ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਦਾਸਤਾਨ-ਏ-ਦਸਤਾਨਾ

Posted On June - 10 - 2019

1968 ਦੀਆਂ ਓਲੰਪਿਕ ਖੇਡਾਂ ਵਿੱਚ 200 ਮੀਟਰ ਦੀ ਰੇਸ ਵਿੱਚ ਤਗ਼ਮੇ ਜਿੱਤਣ ਵਾਲੇ ਖਿਡਾਰੀ।

ਭਾਰਤੀ ਕ੍ਰਿਕਟ ਦੇ ਸਿਤਾਰੇ ਮਹਿੰਦਰ ਸਿੰਘ ਧੋਨੀ ਦੇ ਦਸਤਾਨੇ ਉੱਤੇ ਛਪੇ ਹਿੰਦੁਸਤਾਨੀ ਫ਼ੌਜ ਦੀ ਪੈਰਾਟਰੁਪਰ ਰੈਜੀਮੈਂਟ ਦੇ ‘ਬਲਿਦਾਨ ਬੈਜ’ ਨੂੰ ਲੈ ਕੇ ਦਿਨਾਂ ਤੱਕ ਦੇਸ਼ ਦੇ ਮੀਡੀਆ ਵਿੱਚ ਸ਼ੋਰਗੁਲ ਮੱਚਿਆ ਰਿਹਾ। ਟੀਵੀ ਐਂਕਰਾਂ, ਸੇਵਾਮੁਕਤ ਫ਼ੌਜੀ ਅਫ਼ਸਰਾਂ, ਵੱਡੇ ਖਿਡਾਰੀਆਂ, ਸਿਆਸਤਦਾਨਾਂ ਅਤੇ ਆਪੂੰ-ਐਲਾਨੇ ਰਾਸ਼ਟਰਵਾਦੀਆਂ ਦੀ ਇੱਕ ਭੀੜ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨਾਲ ਯੁੱਧ ਦਾ ਬਿਗਲ ਵਜਾਉਂਦੀ, ਧੋਨੀ ਦੀ ਸੈਨਾ ਬਣ ਮੈਦਾਨ ਵਿੱਚ ਨਿੱਤਰ ਆਈ। ਹੁਣ ਆਈਸੀਸੀ ਵਾਲਿਆਂ ਰਾਸ਼ਟਰਵਾਦੀ ਸ਼ੋਰ ਨੂੰ ਅਣਦੇਖਿਆ ਕਰ ਸਪੱਸ਼ਟ ਤੌਰ ਉੱਤੇ ਇਸ ‘ਬਲਿਦਾਨ ਬੈਜ’ ਵਾਲੇ ਦਸਤਾਨੇ ਨੂੰ ਨਾਮਨਜ਼ੂਰ ਕਰਾਰ ਦੇ ਦਿੱਤਾ ਹੈ।
ਧੋਨੀ ਅਤੇ ਉਹਦੇ ਬਲਿਦਾਨੀ-ਦਸਤਾਨਾ ਪ੍ਰੇਮੀਆਂ ਨੂੰ ਇੱਕ ਗੱਲ ਦਾ ਇਲਮ ਹੈ ਕਿ ਆਪਣੇ ਫ਼ੌਜ-ਪ੍ਰੇਮ ਦੇ ਇਜ਼ਹਾਰ ਨਾਲ ਉਹ ਕਿਸੇ ਕਿਸਮ ਦਾ ਖ਼ਤਰਾ ਨਹੀਂ ਸਹੇੜ ਰਿਹਾ ਸੀ। ਰਾਸ਼ਟਰਵਾਦ ਵਿੱਚ ਭਿੱਜੇ ਮੁਲਕ ਵਿੱਚ ਤੁਹਾਡੇ ਦਸਤਾਨੇ ਉੱਤੇ ਫ਼ੌਜੀ ਖੁਖਰੀ ਦਾ ਬਿੰਬ ਤੁਹਾਨੂੰ ਸੱਤਾ, ਸਥਾਪਤੀ ਅਤੇ ਹਥਿਆਰਬੰਦ ਸ਼ਕਤੀਵਾਨ ਦਾ ਭਾਈਵਾਲ ਬਣਾਉਂਦਾ ਹੈ। ਇਹ ਖ਼ਤਰਾ-ਰਹਿਤ ਸਾਹਸ ਵਾਲਾ ਕੰਮ ਹੈ।
ਧੋਨੀ ਦਸਤਾਨਾ ਤਾਂ ਚੌਂਹ-ਦਿਸ਼ਾਈਂ ਮਾਨਤਾ ਪ੍ਰਾਪਤ ਸੋਚ ਦੇ ਅਨੁਯਾਈ ਹੋਣ ਦਾ ਸਬੂਤ ਹੈ। ਦਸਤਾਨਿਆਂ ਨਾਲ ਬਹਾਦਰੀ ਦੇ ਪਰਚਮ ਲਹਿਰਾਉਣ ਲਈ ਰਤਾ ਵੱਖਰੇ ਬਿੰਬ ਵਰਤਣੇ ਪੈਂਦੇ ਹਨ। ਮੈਦਾਨ-ਏ-ਖੇਡ ਵਿੱਚ ਦਸਤਾਨੇ ਦੀ ਪ੍ਰਚੰਡ ਨੁਮਾਇਸ਼ ਵਾਲਾ ਮਹਿੰਦਰ ਸਿੰਘ ਧੋਨੀ ਅਜੇ ਖ਼ਤਰਿਆਂ ਦੀ ਖੇਡ ਵਿੱਚ ਬਹੁਤ ਫਾਡੀ ਹੈ। 1968 ਦੀਆਂ ਮੈਕਸਿਕੋ ਸ਼ਹਿਰ ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ 200 ਮੀਟਰ ਦੀ ਰੇਸ ਵਿੱਚ ਤਗ਼ਮੇ ਜਿੱਤਣ ਵਾਲੇ ਦੋ ਅਮਰੀਕਨ ਦੌੜਾਕਾਂ ਕੋਲ ਤਾਂ ਦਸਤਾਨਿਆਂ ਦੀ ਇੱਕੋ ਜੋੜੀ ਸੀ। ਉਨ੍ਹਾਂ ਆਪਸ ਵਿੱਚ ਹੀ ਵੰਡ ਲਏ। ਗਲੇ ਵਿੱਚ ਮੈਡਲ ਲਟਕਾਈ ਜਦੋਂ ਉਹ ਜੇਤੂ ਸਟੈਂਡ ਉੱਤੇ ਖੜ੍ਹੇ ਹੋਏ ਤਾਂ ਮੁਲਕ ਦਾ ਰਾਸ਼ਟਰੀ ਤਰਾਨਾ ਵੱਜ ਉੱਠਿਆ। ਇੱਕ ਨੇ ਸੱਜੇ ਹੱਥ ਉੱਤੇ ਕਾਲਾ ਦਸਤਾਨਾ ਚੜ੍ਹਾਅ, ਮੁੱਠੀ ਵੱਟ ਕੇ ਸੱਜੀ ਬਾਂਹ ਉੱਪਰ ਕੀਤੀ। ਦੂਜੇ ਨੇ ਖੱਬੇ ਹੱਥ ਉੱਤੇ ਕਾਲਾ ਦਸਤਾਨਾ ਚੜ੍ਹਾਅ, ਖੱਬੀ ਬਾਂਹ ਹਵਾ ਵਿੱਚ ਉਲਾਰ ਦਿੱਤੀ। ਜੇਤੂ ਸਟੈਂਡ ਉੱਤੇ ਤੀਜਾ ਖਿਡਾਰੀ ਆਸਟਰੇਲੀਆ ਤੋਂ ਸੀ। ਉਸ ਸਾਥੀ ਜੇਤੂਆਂ ਦਾ ਸਾਥ ਦਿੱਤਾ। ਖੇਡਾਂ ਅਤੇ ਮਨੁੱਖੀ ਅਧਿਕਾਰਾਂ ਦੇ ਰਿਸ਼ਤੇ ਦੀ ਵਕਾਲਤ ਕਰਦਾ ਬੈਜ ਪਹਿਨਿਆ।

ਐੱਸ.ਪੀ. ਸਿੰਘ*

ਤਿੰਨਾਂ ਖਿਡਾਰੀਆਂ ਉੱਤੇ ਸੱਤਾ ’ਤੇ ਕਾਬਜ਼ ਲੋਕਾਂ ਆਪਣਾ ਨਜ਼ਲਾ ਝਾੜਿਆ। ਅਮਰੀਕੀ ਰਾਸ਼ਟਰਵਾਦੀਆਂ ਥੂ-ਥੂ ਕੀਤੀ। ਉਨ੍ਹਾਂ ਖਿਡਾਰੀਆਂ ਨੂੰ ਬੇਇੱਜ਼ਤ ਕੀਤਾ ਗਿਆ, ਜੇਤੂਆਂ ਨੂੰ ਛੇਤੀ ਨਾਲ ਸਟੇਡੀਅਮ ਵਿੱਚੋਂ ਬਾਹਰ ਕੱਢਿਆ ਗਿਆ, ਅਮਰੀਕੀ ਟੀਮ ਵਿੱਚੋਂ ਬਾਹਰ ਸੁੱਟ ਮਾਰਿਆ, ਓਲੰਪਿਕ ਪਿੰਡ ਵਿੱਚੋਂ ਕੱਢ ਦਿੱਤਾ, 48 ਘੰਟਿਆਂ ਵਿੱਚ ਮੈਕਸਿਕੋ ਵਿੱਚੋਂ ਜਾਣ ਲਈ ਕਹਿ ਦਿੱਤਾ ਗਿਆ। ਕਾਲੇ ਦਸਤਾਨੇ ਦੀ ਨੁਮਾਇਸ਼ ਕਰਨ ਲਈ ਇਹ ਖਿਡਾਰੀ ਦੇਸ਼ ਦੇ ਦੁਸ਼ਮਣ ਗਰਦਾਨੇ ਗਏ।
