ਕਾਇਨਾਤ, ਕਿਆਮਤ ਅਤੇ ਬਰਫ਼ਾਨੀ ਢਾਲ !    ਜਾਗਰੂਕ ਵੋਟਰ ਸਿਹਤਮੰਦ ਜਮਹੂਰੀਅਤ !    ਮੈਂ ਤੇ ਮੀਆਂ ਸਕੇ ਭਰਾ !    ਇੱਕੋਂ ਸਮੇਂ ਇੱਕ ਤੋਂ ਵੱਧ ਡਿਗਰੀਆਂ ਕਰਨ ਦੀ ਮਿਲ ਸਕਦੀ ਹੈ ਇਜਾਜ਼ਤ !    ਭਾਰਤੀਆਂ ਦੇ ਸੁਫ਼ਨਿਆਂ ਨੂੰ ਅੱਜ ਪਰਵਾਜ਼ ਦੇਵੇਗਾ ਚੰਦਰਯਾਨ-2 !    ਬਿਜਲੀ ਡਿਗਣ ਕਾਰਨ ਉੱਤਰ ਪ੍ਰਦੇਸ਼ ਵਿੱਚ 32 ਲੋਕਾਂ ਦੀ ਮੌਤ !    ਸੂਬਾਈ ਚੋਣਾਂ ’ਚ ਇਮਰਾਨ ਖ਼ਾਨ ਦੀ ਪਾਰਟੀ ਦੇ ਪੰਜ ਉਮੀਦਵਾਰ ਜਿੱਤੇ !    ਪਾਕਿ ਸਰਹੱਦ ’ਤੇ ਜੰਗੀ ਗਰੁੱਪ ਤਾਇਨਾਤ ਕਰਨ ਦੀ ਤਿਆਰੀ !    ਪ੍ਰਕਾਸ਼ ਪੁਰਬ: ਪਾਕਿਸਤਾਨ ਰਵਾਨਾ ਹੋਏ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ !    ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ: ਸੁਖਬੀਰ !    

‘ਤਿੰਨ’ ਦਾ ਤੜਕਾ

Posted On June - 29 - 2019

ਬੌਲੀਵੁੱਡ ਫ਼ਿਲਮਾਂ ਵਿਚ ਰੁਮਾਂਸ ਨੂੰ ਪ੍ਰਮੁੱਖਤਾ ਹਾਸਲ ਹੈ, ਪਰ ਇਸ ਵਿਚ ਹਮੇਸ਼ਾਂ ਦਰਸ਼ਕਾਂ ਦੀ ਰੁਚੀ ਬਣੀ ਰਹਿਣੀ ਮੁਸ਼ਕਿਲ ਹੈ। ਇਸ ਲਈ ਨਿਰਮਾਤਾਵਾਂ ਨੇ ਰੁਮਾਂਸ ਨੂੰ ਤਿਕੋਣੇ ਪ੍ਰੇਮ ਦਾ ਤੜਕਾ ਲਗਾਉਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਹੈ। ਹਿੰਦੀ ਸਿਨਮਾ ਦਾ ਇਹ ਸਭ ਤੋਂ ਹਰਮਨ ਪਿਆਰਾ ਫਾਰਮੂਲਾ ਮੰਨਿਆ ਜਾਂਦਾ ਹੈ।

ਰਮਾ ਗੌਤਮ

ਫ਼ਿਲਮ ‘ਦੇ ਦੇ ਪਿਆਰ ਦੇ’ ਵਿਚ ਰਕੁਲਪ੍ਰੀਤ ਸਿੰਘ, ਅਜੇ ਦੇਵਗਨ ਤੇ ਤੱਬੂ

ਤਿਕੋਣੀ ਪ੍ਰੇਮ ਕਹਾਣੀ ’ਤੇ ਅੱਜਕੱਲ੍ਹ ਬਣ ਰਹੀਆਂ ਬੌਲੀਵੁੱਡ ਫ਼ਿਲਮਾਂ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਗੱਲ ਚਾਹੇ ਹਾਲੀਆ ਹਿੱਟ ‘ਸਟੂਡੈਂਟ ਆਫ ਦਿ ਈਯਰ -2’, ‘ਦੇ ਦੇ ਪਿਆਰ ਦੇ’ ਜਾਂ ਫਿਰ ਸੰਜੇ ਲੀਲਾ ਭੰਸਾਲੀ ਦੀ ਵੱਡੇ ਬਜਟ ਵਾਲੀ ‘ਕਲੰਕ’ ਦੀ ਹੋਵੇ। ਇਨ੍ਹਾਂ ਫ਼ਿਲਮਾਂ ਦੀ ਕਹਾਣੀ ਤਿਕੋਣੀ ਪ੍ਰੇਮ ਕਹਾਣੀ ’ਤੇ ਆਧਾਰਿਤ ਹੈ। ਬੌਲੀਵੁੱਡ ਫ਼ਿਲਮਾਂ ਦੇ ਦਰਸ਼ਕ ਹਮੇਸ਼ਾਂ ਤੋਂ ਹੀ ਅਜਿਹੀਆਂ ਪ੍ਰੇਮ ਕਹਾਣੀਆਂ ਨੂੰ ਅਹਿਮੀਅਤ ਦਿੰਦੇ ਰਹੇ ਹਨ। ਇਸ ਲਈ ਜ਼ਿਆਦਾਤਰ ਤਿਕੋਣੀ ਪ੍ਰੇਮ ਕਹਾਣੀ ਵਾਲੀਆਂ ਫ਼ਿਲਮਾਂ ਹਿੱਟ ਹੁੰਦੀਆਂ ਹਨ। ਬੌਲੀਵੁੱਡ ਦੀਆਂ ਕਈ ਸੁਪਰਹਿੱਟ ਫ਼ਿਲਮਾਂ ਇਸਦੀ ਉਦਾਹਰਨ ਹਨ। ਪਹਿਲਾਂ ਵੀ ਕਈ ਅਜਿਹੀਆਂ ਫ਼ਿਲਮਾਂ ਬਣ ਚੁੱਕੀਆਂ ਹਨ ਜਿਵੇਂ ‘ਸਿਲਸਿਲਾ’ ਨੂੰ ਹੀ ਲੈ ਲਓ। ਅਮਿਤਾਭ ਬੱਚਨ, ਰੇਖਾ ਅਤੇ ਜਯਾ ਬੱਚਨ ਦੀ ਇਹ ਤਿਕੋਣੀ ਪ੍ਰੇਮ ਕਹਾਣੀ ਵਾਲੀ ਫ਼ਿਲਮ ਅੱਜ ਤਕ ਲੋਕਾਂ ਨੂੰ ਯਾਦ ਹੈ।
