ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਤੋਤਿਆਂ ਨੂੰ ਨਸੀਬ ਨਹੀਂ ਹੋਣਗੇ ਨਵੇਂ ਪਿੰਜਰੇ…

Posted On June - 17 - 2019

ਕੌਮੀ ਦਿਵਸ ਪਰੇਡ ਵਿਚ ਸ਼ਾਮਲ ਹੋਣ ਜਾਂਦੇ ਹੋਏ ਪਾਕਿਸਤਾਨੀ ਰਾਸ਼ਟਰਪਤੀ ਡਾ. ਆਰਿਫ਼ ਅਲਵੀ।

ਵਾਹਗਿਓਂ ਪਾਰ

ਇਸਲਾਮਾਬਾਦ ਸਥਿਤ ਰਾਸ਼ਟਰਪਤੀ ਭਵਨ (ਐਵਾਨ-ਇ-ਸਦਰ) ਦੇ ਮਿਨੀ ਚਿੜੀਆਘਰ ਵਿਚ ਤੋਤਿਆਂ ਦੇ ਨਵੇਂ ਪਿੰਜਰਿਆਂ ਦੀ ਖ਼ਰੀਦ ਲਈ ਜਾਰੀ ਟੈਂਡਰ ਨੋਟਿਸ ਮਨਸੂਖ਼ ਕਰ ਦਿੱਤਾ ਗਿਆ ਹੈ। ਅਜਿਹਾ ਰਾਸ਼ਟਰਪਤੀ ਡਾ. ਆਰਿਫ਼ ਅਲਵੀ ਦੇ ਹੁਕਮਾਂ ’ਤੇ ਕੀਤਾ ਗਿਆ। ਪਾਕਿਸਤਾਨੀ ਉਰਦੂ ਰੋਜ਼ਨਾਮਾ ‘ਦੁਨੀਆ’ ਦੀ ਰਿਪੋਟਰ ਅਨੁਸਾਰ ਇਹ ਟੈਂਡਰ 20 ਲੱਖ ਰੁਪਏ ਦਾ ਸੀ। ਇਸ ਨੂੰ ਰੱਦ ਕਰਨ ਦਾ ਹੁਕਮ ਇਸ ‘ਫ਼ਜ਼ੂਲਖਰਚੀ’ ਦੀ ਸੋਸ਼ਲ ਮੀਡੀਆ ’ਤੇ ਤਿੱਖੀ ਨੁਕਤਾਚੀਨੀ ਦੇ ਮੱਦੇਨਜ਼ਰ ਦਿੱਤਾ ਗਿਆ। ਰਿਪੋਰਟ ਮੁਤਾਬਿਕ ਡਾ. ਅਲਵੀ ਨੇ ‘ਸਬੰਧਤ ਉੱਚ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਿਨਾਂ ਇਹ ਟੈਂਡਰ ਨੋਟਿਸ, ਮੀਡੀਆ ’ਚ ਨਸ਼ਰ ਕੀਤੇ ਜਾਣ’ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਜਾਂਚ ਰਿਪੋਰਟ ਮਿਲਣ ’ਤੇ ‘ਦੋਸ਼ੀ’ ਸਰਕਾਰੀ ਕਰਿੰਦਿਆਂ ਖ਼ਿਲਾਫ਼ ਕਾਰਵਾਈ ਜ਼ਰੂਰ ਕੀਤੀ ਜਾਵੇਗੀ।
ਐਵਾਨ-ਇ-ਸਦਰ ਵਿਚ ਮਿਨੀ ਚਿੜੀਆਘਰ ਆਸਿਫ਼ ਅਲੀ ਜ਼ਰਦਾਰੀ ਦੇ ਰਾਸ਼ਟਰਪਤੀ ਵਜੋਂ ਕਾਰਜਕਾਲ ਦੌਰਾਨ ਕਾਇਮ ਕੀਤਾ ਗਿਆ ਸੀ। ਇਸ ਵਿਚ ਕਈ ਨਸਲਾਂ ਦੇ ਹਿਰਨਾਂ ਤੇ ਦੋ ਤੇਂਦੂਆਂ ਤੋਂ ਇਲਾਵਾ ਢਾਈ ਦਰਜਨ ਕਿਸਮਾਂ ਦੇ ਤੋਤੇ ਅਤੇ ਹੋਰ ਪੰਛੀ ਵੀ ਮੌਜੂਦ ਹਨ। ਇੰਡੋਨੇਸ਼ਿਆਈ ਤੋਤਿਆਂ ਦੀਆਂ ਕੁਝ ਕਿਸਮਾਂ ਤੋਂ ਇਲਾਵਾ ਦੱਖਣ ਅਮਰੀਕੀ ਨਸਲਾਂ ਦੇ ਰੰਗ ਬਿਰੰਗੇ ਤੋਤੇ ਇਸ ਚਿੜੀਆਘਰ ਦੀ ਸ਼ਾਨ ਮੰਨੇ ਜਾਂਦੇ ਹਨ। ਐਵਾਨ-ਇ-ਸਦਰ ਦੀ ਦੇਖਭਾਲ ਦੀ ਜ਼ਿੰਮੇਵਾਰੀ ਕੈਪੀਟਲ ਡਿਵੈਲਪਮੈਂਟ ਅਥਾਰਿਟੀ (ਸੀਡੀਏ) ਦੀ ਹੈ। ਇਸ ਦੇ ਅਧਿਕਾਰੀ ਦੱਬੀ ਜ਼ੁਬਾਨ ’ਚ ਇਹ ਤਸਲੀਮ ਕਰਦੇ ਹਨ ਕਿ ਤੋਤਿਆਂ ਦੇ ਪਿੰਜਰੇ ਬਦਲਣ ਦੀ ਹਦਾਇਤ ਸਦਰ (ਰਾਸ਼ਟਰਪਤੀ) ਨੇ ਖ਼ੁਦ ਕੀਤੀ ਸੀ, ਪਰ ਪਾਕਿਸਤਾਨ ਵਿਚ ਚੱਲ ਰਹੀ ਸਾਦਗੀ ਮੁਹਿੰਮ ਦੇ ਮੱਦੇਨਜ਼ਰ ਸੀਡੀਏ ਦੇ ਟੈਂਡਰ ਦੀ ਜੋ ਆਲੋਚਨਾ ਹੋਈ, ਉਸ ਨੇ ਰਾਸ਼ਟਰਪਤੀ ਨੂੰ ਪੈਰ ਪਿਛਾਂਹ ਖਿੱਚਣ ਦੇ ਰਾਹ ਪਾ ਦਿੱਤਾ। ਹੁਣ ਬਲੀ ਦਾ ਬੱਕਰਾ ਇਕ ਡਿਪਟੀ ਡਾਇਰੈਕਟਰ ਨੂੰ ਬਣਾਏ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

* * *

ਪੰਜਾਬ ’ਚ ਵੀ ਐੱਚਆਈਵੀ ਸੰਕਟ

ਸੂਬਾ ਸਿੰਧ ਦੇ ਲੜਕਾਣਾ ਜ਼ਿਲ੍ਹੇ ਵਿਚ ਐੱਚਆਈਵੀ/ਏਡਜ਼ ਦੇ ਕੇਸਾਂ ਦੀ ਗਿਣਤੀ ਵਿਚ ਨਾਟਕੀ ਵਾਧੇ ਵਾਲਾ ਰੁਝਾਨ ਹੁਣ ਸੂਬਾ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿਚ ਵੀ ਵੇਖਣ ਨੂੰ ਮਿਲਿਆ ਹੈ। ਅੰਗਰੇਜ਼ੀ ਰੋਜ਼ਨਾਮਾ ‘ਦਿ ਨਿਊਜ਼’ ਦੀ ਰਿਪੋਰਟ ਅਨੁਸਾਰ ਫ਼ੈਸਲਾਬਾਦ, ਸਾਹੀਵਾਲ, ਝੰਗ, ਚਨਿਓਟ ਤੇ ਨਨਕਾਣਾ ਸਾਹਿਬ ਜ਼ਿਲ੍ਹਿਆਂ ਵਿਚ ਐੱਚਆਈਵੀ/ਏਡਜ਼ ਦੇ 2800 ਨਵੇਂ ਕੇਸ ਪਿਛਲੇ ਦੋ ਮਹੀਨਿਆਂ ਦੌਰਾਨ ਸਾਹਮਣੇ ਆਏ ਹਨ। ਕੌਮੀ ਸਿਹਤ ਮੰਤਰਾਲੇ ਨੇ ਇਸ ਵਬਾਅ ’ਤੇ ਚਿੰਤਾ ਪ੍ਰਗਟ ਕਰਦਿਆਂ ਇਸ ਦੀ ਪੜਤਾਲ ਦੇ ਹੁਕਮ ਦਿੱਤੇ ਹਨ ਅਤੇ 15 ਦਿਨਾਂ ਦੇ ਅੰਦਰ ਰਿਪੋਰਟ ਦਿੱਤੇ ਜਾਣ ਲਈ ਕਿਹਾ ਹੈ। ਸਿਹਤ ਅਧਿਕਾਰੀ ਮੰਨਦੇ ਹਨ ਕਿ ਨੀਮ ਹਕੀਮਾਂ, ਅਤੇ ਇੱਥੋਂ ਤਕ ਕਿ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਵੀ ਮਰੀਜ਼ਾਂ ਨੂੰ ਟੀਕੇ ਲਾਉਣ ਲਈ ਇਕੋ ਸਰਿੰਜ ਵਾਰ ਵਾਰ ਵਰਤੇ ਜਾਣ ਦਾ ਰੁਝਾਨ ਅਜੇ ਤਕ ਰੁਕਿਆ ਨਹੀਂ। ਇਹੋ ਰੁਝਾਨ ਐੱਚਆਈਵੀ ਕੇਸਾਂ ਦੀ ਗਿਣਤੀ ਵਿਚ ਲਗਾਤਾਰ ਵਾਧੇ ਦੀ ਵਜ੍ਹਾ ਬਣ ਰਿਹਾ ਹੈ। ਅਖ਼ਬਾਰੀ ਖ਼ਬਰ ਅਨੁਸਾਰ ਪਿਛਲੇ ਸਾਲ ਸਰਗੋਧਾ ਜ਼ਿਲ੍ਹੇ ਦੇ ਇਕ ਪਿੰਡ ’ਚ ਐੱਚਆਈਵੀ ਕੇਸਾਂ ਵਿਚ ਨਿਰੰਤਰ ਵਾਧੇ ਤੋਂ ਬਾਅਦ ਨੀਮ ਹਕੀਮਾਂ ਤੇ ਪ੍ਰਾਈਵੇਟ ਡਾਕਟਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ, ਪਰ ਇਹ ਮੁਹਿੰਮ ਮਹਿਜ਼ ਦੋ ਮਹੀਨੇ ਹੀ ਸੰਜੀਦਗੀ ਨਾਲ ਚੱਲੀ। ਫਿਰ ਚੁੱਪ ਚੁਪੀਤਿਆਂ ਤਿਆਗ ਦਿੱਤੀ ਗਈ। ਅਜਿਹੀ ਗ਼ੈਰ-ਸੰਜੀਦਗੀ ਦੇ ਖ਼ਤਰਨਾਕ ਨਤੀਜੇ ਹੁਣ ਅਧਿਕਾਰੀਆਂ ਦੇ ਸਾਹਮਣੇ ਹਨ।

* * *

ਮਹਿਦੀ ਦੀ ਕਬਰ ਦੀ ਦੁਰਦਸ਼ਾ

ਮਸ਼ਹੂਰ ਗ਼ਜ਼ਲਨਵਾਜ਼ ਮਹਿਦੀ ਹਸਨ ਖ਼ਾਨ ਦੀ ਕਬਰ ਦੀ ਦੁਰਦਸ਼ਾ ਦੀ ਤਸਵੀਰ ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਨੇ 16 ਜੂਨ ਦੇ ਅੰਕ ਵਿਚ ਇਕ ਮਜ਼ਮੂਨ ਰਾਹੀਂ ਸਾਹਮਣੇ ਲਿਆਂਦੀ ਹੈ। ਪਾਕਿਸਤਾਨੀ ਪ੍ਰਸ਼ੰਸਕ, ਮਹਿਦੀ ਨੂੰ ਅਜ਼ੀਮਤਰ ਗ਼ਜ਼ਲ-ਗਾਇਕ ਮੰਨਦੇ ਹਨ। ਪਰ 13 ਜੂਨ 2012 ਨੂੰ ਇੰਤਕਾਲ ਤੋਂ ਬਾਅਦ ਇਸ ਗ਼ਜ਼ਲਨਵਾਜ਼ ਦੀਆਂ ਨਿਸ਼ਾਨੀਆਂ ਤੇ ਯਾਦਾਂ ਨੂੰ ਜਿਸ ਤਰ੍ਹਾਂ ਅਣਗੌਲਿਆ ਕੀਤਾ ਗਿਆ, ਉਸ ਦਾ ਨਮੂਨਾ ਉਸ ਦੀ ਕਬਰ ਦੀ ਦਸ਼ਾ ਰਾਹੀਂ ਪੇਸ਼ ਕੀਤਾ ਗਿਆ ਹੈ। ਮਜ਼ਮੂਨ ਅਨੁਸਾਰ ਮਹਿਦੀ ਹਸਨ ਨਾ ਸਿਰਫ਼ ਸੁਰੀਲੇਪਣ ਤੇ ਮਿਠਾਸ ਦੇ ਮੁਜੱਸਮ ਸਨ ਸਗੋਂ ਅਲਫ਼ਾਜ਼ ਨਾਲ ਨਿਆਂ ਕਰਨ ਦੀ ਬੇਮਿਸਾਲ ਕਾਬਲੀਅਤ ਨਾਲ ਵੀ ਲੈਸ ਸਨ। ਉਨ੍ਹਾਂ ਨੂੰ ਕਰਾਚੀ ਦੇ ਅੰਡਾ ਮੋੜ ਇਲਾਕੇ ਦੇ ਮੁਹੰਮਦ ਸ਼ਾਹ ਕਬਰਿਸਤਾਨ ਵਿਚ ਸਪੁਰਦ-ਏ-ਖ਼ਾਕ ਕੀਤਾ ਗਿਆ। ਉਨ੍ਹਾਂ ਦੀ ਕਬਰ ਉਪਰ ਇਕ ਛਤਰੀ ਉਸਾਰੀ ਗਈ, ਪਰ ਉਸ ’ਤੇ ਲੱਗੇ ਪੱਥਰ ਤੇ ਸੰਗਮਰਮਰ ਦੇ ਟੁਕੜੇ ਹੁਣ ਥਾਂ ਥਾਂ ਤੋਂ ਉਖੜ ਗਏ ਹਨ। ਉਂਜ ਵੀ, ਪੂਰੇ ਕਬਰਿਸਤਾਨ ਦਾ ਹਸ਼ਰ ਇਹ ਹੈ ਕਿ ਇਸ ਵਿਚ ਵਰ੍ਹਿਆਂ ਤੋਂ ਝਾੜੂ ਤਕ ਨਹੀਂ ਫੇਰਿਆ ਗਿਆ ਜਾਪਦਾ। ਮਜ਼ਮੂਨ ਵਿਚ ਮਹਿਦੀ ਹਸਨ ਵੱਲੋਂ ਗਾਈ ਮੀਰ ਤਕੀ ਮੀਰ ਦੀ ਗ਼ਜ਼ਲ ‘ਦੇਖ ਤੋ ਦਿਲ ਕਿ ਜਾਨ ਸੇ ਉਠਤਾ ਹੈ’ ਦੇ ਬੰਦ ‘‘ਗੋਰ ਕਿਸ ਦਿਲ ਜਲੇ ਕੀ ਹੈ ਯਿਹ ਫ਼ਲਕ/ ਸ਼ੋਅਲਾ ਏਕ ਸੁਬਹ ਯਾਂ ਸੇ ਉਠਤਾ ਹੈ’’ ਦਾ ਹਵਾਲਾ ਦੇ ਕੇ ਕਿਹਾ ਗਿਆ ਹੈ ਕਿ ਇਹ ਬੰਦ ਹੁਣ ਮਹਿਦੀ ਹਸਨ ਦੀ ਕਬਰ ਦੀ ਦੁਰਦਸ਼ਾ ਨੂੰ ਸਹੀ ਲਫ਼ਜ਼ਾਂ ’ਚ ਬਿਆਨ ਕਰਦਾ ਹੈ।

* * *

ਲਾਹੌਰੀ-ਆਸਟਰੇਲੀਅਨ ਕੋਤਵਾਲ

ਅੰਗਰੇਜ਼ੀ ਰੋਜ਼ਾਨਾ ‘ਦਿ ਨੇਸ਼ਨ’ ਨੇ ਸੈਮਸਨ ਸਾਇਮਨ ਸ਼ਰਫ਼ ਦੇ ਮਜ਼ਮੂਨ ਰਾਹੀਂ ਲਾਹੌਰ ਦੇ ਗੋਰੇ ਆਸਟਰੇਲੀਅਨ ‘ਕੋਤਵਾਲ’ ਲੌਂਜਡੇਲ ਰੌਬਰਟ ਨਿੱਬਲੈੱਟ ਨੂੰ ਯਾਦ ਕੀਤਾ ਹੈ। ਲਾਹੌਰ ਨਾਲ ਉਸ ਦਾ ਰਿਸ਼ਤਾ ਏਨਾ ਪੱਕਾ ਸੀ ਕਿ ਉਹ 1950ਵਿਆਂ ਤੋਂ ਲੈ ਕੇ 1980ਵਿਆਂ ਤਕ ਇਸ ਮਹਾਂਨਗਰ ਦੀ ਪੁਲੀਸ ਵਿਚ ਡੀਐਸਪੀ ਤੋਂ ਲੈ ਕੇ ਡੀਆਈਜੀ (ਟਰੈਫਿਕ) ਤਕ ਦੇ ਅਹੁਦਿਆਂ ’ਤੇ ਤਾਇਨਾਤ ਰਿਹਾ। ਜਦੋਂ ਸੇਵਾਮੁਕਤ ਹੋਇਆ ਤਾਂ ਸਰਕਾਰ ਨੇ ਉਸ ਨੂੰ ਚਾਂਦ ਬਾਗ ਸਕੂਲ, ਮੁਰੀਦ ਕੇ ਦੀ ਸਥਾਪਨਾ ਤੇ ਸੰਚਾਲਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਮਜ਼ਮੂਨ ਅਨੁਸਾਰ ਨਿੱਬਲੈੱਟ ਨੂੰ ਕੁਰਸੀ ’ਤੇ ਬਹਿਣਾ ਪਸੰਦ ਨਹੀਂ ਸੀ। ਉਹ ਦਿਨ ਭਰ ਆਪਣੇ ਹਰਲੇ ਡੇਵਿਡਸਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਗਸ਼ਤ ’ਤੇ ਰਹਿੰਦਾ ਸੀ। ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਪ੍ਰਤੀ ਉਹ ਜਿੰਨਾ ਸਖ਼ਤ ਸੀ, ਓਨੀ ਹੀ ਸਖ਼ਤੀ ਉਹ ਕੁੜੀਆਂ ਦੇ ਕਾਲਜਾਂ ਨੇੜੇ ਟੋਲੀਆਂ ਦੇ ਰੂਪ ਵਿਚ ਖੜ੍ਹਨ ਵਾਲੇ ਦਿਲ-ਫੇਂਕ ਆਸ਼ਕਾਂ ਨਾਲ ਵੀ ਕਰਦਾ ਸੀ।
ਨਿੱਬਲੈੱਟ ਦੇ ਮਾਪੇ ਆਸਟਰੇਲੀਅਨ ਸਨ ਜੋ ਕਿ 1920ਵਿਆਂ ਦੀ ਆਰਥਿਕ ਮੰਦੀ ਦੌਰਾਨ ਚੰਗੇ ਰੁਜ਼ਗਾਰ ਦੀ ਭਾਲ ਵਿਚ ਭਾਰਤ ਆ ਗਏ। ਨਿੱਬਲੈੱਟ ਦਾ ਜਨਮ 1926 ਵਿਚ ਲਖ਼ਨਊ ਵਿਚ ਹੋਇਆ। 