ਅਮਰੀਕੀ ਖੁਫ਼ੀਆ ਏਜੰਸੀ ਐੱਫਬੀਆਈ ਨੇ ਵਰ੍ਹਿਆਂ ਤੱਕ ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ। ਕਾਲੇ ਦਸਤਾਨੇ ਲਹਿਰਾਉਣ ਬਦਲੇ ਇਨ੍ਹਾਂ ਖਿਡਾਰੀਆਂ ਨੂੰ ਜਾਨੋਂ ਮਾਰਨ ਦੀਆਂ ਸੈਂਕੜੇ ਧਮਕੀਆਂ ਮਿਲੀਆਂ।
ਵਕਤ ਬੀਤਿਆ। 1984 ਦੀਆਂ ਓਲੰਪਿਕ ਖੇਡਾਂ ਦੌਰਾਨ ਉਨ੍ਹਾਂ ਦਾ ਸਨਮਾਨ ਕੀਤਾ ਗਿਆ। 2005 ’ਚ ਉਨ੍ਹਾਂ ਦੇ 23 ਫੁੱਟ ਉੱਚੇ ਬੁੱਤ ਸਥਾਪਿਤ ਕੀਤੇ ਗਏ। ਉਨ੍ਹਾਂ ਨੂੰ ਮੁਲਕ ਦੇ ਹੀਰੋ ਕਰਾਰ ਦਿੱਤਾ ਗਿਆ। ਬਲਿਦਾਨੀ ਦਸਤਾਨੇ ਵਾਲੇ ਧੋਨੀ ਨੂੰ ਵੀ ਅੱਜ ਇਕ ਰਾਸ਼ਟਰਵਾਦੀ ਭੀੜ ਹੀਰੋ ਕਹਿ ਰਹੀ ਹੈ ਪਰ ਇਸ ਹੀਰੋਪੰਥੀ ਲਈ ਉਸ ਕੋਈ ਖ਼ਤਰਾ ਨਹੀਂ ਸਹੇੜਿਆ। ਕਾਲੇ ਦਸਤਾਨੇ ਵਾਲਿਆਂ ਇਹ ਸ਼ੋਹਰਤ ਕੁਰਬਾਨੀ ਨਾਲ ਕਮਾਈ ਸੀ।
ਹਰ ਨੁਮਾਇਸ਼ੀ ਦਸਤਾਨੇ ਦੀ ਦਾਸਤਾਨ ਵੱਖਰੀ ਹੁੰਦੀ ਹੈ। ਟੌਮੀ ਸਮਿਥ ਅਤੇ ਜੌਹਨ ਕਾਰਲੋਸ ਦੋਵੇਂ ਸਿਆਹਫਾਮ ਅਮਰੀਕੀ ਬੜੇ ਬਿਖੜੇ ਪੈਂਡਿਆਂ ਤੋਂ ਹੁੰਦੇ ਅਮਰੀਕਾ ਦੀ ਸਾਂ ਹੋਜ਼ੇ ਸਟੇਟ ਯੂਨੀਵਰਸਿਟੀ ਤੱਕ ਪਹੁੰਚੇ ਸਨ ਜਿੱਥੇ ਉਹ ਖੇਡ ਦੀ ਤਿਆਰੀ ਕਰਦੇ, ਪਰ ਆਪਣੇ ਮੁਲਕ ਵਿਚਲੇ ਨਸਲੀ ਵਿਤਕਰੇ ਅਤੇ ਅਸਾਵੀਂ ਵੰਡ ਬਾਰੇ ਸਖ਼ਤ ਸਵਾਲਾਂ ਨਾਲ ਵੀ ਜੂਝਦੇ। ਵੱਡੇ ਅਥਲੀਟ ਹੋਣ ਦੇ ਬਾਵਜੂਦ ਉਹ ਸਵਾਲ ਉਠਾਉਂਦੇ ਕਿ ਜਿਸ ਮੁਲਕ ਵਿੱਚ ਖੇਡਾਂ ’ਤੇ ਬੇਇੰਤਹਾ ਪੈਸਾ ਖਰਚ ਕੀਤਾ ਜਾ ਰਿਹਾ ਹੈ, ਉੱਥੇ ਗ਼ਰੀਬ ਭਲਾਈ ਕੰਮਾਂ ਲਈ ਸਰੋਤ-ਸਾਧਨਾਂ ਦਾ ਸੋਕਾ ਕਿਉਂ ਪੈ ਜਾਂਦਾ ਹੈ? ਉਨ੍ਹਾਂ ਪੀੜ ਵੱਲ ਕੰਨ ਧਰੇ ਸਨ। ਮੁੱਕੇਬਾਜ਼ ਮੁਹੰਮਦ ਅਲੀ ਨੇ ਵੀਅਤਨਾਮ ਦੀ ਜੰਗ ’ਚ ਲੜਨੋਂ ਨਾਂਹ ਕਰ ਦਿੱਤੀ ਸੀ। ਮੈਕਸਿਕੋ ਓਲੰਪਿਕ ਤੋਂ ਕੁਝ ਦਿਨ ਪਹਿਲਾਂ ਜਦੋਂ ਇਕ ਰੈਸਤਰਾਂ ਨੇ ਉਹਦੇ ਕਾਲੇ ਰੰਗ ਕਾਰਨ ਮੁਹੰਮਦ ਅਲੀ ਦੀ ਖਾਤਰਦਾਰੀ ਤੋਂ ਇਨਕਾਰ ਕੀਤਾ ਤਾਂ ਉਸ 1960 ਦੀ ਰੋਮ ਓਲੰਪਿਕ ’ਚੋਂ ਜਿੱਤਿਆ ਸੋਨ-ਤਗਮਾ ਓਹਾਈਓ ਦਰਿਆ ਵਿੱਚ ਵਗਾਹ ਮਾਰਿਆ। ਰੰਗਭੇਦ ਇਸ ਹੱਦ ਤੱਕ ਪ੍ਰਚੰਡ ਸੀ ਕਿ ਇੱਕ ਮੁਕਾਮ ’ਤੇ ਕਾਲੇ ਖਿਡਾਰੀ 1968 ਦੀਆਂ ਓਲੰਪਿਕ ਖੇਡਾਂ ਦਾ ਬਾਈਕਾਟ ਕਰਨ ਬਾਰੇ ਗੰਭੀਰਤਾ ਨਾਲ ਸੋਚ ਰਹੇ ਸਨ, ਭਾਵੇਂ ਬਾਅਦ ਵਿੱਚ ਉਨ੍ਹਾਂ ਅਜਿਹਾ ਨਹੀਂ ਕੀਤਾ।
ਸਮਿੱਥ ਅਤੇ ਕਾਰਲੋਸ ਨੇ ਕਾਲੇ ਦਸਤਾਨੇ ਇਸ ਲਈ ਤਿਆਰ ਰੱਖੇ ਸਨ ਕਿਉਂ ਜੋ ਜਿੱਤਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਮੁਖੀ ਏਵਰੀ ਬਰੰਡੇਜ ਨਾਲ ਹੱਥ ਮਿਲਾਉਣਾ ਪੈ ਸਕਦਾ ਸੀ। ਉਹ ਤਾਂ ਉਸ ਨੂੰ ਛੂਹਣਾ ਵੀ ਨਹੀਂ ਸਨ ਚਾਹੁੰਦੇ। ਉਹ ਨਾਜ਼ੀ-ਭਗਤ ਫਾਸ਼ੀਵਾਦੀ ਸੀ ਜਿਸ ਨੇ ਨਾ ਕੇਵਲ 1936 ਦੀਆਂ ਬਰਲਿਨ ਓਲੰਪਿਕ ਖੇਡਾਂ ਵੇਲੇ ਨਾਜ਼ੀਆਂ ਨਾਲ ਯਾਰੀਆਂ ਪੁਗਾਈਆਂ ਸਨ ਸਗੋਂ ਦੂਜੀ ਸੰਸਾਰ ਜੰਗ ਵੇਲੇ ਅੱਜ ਦੀ ਟਰੰਪ ਸੈਨਾ ਵਾਂਗ ‘ਪਹਿਲੋਂ ਅਮਰੀਕਾ’ ਕੂਕਦਿਆਂ ਵਕਾਲਤ ਕਰਦਾ ਰਿਹਾ ਸੀ ਕਿ ਅਮਰੀਕਾ ਨੂੰ ਸੰਸਾਰ ਜੰਗ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ। ਉਹ 1952 ਤੋਂ ਆਈਓਸੀ ਦਾ ਮੁਖੀ ਚੱਲਿਆ ਆ ਰਿਹਾ ਸੀ।