ਹਿੰਦੀ ਫ਼ਿਲਮ ਉਦਯੋਗ ਵਿਚ ਪ੍ਰੇਮ ਕਹਾਣੀਆਂ ਦਾ ਇਤਿਹਾਸ ਬਹੁਤ ਲੰਬਾ ਹੈ। ਇੱਥੇ ਰਾਜਾ ਤੋਂ ਲੈ ਕੇ ਰੰਕ ਤਕ ਦੀਆਂ ਪ੍ਰੇਮ ਕਥਾਵਾਂ ਨੂੰ ਅਲੱਗ ਅਲੱਗ ਦ੍ਰਿਸ਼ਟੀਕੋਣ ਤੋਂ ਸੁਨਹਿਰੇ ਪਰਦੇ ’ਤੇ ਉਤਾਰਿਆ ਗਿਆ ਹੈ। ਸਭ ਦੀ ਆਪਣੀ ਆਪਣੀ ਪਸੰਦ ਹੈ, ਕਿਸੇ ਨੂੰ ‘ਮੁਗਲ-ਏ-ਆਜ਼ਮ’ ਵਿਚ ਸਲੀਮ-ਅਨਾਰਕਲੀ ਦੀ ਪਿਆਰ ਭਰੀ ਦਾਸਤਾਨ ਚੰਗੀ ਲੱਗਦੀ ਹੈ ਤਾਂ ਕੋਈ ਦੇਵਦਾਸ-ਪਾਰੋ-ਚੰਦਰਮੁਖੀ ਦੇ ਤਿਕੋਣੇ ਪ੍ਰੇਮ ਤੋਂ ਪ੍ਰਭਾਵਿਤ ਹੁੰਦਾ ਹੈ ਅਤੇ ਉੱਥੇ ਹੀ ਲੈਲਾ-ਮਜਨੂ, ਸ਼ੀਰੀ-ਫਰਹਾਦ, ਹੀਰ-ਰਾਂਝਾ ਆਦਿ ਦੇ ਤ੍ਰਾਸਦੀ ਭਰੇ ਪ੍ਰੇਮ ਜੀਵਨ ਨੂੰ ਪਸੰਦ ਕਰਨ ਅਤੇ ਅਮਰ ਪ੍ਰੇਮ ਕਹਿਣ ਵਾਲਿਆਂ ਦੀ ਵੀ ਲੰਬੀ ਸੂਚੀ ਹੈ।
ਤਿਕੋਣੀ ਪ੍ਰੇਮ ਕਹਾਣੀ ਵਾਲੀਆਂ ਫ਼ਿਲਮਾਂ ਵਿਚ ਦਰਸ਼ਕ ਫ਼ਿਲਮ ਨਾਲ ਜੁੜਦੇ ਹਨ। ਦਰਅਸਲ, ਬੌਲੀਵੁੱਡ ਦੇ ਤਿਕੋਣੇ ਪ੍ਰੇਮ, ਈਰਖਾ, ਕਰੋਧ, ਦੁੱਖ, ਮਾਣ, ਉਮੀਦ, ਵਿਸ਼ਵਾਸਘਾਤ ਅਤੇ ਭਰਮ ਵਰਗੇ ਪਹਿਲੂਆਂ ਨੂੰ ਮੁੱਖ ਧਾਰਾ ਦੇ ਸਿਨਮਾ ਵਿਚ ਪ੍ਰਦਰਸ਼ਿਤ ਕੀਤਾ ਜਾਂਦਾ ਰਿਹਾ ਹੈ। ਅਜਿਹੀਆਂ ਫ਼ਿਲਮਾਂ ਵਿਚ ਪ੍ਰੇਮ ਵਿਚ ਵਿਸ਼ਵਾਸਘਾਤ ਅਤੇ ਈਰਖਾ ਦੀ ਭਾਵਨਾ ਨੂੰ ਪਾਤਰਾਂ ਰਾਹੀਂ ਪ੍ਰਮੁੱਖਤਾ ਨਾਲ ਦਿਖਾਇਆ ਜਾਂਦਾ ਹੈ। ਆਮ ਤੌਰ ’ਤੇ ਤਿਕੋਣੀ ਪ੍ਰੇਮ ਕਹਾਣੀ ਵਾਲੀਆਂ ਫ਼ਿਲਮਾਂ ਦੇ ਸੰਵਾਦ ਅਤੇ ਗੀਤ ਹਮੇਸ਼ਾਂ ਹਿੱਟ ਰਹੇ ਹਨ।

ਫ਼ਿਲਮ ‘ਦਿਲ ਤੋ ਪਾਗਲ ਹੈ’ ਵਿਚ ਕ੍ਰਿਸ਼ਮਾ ਕਪੂਰ, ਸ਼ਾਹਰੁਖ਼ ਖ਼ਾਨ ਤੇ ਮਾਧੁਰੀ ਦੀਕਸਿ਼ਤ

ਹਿੰਦੀ ਸਿਨਮਾ ਨੇ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਪਿਆਰ ਨੂੰ ਤਿਕੋਣੇ ਰੂਪ ਵਿਚ ਹੀ ਪੇਸ਼ ਕੀਤਾ ਹੈ। ਦਰਅਸਲ, ਕਿਸੇ ਵੀ ਪ੍ਰੇਮ ਕਹਾਣੀ ਨੂੰ ਪ੍ਰੇਮ ਤਿਕੋਣੀ ਕਹਾਣੀ ਉਦੋਂ ਕਿਹਾ ਜਾਂਦਾ ਹੈ ਜਦੋਂ ਕਿਸੇ ਰੁਮਾਂਟਿਕ ਰਿਸ਼ਤੇ ਵਿਚ ਤਿੰਨ ਲੋਕ ਸ਼ਾਮਲ ਹੁੰਦੇ ਹਨ। ਤਿਕੋਣੀ ਪ੍ਰੇਮ ਕਹਾਣੀ ਦਰਸ਼ਕਾਂ ਨੂੰ ਹਮੇਸ਼ਾਂ ਹੀ ਪਸੰਦ ਰਹੀ ਹੈ। ਖੈਰ, ਕਈ ਪ੍ਰੇਮ ਕਹਾਣੀਆਂ ਦਾ ਸੁਖਦ ਅੰਤ ਨਹੀਂ ਰਿਹਾ। ਹਾਲਾਂਕਿ ਕੁਝ ਸਾਲਾਂ ਵਿਚ ਬੌਲੀਵੁੱਡ ਵਿਚ ਅਜਿਹੀਆਂ ਤਿਕੋਣੀ ਪ੍ਰੇਮ ਕਹਾਣੀ ਫ਼ਿਲਮਾਂ ਜ਼ਰੂਰ ਬਣੀਆਂ ਹਨ ਜਿਨ੍ਹਾਂ ਨੇ ਦਰਸ਼ਕਾਂ ਨੂੰ ਹੰਝੂ ਵਹਾਉਣ ਦੀ ਬਜਾਏ ਖੁਸ਼ ਵੀ ਕੀਤਾ, ਪਰ ਜੇਕਰ ਤੁਸੀਂ ਅਤੀਤ ਦੀਆਂ ਫ਼ਿਲਮਾਂ ਨੂੰ ਦੇਖਦੇ ਹੋ ਤਾਂ ਕਈ ਤਿਕੋਣੀ ਪ੍ਰੇਮ ਕਹਾਣੀ ਵਾਲੀਆਂ ਫ਼ਿਲਮਾਂ ਹਨ ਜਿਨ੍ਹਾਂ ਨੇ ਪਾਤਰਾਂ ਦੇ ਚਿਤਰਣ ਨਾਲ ਹਮਦਰਦੀ ਹਾਸਲ ਕੀਤੀ ਹੈ।
ਦਰਅਸਲ, ਦਰਸ਼ਕਾਂ ਤੋਂ ਭਾਵਨਾਤਮਕ ਪ੍ਰਕਿਰਿਆ ਪ੍ਰਾਪਤ ਕਰਨਾ ਫ਼ਿਲਮ ਨਿਰਮਾਤਾਵਾਂ ਲਈ ਕੋਈ ਆਸਾਨ ਕੰਮ ਨਹੀਂ ਹੈ। ਜਿੱਥੇ ਸ਼ੁਰੂਆਤੀ ਦੌਰ ਵਿਚ ਪੌਰਾਣਿਕ ਅਤੇ ਇਤਿਹਾਸਕ ਕਹਾਣੀਆਂ ਦਾ ਬੋਲਬਾਲਾ ਸੀ, ਉੱਥੇ ਸਮਾਜਿਕ ਕੁਰੀਤੀਆਂ ’ਤੇ ਚੋਟ ਕਰਨ ਵਾਲੀਆਂ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੀਆਂ ਫ਼ਿਲਮਾਂ ਵੀ ਖ਼ੂਬ ਦਿਖੀਆਂ। ਇਹ ਉਹ ਦੌਰ ਸੀ ਜਦੋਂ ਫ਼ਿਲਮਾਂ ਵਿਚ ਗੀਤਾਂ ਰਾਹੀਂ ਪ੍ਰੇਮ ਦਾ ਇਜ਼ਹਾਰ ਕੀਤਾ ਜਾਂਦਾ ਸੀ। ਗਾਇਕ-ਗਾਇਕਾ ਦੂਰ ਰਹਿ ਕੇ ਅੱਖਾਂ-ਅੱਖਾਂ ਵਿਚ ਪ੍ਰੇਮ ਦਾ ਇਜ਼ਹਾਰ ਕਰਦੇ, ਪਰ ਕਹਿ ਨਹੀਂ ਸਕਦੇ ਸਨ। ਅਜਿਹੇ ਵਿਚ ਅਭਿਨੇਤਾ ਦਿਲੀਪ ਕੁਮਾਰ ਦੀ ਚੜ੍ਹਤ ਨੇ ਪ੍ਰੇਮ ਦਾ ਦੁਖਾਂਤਕ ਰੂਪ ਉਭਾਰਿਆ। ਦੇਵ ਆਨੰਦ ਨੇ ਉਸਨੂੰ ਰੁਮਾਨੀ ਪਛਾਣ ਦਿੱਤੀ ਤਾਂ ਰਾਜ ਕਪੂਰ ਨੇ ਉਸਨੂੰ ਆਮ ਆਦਮੀ ਦੀਆਂ ਭਾਵਨਾਵਾਂ ਨਾਲ ਜੋੜਿਆ। ਮਹਿਬੂਬ ਖ਼ਾਨ ਨੇ ਫ਼ਿਲਮ ‘ਅੰਦਾਜ਼’ ਵਿਚ ਦਿਲੀਪ ਕੁਮਾਰ, ਰਾਜ ਕਪੂਰ ਅਤੇ ਨਰਗਿਸ ਨੂੰ ਲੈ ਕੇ ਤਿਕੋਣੇ ਪ੍ਰੇਮ ਦਾ ਨਵਾਂ ਫਾਰਮੂਲਾ ਅਪਣਾਇਆ ਜੋ ਹਿੱਟ ਰਿਹਾ ਤਾਂ ਉਸ ਤਰ੍ਹਾਂ ਦੀਆਂ ਹੀ ਫ਼ਿਲਮਾਂ ਬਣੀਆਂ। ਦਰਅਸਲ, ਅਜਿਹੀਆਂ ਫ਼ਿਲਮਾਂ ਵਿਚ ਨਾਇਕਾ ਨੂੰ ਦੁਵਿਧਾ ਵਿਚ ਉਲਝਾ ਕੇ ਰੱਖਣਾ ਨਿਰਦੇਸ਼ਕਾਂ ਨੂੰ ਬਹੁਤ ਪਸੰਦ ਆਇਆ। ਉਸੀ ਦੌਰ ਵਿਚ ਦਿਲੀਪ ਕੁਮਾਰ ਦੁਖਾਂਤਕ ਪ੍ਰੇਮ ਦਾ ਅਜਿਹਾ ਪ੍ਰਤੀਕ ਬਣ ਗਿਆ ਕਿ ਉਸ ਦੀ ਅਦਾਕਾਰੀ ਨਾਲ ਸਜੀਆਂ ਫ਼ਿਲਮਾਂ ਨੇ ਇਕ ਗ਼ਮਗੀਨ ਮਾਹੌਲ ਬਣਾਇਆ।