1942 ਵਿਚ ਉਹ ਰਾਇਲ ਇੰਡੀਅਨ ਏਅਰ ਫੋਰਸ ਲਈ ਚੁਣ ਲਿਆ ਗਿਆ, ਪਰ 1944 ਵਿਚ ਜ਼ਰੂਰੀ ਸੇਵਾਵਾਂ ਬਹਾਲੀ ਕਾਨੂੰਨ ਤਹਿਤ ਉਸ ਦਾ ਤਬਾਦਲਾ ਪੁਲੀਸ ਵਿਚ ਕਰ ਦਿੱਤਾ ਗਿਆ। 1947 ਵਿਚ ਬਟਵਾਰੇ ਸਮੇਂ ਉਹ ਅੰਮ੍ਰਿਤਸਰ ਵਿਚ ਟਰੈਫਿਕ ਪੁਲੀਸ ਸਰਜੈਂਟ ਸੀ। ਉਸ ਨੂੰ ਲਾਹੌਰ ਨਾਲ ਬਹੁਤ ਮੋਹ ਸੀ। ਇਸੇ ਲਈ ਉਸ ਨੇ ਭਾਰਤ ਦੀ ਬਜਾਏ ਪਾਕਿਸਤਾਨ ਰਹਿਣਾ ਚੁਣਿਆ। 1947 ਤੋਂ 1988 ਤਕ ਉਹ ਪਾਕਿਸਤਾਨੀ ਪੁਲੀਸ ਵਿਚ ਰਿਹਾ। ਉਹ ਨਿਯਮਾਂ ਦਾ ਪੂਰਾ ਪਾਬੰਦ ਸੀ ਅਤੇ ਨਿਯਮ ਤੋੜਨ ਵਾਲਿਆਂ ਨੂੰ ਜੇਲ੍ਹ ਭਿਜਵਾਉਣ ਤੋਂ ਰਤਾ ਵੀ ਨਹੀਂ ਸੀ ਝਿਜਕਦਾ। ਇਸ ਪੱਖੋਂ ਉਸ ਨੇ ਆਪਣੇ ਪੁੱਤਰ ਲੈਰੀ ਨਾਲ ਵੀ ਕੋਈ ਰਿਆਇਤ ਨਹੀਂ ਕੀਤੀ। ਲਾਲ ਬੱਤੀ ਉਲੰਘਣ ਦੇ ਦੋਸ਼ ਹੇਠ ਲੈਰੀ ਨੂੰ ਵੀ 14 ਦਿਨ ਜੇਲ੍ਹ ਰਹਿਣਾ ਪਿਆ। ਲੈਰੀ ਤਿੰਨ ਦਿਨਾਂ ਦੀ ਹਿਰਾਸਤ ਮਗਰੋਂ ਜੁਰਮਾਨਾ ਅਦਾ ਕਰਕੇ ਕੈਦ-ਮੁਕਤੀ ਚਾਹੁੰਦਾ ਸੀ, ਪਰ ਨਿੱਬਲੈੱਟ ਨੇ ਜੁਰਮਾਨੇ ਦੀ ਰਕਮ ਪੁੱਤਰ ਨੂੰ ਦੇਣ ਤੋਂ ਨਾਂਹ ਕਰ ਦਿੱਤੀ। 1995 ਵਿਚ ਉਹ, ਲੈਰੀ ਦੇ ਕੋਲ ਅਮਰੀਕਾ ਜਾ ਵਸਿਆ ਜਿੱਥੇ 12 ਮਈ 2019 ਨੂੰ 93 ਵਰ੍ਹਿਆਂ ਦੀ ਉਮਰ ਵਿਚ ਉਸ ਦਾ ਇੰਤਕਾਲ ਹੋ ਗਿਆ। ਹੁਣ ਉਸ ਦੀਆਂ ਅਸਥੀਆਂ ਨੂੰ ਸਿਆਟਲ ਤੋਂ ਲਿਆ ਕੇ ਲਾਹੌਰ ਦੇ ਇਸਾਈ ਕਬਰਿਸਤਾਨ ਵਿਚ ਦਫ਼ਨ ਕਰਨ ਦੇ ਉਪਰਾਲੇ ਚੱਲ ਰਹੇ ਹਨ।

– ਪੰਜਾਬੀ ਟ੍ਰਿਬਿਊਨ ਫੀਚਰ


Comments Off on ਤੋਤਿਆਂ ਨੂੰ ਨਸੀਬ ਨਹੀਂ ਹੋਣਗੇ ਨਵੇਂ ਪਿੰਜਰੇ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.