਦਰਾਂ ਵੱਲੋਂ ਤੰਗ ਕਰਨ ’ਤੇ ਹਰ ਕੋਈ ਆਪਣਾ ਬਚਾਉ ਕਰ ਸਕਦਾ ਹੈ। ਬਾਂਦਰਾਂ ਨੂੰ ਫੜਕੇ ਉਨ੍ਹਾਂ ਤੋਂ ਨਾਚ ਕਰਾਉਣ ’ਤੇ ਪਾਬੰਦੀ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ,ਪੰਜਾਬ।
ਸੰਪਰਕ: 98884-56910


Comments Off on ਨਕਲਚੀ ਬਾਂਦਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.