1968 ਵਿੱਚ ਫਰਾਂਸ ਵਿੱਚ ਵਿਦਿਆਰਥੀ ਵਿਦਰੋਹ ਭਖਿਆ ਹੋਇਆ ਸੀ। ਸੋਵੀਅਤ ਸੰਘ ਦੇ ਟੈਂਕ ਚੈਕੋਸਲਵਾਕੀਆ ਵਿੱਚ ਵੜ ਚੁੱਕੇ ਸਨ। ਮੈਕਸਿਕੋ ਦੇ ਵਿਦਿਆਰਥੀਆਂ ਵਿੱਚ ਲੋਕਤੰਤਰ ਬਾਰੇ ਵਲਵਲੇ ਭੜਕ ਰਹੇ ਸਨ। ਟੌਮੀ ਸਮਿੱਥ ਅਤੇ ਜੌਹਨ ਕਾਰਲੋਸ ਦੀ 200-ਮੀਟਰ ਦੌੜ ਤੋਂ ਦੋ ਹਫ਼ਤੇ ਪਹਿਲਾਂ ਗਾਂਧੀ ਜੈਅੰਤੀ ਵਾਲੇ ਦਿਨ ਮੈਕਸਿਕੋ ਦੇ ਫ਼ੌਜੀਆਂ ਨੇ ਰੈਲੀ ਕਰ ਰਹੇ ਸੈਂਕੜੇ ਵਿਦਿਆਰਥੀ ਗੋਲੀਆਂ ਨਾਲ ਭੁੰਨ ਸੁੱਟੇ ਸਨ, ਪਰ ਖੇਡਾਂ ਨਹੀਂ ਸਨ ਰੁਕੀਆਂ।
ਟੌਮੀ ਸਮਿੱਥ ਅੱਵਲ ਆਇਆ, ਆਸਟਰੇਲੀਆ ਦਾ ਪੀਟਰ ਨੌਰਮਨ ਦੂਜੇ ਨੰਬਰ ’ਤੇ ਅਤੇ ਜੌਹਨ ਕਾਰਲੋਸ ਨੇ ਕਾਂਸੀ ਦਾ ਮੈਡਲ ਜਿੱਤਿਆ। ਨਾਜ਼ੀ-ਪ੍ਰੇਮ ਵਾਲਾ ਏਵਰੀ ਬਰੰਡੇਜ ਮੈਕਸਿਕੋ ਸ਼ਹਿਰ ਵਿੱਚ ਨਹੀਂ ਸੀ, ਸੋ ਕਾਰਲੋਸ ਆਪਣੇ ਕਾਲੇ ਦਸਤਾਨਿਆਂ ਦੀ ਜੋੜੀ ਭੁੱਲ ਆਇਆ ਸੀ। ਪੀਟਰ ਨੇ ਸਲਾਹ ਦਿੱਤੀ ਕਿ ਦਸਤਾਨੇ ਦਾ ਇੱਕ ਹੱਥ ਟੌਮੀ ਪਾ ਲਵੇ ਅਤੇ ਦੂਜਾ ਕਾਰਲੋਸ।
ਪੀਟਰ ਨੇ ਆਸਟਰੇਲੀਆ ਵਿੱਚ ਗ਼ਰੀਬ-ਗੁਰਬੇ ਨਾਲ ਮਾੜਾ ਵਰਤਾਰਾ ਵੀ ਵੇਖਿਆ ਸੀ ਅਤੇ ਆਪਣੇ ਮੁਲਕ ਦੀ ਇਮੀਗ੍ਰੇਸ਼ਨ ਨੀਤੀ ਦੇ ਬਰ-ਖਿਲਾਫ਼ ਸੀ ਕਿਉਂ ਜੋ ਕੇਵਲ ਗੋਰਿਆਂ ਨੂੰ ਹੀ ਮੁਲਕ ਵਿੱਚ ਆ ਵਸਣ ਦੀ ਇਜਾਜ਼ਤ ਮਿਲਦੀ ਸੀ। ਉਸ ਨੇ ਆਪ ‘ਮਨੁੱਖੀ ਅਧਿਕਾਰਾਂ ਲਈ ਓਲੰਪਿਕ’ ਕਹਿੰਦਾ ਵੱਡਾ ਸਾਰਾ ਬਟਨ-ਬੈਜ ਛਾਤੀ ਉੱਤੇ ਲਾ ਲਿਆ। ਤਿੰਨੋਂ ਜੇਤੂ ਸਟੈਂਡ ਉੱਤੇ ਚੜ੍ਹ ਗਏ। ਕਾਲੇ ਦਸਤਾਨੇ ਵਾਲੀਆਂ ਦੋ ਮੁੱਠੀਆਂ ਹਵਾ ਵਿੱਚ ਉਲਰੀਆਂ। ਸੀਨਾ ਤਾਣ ਕੇ ਪੀਟਰ ਨੇ ਵੀ ਸਾਥ ਦਿੱਤਾ। ਤਿੰਨੋਂ ਦੁਰਕਾਰੇ ਗਏ। ਪੀਟਰ ਨੂੰ ਮੁੜ ਕਦੀ ਖੇਡ ਵਿੱਚ ਹਿੱਸਾ ਨਾ ਲੈਣ ਦਿੱਤਾ ਗਿਆ। ਜਦੋਂ 2000 ਓਲੰਪਿਕ ਖੇਡਾਂ ਸਿਡਨੀ ਵਿੱਚ ਹੋਈਆਂ ਤਾਂ ਵੀ ਉਸ ਨੂੰ ਦਰਕਿਨਾਰ ਕੀਤਾ ਗਿਆ। ਉਹ ਤਾ-ਉਮਰ ਨਹੀਂ ਡੋਲਿਆ। 