ਏ ਕਲਾਸ ਅਫਸਰ (ਨਾਨ-ਟੀਚਿੰਗ) ਐਸੋਸੀਏਸ਼ਨ ਦੀ ਚੋਣ ਦਾ ਬਿਗਲ ਵੱਜਿਆ !    ਪੰਜਾਬ ਦੇ ਅਰਧ-ਸਰਕਾਰੀ ਅਦਾਰਿਆਂ ਦੇ ਸੇਵਾਮੁਕਤ ਮੁਲਾਜ਼ਮਾਂ ਵੱਲੋਂ ਧਰਨਾ !    ਹੜ੍ਹ ਕਾਰਨ ਕੁਤਬੇਵਾਲ ’ਚ ਕਿਤੇ ਖੁਸ਼ੀ, ਕਿਤੇ ਗ਼ਮ !    ਜਨਤਕ ਤੇ ਨਿੱਜੀ ਨਿਵੇਸ਼: ਕੌਮੀ ਸਿੱਖਿਆ ਨੀਤੀ ਦੀਆਂ ਉਲਝਣਾਂ !    ਪੇਪਰਾਂ ਦਾ ਪੁਨਰ ਮੁਲੰਕਣ ਤੇ ਅਧਿਆਪਕ !    ਬਰਸਾਤ ਦੇ ਮੌਸਮ ’ਚ ਸਾਵਧਾਨ! !    ਪਾਕਿ ਖ਼ਿਲਾਫ਼ ਭਾਰਤ ਦਾ ਡੇਵਿਸ ਕੱਪ ਮੁਕਾਬਲਾ ਨਵੰਬਰ ਤੱਕ ਮੁਲਤਵੀ !    ਨਸ਼ਿਆਂ ਦਾ ਕਹਿਰ ਰੋਕਣ ਲਈ ਹੀਲਾ !    ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    

ਦਰਵੇਸ਼ ਸਿਆਸਤਦਾਨ ਗਿਆਨੀ ਕਰਤਾਰ ਸਿੰਘ

Posted On June - 12 - 2019

ਗਿਆਨੀ ਕਰਤਾਰ ਸਿੰਘ ਦਾ ਜਨਮ 22 ਫਰਵਰੀ, 1902 ਈ. ਨੂੰ ਚੱਕ ਝੰਗ ਸ਼ਾਖਾ ਨੰ. 40, ਜ਼ਿਲ੍ਹਾ ਲਾਇਲਪੁਰ ਵਿਚ ਪਿਤਾ ਭਗਤ ਸਿੰਘ ਅਤੇ ਮਾਈ ਜੀਉ ਦੇ ਘਰ ਹੋਇਆ। ਕਰਤਾਰ ਸਿੰਘ ਨੇ 6 ਸਾਲ ਦੀ ਉਮਰ ਵਿਚ ਮੁੱਢਲੀ ਵਿੱਦਿਆ ਪਿੰਡ ਦੇ ਗੁਰਦੁਆਰੇ ਤੋਂ ਹਾਸਲ ਕੀਤੀ ਅਤੇ ਮਗਰੋਂ ਚੱਕ ਨੰ. 41 ਦੇ ਲਾਇਲਪੁਰ ਖ਼ਾਲਸਾ ਸਕੂਲ ਤੋਂ 1921 ਵਿਚ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ।
