ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਤੀਆਂ : ਬਾਗ਼ ਤੇ ਪਰਿਵਾਰ ਖਿੜਨ ਦਾ ਜਸ਼ਨ

Posted On June - 22 - 2019

ਸੱਭਿਆਚਾਰ : 18

ਡਾ. ਨਾਹਰ ਸਿੰਘ

‘ਤੀਆਂ’, ‘ਤੀਜ’, ‘ਸਾਵੇਂ’ ਜਾਂ ‘ਹਰਿਆਲੀ ਤੀਜ’ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਇਹ ਤਿਉਹਾਰ ਚੰਨ ਵਰ੍ਹੇ ਨਾਲ ਸਬੰਧਿਤ ਹੈ ਜੋ ਸਾਰੇ ਉੱਤਰੀ ਭਾਰਤ ਵਿਚ ਮਨਾਇਆ ਜਾਂਦਾ ਹੈ। ਸੰਸਕ੍ਰਿਤ ਸ਼ਬਦ ‘ਤ੍ਰਿਤਯ’ ਜਾਂ ‘ਤੀਆਂ’ ਦਾ ਅਰਥ ਹੋਇਆ ‘ਔਰਤਾਂ।’ ਇਸ ਸ਼ਬਦ ਦੀ ਦੂਜੀ ਵਿਉਂਤਪਤੀ ‘ਤੀਜ’, ‘ਤੀਜਾ’ ਜਾਂ ‘ਤੀਆਂ’ ਭਾਵ ਤੀਸਰੀ ਤਿਥ ਤੋਂ ਵੀ ਹੋ ਸਕਦਾ ਹੈ ਕਿਉਂਕਿ ਇਹ ਤਿਉਹਾਰ ਸਾਉਣ ਦੀ ਚਾਨਣੀ ਤੀਜ ਤੋਂ ਲੈ ਕੇ ਪੁੰਨਿਆ ਤਕ ਤੇਰ੍ਹਾਂ ਦਿਨ ਤਕ ਚਲਦਾ ਹੈ। ਇਹ ਤਿਉਹਾਰ ਮੁੱਖ ਤੌਰ ’ਤੇ ਅਣਮੁਕਲਾਈਆਂ ਅਤੇ ਸੱਜ-ਵਿਆਹੀਆਂ ਮੁਟਿਆਰਾਂ ਦਾ ਸ਼ਗਨਾਂ ਭਰਿਆ ਤਿਉਹਾਰ ਹੈ।
ਮਿਥਿਕ ਪਰੰਪਰਾ ਅਤੇ ਪ੍ਰਚੱਲਤ ਲੋਕ ਵਿਸ਼ਵਾਸਾਂ ਅਨੁਸਾਰ ਇਸ ਤਿਉਹਾਰ ਦਾ ਸਬੰਧ ਸ਼ਿਵ ਪਾਰਵਤੀ ਦੇ ਵਿਆਹ ਨਾਲ ਜੋੜਿਆ ਜਾਂਦਾ ਹੈ। ਮਿਥ ਪਰੰਪਰਾ ਅਨੁਸਾਰ ਪਾਰਵਤੀ ਨੇ ਇਸੇ ‘ਤੀਜ’ ਨੂੰ ਸਾਦੇ ਕੱਪੜੇ ਲਾਹ ਕੇ ਦੁਲਹਨ ਦੇ ਰੂਪ ਵਿਚ ਖੁਦ ਨੂੰ ਸਜਾਇਆ ਅਤੇ ਤੀਜ ਵਾਲੇ ਦਿਨ ਅਟੱਲ ਸੁਹਾਗਣ ਹੋਣ ਦਾ ਵਰ ਪ੍ਰਾਪਤ ਕੀਤਾ। ਇਸੇ ਲੋਕ-ਧਾਰਨਾ ਅਨੁਸਾਰ ਕੁਆਰੀਆਂ ਅਤੇ ਵਿਆਹੁਤਾ ਸਜ ਧਜ ਕੇ ਗੌਰੀ ਦੇਵੀ ਜਾਂ ਗੌਰਜਾਂ (ਪਾਰਵਤੀ) ਦੀ ਪੂਜਾ ਕਰਦੀਆਂ ਹਨ ਅਤੇ ਵਰਤ ਰੱਖਦੀਆਂ ਹਨ। ਔਰਤਾਂ ਦੇ ਲਾੜੀ ਵਾਲੇ ਹਾਰ ਸ਼ਿੰਗਾਰ ਕੀਤੇ ਜਾਂਦੇ ਹਨ। ਮਹਿੰਦੀ ਸੁਹਾਗਣ ਭਾਗਣ ਹੋਣ ਜਾਂ ਬਣਨ ਦੀ ਰੀਝ ਦਾ ਚਿੰਨ੍ਹ ਮੰਨੀ ਜਾਂਦੀ ਹੈ। ਸੋ ਤੀਆਂ ਦਾ ਤਿਉਹਾਰ ਕੁੜੀਆਂ ਦੀ ਸੁਹਾਗ-ਭਾਗ ਦੀ ਰੀਝ ਤੇ ਪਰਿਵਾਰਕ ਸੁੱਖਾਂ ਦੀ ਕਾਮਨਾ ਨੂੰ ਦ੍ਰਿੜ ਕਰਦਾ ਹੈ।
ਤਿਉਹਾਰਾਂ ਦਾ ਸਬੰਧ ਜਿੱਥੇ ਇਕ ਪਾਸੇ ਸਾਡੀਆਂ ਸੰਸਕ੍ਰਿਤਕ ਸਿਮਰਤੀਆਂ ਅਤੇ ਲੋਕ ਵਿਸ਼ਵਾਸਾਂ ਨਾਲ ਹੁੰਦਾ ਹੈ। ਉੱਥੇ ਇਹ ਸਾਡੇ ਪ੍ਰਕਿਰਤਕ ਚੌਗਿਰਦੇ ਪ੍ਰਤੀ ਪਹੁੰਚ ਨਾਲ ਵੀ ਡੂੰਘੀ ਤਰ੍ਹਾਂ ਜੁੜੇ ਹਨ। ਉੱਤਰੀ ਭਾਰਤ ਦੇ ਬਹੁਤੇ ਤਿਉਹਾਰ ਰੁੱਤ, ਬਨਸਪਤੀ ਅਤੇ ਫ਼ਸਲਾਂ ਦੀ ਆਂਵਦ ਨਾਲ ਜੁੜੇ ਸਾਡੇ ਸਮੂਹਿਕ ਕੰਮਾਂ, ਸਰੋਕਾਰਾਂ ਅਤੇ ਅਕੀਦਿਆਂ ਨੂੰ ਪ੍ਰਗਟ ਕਰਦੇ ਹਨ। ਇਨ੍ਹਾਂ ਤਿਉਹਾਰਾਂ ਰਾਹੀਂ ਸਬੰਧਿਤ ਲੋਕ ਸਮੂਹ ਆਪਣੀਆਂ ਪਰੰਪਰਾਵਾਂ, ਵਿਸ਼ਵਾਸਾਂ ਅਤੇ ਪੁਰਖਿਆਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਕਾਰਥਾ ਬਣਾਉਂਦਾ ਹੈ।
ਉੱਤਰੀ ਭਾਰਤ ਦੇ ਤਿਉਹਾਰ ਸੱਭਿਆਚਾਰਕ ਪ੍ਰਕਾਰਜਾਂ ਦੀ ਦ੍ਰਿਸ਼ਟੀ ਤੋਂ ਇਕ ਕੜੀ ਮੂਲਕ ਸਬੰਧਾਂ ਵਿਚ ਬੱਝੇ ਹੋਏ ਹਨ ਅਤੇ ਇਹ ਲਗਾਤਾਰਤਾ ਵਿਚ ਆਉਂਦੇ ਹਨ। ਦਿਲਚਸਪ ਤੱਥ ਹੈ ਕਿ ਔਰਤਾਂ ਨਾਲ ਸਬੰਧਿਤ ਤਿਉਹਾਰ ਚੰਨ ਨਾਲ, ਖ਼ਾਸ ਕਰਕੇ ਇਸ ਦੀਆਂ ਵਧ ਰਹੀਆਂ ਕਲਾਵਾਂ ਨਾਲ ਸਿੱਧੇ ਸਬੰਧਿਤ ਹਨ। ਇਨ੍ਹਾਂ ਸਭਨਾਂ ਤਿਉਹਾਰਾਂ ਦਾ ਓੜਕ ਸਬੰਧ ਔਰਤ ਨੂੰ ਜਣਨੀ ਵਜੋਂ ਸਤਿਕਾਰ ਅਤੇ ਮਾਨਤਾ ਦੇਣਾ ਅਤੇ ਉਸਦੀ ਉਪਜਾਇਕ ਸ਼ਕਤੀ ਵਿਚ ਵਾਧਾ ਲੋੜਨਾ ਹੈ। ਉੱਤਰੀ ਭਾਰਤ ਦੇ ਇਨ੍ਹਾਂ ਤਿਉਹਾਰਾਂ ਵਿਚ ਰੁੱਤ, ਫ਼ਸਲ, ਔਰਤ ਅਤੇ ਚੰਨ ਚਾਰੇ ਮਿਲ ਕੇ ਇਕ ਕੜੀ ਬਣਾਉਂਦੇ ਹਨ।
ਸਾਡੇ ਚੰਨ ਵਰ੍ਹੇ ਨਾਲ ਸਬੰਧਿਤ ਮੌਸਮੀ ਤਿਉਹਾਰ ਵਿਚ ਔਰਤ ਇਕ ਜਣਨੀ ਵਜੋਂ ਕੇਂਦਰ ਵਿਚ ਆਉਂਦੀ ਹੈ ਅਤੇ ਅੱਗੋਂ ਇਹ ਤਿਉਹਾਰ ਇਕ ਲੜੀ ਵਿਚ ਸੰਜੋਏ ਹੋਏ ਹਨ : ਤੀਆਂ, ਕਰਵਾ ਚੌਥ, ਅਹੋਈ ਅਤੇ ਸਾਂਝੀ। ਇਹ ਚਾਰੇ ਪ੍ਰਮੁੱਖ ਤਿਉਹਾਰ ਅਤੇ ਇਨ੍ਹਾਂ ਵਿਚਕਾਰ ਆਉਂਦੇ ਛੋਟੇ ਤਿਉਹਾਰ ਤੇ ਵਰਤ ਅਤੇ ਹੋਰ ਸ਼ੁੱਭ ਦਿਨ ਪ੍ਰਮੁੱਖ ਰੂਪ ਵਿਚ ਵਿਆਹੁਤਾ ਜੀਵਨ ਦੇ ਸਬੰਧਾਂ ਵਿਚ ਸਾਵਾਂਪਣ ਪੈਦਾ ਕਰਨ ਵਾਲੇ, ਔਰਤ ਦੀ ਕੁੱਖ ਦੀ ਸਲਾਮਤੀ ਤੇ ਸੁਲੱਖਣੀ ਹੋਣ ਨੂੰ ਸਮਰਪਿਤ ਹਨ। ਇਨ੍ਹਾਂ ਵਿਚ ਚੰਨ ਮੁਹੱਬਤ ਅਤੇ ਕਾਮ-ਪ੍ਰੇਰਨਾ ਦੇ ਸੋਮੇ ਵਜੋਂ ਸੰਕਲਪਿਆ ਗਿਆ ਹੈ।
ਤੀਆਂ ਅਸਲ ਵਿਚ ਧਰਤੀ ਮਾਂ ਦੀ ਉਪਜਾਇਕਤਵ ਸ਼ਕਤੀ ਦਾ ਜਸ਼ਨ ਮਨਾਉਣ ਦਾ ਤਿਉਹਾਰ ਹੈ। ਖੇਤੀ ਪ੍ਰਧਾਨ ਪੰਜਾਬੀ ਸੰਸਕ੍ਰਿਤੀ ਵਿਚ ਸਾਉਣ ਦੇ ਮਹੀਨੇ ਦੀ ਸਭ ਤੋਂ ਵੱਧ ਮਹਿਮਾ ਹੈ। ਉੱਤਰੀ ਭਾਰਤ ਵਿਚ ਜੇਠ ਹਾੜ ਦੀਆਂ ਧੁੱਪਾਂ ਤੋਂ ਬਾਅਦ ਸਾਉਣ ਦੇ ਮਹੀਨੇ ਦੀਆਂ ਝੜੀਆਂ ਨਾਲ ਧਰਤੀ ਦੇ ਸੀਨੇ ਠੰਢ ਪੈ ਜਾਂਦੀ ਹੈ। ਧਰਤੀ ਦੀ ਉਪਜਾਇਕਤਾ ਇਸ ਵੇਲੇ ਆਪਣੇ ਜੋਬਨ ਉੱਤੇ ਹੁੰਦੀ ਹੈ। ਔਰਤ ਧਰਤੀ-ਮਾਤਾ ਨੂੰ ਰੀਝਾ ਕੇ ਉਸ ਅੰਦਰਲੇ ਉਪਜਾਇਕ ਸ਼ਕਤੀ ਦੇ ਅੰਸ਼ ਨੂੰ ਆਪਣੇ ਅੰਦਰ ਸਮਾਉਂਦੀ ਹੈ। ਇਸ ਸੁਭਾਗੀ ਸੁਲੱਖਣੀ ਤੇ ਆਨੰਦ ਦੀ ਸਥਿਤੀ ਦਾ ਜਸ਼ਨ ਹਨ ਸਾਡੀਆਂ ਤੀਆਂ:
* ਸਾਉਣ ਮਹੀਨੇ ਘਾਹ ਹੋ ਗਿਆ
ਰੱਜਣ ਮੱਝਾਂ ਗਾਈਆਂ,
ਤੀਆਂ ਤੀਜ ਦੀਆਂ,
ਵਰ੍ਹੇ ਪਿੱਛੋਂ ਨੇ ਆਈਆਂ
* ਸਾਉਣ ਮਹੀਨੇ ਘਾਹ ਹੋ ਗਿਆ
ਰੱਜਣ ਮੱਝੀਂ ਗਾਈਂ,
ਗਿੱਧਿਆ ਪਿੰਡ ਵੜ ਵੇ,
ਲਾਂਭ ਲਾਂਭ ਨਾ ਜਾਈਂ
ਚਾਨਣੇ ਪੱਖ ਦੀ ਤੀਜ ਤੋਂ ਲੈ ਕੇ ਪੂਰਨਮਾਸ਼ੀ ਤਕ ਚੰਨ ਆਪਣੇ ਪੂਰੇ ਜੋਬਨ ਵੱਲ ਵਧਦਾ ਰਹਿੰਦਾ ਹੈ। ਪੰਜਾਬ ਦੀ ਲੋਕਧਾਰਾ ਦੇ ਵਿਭਿੰਨ ਪ੍ਰਸੰਗਾਂ ਵਿਚ ਚੰਨ ਦੀਆਂ ਵਧੀਆਂ ਕਲਾਵਾਂ ਦਾ ਧਰਤੀ ਅਤੇ ਔਰਤ ਦੀ ਉਪਜਾਇਕਤਾ ਨਾਲ ਸਿੱਧਾ ਸਬੰਧ ਮੰਨਿਆ ਜਾਂਦਾ ਹੈ। ਔਰਤ ਦੇ ਬਾਂਝਪਨ ਨੂੰ ਦੂਰ ਕਰਨ ਲਈ ਜਿੰਨੇ ਵੀ ਟੂਣੇ ਟਾਮਣ ਪ੍ਰਚੱਲਤ ਹਨ, ਉਹ ਸਾਰੇ ਚੰਨ ਦੇ ਚਾਨਣੇ ਪੱਖ ਵਿਚ ਅਦਾ ਕੀਤੇ ਜਾਂਦੇ ਹਨ।

ਡਾ. ਨਾਹਰ ਸਿੰਘ

ਸੂਰਜ ਦੇ ਸੇਕ ਤਪਸ ਅਤੇ ਸੋਕੇ ਨਾਲ ਮਾਰੀ ਧਰਤੀ ’ਤੇ ਮੀਹਾਂ ਨਾਲ ਪੈਣ ਵਾਲੀ ਠੰਢਕ ਦਾ ਵੀ ਔਰਤ ਦੀ ਭਾਵੁਕ ਭੁੱਖ ਦੇ ਤ੍ਰਿਪਤ ਹੋਣ ਨਾਲ ਇਕ ਮਨੋਵਿਗਿਆਨਕ ਸਬੰਧ ਹੈ। ਪੰਜਾਬੀ ਲੋਕਧਾਰਾ ਵਿਚ ਮੀਂਹ ਅਸਮਾਨ ਅਤੇ ਧਰਤੀ ਦਾ ਮਿਲਣ ਹੈ। ਤੀਆਂ ਦੇ ਗਿੱਧੇ ਦੀਆਂ ਅਨੇਕਾਂ ਬੋਲੀਆਂ ਵਿਚ ‘ਭਿੱਜ ਗਈ ਰੂਹ ਮਿੱਤਰਾਂ ‘ਸ਼ਾਮ ਘਟਾ ਚੜ੍ਹ ਆਈਆਂ’ ਜਾਂ ‘ਸਾਉਣ ਮਹੀਨੇ ਵਰ੍ਹਨ ਫੁਹਾਰਾਂ’ ਵਰਗੀਆਂ ਬੋਲੀਆਂ ਦਾ ਦੁਹਰਾਉ ਆਉਂਦਾ ਹੈ। ਸਪੱਸ਼ਟ ਹੈ ਕਿ ਸਾਉਣ ਦੇ ਇਸ ਮਹੀਨੇ ਵਿਚ ਧਰਤੀ ਅਤੇ ਔਰਤ ਦਾ ਤਨ ਹੀ ਨਹੀਂ ਰੂਹ ਨੇ ਵੀ ਭਿੱਜਣਾ ਹੁੰਦਾ ਹੈ।
ਮੀਂਹ ਦੇ ਅਨੇਕਾਂ ਪ੍ਰਸੰਗਾਂ ਵਿਚੋਂ ਪੰਜਾਬਣਾਂ ਦੇ ਜੀਵਨ ਵਿਚ ਸਾਉਣ ਅਤੇ ਭਾਦੋਂ ਦੇ ਮਹੀਨੇ ਕ੍ਰਮਵਾਰ ਪੇਕਿਆਂ ਅਤੇ ਸਹੁਰਿਆਂ ਨਾਲ ਸਬੰਧਿਤ ਮੰਨੇ ਜਾਂਦੇ ਹਨ। ਮੁਕਲਾਵਾ ਤੋਰਨ ਲਈ ਭਾਦੋਂ ਦਾ ਮਹੀਨਾ ਮਿੱਥਿਆ ਜਾਂਦਾ ਹੈ। ਸਾਉਣ ਦੇ ਮਹੀਨੇ ਵਿਚ ਨਵ-ਵਿਆਹੁਤਾ ਨੇ ਸੱਸ ਦੇ ਮੱਥੇ ਨਹੀਂ ਲੱਗਣਾ ਹੁੰਦਾ ਹੈ। ਇਸ ਲਈ ਇਹ ਮਹੀਨਾ ਯਾਨੀ ਤੀਆਂ ਦੇ ਦਿਨ ਪੇਕਿਆਂ ਲਈ ਰਾਖਵੇਂ ਹੁੰਦੇ ਹਨ। ਔਰਤ ਦੇ ਜੀਵਨ ਵਿਚ ਪੇਕਾ ਘਰ ਹੀ ਨਹੀਂ ਸਗੋਂ ਪੇਕਾ ਪਿੰਡ ਵੀ ਨਿਰੀ ਮਿਠਾਸ ਤੇ ਮੋਹ ਦੇ ਸੋਮੇ ਵਜੋਂ ਚਿਤਾਰਿਆ ਜਾਂਦਾ ਹੈ। ਇੱਥੇ ਬਚਪਨ ਦੇ ਰੰਗੀਨ ਤੇ ਹੁਸੀਨ ਦਿਨ ਗੁਜ਼ਾਰੇ ਹੁੰਦੇ ਹਨ। ਸੈਂਕੜੇ ਟੱਪੇ ਇਸ ਦੀ ਗਵਾਹੀ ਭਰਦੇ ਹਨ:
ਪੇਕਿਆਂ ਦੇ ਪਿੰਡ ਵਰਗਾ
ਕੋਈ ਪਿੰਡ ਵੀ ਨਜ਼ਰ ਨਾ ਆਵੇ
ਪੇਕਿਆਂ ਦੇ ਪਿੰਡ ਨਵ ਵਿਆਹੁਤਾ ਨੂੰ ਕੰਮ ਤੋਂ ਵਿਹਲ ਅਤੇ ਮਾਨਸਿਕ ਸਕੂਲ ਮਿਲਦਾ ਹੈ। ਵਿੱਛੜੀਆਂ ਸਹੇਲੀਆਂ ਪੇਕੇ ਪਿੰਡ ਆ ਕੇ ਤੀਆਂ ਦੇ ਦਿਨਾਂ ਵਿਚ ਬੜੇ ਚਾਵਾਂ ਨਾਲ ਮਿਲਦੀਆਂ ਹਨ। ਇਹ ਦਿਨ ਸਰੀਰਿਕ, ਮਾਨਸਿਕ ਤੇ ਭਾਵੁਕ ਤਿੰਨਾਂ ਪੱਧਰਾਂ ’ਤੇ ਰਾਹਤ ਦੇ ਦਿਨ ਹੁੰਦੇ ਹਨ। ਇਹ ਸਮਾਂ ਔਰਤ ਉੱਤੇ ‘ਜੋਬਨ ਦਾ ਹੜ੍ਹ’ ਆਉਣ ਦਾ ਹੁੰਦਾ ਹੈ। ਪੀਘਾਂ ਝੂਟ ਕੇ, ਗਿੱਧੇ ਪਾ ਕੇ, ਸਹੇਲੀਆਂ ਨੂੰ ਮਿਲ ਕੇ ਵਿਆਹੁਤਾ ਨੇ ਆਪਣੇ ਤਨ, ਮਨ ਨੂੰ ਜੀਵਨ ਦੇ ਅਗਲੇਰੇ ਪੁਲਾਂਘ ਲਈ ਤਿਆਰ ਕਰਨਾ ਹੁੰਦਾ ਹੈ। ਇਸ ਲਈ ਕੁੜੀਆਂ ਲਈ ਤੀਆਂ ਦੇ ਦਿਨ ‘ਮੇਲੇ ਵਰਗੇ’ ਹੁੰਦੇ ਹਨ ਜਿਨ੍ਹਾਂ ਦੀ ਉਡੀਕ ਬੜੀ ਸ਼ਿੱਦਤ ਨਾਲ ਕੀਤੀ ਜਾਂਦੀ ਹੈ।
ਤੀਆਂ ਤੋਂ ਬਾਅਦ ਤਿਉਹਾਰਾਂ ਦੀ ਇਕ ਅਜਿਹੀ ਲੜੀ ਆਰੰਭ ਹੁੰਦੀ ਹੈ ਜਿਨ੍ਹਾਂ ਵਿਚੋਂ ਕਈ ਔਰਤ ਦੀ ਜਣਨ ਕਿਰਿਆ ਜਾਂ ਉਸਦੀ ਪ੍ਰਕਿਰਤਕ ਹੋਂਕ ਨਾਲ ਸਿੱਧੇ ਸਬੰਧਿਤ ਹਨ। ਭਾਦੋਂ ਦੇ ਮਹੀਨੇ ਵਿਚ ਚਾਨਣੇ ਪੱਖ ਦੀ ਸੱਤਵੀਂ ਨੂੰ ‘ਸੰਤਾਨ ਸਪਤਮੀ’ ਵੱਜੋਂ ਮਨਾਇਆ ਜਾਂਦਾ ਹੈ। ਅੱਗੇ ਚੱਲ ਕੇ ਕਰਵਾ ਚੌਥ ਸਮੇਂ ਚੰਨ ਨੂੰ ਅਰਘ ਦੇ ਕੇ ਸੁਹਾਗਣ ਭਾਗਣ ਹੋਣ ਦੇ ਨਾਲ ਹੀ ਚੰਨ ਵਰਗੇ ਪੁੱਤਰ ਦੀ ਕਾਮਨਾ ਕੀਤੀ ਜਾਂਦੀ ਹੈ।
ਇਸ ਲਈ ਤੀਆਂ ਦੇ ਦਿਨ ਪਰੰਪਰਿਕ ਪੰਜਾਬੀ ਜੀਵਨ ਵਿਚ ਔਰਤ ਦੇ ਤਨ-ਸੁੱਖ ਤੇ ਮਨ-ਸੁੱਖ ਦੇ ਸਾਧਨਾਂ ਨਾਲ ਭਰਪੂਰ ਰਹੇ ਹਨ। ਇਹ ਦਿਨ ਔਰਤ ਮਨ ਦੀ ਭੂਮੀ ਨੂੰ ਵੱਤਰ ਕਰਨ ਦਾ ਸਮਾਂ ਰਿਹਾ ਹੈ ਜਿਸ ਨੇ ਅਗਲੇ ਦਿਨਾਂ ਵਿਚ ਚੱਲ ਕੇ ਤਨ ਦੀ ਪੱਧਰ ’ਤੇ ਬੀਜਿਆ ਜਾਣਾ ਹੁੰਦਾ ਹੈ। ਔਰਤ ਮਨ ਦੀ ਭਾਵ-ਭੂਮੀ ਨੂੰ ਸੰਤੁਲਿਤ ਕਰਨ ਵਾਸਤੇ ਗਿੱਧੇ ਦੀ ਵਿਸ਼ੇਸ਼ ਸੱਭਿਅਚਾਰਕ ਭੂਮਿਕਾ ਰਹੀ ਹੈ। ਗਿੱਧੇ ਵਿਚ ਬੋਲੀ ਪਾ ਕੇ ਜਦੋਂ ਨਾਚ ਮੁਦਰਾਵਾਂ ਸ਼ੁਰੂ ਹੁੰਦੀਆਂ ਹਨ ਤਾਂ ਸਭ ਤੋਂ ਪਹਿਲਾਂ ਸੱਜੇ ਪਾਸੇ ਝੁਕ ਕੇ ਹੱਥਾਂ ਨੂੰ ਧਰਤੀ ਵੱਲ ਲਿਆ ਕੇ ਤਾੜੀ ਮਾਰੀ ਜਾਂਦੀ ਹੈ। ਇਹ ਸਪੱਸ਼ਟ ਤੌਰ ’ਤੇ ਧਰਤੀ ਨੂੰ ਨਮਸਕਾਰਨ ਦੀ ਕਿਰਿਆ ਹੈ। ਗਿੱਧੇ ਦੀ ਪੇਸ਼ਕਾਰੀ ਵਿਚਲੀਆਂ ਬਹੁਤੀਆਂ ਨਾਚ ਮੁਦਰਾਵਾਂ ਧਰਤੀ ਵੱਲ ਮੁਖਾਤਬ ਹੁੰਦੀਆਂ ਹਨ।
ਇਸ ਤੋਂ ਇਹ ਅੰਦਾਜ਼ਾ ਜ਼ਰੂਰ ਲੱਗਦਾ ਹੈ ਕਿ ਪ੍ਰਾਚੀਨ ਕਾਲ ਵਿਚ ਜਦੋਂ ਧਰਤੀ ਨੂੰ ਉਪਜਾਇਕਤਾ ਦੀ ਦੇਵੀ ਮੰਨ ਕੇ ਜੋ ਰਹੁ-ਰੀਤਾਂ ਅਤੇ ਪੂਜਾ ਵਿਧੀਆਂ ਨਿਭਾਈਆਂ ਜਾਂਦੀਆਂ ਹੋਣਗੀਆਂ, ਉਨ੍ਹਾਂ ਵਿਚ ਔਰਤਾਂ ਵੱਲੋਂ ‘ਦੇਵੀ-ਨਾਚ’ ਵਜੋਂ ਜੋ ਨਾਚ ਨੱਚਿਆ ਜਾਂਦਾ ਹੋਵੇਗਾ, ਉਹ ਗਿੱਧੇ ਦਾ ਨਿਕਾਸੀ ਸਰੋਤ ਹੋਵੇਗਾ। ਸੋ ਤੀਆਂ ਦੇ ਤਿਉਹਾਰ ਅਤੇ ਗਿੱਧਾ ਦੋਹਾਂ ਦਾ ਓੜਕ ਸਬੰਧ ਕਿਸਾਨੀ ਸੰਸਕ੍ਰਿਤੀ ਦੀਆਂ ਸੁਹਜ ਸਿਰਜਨਾਵਾਂ ਅਤੇ ਲੋਕ ਧਾਰਨਾਵਾਂ ਨਾਲ ਹੈ। ਸੂਚਨਾ ਕ੍ਰਾਂਤੀ ਦੇ ਯੁੱਗ ਵਿਚ ਵਿਸ਼ਵੀਕਰਨ ਦੀਆਂ ਨਵੀਆਂ ਚੁਣੌਤੀਆਂ ਦੇ ਸਨਮੁਖ ਇਨ੍ਹਾਂ ਤਿਉਹਾਰਾਂ ਦਾ ਰੂਪ ਬਦਲ ਰਿਹਾ ਹੈ। ਪਰ ਇਨ੍ਹਾਂ ਨੂੰ ਮਨਾਉਣ ਦੀ ਮੂਲ ਭਾਵਨਾ ਫਿਰ ਵੀ ਭਾਈਚਾਰਕ ਹੀ ਬਣੀ ਰਹਿਣੀ ਚਾਹੀਦੀ ਹੈ।

ਸੰਪਰਕ: 98880-06118


Comments Off on ਤੀਆਂ : ਬਾਗ਼ ਤੇ ਪਰਿਵਾਰ ਖਿੜਨ ਦਾ ਜਸ਼ਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.