2006 ਵਿੱਚ ਟੌਮੀ ਸਮਿੱਥ ਅਤੇ ਜੌਹਨ ਕਾਰਲੋਸ ਉਹਦੀ ਅਰਥੀ ਨੂੰ ਮੋਢਾ ਦੇਣ ਪਹੁੰਚੇ। ਅੰਤ 2012 ਵਿੱਚ ਆਸਟਰੇਲੀਆਈ ਸਰਕਾਰ ਨੇ ਪੀਟਰ ਨੌਰਮਨ ਨਾਲ ਕੀਤੇ ਲਈ ਮੁਆਫ਼ੀ ਮੰਗੀ।
ਪਿਛਲੇ ਸਾਲ ਜਦੋਂ ਅਮਰੀਕੀ ਨੈਸ਼ਨਲ ਫੁੱਟਬਾਲ ਲੀਗ (ਐੱਨਐੱਫਐੱਲ) ਦੇ ਵੱਡੇ ਸਿਤਾਰੇ ਕੌਲਿਨ ਕੈਪਰਨਿਕ ਨੇ ਮੁਲਕ ਦੇ ਰਾਸ਼ਟਰੀ ਗਾਣ ਸਮੇਂ ਜ਼ਮੀਨ ’ਤੇ ਗੋਡਾ ਲਾ ਕੇ ਸਮਾਜਿਕ ਅਨਿਆਂ, ਨਸਲੀ ਰੰਗਭੇਦ ਅਤੇ ਹੋਰ ਗ਼ੈਰ-ਮਨੁੱਖੀ ਟਰੰਪੀ ਨੀਤੀਆਂ ਦਾ ਵਿਰੋਧ ਕੀਤਾ ਤਾਂ ਜੌਹਨ ਕਾਰਲੋਸ ਨੇ ਉਹਨੂੰ ਆਪਣਾ ਹੀਰੋ ਕਿਹਾ, ਉਹਦੀ ਤੁਲਨਾ ਮਾਰਟਨ ਲੂਥਰ ਕਿੰਗ ਜੂਨੀਅਰ, ਮਾਲਕੌਮ ਐਕਸ ਅਤੇ ਰੋਜ਼ਾ ਪਾਰਕਸ ਨਾਲ ਕੀਤੀ, ਪਰ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਹਦੀ ਰਾਸ਼ਟਰਵਾਦੀ ਭੀੜ ਨੇ ਉਹਨੂੰ ਦੇਸ਼ ਧਰੋਹੀ ਕਿਹਾ।
ਖੇਡ ਦੇ ਮੈਦਾਨ ਵਿੱਚ ਤੁਸੀਂ ਕਿਹੜੇ ਵਡੇਰੇ ਆਦਰਸ਼ਾਂ ਦੀ ਨੁਮਾਇਸ਼ ਕਰਦੇ ਹੋ, ਇਹ ਜ਼ਿਆਦਾ ਮਹੱਤਵਪੂਰਨ ਹੈ। ਸਮੇਂ ਦੇ ਹਾਕਮ ਤੁਹਾਨੂੰ ਪਲਕਾਂ ’ਤੇ ਬਿਠਾਉਂਦੇ ਹਨ ਜਾਂ ਦੁਰਕਾਰਦੇ ਹਨ, ਇਹ ਮਸਨੂਈ ਗੱਲ ਹੈ।
ਮਹਿੰਦਰ ਧੋਨੀ ਦੇ ਫ਼ੌਜੀ-ਰੰਗੇ ਦਸਤਾਨੇ ਅਤੇ ਸਮਿੱਥ-ਕਾਰਲੋਸ ਦੇ ਕਾਲੇ ਦਸਤਾਨਿਆਂ ਵਿੱਚ ਪਲਵਾਨਕਰ ਬਾਲੂ ਜਿੰਨਾ ਫਾਸਲਾ ਹੈ। ਧੋਨੀ ਦੇ ਦਸਤਾਨੇ ਵਿੱਚੋਂ ਰਾਸ਼ਟਰੀ ਗੌਰਵ ਲੱਭਦੀ ਭੀੜ ਕ੍ਰਿਕਟ ਦੇ ਇਤਿਹਾਸ ਵਿੱਚ ਇਸ ਮਹਾਨ ਖਿਡਾਰੀ ਤੱਕ ਪਹੁੰਚ ਹੀ ਨਹੀਂ ਪਾਉਂਦੀ।