ਗਿਆਨੀ ਜੀ ’ਤੇ 9 ਵਰ੍ਹੇ ਦੀ ਉਮਰ ਵਿਚ 1919 ਈ. ਨੂੰ ਵਾਪਰੇ ਜੱਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਵੱਡਾ ਰਾਜਨੀਤਿਕ ਪ੍ਰਭਾਵ ਪਿਆ। ਜਦ ਉਹ 9ਵੀਂ ਸ਼੍ਰੇਣੀ ਵਿਚ ਪੜ੍ਹਦੇ ਸਨ ਤਾਂ ਉਹ ਆਪਣੇ ਤਾਇਆ ਰਸਾਲਦਾਰ ਜਗਤ ਸਿੰਘ ਨੂੰ ਅੰਮ੍ਰਿਤਸਰ ਮਿਲਣ ਗਏ, ਉੱਥੇ ਉਹ ਫ਼ੌਜੀ ਦਫ਼ਤਰ ਦੇ ਸਪਲਾਈ ਵਿਭਾਗ ’ਚ ਨੌਕਰੀ ਕਰਦੇ ਸਨ। ਉਨ੍ਹਾਂ ਸੰਨ 1920 ਦੇ ਅਕਤੂਬਰ ਨੂੰ ਧਾਰੋਵਾਲੀ ਪਿੰਡ ਵਿਚ ਹੋਈ ਸਿੱਖ ਕਾਨਫਰੰਸ ’ਚ ਹਿੱਸਾ ਲਿਆ, ਜਿੱਥੇ ਕਾਂਗਰਸੀ ਆਗੂ ਸੈਫ਼ੂਦੀਨ ਕਿਚਲੂ, ਮਾਸਟਰ ਮੋਤਾ ਸਿੰਘ ਅਤੇ ਤੇਜਾ ਸਿੰਘ ਚੂਹੜਕਾਣਾ ਵੱਲੋਂ ਕੀਤੀਆਂ ਗਈਆਂ ਤਕਰੀਰਾਂ ਦਾ ਗਿਆਨੀ ਜੀ ’ਤੇ ਕ੍ਰਾਂਤੀਕਾਰੀ ਪ੍ਰਭਾਵ ਪਿਆ। 1924 ਵਿਚ ਉਨ੍ਹਾਂ ਨੂੰ ‘ਸ਼੍ਰੋਮਣੀ ਅਕਾਲੀ ਦਲ’ ਦੀ ਲਾਇਲਪੁਰ ਜ਼ਿਲ੍ਹੇ ਦੀ ਸ਼ਾਖਾ ਦਾ ਜਨਰਲ ਸਕੱਤਰ ਚੁਣਿਆ ਗਿਆ। ਇਸੇ ਹੀ ਵਰ੍ਹੇ ‘ਜੈਤੋ ਮੋਰਚੇ’ ਦੌਰਾਨ ਜੈਤੋ ਜਾ ਰਿਹਾ 13ਵਾਂ ਸ਼ਹੀਦੀ ਜਥਾ ਜਦੋਂ ਪੰਜਾਬ ਦੇ ਮਾਝੇ ਖੇਤਰ ’ਚੋਂ ਲੰਘ ਰਿਹਾ ਸੀ ਤਾਂ ਉਨ੍ਹਾਂ ਨੇ ਜਥੇ ਦੇ ਸਵਾਗਤ ਲਈ ਜਾ ਰਹੇ ਜਲੂਸ ਦੀ ਅਗਵਾਈ ਕੀਤੀ, ਜਿਸ ਕਾਰਨ ਅੰਗਰੇਜ਼ ਹਕੂਮਤ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ 6 ਮਹੀਨੇ ਦੀ ਸਜ਼ਾ ਸੁਣਾ ਕੇ ਕੈਂਬਲਪੁਰ (ਜ਼ਿਲ੍ਹਾ ਅਟਕ ਹੁਣ ਪਾਕਿਸਤਾਨ ’ਚ) ਦੀ ਕੇਂਦਰੀ ਜੇਲ੍ਹ ਵਿਚ ਕੈਦ ਕੀਤਾ ਗਿਆ। ਉਨ੍ਹਾਂ ਨੂੰ 30 ਅਕਤੂਬਰ, 1928 ਨੂੰ ਲਾਹੌਰ ਰੇਲਵੇ ਸਟੇਸ਼ਨ ’ਤੇ ਸਾਇਮਨ ਕਮਿਸ਼ਨ ਦਾ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕਰਨ ਅਤੇ 1930-31 ਵਿਚ ‘ਸਿਵਲ ਨਾ-ਫ਼ਰਮਾਨੀ’ ਅੰਦੋਲਨ ਵਿਚ ਅੰਗਰੇਜ਼ ਸਰਕਾਰ ਵਿਰੁੱਧ ਜੋਸ਼ੀਲੇ ਭਾਸ਼ਣ ਦੇਣ ਦੇ ਦੋਸ਼ ਹੇਠ ਸਾਲ ਦੀ ਸਜ਼ਾ ਸੁਣਾ ਕੇ ਮੁਲਤਾਨ ਜੇਲ੍ਹ (ਅਜੋਕਾ ਪਾਕਿਸਤਾਨ) ’ਚ ਭੇਜਿਆ ਗਿਆ। 