ਅਦਨਿਆਂ ਦੀ ਆਵਾਜ਼ ਅਤਰਜੀਤ !    ਘਿੱਕਾਂ ਪਾਸੇ ਵਾਲਾ ਧੰਨਾ ਸਿੰਘ !    ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼ !    ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ !    ਕੈਨੇਡਾ ਵਿਚ ਮਿਨੀ ਪੰਜਾਬ !    ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ !    ਆਪਣੀ ਮੱਝ ਦਾ ਦੁੱਧ !    ਕਾਵਿ ਕਿਆਰੀ !    ਜਦੋਂ ਮੈਨੂੰ ਪੁਰਸਕਾਰ ਮਿਲਿਆ! !    ਨਿਆਂ !    

ਡਾਕਟਰੀ ਕਿੱਤੇ ’ਚੋਂ ਮਨਫੀ ਹੋ ਰਹੀ ਨੈਤਿਕਤਾ

Posted On June - 28 - 2019

ਪਹਿਲੀ ਜੁਲਾਈ: ਕੌਮੀ ਡਾਕਟਰ ਦਿਵਸ

ਸੁਮੀਤ ਸਿੰਘ

ਭਾਰਤ ਵਿਚ ਕੌਮੀ ਡਾਕਟਰ ਦਿਵਸ ਜੁਲਾਈ ਨੂੰ ਮਨਾਇਆ ਜਾਂਦਾ ਹੈ। ਕਈ ਹੋਰ ਮੁਲਕਾਂ ਵਿਚ ਇਹ ਵੱਖ ਵੱਖ ਤਰੀਕਾਂ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਮਨਾਉਣ ਦਾ ਮਕਸਦ ਲੋਕਾਂ ਨੂੰ ਇਹ ਅਹਿਸਾਸ ਕਰਾਉਣਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਡਾਕਟਰਾਂ ਦੀ ਕਿੰਨੀ ਜ਼ਿਆਦਾ ਮਹੱਤਤਾ ਹੁੰਦੀ ਹੈ ਅਤੇ ਇਨ੍ਹਾਂ ਦੁਆਰਾ ਕੀਤੇ ਜਾਂਦੇ ਸਹੀ ਇਲਾਜ ਤੇ ਪ੍ਰੇਰਨਾ ਨਾਲ ਅਸੀਂ ਸਿਹਤਮੰਦ ਜ਼ਿੰਦਗੀ ਜੀਣ ਦੇ ਕਾਬਿਲ਼ ਬਣਦੇ ਹਾਂ। ਡਾਕਟਰ ਦਿਵਸ ਜਿਥੇ ਸਾਨੂੰ ਆਪਣੇ ਦਿਲਾਂ ਵਿਚ ਡਾਕਟਰਾਂ ਪ੍ਰਤੀ ਇੱਜ਼ਤ ਅਤੇ ਸਨਮਾਨ ਦੀ ਭਾਵਨਾ ਪੈਦਾ ਕਰਨ ਦਾ ਅਹਿਸਾਸ ਦਿਵਾਉਂਦਾ ਹੈ, ਉਥੇ ਸਮੁੱਚੇ ਡਾਕਟਰੀ ਭਾਈਚਾਰੇ ਨੂੰ ਉਨ੍ਹਾਂ ਦੀਆਂ ਮਰੀਜ਼ਾਂ ਤੇ ਆਮ ਲੋਕਾਂ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਸਿਹਤਮੰਦ ਸਮਾਜ ਦੇ ਵਿਕਾਸ ਲਈ ਸਮਰਪਿਤ ਹੋਣ ਵਲ ਵੀ ਸੇਧ ਦਿੰਦਾ ਹੈ।