ਅੱਜ ਹਿੰਦੂ ਧਰਮ ਦੇ ਰੱਖਿਅਕ ਅਖਵਾਉਂਦੇ ਵੀ ਪਲਵਾਨਕਰ ਬਾਲੂ ਨੂੰ ਵਿਸਾਰੀ ਬੈਠੇ ਹਨ ਭਾਵੇਂ 19ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੇ ਮੁੱਢਲੇ ਦੌਰ ਤੱਕ, ਜਦੋਂ ਭਾਰਤੀ ਕ੍ਰਿਕਟ ਧਰਮ ਅਤੇ ਜਾਤੀ ਆਧਾਰਿਤ ਟੀਮਾਂ ਦੇ ਰੂਪ ਵਿੱਚ ਵਿਚਰਦੀ ਸੀ, ਇਸ ਦਲਿਤ ਖਿਡਾਰੀ ਨੂੰ ਪਰਮਾਨੰਦ ਜੀਵਨਦਾਸ ਹਿੰਦੂ ਜਿਮਖਾਨਾ ਦੀ ਟੀਮ ਵਿੱਚ 1896 ਵਿੱਚ ਕੇਵਲ ਇਸ ਲਈ ਸ਼ਾਮਿਲ ਕਰਨਾ ਪਿਆ ਕਿਉਂਜੋ ਉਹ ਕਮਾਲ ਦਾ ਗੇਂਦਬਾਜ਼ ਸੀ। 1906 ਦੇ ਮੁੰਬਈ ਕ੍ਰਿਕਟ ਮੁਕਾਬਲਿਆਂ ਵਿੱਚ ਹਿੰਦੂ ਟੀਮ ਦੀ ਅੰਗਰੇਜ਼ਾਂ ਉੱਤੇ ਜਿੱਤ ਦਾ ਸਿਹਰਾ ਬਾਲੂ ਨੂੰ ਗਿਆ ਸੀ।
ਜਦੋਂ 1911 ਵਿੱਚ ਭਾਰਤੀ ਟੀਮ ਪਹਿਲੀ ਵਾਰੀ ਇੰਗਲੈਂਡ ਦੇ ਦੌਰੇ ’ਤੇ ਗਈ ਤਾਂ ਬੁਰੀ ਤਰ੍ਹਾਂ ਹਾਰ ਕੇ ਪਰਤੀ ਸੀ, ਪਰ ਬਾਲੂ ਦੀ ਗੇਂਦਬਾਜ਼ੀ ਨੇ ਆਪਣਾ ਲੋਹਾ ਮਨਵਾਇਆ ਸੀ। ਬਾਲੂ ਦੇ ਸਨਮਾਨ ਵਿੱਚ ਕਾਲਜ ਦੇ ਜਿਸ ਨੌਜਵਾਨ ਲੈਕਚਰਾਰ ਨੇ ਆਪਣੇ ਜੀਵਨ ਦੀ ਪਹਿਲੀ ਜਨਤਕ ਤਕਰੀਰ ਕੀਤੀ ਸੀ, ਉਸ ਦਾ ਨਾਮ ਸੀ ਭੀਮ ਰਾਓ ਅੰਬੇਦਕਰ।
ਮੈਚ ਵਿੱਚ ਬ੍ਰੇਕ ਦੌਰਾਨ ਦਲਿਤ ਬਾਲੂ ਨੂੰ ਬਾਕੀਆਂ ਤੋਂ ਵੱਖ ਮਿੱਟੀ ਦੇ ਭਾਂਡੇ ਵਿੱਚ ਚਾਹ ਮਿਲਦੀ, ਪਾਣੀ ਪਿਆਉਣ ਲਈ ਕਿਸੇ ਦਲਿਤ ਮੁੰਡੇ ਨੂੰ ਕਿਹਾ ਜਾਂਦਾ, ਰੋਟੀ ਉਹ ਵੱਖਰਿਆਂ ਬੈਠ ਖਾਂਦਾ ਸੀ। ਮਹਾਰ ਜਾਤੀ ’ਚੋਂ ਆਏ ਅੰਬੇਦਕਰ ਦਾ ਆਪਣਾ ਤਜਰਬਾ ਇਸ ਤੋਂ ਭਿੰਨ ਨਹੀਂ ਸੀ।