17 ਅਗਸਤ, 1932 ਨੂੰ ਜਦੋਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਸਰ ਰੈਮਜ਼ੇ ਮੈਕਡੌਨਿਲਨ ਨੇ ਕਮਿਊਨਲ ਐਵਾਰਡ ਦਾ ਐਲਾਨ ਕੀਤਾ ਤਾਂ ਇਸ ਦੇ ਵਿਰੋਧ ’ਚ 24 ਜੁਲਾਈ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ (ਲਾਹੌਰ) ’ਤੇ ਬੁਲਾਈ ਸਰਵ ਪਾਰਟੀ ਕਨਵੈਸ਼ਨ ਵਿਚ ਗਿਆਨੀ ਜੀ ਨੇ ਮਾਸਟਰ ਤਾਰਾ ਸਿੰਘ, ਸੁੰਦਰ ਸਿੰਘ ਮਜੀਠਿਆ ਅਤੇ ਗਿਆਨੀ ਸ਼ੇਰ ਸਿੰਘ ਸਮੇਤ ਵੱਧ ਚੜ੍ਹ ਕੇ ਹਿੱਸਾ ਲਿਆ। ਮਗਰੋਂ 3 ਨਵੰਬਰ, 1932 ਈ. ਨੂੰ ਅਲਾਹਾਬਾਦ ਵਿਚ ਪੰਡਤ ਮੋਹਨ ਮਾਲਵੀਆ ਵੱਲੋਂ ਬੁਲਾਈ ‘ਏਕਤਾ ਕਾਨਫ਼ਰੰਸ’ ਵਿਚ ਉਨ੍ਹਾਂ ਨੇ ਸਿੱਖ ਆਗੂਆਂ ਉੱਜਲ ਸਿੰਘ, ਗੋਪਾਲ ਸਿੰਘ ਕੌਮੀ, ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ, ਮਾਸਟਰ ਤਾਰਾ ਸਿੰਘ ਤੇ ਗਿਆਨੀ ਸ਼ੇਰ ਸਿੰਘ ਸਣੇ ਹਿੱਸਾ ਲਿਆ।
1937 ਵਿਚ ਗਿਆਨੀ ਜੀ ਲਾਇਲਪੁਰ ਜ਼ਿਲ੍ਹੇ ਦੇ ਸਮੁੰਦਰੀ-ਜੜ੍ਹਾਂਵਾਲਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਲਈ ਹੋਈ ਚੋਣ ’ਚ ਖ਼ਾਲਸਾ ਨੈਸ਼ਨਲ ਪਾਰਟੀ ਦੇ ਅੰਗਰੇਜ਼ ਪਿੱਠੂ ਉਮੀਦਵਾਰ ਸਰਦਾਰ ਬਹਾਦਰ ਦਲਬਾਗ ਸਿੰਘ ਨੂੰ 750 ਵੋਟਾਂ ਦੇ ਅੰਤਰ ਨਾਲ ਹਰਾ ਕੇ ਮੈਂਬਰ ਚੁਣੇ ਗਏ। 