ਫ਼ਿਲਮ ‘ਸਟੂਡੈਂਟ ਆਫ ਦਿ ਈਯਰ-2’ ਵਿਚ ਅਨੰਨਿਆ ਪਾਂਡੇ, ਟਾਈਗਰ ਸ਼ਰੌਫ ਤੇ ਤਾਰਾ ਸੁਤਾਰੀਆ

‘ਮੇਲਾ’, ‘ਅਮਰ’, ‘ਬੇਵਫਾ’, ‘ਸੰਗਦਿਲ’, ‘ਨਦੀਆ ਕੇ ਪਾਰ’, ‘ਜੋਗਨ’ ਆਦਿ ਫ਼ਿਲਮਾਂ ਵਿਚ ਦਿਲੀਪ ਕੁਮਾਰ ਨੇ ਪ੍ਰੇਮ ਦੇ ਵਿਛੋੜੇ ਅਤੇ ਤੜਫ਼ ਨੂੰ ਇੰਨੀ ਸ਼ਿੱਦਤ ਨਾਲ ਉਭਾਰਿਆ ਕਿ ਪ੍ਰੇਮ ਸਚਮੁੱਚ ਅੱਗ ਦਾ ਅਜਿਹਾ ਦਰਿਆ ਲੱਗਣ ਲੱਗਿਆ ਜਿਸ ਵਿਚ ਡੁੱਬਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਇਸ ਵਿਚਕਾਰ ਤਿਕੋਣੇ ਪ੍ਰੇਮ ਦੀ ਗੱਲ ਵੀ ਲਾਜ਼ਮੀ ਹੈ ਜਦੋਂ ਦੋ ਪ੍ਰੇਮੀਆਂ ਵਿਚਕਾਰ ਇਕ ਖ਼ਲਨਾਇਕ ਆਇਆ ਅਤੇ ਪ੍ਰੇਮ ਕਹਾਣੀ ਦਾ ਤਿਕੋਣ ਬਣਿਆ। ਮਹਿਬੂਬ ਖ਼ਾਨ ਨੇ ਇਸ ਤਿਕੋਣੇ ਪ੍ਰੇਮ ਵਿਚ ਖ਼ੂਬ ਰੰਗ ਜਮਾਇਆ ਅਤੇ ‘ਅੰਦਾਜ਼’ ਫ਼ਿਲਮ ਦਾ ਨਿਰਮਾਣ ਕੀਤਾ। ਇਸ ਫਾਰਮੂਲੇ ਵਿਚ ਰਾਜ ਕਪੂਰ ਨੇ ‘ਸੰਗਮ’ ਬਣਾ ਕੇ ਤੇ ਯਸ਼ ਚੋਪੜਾ ਨੇ ਉਸ ਵਿਚ ਭਾਰਤੀ ਪ੍ਰੇਮ ਦੇ ਰੰਗ ਮਿਲਾ ਕੇ ਇਸ ਪ੍ਰੇਮ ਨੂੰ ਹੋਰ ਮਸਾਲੇਦਾਰ ਬਣਾਇਆ।
ਰੁਮਾਂਸ ਦੇ ਬਾਦਸ਼ਾਹ ਸ਼ਾਹਰੁਖ਼ ਖ਼ਾਨ ਨੇ ਆਪਣੀਆਂ ਅਣਗਿਣਤ ਰੁਮਾਂਟਿਕ ਫ਼ਿਲਮਾਂ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤਿਆ ਹੈ। ਰੁਮਾਂਟਿਕ ਭੂਮਿਕਾਵਾਂ ਨੂੰ ਨਿਭਾਉਣ ਲਈ ਸ਼ਾਹਰੁਖ਼ ਬਿਹਤਰੀਨ ਅਭਿਨੇਤਾ ਮੰਨਿਆ ਜਾਂਦਾ ਹੈ। ਇਸ ਲਈ ਸ਼ਾਇਦ ਆਪਣੀਆਂ ਰੁਮਾਂਟਿਕ ਫ਼ਿਲਮਾਂ ਦੀ ਲੜੀ ਵਿਚ ਉਸਨੇ ਤਿਕੋਣੀ ਪ੍ਰੇਮ ਕਹਾਣੀ ਵਾਲੀਆਂ ਫ਼ਿਲਮਾਂ ਤੋਂ ਬਹੁਤ ਕਮਾਈ ਕੀਤੀ ਹੈ। ਜਿਵੇਂ ‘ਕੁਛ ਕੁਛ ਹੋਤਾ ਹੈ’ ਨੂੰ ਉਸ ਦੀਆਂ ਬਿਹਤਰੀਨ ਫ਼ਿਲਮਾਂ ਵਿਚੋਂ ਇਕ ਮੰਨਿਆ ਜਾਂਦਾ ਹੈ ਜੋ ਪਿਆਰ ਅਤੇ ਦੋਸਤੀ ’ਤੇ ਆਧਾਰਿਤ ਸੀ। ਸ਼ਾਹਰੁਖ਼ ਦੀ ‘ਡਰ’ ਫ਼ਿਲਮ ਵਿਚ ਜੂਹੀ ਚਾਵਲਾ, ਸਨੀ ਦਿਓਲ ਦਾ ਤਿਕੋਣਾ ਪ੍ਰੇਮ ਸੀ। ਇਸਦੇ ਇਲਾਵਾ ਤਿਕੋਣੇ ਪ੍ਰੇਮ ’ਤੇ ਆਧਾਰਿਤ ‘ਅੰਜ਼ਾਮ’ ਥ੍ਰਿਲਰ ਫ਼ਿਲਮ ਸੀ ਜਿਸ ਵਿਚ ਮਾਧੁਰੀ ਦੀਕਸ਼ਿਤ ਅਤੇ ਦੀਪਕ ਤਿਜੋਰੀ ਨੇ ਵੀ ਅਦਾਕਾਰੀ ਕੀਤੀ। ‘ਦੇਵਦਾਸ’ ਵਿਚ ਸ਼ਾਹਰੁਖ਼, ਐਸ਼ਵਰਿਆ ਅਤੇ ਮਾਧੁਰੀ ਦੇ ਪ੍ਰੇਮ ਤਿਕੋਣ ਨੂੰ ਭਲਾ ਕੌਣ ਭੁੱਲ ਸਕਦਾ ਹੈ। ‘ਕਲ ਹੋ ਨਾ ਹੋ’ ਵਿਚ ਸ਼ਾਹਰੁਖ਼, ਪ੍ਰੀਤੀ ਅਤੇ ਸੈਫ ਦਾ ਤਿਕੋਣਾ ਪ੍ਰੇਮ ਕਾਫ਼ੀ ਪਸੰਦ ਕੀਤਾ ਗਿਆ।