ਮਹਿੰਦਰ ਸਿੰਘ ਧੋਨੀ ਨੇ ਜੇ ਆਪਣੇ ਦਸਤਾਨੇ ਉੱਤੇ ਕਿਸੇ ਚਿੰਨ੍ਹ ਦੀ ਨੁਮਾਇਸ਼ ਕਰਕੇ ਦੇਸ਼ ਦਾ ਨਾਮ ਰੋਸ਼ਨ ਕਰਨਾ ਹੈ ਤਾਂ ਉਹ ਉਹਦੇ ’ਤੇ ਪਲਵਾਨਕਰ ਬਾਲੂ ਦਾ ਨਾਮ ਲਿਖੇ, ਜਾਂ ਮਾਂ-ਭਾਰਤੀ ਦੇ ਲਾਲ ਰੋਹਿਤ ਵੇਮੁਲਾ ਦਾ ਚਿੱਤਰ ਛਾਪੇ, ਜਾਂ ਦੇਵੇ ਕੋਈ ਸੰਕੇਤ ਕਿ ਮੁਲਕ ਵਾਰੇ ਜਾਵੇਗਾ ਐਸੀ ਫ਼ੌਜ ਤੋਂ ਜਿਹੜੀ ਆਪਣੇ ਹੀ ਲੋਕਾਂ ’ਤੇ ਟੈਂਕ ਨਹੀਂ ਚਾੜ੍ਹਦੀ, ਆਪਣੇ ਨਾਗਰਿਕ ਨੂੰ ਜੀਪ ਅੱਗੇ ਬੰਨ੍ਹ ਮਨੁੱਖੀ ਢਾਲ ਵਾਂਗ ਨਹੀਂ ਵਰਤਦੀ।
ਇੱਕ ਭੀੜ ਰਾਸ਼ਟਰੀ ਗਾਣ ’ਤੇ ਖੜ੍ਹੇ ਨਾ ਹੋਣ ਵਾਲੇ ਨੂੰ ਕੁੱਟ-ਕੁੱਟ ਮਾਰ ਦੇਣ ਨੂੰ ਰਾਸ਼ਟਰਵਾਦ ਸਮਝਦੀ ਹੈ, ਇੱਕ ਦੂਸਰੀ ਭੀੜ ਰਾਸ਼ਟਰੀ ਗਾਣ ਵੇਲੇ ਗੋਡਾ ਜ਼ਮੀਨ ’ਤੇ ਟੇਕ ਕੇ ਵਿਰੋਧ ਕਰਨ ਵਾਲੇ ਨੂੰ ਅਸਲੀ ਦੇਸ਼ ਪ੍ਰੇਮੀ ਕਹਿੰਦੀ ਹੈ।
ਕ੍ਰਿਕਟ ਪ੍ਰੇਮੀਆਂ ਨੂੰ ਆਸ ਹੈ ਕਿ ਬਿਨਾਂ ਬਲਿਦਾਨੀ ਦਸਤਾਨੇ ਵੀ ਧੋਨੀ ਆਲਾ-ਮਿਆਰ ਵਿਕਟਕੀਪਰ ਹੋ ਨਿਬੜੇਗਾ। ਮੈਂ ਨਹੀਂ ਕਹਿ ਸਕਦਾ ਕਿ ਧੋਨੀ ਆਪਣਾ ਦਸਤਾਨੇ ਵਾਲਾ ਹੱਥ ਕਿਸ ਭੀੜ ਨਾਲ ਮਿਲਾਵੇਗਾ, ਪਰ ਮੈਨੂੰ ਪੱਕਾ ਪਤਾ ਹੈ ਕਿ ਟੋਮੀ ਸਮਿੱਥ ਅਤੇ ਜੌਹਨ ਕਾਰਲੋਸ ਦੇ ਕਾਲੇ ਦਸਤਾਨੇ ਵਾਲੇ ਹੱਥ ਕਿਸ ਦੀ ਬਾਂਹ ਫੜਨਗੇ। ਏਨਾ ਲਿਖਦਿਆਂ ਮੇਰੇ ਰਾਸ਼ਟਰਵਾਦ ਉੱਤੇ ਸ਼ੱਕ ਜਿੰਨਾ ਸਾਮਾਨ ਤਾਂ ਹੋ ਹੀ ਗਿਆ ਹੈ, ਇਸ ਲਈ ਦਾਸਤਾਨ-ਏ-ਦਸਤਾਨਾ ਇੱਥੇ ਹੀ ਸਮਾਪਤ ਕਰਦੇ ਹਾਂ। ਲਿਖਤੁਮ ਬਾਦਲੀਲ।
(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਭਾਵੇਂ ਖੁਖਰੀ ਤੋਂ ਡਰਦਾ ਹੈ, ਪਰ ਭਾਰਤੀ ਮੈਦਾਨ ਵਿੱਚ ਖੇਡੀਆਂ ਜਾ ਰਹੀਆਂ ਰਾਸ਼ਟਰਵਾਦੀ ਖੇਡਾਂ ਦਾ ਅੱਖੀਂ ਡਿੱਠਾ ਹਾਲ ਲਿਖਣ-ਸੁਣਾਉਣ ’ਤੇ ਬਜ਼ਿੱਦ ਹੈ।)


Comments Off on ਦਾਸਤਾਨ-ਏ-ਦਸਤਾਨਾ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.