ਦੁਨੀਆ ਭਰ ਦੇ ਸਾਰੇ ਕਿੱਤਿਆਂ ਵਿਚੋਂ ਡਾਕਟਰੀ ਹੀ ਅਜਿਹਾ ਸਨਮਾਨਜਨਕ ਕਿੱਤਾ ਹੈ ਜਿਸ ਦਾ ਸਿੱਧਾ ਸਬੰਧ ਜ਼ਿੰਦਗੀ ਅਤੇ ਮਨੁੱਖਤਾ ਦੀ ਭਲਾਈ ਨਾਲ ਜੁੜਿਆ ਹੋਇਆ ਹੈ। ਡਾਕਟਰ ਦਾ ਮੁੱਖ ਫਰਜ਼ ਨਾ ਸਿਰਫ ਮਰੀਜ਼ ਨੂੰ ਸਿਹਤਯਾਬ ਕਰਨਾ ਹੈ ਬਲਕਿ ਮਨੁੱਖ ਨੂੰ ਉਸ ਦੀ ਸਰੀਰਕ, ਮਾਨਸਿਕ ਤੇ ਸਮਾਜਿਕ ਸਿਹਤ ਬਾਰੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਜਾਗਰੂਕ ਕਰਨਾ ਵੀ ਹੈ। ਸਮਾਜ ਵਿਚ ਫੈਲੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਡਾਕਟਰ ਲਈ ਮੁੱਖ ਚੁਣੌਤੀ ਵਾਂਗ ਹੁੰਦੀ ਹੈ ਅਤੇ ਡਾਕਟਰੀ ਕਿੱਤੇ ਨੂੰ ਸਮਰਪਿਤ ਹਰ ਸੁਹਿਰਦ ਡਾਕਟਰ ਮਰੀਜ਼ ਨੂੰ ਸਿਹਤਯਾਬ ਕਰਨ ਲਈ ਆਪਣੀ ਕਾਬਲੀਅਤ ਅਤੇ ਸਮੱਰਥਾ ਅਨੁਸਾਰ ਪੂਰੀ ਵਾਹ ਲਾਉਂਦਾ ਹੈ।
ਉਂਜ, ਮੌਜੂਦਾ ਪੂੰਜੀਵਾਦੀ ਅਤੇ ਮੁਨਾਫਾਖੋਰੀ ਦੇ ਯੁੱਗ ਦੇ ਮਾਰੂ ਪ੍ਰਭਾਵਾਂ ਕਾਰਨ ਹੋਰ ਕਿੱਤਿਆਂ ਵਾਂਗ ਇਹ ਕਿੱਤਾ ਵੀ ਸਿਰਫ ਪੈਸੇ ਕਮਾਉਣ ਦਾ ਸਾਧਨ ਬਣ ਚੁੱਕਾ ਹੈ। ਜ਼ਿਆਦਾਤਰ ਡਾਕਟਰ, ਖਾਸ ਕਰਕੇ ਪ੍ਰਾਈਵੇਟ ਹਸਪਤਾਲਾਂ ਅਤੇ ਕਲੀਨਿਕਾਂ ਦੇ ਡਾਕਟਰ ਮਨੁੱਖੀ ਸੇਵਾ ਦੇ ਜਾਮੇ ਵਿਚੋਂ ਨਿਕਲ ਕੇ ਇਸ ਨੂੰ ਮੁਨਾਫੇ ਦੇ ਧੰਦੇ ਵਜੋਂ ਹੀ ਅਪਣਾ ਰਹੇ ਹਨ। ਸਿਹਤ ਸੰਭਾਲ ਖੇਤਰ ਵਿਚ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਹੋਣ ਕਾਰਨ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ ਅਤੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਦੇ ਨਾਂ ਹੇਠ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਦੀ ਖੱਜਲ-ਖੁਆਰੀ ਅਤੇ ਲੁੱਟ-ਖਸੁੱਟ ਹੁੰਦੀ ਹੈ।
ਹਸਪਤਾਲ ਸਰਕਾਰੀ ਹੋਵੇ ਜਾਂ ਪ੍ਰਾਈਵੇਟ, ਮਰੀਜ਼ ਦੀ ਜਾਂਚ ਕਰਨ ਮਗਰੋਂ ਬਹੁਤੇ ਡਾਕਟਰ ਕਈ ਤਰ੍ਹਾਂ ਦੇ ਮਹਿੰਗੇ ਟੈਸਟ ਕਰਾਉਣ ਲਈ ਕਹਿੰਦੇ ਹਨ। ਬਿਮਾਰੀ ਲੱਭਣ ਲਈ ਭਾਵੇਂ ਕੁਝ ਬੁਨਿਆਦੀ ਟੈਸਟਾਂ ਦੀ ਲੋੜ ਹੁੰਦੀ ਹੈ ਪਰ ਕਈ ਵਾਰ ਡਾਕਟਰ ਕੁਝ ਗੈਰ ਜ਼ਰੂਰੀ ਟੈਸਟ ਵੀ ਲਿਖ ਦਿੰਦੇ ਹਨ। ਮਰੀਜ਼ ਨੂੰ ਇਹ ਟੈਸਟ ਕਿਸੇ ਵਿਸ਼ੇਸ਼ ਜਾਂਚ ਪ੍ਰਯੋਗਸ਼ਾਲਾ ਤੋਂ ਕਰਵਾਉਣ ਦੀ ਗੁੱਝੀ ਹਦਾਇਤ ਕੀਤੀ ਜਾਂਦੀ ਹੈ ਕਿਉਂਕਿ ਇਨ੍ਹਾਂ ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਅਤੇ ਸਕੈਨਿੰਗ ਸੈਂਟਰਾਂ ਵਾਲੇ ਡਾਕਟਰਾਂ ਨੂੰ ਕਥਿਤ ਤੌਰ ‘ਤੇ ਹਿੱਸਾ ਦਿੰਦੇ ਹਨ; ਜ਼ਿਆਦਾਤਰ ਡਾਕਟਰ ਵਿਸ਼ੇਸ਼ ਦਵਾਈ ਕੰਪਨੀਆਂ ਦੀਆਂ ਮਹਿੰਗੀਆਂ ਦਵਾਈਆਂ ਲਿਖਦੇ ਹਨ। ਇਹ ਤੱਥ ਅਕਸਰ ਮੀਡੀਆ ਅੰਦਰ ਚਰਚਾ ਦਾ ਵਿਸ਼ਾ ਬਣਦੇ ਰਹਿੰਦੇ ਹਨ ਪਰ ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ।
ਹਰ ਡਾਕਟਰ ਦਾ ਨੈਤਿਕ ਫਰਜ਼ ਹੈ ਕਿ ਉਹ ਮਰੀਜ਼ ਅਤੇ ਉਸ ਦੇ ਵਾਰਸਾਂ ਵਿਚ ਬਿਮਾਰੀ ਵਿਰੁਧ ਲੜਨ ਦੀ ਮਜ਼ਬੂਤ ਵਿਗਿਆਨਕ ਮਾਨਸਿਕਤਾ ਪੈਦਾ ਕਰੇ ਪਰ ਬਹੁਤ ਸਾਰੇ ਡਾਕਟਰ ਮਰੀਜ਼ਾਂ ਦੇ ਵਾਰਸਾਂ ਨੂੰ ਇਹ ਕਹਿ ਕੇ ਗੁੰਮਰਾਹ ਕਰਦੇ ਹਨ: ਮੈਂ ਤਾਂ ਦਵਾਈ ਦੇ ਦਿੱਤੀ ਹੈ, ਬਾਕੀ ਸਭ ‘ਉਪਰ ਵਾਲੇ’ ਦੇ ਹੱਥ ਹੈ। ਕਈ ਪ੍ਰਾਈਵੇਟ ਹਸਪਤਾਲਾਂ ਨੇ ਤਾਂ ਪਾਠ ਪੂਜਾ ਕਰਨ ਲਈ ਮਰੀਜ਼ਾਂ ਦੇ ਵਾਰਸਾਂ ਲਈ ਵਿਸ਼ੇਸ਼ ਪੂਜਾ ਸਥਾਨ ਵੀ ਬਣਾਏ ਹੋਏ ਹਨ ਤਾਂ ਕਿ ਮਰੀਜ਼ ਦੇ ਇਲਾਜ ਵਿਚਲੀ ਅਣਗਹਿਲੀ ਜਾਂ ਸਹੀ ਇਲਾਜ ਨਾ ਕਰ ਸਕਣ ਦਾ ਜ਼ਿੰਮਾ ਡਾਕਟਰਾਂ ਤੇ ਨਾ ਆਵੇ।
ਦੇਖਣ ਵਿਚ ਆਇਆ ਹੈ ਕਿ ਕਈ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਨੂੰ ਆਪਣੇ ਵੱਲ ਖਿੱਚਣ ਦੇ ਮੰਤਵ ਨਾਲ ਸਮੇਂ ਸਮੇਂ ਉਤੇ ਮੁਫਤ ਮੈਡੀਕਲ ਕੈਂਪ ਵੀ ਲਾਉਂਦੇ ਹਨ ਜਿਨ੍ਹਾਂ ਵਿਚ ਜ਼ਿਆਦਾਤਰ ਮਰੀਜ਼ਾਂ ਦੀ ਹਲਕੀ ਫੁਲਕੀ ਡਾਕਟਰੀ ਜਾਂਚ ਕਰਕੇ ਉਨ੍ਹਾਂ ਨੂੰ ਆਪਣੇ ਹਸਪਤਾਲ ਵਿਚੋਂ ਇਲਾਜ ਕਰਾਉਣ ਲਈ ਪ੍ਰੇਰਿਆ ਜਾਂਦਾ ਹੈ।