1943 ਵਿਚ ਮੁਸਲਿਮ ਲੀਗ ਦੀ ਵੱਖਰੇ ਮੁਸਲਿਮ ਰਾਜ ਦੀ ਮੰਗ ’ਤੇ ਪ੍ਰਤਿਕਿਰੀਆ ਦਿੰਦੇ ਹੋਏ ਗਿਆਨੀ ਜੀ ਨੇ ਕੁੱਝ ਠੋਸ ਨੁਕਤੇ ਬਿਆਨ ਕੀਤੇ, ਜਿਸ ਵਿਚ ਉਨ੍ਹਾਂ ਨੇ ‘ਆਜ਼ਾਦ ਪੰਜਾਬ’ ਯੋਜਨਾ ਦੀ ਕੁੱਝ ਸਮੇਂ ਲਈ ਪੁਰ-ਜ਼ੋਰ ਮੰਗ ਵੀ ਕੀਤੀ। ਸੰਨ 1957 ਵਿਚ ਗਿਆਨੀ ਜੀ ਦਸੂਹਾ-ਟਾਂਡਾ ਹਲਕੇ ਤੋਂ ਵਿਧਾਨ ਸਭਾ ਲਈ ਚੁਣੇ ਗਏ ਅਤੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਅਗਵਾਈ ਹੇਠ ਕੈਬਨਿਟ ’ਚ ਮਾਲ ਮੰਤਰੀ ਤੇ ਖੇਤੀ ਮੰਤਰੀ ਬਣੇ। 1962 ਵਿਚ ਉਹ ਰਾਜ ਵਿਧਾਨ ਸਭਾ ਲਈ ਦੁਬਾਰਾ ਚੁਣੇ ਗਏ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਰਾਜਨੀਤੀ ਵਿੱਚ ਲਿਆਉਣ ਲਈ ਵੀ ਗਿਆਨੀ ਕਰਤਾਰ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਆਈ। ਭਾਰਤ ਦੀ ਵੰਡ ਵੇਲੇ ਜਨਵਰੀ 1947 ਦੇ ਅੰਤ ’ਚ

ਹਰਦੀਪ ਸਿੰਘ ਝੱਜ

ਗਿਆਨੀ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ। ਜਦੋਂ ਦੇਸ਼ ਦੀ ਆਬਾਦੀ ਦੀ ਵੰਡ ਹੋਈ ਅਤੇ ਪਾਕਿਸਤਾਨੀ ਪੰਜਾਬ ਤੋਂ ਹਿੰਦੂ-ਸਿੱਖ ਆਉਣ ਲੱਗੇ ਤਾਂ ਗਿਆਨੀ ਜੀ ਨੇ ਜਥੇ ਦੀ ਅਗਵਾਈ ਕੀਤੀ, ਜਿਸ ਵਿਚ 3 ਲੱਖ ਤੋਂ ਵੱਧ ਵਿਅਕਤੀ ਸਨ। ਪਾਕਿਸਤਾਨੀ ਮੁਸਲਿਮ ਆਗੂ ਗਿਆਨੀ ਜੀ ਅਤੇ ਮਾਸਟਰ ਤਾਰਾ ਸਿੰਘ ਦੇ ਨਾਂ ਤੋਂ ਭੈਅ ਖਾਂਦੇ ਸਨ ਅਤੇ ਮਾਣ ਵੀ ਕਰਦੇ ਸਨ।
