ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਦਾਲਾਂ ਦੀ ਬਿਜਾਈ ਲਈ ਢੁੱਕਵਾਂ ਸਮਾਂ

Posted On June - 29 - 2019

ਡਾ. ਰਣਜੀਤ ਸਿੰਘ

ਹੁਣ ਤਕ ਝੋਨੇ ਦੀ ਸਾਰੀ ਲੁਆਈ ਲਗਭਗ ਹੋ ਚੁੱਕੀ ਹੈ। ਹੁਣ ਬਾਸਮਤੀ ਦੀ ਲੁਆਈ ਸ਼ੁਰੂ ਹੋ ਚੁੱਕੀ ਹੈ। ਬਾਸਮਤੀ ਦੀਆਂ ਹਮੇਸ਼ਾ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰੋ। ਪਹਿਲਾਂ ਪੰਜਾਬ ਬਾਸਮਤੀ 5, 4, 3, 2, ਪੂਸਾ ਬਾਸਮਤੀ 1121, 1637 ਅਤੇ 1718 ਦੀ ਲੁਆਈ ਕਰੋ।
ਮਾਂਹ ਅਤੇ ਮੂੰਗੀ ਪੰਜਾਬੀਆਂ ਦੀਆਂ ਮਨਭਾਉਂਦੀਆਂ ਦਾਲਾਂ ਹਨ। ਇਨ੍ਹਾਂ ਦੀ ਵਰਤੋਂ ਸਾਰੇ ਘਰਾਂ ਵਿੱਚ ਹੀ ਹੁੰਦੀ ਹੈ। ਇਨ੍ਹਾਂ ਦੀ ਬਿਜਾਈ ਲਈ ਹੁਣ ਢੁੱਕਵਾਂ ਸਮਾਂ ਹੈ। ਮੂੰਗੀ ਅਤੇ ਮਾਂਹ ਧਰਤੀ ਦੀ ਸਿਹਤ ਨੂੰ ਠੀਕ ਕਰਨ ਵਿਚ ਸਹਾਇਤਾ ਕਰਦੇ ਹਨ। ਪਿਛਲੇ ਸਾਲ ਸੂਬੇ ਵਿਚ ਮੂੰਗੀ ਹੇਠ 3.5 ਹਜ਼ਾਰ ਹੈਕਟੇਅਰ ਰਕਬਾ ਸੀ। ਘਰ ਦੀ ਲੋੜ ਪੂਰੀ ਕਰਨ ਲਈ ਸਾਰੇ ਕਿਸਾਨਾਂ ਨੂੰ ਮੂੰਗੀ ਦੀ ਕਾਸ਼ਤ ਕਰਨੀ ਚਾਹੀਦੀ ਹੈ। ਜੇਕਰ ਫ਼ਸਲ ਖ਼ਰਾਬ ਵੀ ਹੋ ਜਾਵੇ ਤਾਂ ਖੇਤ ਵਿਚ ਵਾਹ ਦੇਵੋ, ਹਰੀ ਖਾਦ ਦਾ ਕੰਮ ਕਰੇਗੀ। ਪੰਜਾਬ ਵਿਚ ਕਾਸ਼ਤ ਲਈ ਐੱਮ.ਐੱਲ. 2056 ਅਤੇ ਐੱਮ.ਐੱਲ. 818 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇੱਕ ਏਕੜ ਲਈ ਅੱਠ ਕਿਲੋ ਬੀਜ ਚਾਹੀਦਾ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਗਾ ਲਵੋ। ਬੀਜ ਨੂੰ ਜ਼ਹਿਰਾਂ ਨਾਲ ਸੋਧ ਵੀ ਜ਼ਰੂਰ ਲੈਣਾ ਚਾਹੀਦਾ ਹੈ। ਕੈਪਟਾਨ ਜਾਂ ਥੀਰਮ ਜ਼ਹਿਰ ਤਿੰਨ ਗ੍ਰਾਮ ਪ੍ਰਤੀ ਕਿਲੋ ਬੀਜ ਲਈ ਵਰਤੀ ਜਾਵੇ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 30 ਅਤੇ ਬੂਟਿਆਂ ਵਿਚਕਾਰ 10 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਇਕ ਮਹੀਨੇ ਪਿਛੋਂ ਗੋਡੀ ਜ਼ਰੂਰ ਕਰੋ। ਦਾਲਾਂ ਉੱਤੇ ਕੀੜੇ ’ਤੇ ਬਿਮਾਰੀਆਂ ਦਾ ਹਮਲਾ ਵਧੇਰੇ ਹੁੰਦਾ ਹੈ। ਫ਼ਸਲ ਦਾ ਧਿਆਨ ਰੱਖਣਾ ਚਾਹੀਦਾ ਹੈ, ਜੇਕਰ ਕੋਈ ਹਮਲਾ ਨਜ਼ਰ ਆਵੇ ਤਾਂ ਮਾਹਿਰਾਂ ਦੇ ਦੱਸੇ ਅਨੁਸਾਰ ਜ਼ਹਿਰਾਂ ਦੀ ਵਰਤੋਂ ਕੀਤੀ ਜਾਵੇ। ਵਧੀਆ ਖੜ੍ਹੀ ਫ਼ਸਲ ਪੰਜ ਕੁਇੰਟਲ ਤੱਕ ਪ੍ਰਤੀ ਏਕੜ ਝਾੜ ਦੇ ਦਿੰਦੀ ਹੈ। ਮਾਂਹਾਂ ਦੀ ਬਿਜਾਈ ਜੇਕਰ ਨਹੀਂ ਕੀਤੀ ਤਾਂ ਇਸੇ ਹਫ਼ਤੇ ਕਰੋ। ਪੰਜਾਬ ਵਿਚ ਮਾਂਹ 114 ਅਤੇ ਮਾਂਹ 338 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦਾ ਬੀਜ ਵੀ ਅੱਠ ਕਿਲੋ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ। ਪਿਛਲੇ ਸਾਲ ਮਾਂਹਾਂ ਹੇਠ ਕੋਈ 1.6 ਹਜ਼ਾਰ ਹੈਕਟਰ ਰਕਬਾ ਸੀ। ਮਾਂਹ ਦੇ ਬੀਜ ਨੂੰ ਵੀ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਗਾਵੋ। ਇਸ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ।
ਕਦੇ ਸਮਾਂ ਸੀ ਜਦੋਂ ਕਿਸਾਨ ਘਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਵੱਖੋ-ਵੱਖਰੀਆਂ ਫ਼ਸਲਾਂ ਦੀ ਖੇਤੀ ਕਰਦੇ ਸਨ। ਪਰ ਹੁਣ ਸਾਰਾ ਰਕਬਾ ਕਣਕ-ਝੋਨੇ ਦੇ ਚੱਕਰ ਵਿੱਚ

ਡਾ. ਰਣਜੀਤ ਸਿੰਘ

ਆ ਗਿਆ ਹੈ। ਘਰ ਦੀ ਲੋੜ ਪੂਰੀ ਕਰਨ ਲਈ ਮੱਕੀ, ਦਾਲਾਂ ਅਤੇ ਤਿਲਾਂ ਦੀ ਕੁਝ ਰਕਬੇ ਵਿਚ ਕਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ। ਤਿਲਾਂ ਦੀ ਵਰਤੋਂ ਸਾਰੇ ਪੰਜਾਬੀ ਘਰਾਂ ਵਿਚ ਹੁੰਦੀ ਹੈ। ਸਰਦੀਆਂ ਵਿਚ ਤਿਲਾਂ ਦੀਆਂ ਰੇਉੜੀਆਂ, ਤਿਲਭੁੱਗਾ, ਗੱਚਕ, ਪਿੰਨੀਆਂ ਆਦਿ ਬਣਾਏ ਜਾਂਦੇ ਹਨ। ਤਿਲਾਂ ਹੇਠ ਵੀ ਪੰਜਾਬ ਵਿਚ ਬਹੁਤ ਘੱਟ ਰਕਬਾ ਹੈ। ਪਿਛਲੇ ਸਾਲ ਇਨ੍ਹਾਂ ਦੀ ਬਿਜਾਈ ਕੋਈ 3000 ਹੈਕਟੇਅਰ ਵਿਚ ਕੀਤੀ ਗਈ। ਪੰਜਾਬ ਵਿਚ ਕਾਸ਼ਤ ਲਈ ਤਿੱਲ ਨੰਬਰ 2 ਅਤੇ ਆਰ.ਟੀ. 346 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਤੋਂ ਕੋਈ ਢਾਈ ਕੁਇੰਟਲ ਪ੍ਰਤੀ ਏਕੜ ਤੋਂ ਵੱਧ ਝਾੜ ਪ੍ਰਾਪਤ ਹੋ ਜਾਂਦਾ ਹੈ। ਇੱਕ ਏਕੜ ਦੀ ਬਿਜਾਈ ਲਈ ਕੇਵਲ ਇਕ ਕਿਲੋ ਬੀਜ ਚਾਹੀਦਾ ਹੈ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ ਰੱਖਿਆ ਜਾਵੇ। ਤਿਲਾਂ ਦੀਆਂ ਲਾਈਨਾਂ ਮਾਂਹ ਅਤੇ ਮੂੰਗੀ ਵਿੱਚ ਵੀ ਲਗਾਈਆਂ ਜਾ ਸਕਦੀਆਂ ਹਨ। ਬਿਜਾਈ ਸਮੇਂ ਕੇਵਲ 45 ਕਿਲੋ ਯੂਰੀਆ ਪ੍ਰਤੀ ਏਕੜ ਪਾਇਆ ਜਾਵੇ। ਬਿਜਾਈ ਤੋਂ ਤਿੰਨ ਹਫ਼ਤਿਆਂ ਪਿਛੋਂ ਇਕ ਗੋਡੀ ਜ਼ਰੂਰ ਕਰੋ।
ਗੁਆਰਾ ਇਕ ਹੋਰ ਫ਼ਸਲ ਹੈ ਜਿਸ ਦੀ ਬਿਜਾਈ ਦਾ ਹੁਣ ਢੁਕਵਾਂ ਸਮਾਂ ਹੈ। ਇਸ ਦੀ ਬਿਜਾਈ ਹਰੀ ਖਾਦ, ਚਾਰੇ ਤੇ ਦਾਣਿਆਂ ਲਈ ਕੀਤੀ ਜਾਂਦੀ ਹੈ। ਹੁਣ ਦੀ ਬਿਜਾਈ ਦਾਣਿਆਂ ਲਈ ਹੈ। ਐੱਚ.ਜੀ. 365, ਗੁਆਰਾ 80 ਅਤੇ ਅਗੇਤਾ ਗੁਆਰਾ 112 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਅਗੇਤਾ ਗੁਆਰਾ 112 ਕਿਸਮ ਤੋਂ ਕੋਈ ਅੱਠ ਕੁਇੰਟਲ ਝਾੜ ਪ੍ਰਤੀ ਏਕੜ ਪ੍ਰਾਪਤ ਹੁੰਦਾ ਹੈ। ਐੱਚ.ਜੀ. 365 ਕਿਸਮ ਪੱਕਣ ਲਈ ਕੇਵਲ 105 ਦਿਨ ਲੈਂਦੀ ਹੈ ਪਰ ਇਸ ਦਾ ਝਾੜ ਪੰਜ ਕੁਇੰਟਲ ਰਹਿ ਜਾਂਦਾ ਹੈ। ਇਕ ਏਕੜ ਵਿਚ 10 ਕਿਲੋ ਬੀਜ ਦੀ ਵਰਤੋਂ ਕਰੋ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 45 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਬਿਜਾਈ ਸਮੇਂ 17 ਕਿਲੋ ਯੂਰੀਆ ਅਤੇ 120 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਡਰਿਲ ਕਰੋ।
ਢੈਂਚਾ ਜਾਂ ਜੰਤਰ ਦੀ ਵਰਤੋਂ ਹਰੀ ਖਾਦ ਦੇ ਰੂਪ ਵਿਚ ਕੀਤੀ ਜਾਂਦੀ ਹੈ। ਲੋੜ ਵੇਲੇ ਇਸ ਦਾ ਬੀਜ ਮਿਲਣਾ ਮੁਸ਼ਕਿਲ ਹੋ ਜਾਂਦਾ ਹੈ। ਅਗਲੇ ਸਾਲ ਦੀ ਬਿਜਾਈ ਲਈ ਕੁਝ ਰਕਬੇ ਵਿੱਚ ਢੈਂਚੇ ਦੀ ਖੇਤੀ ਕਰਕੇ ਬੀਜ ਬਣਾਇਆ ਜਾ ਸਕਦਾ ਹੈ। ਪੰਜਾਬ ਵਿੱਚ ਕਾਸ਼ਤ ਲਈ ਪੰਜਾਬ ਢੈਂਚਾ 1 ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦਾ ਇੱਕ ਏਕੜ ਵਿਚ 10 ਕਿਲੋ ਬੀਜ ਪਾਵੋ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 45 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਬੀਜਣ ਸਮੇਂ 75 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ। ਇਕ ਮਹੀਨੇ ਪਿਛੋਂ ਗੋਡੀ ਕਰੋ। ਵਧ ਸਮਾਂ ਲੈਣ ਵਾਲੀਆਂ ਬਾਸਮਤੀ ਦੀਆਂ ਕਿਸਮਾਂ ਦੀ ਲੁਆਈ ਇਸੇ ਹਫ਼ਤੇ ਪੂਰੀ ਕਰ ਲੈਣੀ ਚਾਹੀਦੀ ਹੈ।