ਪੰਜਾਬ ਸਰਕਾਰ ਵੱਲੋਂ ਭਾਵੇਂ ਸਮੂਹ ਸਰਕਾਰੀ ਹਸਪਤਾਲਾਂ ਦੇ ਪ੍ਰਿੰਸੀਪਲਾਂ ਅਤੇ ਡਾਕਟਰਾਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਦਵਾਈ ਕੰਪਨੀਆਂ ਦੇ ਪ੍ਰਤੀਨਿਧਾਂ ਨੂੰ ਓਪੀਡੀ ਦੇ ਸਮੇਂ ਬਿਲਕੁਲ ਨਾ ਮਿਲਿਆ ਜਾਵੇ ਪਰ ਇਨ੍ਹਾਂ ਹਦਾਇਤਾਂ ਨੂੰ ਅਕਸਰ ਅਣਗੋਲਿਆ ਕੀਤਾ ਜਾਂਦਾ ਹੈ, ਜਿਸ ਨਾਲ ਮਰੀਜ਼ਾਂ ਦਾ ਸਮਾਂ ਖਰਾਬ ਹੁੰਦਾ ਹੈ। ਇਥੇ ਇਹ ਤੱਥ ਵੀ ਲੁਕਿਆ ਨਹੀਂ ਕਿ ਸਰਕਾਰੀ ਡਾਕਟਰਾਂ ਨੂੰ ਨਾਨ ਪ੍ਰੈਕਟਿਸ ਅਲਾਊਂਸ ਮਿਲਦਾ ਹੋਣ ਦੇ ਬਾਵਜੂਦ ਕਈ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਵੀ ਕਰਦੇ ਹਨ। ਸਵਾਲ ਇਹ ਹੈ ਕਿ ਇੰਨੀਆ ਤਨਖਾਹਾਂ ਅਤੇ ਹੋਰ ਸਹੂਲਤਾਂ ਮਿਲਣ ਦੇ ਬਾਵਜੂਦ ਸਰਕਾਰੀ ਡਾਕਟਰ ਮਰੀਜ਼ਾਂ ਦੇ ਸਹੀ ਇਲਾਜ ਵੱਲ ਧਿਆਨ ਕਿਉਂ ਨਹੀਂ ਦਿੰਦੇ?
ਪ੍ਰਾਈਵੇਟ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਬੇਸ਼ੱਕ ਸਰਕਾਰੀ ਹਸਪਤਾਲਾਂ ਨਾਲੋਂ ਬਿਹਤਰ ਸਹੂਲਤਾਂ ਮਿਲਦੀਆਂ ਹਨ ਪਰ ਇਹ ਉਨ੍ਹਾਂ ਅਮੀਰ ਲੋਕਾਂ ਨੂੰ ਹੀ ਹਾਸਲ ਹੁੰਦੀਆਂ ਹਨ ਜਿਹੜੇ ਅਤਿ ਮਹਿੰਗਾ ਇਲਾਜ ਕਰਵਾਉਣ ਦੇ ਸਮਰਥ ਹੁੰਦੇ ਹਨ। ਅਜਿਹੇ ਹਸਪਤਾਲਾਂ ਅਤੇ ਕਲੀਨਿਕਾਂ ਦੇ ਡਾਕਟਰਾਂ ਨੇ ਓਪੀਡੀ ਫੀਸ ਹੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਆਮ ਲੋਕਾਂ ਵਿਚ ਦੇਣ ਦੀ ਸਮਰੱਥਾ ਹੀ ਨਹੀਂ ਹੁੰਦੀ। ਜ਼ਿਆਦਾਤਰ ਪ੍ਰਾਈਵੇਟ ਹਸਪਤਾਲਾਂ ਅਤੇ ਕਲੀਨਿਕਾਂ ਦੇ ਡਾਕਟਰਾਂ ਲਈ ਮਰੀਜ਼ ਹੁਣ ਗਾਹਕ ਹੈ।
ਸਿਖਿਆ ਦੇ ਵਪਾਰੀਕਰਨ ਦੇ ਨਤੀਜੇ ਵਜੋਂ ਡਾਕਟਰੀ ਦੀ ਡਿਗਰੀ ਜਿੰਨੀ ਮਹਿੰਗੀ ਹੋ ਗਈ ਹੈ, ਉਸ ਹਿਸਾਬ ਨਾਲ ਆਉਣ ਵਾਲੇ ਸਮੇਂ ਵਿਚ ਸਰਕਾਰਾਂ ਅਤੇ ਡਾਕਟਰਾਂ ਤੋਂ ਆਮ ਲੋਕਾਂ ਲਈ ਸਸਤੇ ਅਤੇ ਵਧੀਆ ਇਲਾਜ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ। ਇਹੀ ਵਜ੍ਹਾ ਹੈ ਕਿ ਜ਼ਿਆਦਾਤਰ ਡਾਕਟਰ ਪੈਸੇ ਕਮਾਉਣ ਦੀ ਲਾਲਸਾ ਨੂੰ ਮੁੱਖ ਰੱਖ ਕੇ ਪਿੰਡਾਂ, ਕਸਬਿਆਂ ਅਤੇ ਪਿਛੜੇ ਇਲਾਕਿਆਂ ਵਿਚ ਡਿਊਟੀ ਕਰਨ ਤੋਂ ਗੁਰੇਜ਼ ਕਰਦੇ ਹਨ। ਉਂਜ, ਇਸ ਗੱਲ ਦੀ ਸੰਤੁਸ਼ਟੀ ਵੀ ਹੈ ਕਿ ਜਨਤਕ ਸਿਹਤ ਢਾਂਚੇ ਵਿਚ ਆਏ ਨਿਘਾਰ ਦੇ ਬਾਵਜੂਦ ਸਰਕਾਰੀ ਹਸਪਤਾਲਾਂ ਦੇ ਕਈ ਡਾਕਟਰ ਪੂਰੀ ਨੇਕ-ਨੀਅਤੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਇਕ ਪਹਿਲੂ ਇਹ ਵੀ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਆਧੁਨਿਕ ਇਲਾਜ ਪ੍ਰਣਾਲੀ, ਡਾਕਟਰਾਂ ਦੀ ਘਾਟ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਕਰਾਉਣ ਦੀ ਸਮਰੱਥਾ ਨਾ ਹੋਣ ਕਾਰਨ ਬਹੁਗਿਣਤੀ ਗਰੀਬ ਅਤੇ ਪਿਛੜੇ ਵਰਗ ਦੇ ਲੋਕ ਕਚਘਰੜ ਡਾਕਟਰਾਂ, ਨੀਮ ਹਕੀਮਾਂ, ਪਾਖੰਡੀ ਬਾਬਿਆਂ ਅਤੇ ਜੋਤਸ਼ੀਆਂ ਕੋਲ ਫਸ ਜਾਂਦੇ ਹਨ ਜਿਹੜੇ ਇਲਾਜ ਦੀ ਬਜਾਏ ਲੋਕਾਂ ਦਾ ਸਿਰਫ ਆਰਥਿਕ, ਸਰੀਰਕ ਤੇ ਮਾਨਸਿਕ ਸੋਸ਼ਣ ਕਰਦੇ ਹਨ।
ਅਜਿਹੇ ਹਾਲਾਤ ਵਿਚ ਸਮੁੱਚੇ ਡਾਕਟਰਾਂ ਦਾ ਫਰਜ਼ ਬਣਦਾ ਹੈ ਕਿ ਉਹ ਹਰ ਤਰ੍ਹਾਂ ਦੇ ਸਵਾਰਥ ਅਤੇ ਲਾਲਚ ਤੋਂ ਉਪਰ ਉਠ ਕੇ ਮਰੀਜ਼ਾਂ ਅਤੇ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਹੋਣ। ਇਸ ਤਰ੍ਹਾਂ ਕਰਨ ਨਾਲ ਹੀ ਲੋਕ ਮਨਾਂ ਵਿਚ ਡਾਕਟਰਾਂ ਦਾ ਭਰੋਸਾ ਬਹਾਲ ਹੋ ਸਕਦਾ ਹੈ। ਇਸ ਦੇ ਨਾਲ ਹੀ ਜੇ ਮੌਜੂਦਾ ਕੇਂਦਰ ਅਤੇ ਰਾਜ ਸਰਕਾਰਾਂ ਆਮ ਲੋਕਾਂ ਦੀ ਵਧੀਆ ਸਿਹਤ ਸੰਭਾਲ ਲਈ ਵਾਕਈ ਸੁਹਿਰਦ ਹਨ ਤਾਂ ਉਨ੍ਹਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਸਸਤੀਆਂ ਆਧੁਨਿਕ ਇਲਾਜ ਸਹੂਲਤਾਂ ਮੁਹਈਆ ਕਰਾਉਣ ਦੇ ਨਾਲ ਨਾਲ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਖਿਲਾਫ ਕਾਨੂੰਨੀ ਸ਼ਿਕੰਜਾ ਕੱਸਣਾ ਚਾਹੀਦਾ ਹੈ।

ਸੰਪਰਕ: 97792-30173


Comments Off on ਡਾਕਟਰੀ ਕਿੱਤੇ ’ਚੋਂ ਮਨਫੀ ਹੋ ਰਹੀ ਨੈਤਿਕਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.