ਸੱਚਰ ਫ਼ਾਰਮੂਲਾ, ਜਿਸ ਅਨੁਸਾਰ ਪੰਜਾਬੀ ਭਾਸ਼ਾ ਨੂੰ ਸਰਕਾਰੀ ਦਰਜਾ ਦਿੱਤਾ ਗਿਆ, ਗਿਆਨੀ ਜੀ ਦੀ ਸਿਆਸੀ ਸੂਝ ਦੀ ਦੇਣ ਸੀ। ਮਗਰੋਂ 1956 ਵਿਚ ਰੀਜਨਲ ਫ਼ਾਰਮੂਲਾ, ਜਿਸ ਦੀ ਧਾਰਾ 14 ਅਧੀਨ ਪੰਜਾਬ, ਪੰਜਾਬੀ ਅਤੇ ਹਿੰਦੀ ਖੇਤਰਾਂ ਦੀ ਭਾਸ਼ਾਈ ਤੌਰ ’ਤੇ ਪੁਨਰ-ਸੁਧਾਈ ਕੀਤੀ ਗਈ। ਇਸ ਸੋਧ ਦੀ ਪੇਸ਼ਕਸ਼ ਕੇਵਲ ਗਿਆਨੀ ਜੀ ਵੱਲੋਂ ਹੀ ਕੀਤੀ ਗਈ ਸੀ। ਇਹ ਦੋਵੇਂ ਫ਼ਾਰਮੂਲੇ ਅਸਲ ਵਿਚ ਪੰਜਾਬੀ ਸੂਬੇ (1ਨਵੰਬਰ, 1966) ਦਾ ਪੱਕਾ ਆਧਾਰ ਬਣੇ।
ਸ੍ਰੀ ਆਨੰਦਪੁਰ ਸਾਹਿਬ, ਨੰਗਲ ਟਾਊਨਸ਼ਿਪ ਅਤੇ ਨੂਰਪੁਰ ਬੇਦੀ ਨੂੰ ਪੰਜਾਬ ’ਚ ਸ਼ਾਮਲ ਕਰਵਾਉਣ ਦਾ ਸਿਹਰਾ ਵੀ ਗਿਆਨੀ ਕਰਤਾਰ ਸਿੰਘ ਨੂੰ ਹੀ ਜਾਂਦਾ ਹੈ, ਨਹੀਂ ਤਾਂ ਇਹ ਹਿਮਾਚਲ ਵਿਚ ਊਨਾ ਤਹਿਸੀਲ ਦੇ ਹਿੱਸੇ ਵਿਚ ਜਾਣੇ ਸਨ। ਇਸੇ ਤਰ੍ਹਾਂ ਤਹਿਸੀਲ ਖਰੜ ਨੂੰ ਪੰਜਾਬ ਵਿਚ ਹੀ ਬਰਕਰਾਰ ਕਰਵਾਇਆ, ਨਹੀਂ ਤਾਂ ਇਹ ਜ਼ਿਲ੍ਹਾ ਅੰਬਾਲੇ ਦੇ ਹਿੱਸੇ ਵਜੋਂ ਹਰਿਆਣਾ ਵਿਚ ਜਾ ਰਹੀ ਸੀ। 1962 ਵਿੱਚ ਗਿਆਨੀ ਜੀ ਨੂੰ ਵਿਧਾਨ ਸਭਾ ਲਈ ਦੁਬਾਰਾ ਚੁਣਿਆ ਗਿਆ। ਉਨ੍ਹਾਂ ਨੇ 16 ਅਪਰੈਲ, 1967 ਈ. ਨੂੰ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਪੰਜਾਬ ਦੇ ਇਤਿਹਾਸਕ ਸ਼ਹਿਰ ਪਟਿਆਲਾ ਵਿਚ ਸਥਾਪਤ ਕਰਾਉਣ ਵਿਚ ਪੰਜਾਬ ਦੇ ਸਿਆਸੀ ਆਗੂਆਂ ’ਚੋਂ ਸਿਰਫ ਗਿਆਨੀ ਕਰਤਾਰ ਸਿੰਘ ਨੇ ਹੀ ਸਫ਼ਲ ਯਤਨ ਕੀਤਾ ਸੀ। ਮਸਲਾ ਇਉਂ ਸੀ – ਪੰਜਾਬੀ ਰੀਜਨਲ ਕਮੇਟੀ ਦੀ ਬੈਠਕ ਹੋ ਰਹੀ ਸੀ। ਗਿਆਨੀ ਜੀ ਨੇ ਰਾਮ ਦਿਆਲ ਸਿੰਘ ਐੱਮਐੱਲਏ (ਗਿਆਨੀ ਜੀ ਦੇ ਨਿਕਟਵਰਤੀ) ਤੋਂ ਪ੍ਰਸਤਾਵ ਰੱਖਵਾ ਦਿੱਤਾ ਕਿ ਪੰਜਾਬੀ ਜ਼ੋਨ ਦੇ ਸਕੂਲਾਂ ’ਚ ਪੜ੍ਹਾਈ ਸਿਰਫ ਪੰਜਾਬੀ ਭਾਸ਼ਾ ਵਿਚ ਹੀ ਹੋਵੇ। ਇਸ ਨਾਲ ਤਰਥੱਲਾ ਪੈ ਗਿਆ ਅਤੇ ਗਿਆਨੀ ਜੀ ਨੂੰ ਮਨਾਇਆ ਗਿਆ ਕਿ ਇਹ ਪ੍ਰਸਤਾਵ ਵਾਪਸ ਕਰਵਾਉਣ, ਨਹੀਂ ਤਾਂ ਹੋਰ ਮਸਲੇ ਪੈਦਾ ਹੋ ਜਾਣਗੇ। ਗਿਆਨੀ ਜੀ ਨੇ ਕਿਹਾ ਕਿ ਇੱਕ ਸ਼ਰਤ ’ਤੇ ਵਾਪਸ ਹੋ ਸਕਦਾ ਹੈ। ਸਦਨ ਦਾ ਆਗੂ ਐਲਾਨ ਕਰੇ ਕਿ ਪੰਜਾਬੀ ਭਾਸ਼ਾ ਲਈ ਸਮਰਪਿਤ ਇੱਕ ਯੂਨੀਵਰਸਿਟੀ ਬਣਾਈ ਜਾਵੇਗੀ। ਮਗਰੋਂ ਗਿਆਨੀ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਇਹ ਕਹਿ ਕੇ ਮਨਾ ਲਿਆ ਕਿ ਪੰਜਾਬੀ ਰੀਜਨਲ ਕਮੇਟੀ ਬਣੀ ਹੀ ਪੰਜਾਬੀ ਭਾਸ਼ਾ ਦੇ ਆਧਾਰ ’ਤੇ ਹੈ। ਪੰਜਾਬੀ ਭਾਸ਼ਾ ਦੀ ਉੱਨਤੀ ਪੰਜਾਬੀ ਭਾਸ਼ਾ ਤੋਂ ਬਿਨ੍ਹਾਂ ਕਿਵੇਂ ਸੰਭਵ ਹੋ ਸਕਦੀ ਹੈ। ਸਿੱਟੇ ਵਜੋਂ 30 ਅਪਰੈਲ 1962 ਈ. ਨੂੰ ਪੰਜਾਬੀ ਦੇ ਆਧਾਰ ’ਤੇ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਉਸ ਵੇਲੇ ਦੇ ਰਾਸ਼ਟਰਪਤੀ ਡਾ. ਸਰਵਪਲੀ ਰਾਧਾਕ੍ਰਿਸ਼ਨਨ ਵੱਲੋਂ ਕੀਤੀ ਗਈ । ਭਾਈ ਜੋਧ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਦਾ ਪਹਿਲਾ ਉੱਪ-ਕੁਲਪਤੀ ਨਿਯੁਕਤ ਕੀਤਾ ਗਿਆ ਅਤੇ 1963 ਵਿੱਚ ਦਾਖ਼ਲੇ ਸ਼ੁਰੂ ਕੀਤੇ ਗਏ।
ਇਸੇ ਤਰ੍ਹਾਂ ਜਦੋਂ 1962 ਨੂੰ ਲੁਧਿਆਣਾ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਤਾਂ ਗਿਆਨੀ ਜੀ ਦਾ ਉਸ ਵੇਲੇ ਖੇਤੀ ਵਿਭਾਗ ਦੇ ਮੰਤਰੀ ਵਜੋਂ ਅਹਿਮ ਯੋਗਦਾਨ ਰਿਹਾ।