ਬਾਜਰਾ ਸਾਉਣੀ ਦੀ ਇਕ ਹੋਰ ਫ਼ਸਲ ਹੈ। ਸਿੰਚਾਈ ਸਹੂਲਤਾਂ ਵਿਚ ਵਾਧੇ ਕਾਰਨ ਇਸ ਹੇਠ ਰਕਬਾ ਚੋਖਾ ਘੱਟ ਗਿਆ ਹੈ ਪਰ ਮਾਲਵੇ ਵਿੱਚ ਇਸ ਦੀ ਬਿਜਾਈ ਕੁਝ ਰਕਬੇ ਵਿੱਚ ਕੀਤੀ ਜਾਂਦੀ ਹੈ। ਬਾਜਰੇ ਨੂੰ ਹੁਣ ਚਾਰੇ ਲਈ ਵਧੇਰੇ ਬੀਜਿਆ ਜਾਂਦਾ ਹੈ ਪਰ ਪਹਿਲਾਂ ਰੇਤ ਦੇ ਟਿੱਬਿਆਂ ’ਤੇ ਬਾਜਰੇ ਦੀ ਖੇਤੀ ਦਾਣਿਆਂ ਲਈ ਕੀਤੀ ਜਾਂਦੀ ਸੀ। ਮਾਲਵੇ ਦੇ ਲੋਕ ਮੱਕੀ ਦੀ ਥਾਂ ਬਾਜਰੇ ਦੀ ਰੋਟੀ ਖਾਂਦੇ ਸਨ। ਦਾਣਿਆਂ ਲਈ ਬਿਜਾਈ ਦਾ ਹੁਣ ਢੁੱਕਵਾਂ ਸਮਾਂ ਹੈ। ਇਹ ਮੰਨਿਆ ਜਾਂਦਾ ਹੈ ਕਿ ਖ਼ੁਰਾਕ ਵਿਚ ਮੋਟੇ ਅਨਾਜ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਪੰਜਾਬ ਵਿਚ ਕਾਸ਼ਤ ਲਈ ਪੀ.ਐੱਚ.ਬੀ. 2884, ਪੀ.ਐੱਚ.ਬੀ. 2168, ਪੀ.ਸੀ.ਬੀ. 164 ਅਤੇ ਬੀ.ਐੱਚ.ਬੀ. 47 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਪੀ.ਐੱਚ.ਬੀ. 2168 ਕਿਸਮ 16 ਕੁਇੰਟਲ ਤੋਂ ਵੱਧ ਪ੍ਰਤੀ ਏਕੜ ਝਾੜ ਦਿੰਦੀ ਹੈ। ਇਕ ਏਕੜ ਲਈ 15 ਕਿਲੋ ਬੀਜ ਚਾਹੀਦਾ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ ਤਿੰਨ ਗ੍ਰਾਮ ਐਗਰੋਜ਼ਿਮ 50 ਡਬਲਯੂ.ਪੀ. ਅਤੇ ਥੀਰਮ ਪ੍ਰਤੀਕਿਲੋ ਬੀਜ ਨਾਲ ਸੋਧ ਲਵੋ। ਥੀਰਮ ਦੀ ਥਾਂ ਕੈਪਟਾਨ ਜ਼ਹਿਰ ਵੀ ਵਰਤੀ ਜਾ ਸਕਦੀ ਹੈ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 50 ਸੈਂਟੀਮੀਟਰ ਫ਼ਾਸਲਾ ਰੱਖਿਆ ਜਾਵੇ। ਤਿੰਨ ਹਫ਼ਤੇ ਪਿਛੋਂ ਬੂਟਿਆਂ ਵਿਚਕਾਰ 15 ਸੈਂਟੀਮੀਟਰ ਦਾ ਫ਼ਾਸਲਾ ਰੱਖ ਕੇ ਵਾਧੂ ਪੁੱਟ ਦੇਵੋ। ਇਨ੍ਹਾਂ ਨੂੰ ਖਾਲੀ ਥਾਵਾਂ ਉੱਤੇ ਲਗਾਇਆ ਜਾ ਸਕਦਾ ਹੈ।


Comments Off on ਦਾਲਾਂ ਦੀ ਬਿਜਾਈ ਲਈ ਢੁੱਕਵਾਂ ਸਮਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.