ਅਸਲੀ ਤਿਕੋਣੀਆਂ ਕਹਾਣੀਆਂ

ਬੌਲੀਵੁੱਡ ਵਿਚ ਤਿਕੋਣੇ ਪ੍ਰੇਮ ’ਤੇ ਆਧਾਰਿਤ ਕਈ ਫ਼ਿਲਮਾਂ ਆਈਆਂ ਹਨ, ਪਰ ਬੌਲੀਵੁੱਡ ਵਿਚ ਅਸਲ ਜ਼ਿੰਦਗੀ ਵਿਚ ਵੀ ਕਈ ਤਿਕੋਣ ਬਣੇ ਹਨ। ਇਸ ਵਿਚ ਸਭ ਤੋਂ ਪਹਿਲਾ ਜ਼ਿਕਰ ਅਮਿਤਾਭ ਬੱਚਨ, ਜਯਾ ਅਤੇ ਰੇਖਾ ਦੀ ਤਿਕੋਣੀ ਪ੍ਰੇਮ ਕਥਾ ਦਾ ਹੈ। 70ਵੇਂ ਦਹਾਕੇ ਵਿਚ ਅਮਿਤਾਭ ਬੱਚਨ ਅਤੇ ਰੇਖਾ ਦੇ ਪਿਆਰ ਦੇ ਕਿੱਸੇ ਨੇ ਖ਼ੂੂੁਬ ਚਰਚਾ ਹਾਸਲ ਕੀਤੀ। ਅੱਜ ਬੇਸ਼ੱਕ ਅਭਿਨੇਤਰੀ ਬਿਪਾਸ਼ਾ ਬਸੁ ਨੇ ਕਰਨ ਸਿੰੰਘ ਗਰੋਵਰ ਨਾਲ ਵਿਆਹ ਕਰਵਾ ਲਿਆ ਹੋਵੇ, ਪਰ ਇਕ ਸਮਾਂ ਅਜਿਹਾ ਵੀ ਸੀ ਜਦੋਂ ਉਹ ਅਭਿਨੇਤਾ ਜੌਹਨ ਅਬਰਾਹਿਮ ਨਾਲ ਰਿਸ਼ਤੇ ਵਿਚ ਸੀ। ਜੌਹਨ ਤੋਂ ਪਹਿਲਾਂ ਬਿਪਾਸ਼ਾ ਦੀ ਜ਼ਿੰਦਗੀ ਵਿਚ ਦੀਨੋ ਮੋਰੀਆ ਸੀ, ਦੋਨਾਂ ਦੀ ਦੋਸਤੀ ਟੁੱਟਣ ਤੋਂ ਬਾਅਦ ਬਿਪਾਸ਼ਾ ਦੀ ਜ਼ਿੰਦਗੀ ਵਿਚ ਜੌਹਨ ਆਇਆ।
ਇਸ ਤਰ੍ਹਾਂ ਹੀ ਅਕਸ਼ੈ ਕੁਮਾਰ ਦੀ ਜ਼ਿੰਦਗੀ ਵਿਚ ਪਹਿਲਾਂ ਆਇਸ਼ਾ ਜੁਲਕਾ ਤੇ ਫਿਰ ਰਵੀਨਾ ਟੰਡਨ ਆਈ। ਰਵੀਨਾ ਨਾਲ ਸਬੰਧ ਟੁੱਟਦੇ ਹੀ ਉਸਦੀ ਥਾਂ ਸ਼ਿਲਪਾ ਸ਼ੈਟੀ ਨੇ ਲੈ ਲਈ, ਜਦੋਂ ਸ਼ਿਲਪਾ ਸ਼ੈਟੀ ਨੂੰ ਪਤਾ ਲੱਗਿਆ ਕਿ ਹੁਣ ਉਸਦਾ ਦਿਲ ਟਵਿੰਕਲ ਖੰਨਾ ’ਤੇ ਆ ਗਿਆ ਹੈ ਤਾਂ ਉਸਨੇ ਅਕਸ਼ੈ ਤੋਂ ਕਿਨਾਰਾ ਕਰਨਾ ਹੀ ਸਹੀ ਸਮਝਿਆ। ਇਸ ਤਰ੍ਹਾਂ ਹੀ ਸਲਮਾਨ ਖ਼ਾਨ ਤੇ ਐਸ਼ਵਰਿਆ ਵਿਚਕਾਰ ਵਿਵੇਕ ਓਬਰਾਏ ਆ ਗਿਆ, ਪਰ ਐਸ਼ਵਰਿਆ ਨੇ ਵਿਆਹ ਅਭਿਸ਼ੇਕ ਬੱਚਨ ਨਾਲ ਕਰਾਇਆ।


Comments Off on ‘ਤਿੰਨ’ ਦਾ ਤੜਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.