1973 ਦੇ ਅੰਤਲੇ ਦਿਨਾਂ ’ਚ ਗਿਆਨੀ ਕਰਤਾਰ ਸਿੰਘ ਦੀ ਸਿਹਤ ਖ਼ਰਾਬ ਰਹਿਣ ਲੱਗੀ। 10 ਜੂਨ, 1974 ਈ. ਦੀ ਸਵੇਰ ਨੂੰ ਗਿਆਨੀ ਜੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਅਕਾਲ ਚਲਾਣਾ ਕਰ ਗਏ। 11 ਜੂਨ ਨੂੰ ਗਿਆਨੀ ਜੀ ਦਾ ਪੁਰਾਣੇ ਪੰਜਾਬ ਵਿਧਾਨ ਸਭਾ ਹਲਕੇ ਦੇ ਮੁੱਖ ਨਗਰ ਟਾਂਡਾ ਉਰਮਰ ਦੇ ਕਾਲਜ ਗਰਾਊਂਡ ’ਚ ਸਰਕਾਰੀ ਸਨਮਾਨ ਨਾਲ ਅੰਤਮ ਸਸਕਾਰ ਕੀਤਾ ਗਿਆ। ਮਗਰੋਂ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਨਾਂ ’ਤੇ ‘ਗਿਆਨੀ ਕਰਤਾਰ ਸਿੰਘ ਮੈਮੋਰੀਅਲ ਸਰਕਾਰੀ ਕਾਲਜ’ ਦਾ ਨਾਂ ਰੱਖ ਦਿੱਤਾ। ਪ੍ਰੋ. ਧਰਮ ਸਿੰਘ ਸਹੋਤਾ ਦੀ ਪੁਸਤਕ ‘ਸਿਆਸਤ ਦਾ ਧਨੀ: ਗਿਆਨੀ ਕਰਤਾਰ ਸਿੰਘ’ (1982) ਦੀ ਭੂਮਿਕਾ ਵਿਚ ਡਾ. ਸਾਧੂ ਸਿੰਘ ਹਮਦਰਦ ਸਫ਼ਾ 3 ’ਤੇ ਲਿਖਦੇ ਹਨ,‘‘ਗਿਆਨੀ ਜੀ ਦਾ ਬੈਂਕ ਬਕਾਇਆ ਕੁੱਝ ਨਹੀਂ ਨਿਕਲਿਆ। ਉਨ੍ਹਾਂ ਦੇ ਹਿੱਸੇ ਦੀ ਜ਼ਮੀਨ ਵੀ ਵਿਕ ਚੁੱਕੀ ਸੀ। ਉਨ੍ਹਾਂ ਦੇ ਅਕਾਲੀ-ਪੱਤ੍ਰਿਕਾ ਕੰਪਨੀ ਦੇ ਹਿੱਸੇ ਵੀ ਪ੍ਰਬੰਧਕਾਂ ਨੇ ਆਪਣੇ ਨਾਂ ਲਿਖਵਾ ਲਏ ਸਨ, ਜਦੋਂ ਗਿਆਨੀ ਜੀ ਆਖ਼ਰੀ ਸਾਹਾਂ ’ਤੇ ਨੀਮ-ਬੇਹੋਸ਼ੀ ਦੀ ਹਾਲਤ ਵਿਚ ਪਏ ਸਨ।’’
ਸੰਪਰਕ: 94633-64992


Comments Off on ਦਰਵੇਸ਼ ਸਿਆਸਤਦਾਨ ਗਿਆਨੀ ਕਰਤਾਰ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.