ਨਾਭਾ ਜੇਲ੍ਹ ’ਚ ਬੇਅਦਬੀ ਖ਼ਿਲਾਫ਼ ਬੰਦੀ ਸਿੰਘਾਂ ਵੱਲੋਂ ਭੁੱਖ ਹੜਤਾਲ !    ਜਾਨ੍ਹਵੀ ਕਪੂਰ ਨੇ ਆਪਣੀ ਮਾਂ ਨੂੰ ਯਾਦ ਕੀਤਾ !    ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    

ਡਾਕਟਰਾਂ ਦਾ ਸਨਮਾਨ ਤੇ ਮਰੀਜ਼ਾਂ ਦੀ ਜਾਨ ਅਹਿਮ

Posted On June - 24 - 2019

ਲਕਸ਼ਮੀਕਾਂਤਾ ਚਾਵਲਾ

ਲਕਸ਼ਮੀਕਾਂਤਾ ਚਾਵਲਾ

ਇਹ ਸ਼ਾਇਦ ਕਾਗਜ਼ਾਂ ਤਕ ਹੀ ਮਹਿਦੂਦ ਹੈ ਕਿ ਕਾਨੂੰਨ ਸਾਹਮਣੇ ਦੇਸ਼ ਦੇ ਸਾਰੇ ਨਾਗਰਿਕ ਬਰਾਬਰ ਹਨ। ਸਿਆਸਤਦਾਨਾਂ ਦੇ ਭਾਸ਼ਣਾਂ ਅਤੇ ਸੰਵਿਧਾਨ ਦੀਆਂ ਧਾਰਾਵਾਂ ਵਿਚ ਸਾਰੇ ਨਾਗਰਿਕਾਂ ਨੂੰ ਬਰਾਬਰ ਅਧਿਕਾਰ ਹੋਣ ਦੀ ਗੱਲ ਆਖੀ ਜਾਂਦੀ ਹੈ- ਜੀਵਨ ਦਾ ਵੀ। ਨਾਗਰਿਕਾਂ ਦੇ ਜੀਵਨ ਅਤੇ ਉਨ੍ਹਾਂ ਦੇ ਸਨਮਾਨ ਦੀ ਰੱਖਿਆ ਕਰਨਾ ਸਰਕਾਰਾਂ ਦਾ ਪਹਿਲਾ ਫ਼ਰਜ਼ ਹੈ। ਸੰਵਿਧਾਨ ਦੀ ਸਹੁੰ ਚੁੱਕ ਕੇ ਹੀ ਸਿਆਸਤਦਾਨ ਆਪਣੇ ਅਹੁਦੇ ਕਬੂਲਦੇ ਹਨ। ਬਿਹਾਰ ਵਿਚ ਦਿਮਾਗੀ ਬੁਖ਼ਾਰ ਕਾਰਨ ਇਕ ਤੋਂ ਬਾਅਦ ਇਕ 150 ਦੇ ਕਰੀਬ ਬੱਚੇ ਹੁਣ ਤਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਦੂਜੇ ਜ਼ਿਲ੍ਹਿਆਂ ਵਿਚ ਵੀ ਇਹ ਰੋਗ ਫੈਲ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹਰ ਰੋਜ਼ ਮੌਤ ਦੇ ਮੂੰਹ ’ਚ ਜਾਣ ਵਾਲੇ ਬੱਚਿਆਂ ਦੀ ਗਿਣਤੀ ਤਾਂ ਸਾਰਿਆਂ ਨੂੰ ਦੱਸੀ ਗਈ, ਪਰ ਇਕ ਦਿਨ ਵੀ ਅਜਿਹਾ ਸੁਣਨ ਨੂੰ ਨਹੀਂ ਮਿਲਿਆ ਕਿ ਕਿਸੇ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਇਹ ਬੱਚੇ ਦਿੱਲੀ, ਪਟਨਾ, ਮੁੰਬਈ ਜਾਂ ਹੋਰ ਸ਼ਹਿਰਾਂ ਵਿਚ ਦੇਸ਼ ਦੇ ਵੱਡੇ ਹਸਪਤਾਲਾਂ ਵਿਚ ਇਲਾਜ ਲਈ ਭੇਜੇ ਗਏ ਅਤੇ ਜਿਸ ਦਿਮਾਗੀ ਬੁਖ਼ਾਰ ਦਾ ਇਲਾਜ ਹੁਣੇ ਤਕ ਬਿਹਾਰ ਦੇ ਡਾਕਟਰ ਨਹੀਂ ਲੱਭ ਸਕੇ, ਉਸ ਸਬੰਧੀ ਖੋਜ ਲਈ ਦੇਸ਼ ਤੋਂ ਮਾਹਰ ਡਾਕਟਰ ਮੁਜ਼ੱਫਰਪੁਰ ਪੁੱਜੇ। ਡਾਕਟਰਾਂ ਦਾ ਜਾਣਾ ਜਾਂ ਭੇਜਣਾ ਤਾਂ ਦੂਰ ਦੀ ਗੱਲ ਹੈ, ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਸਵਾ ਸੌ ਬੱਚਿਆਂ ਦੀ ਮੌਤ ਤੋਂ ਬਾਅਦ ਹੀ ਮੁਜ਼ੱਫਰਪੁਰ ਪੁੱਜੇ ਅਤੇ ਉੱਥੇ ਉਨ੍ਹਾਂ ਨਾਲ ਦੁਖੀ ਮਾਪਿਆਂ ਨੇ ਜੋ ਕਰਨਾ ਸੀ ਉਹ ਕੀਤਾ। ਉਂਜ, ਬਿਹਾਰ ਦੀ ਰਾਜਧਾਨੀ ਪਟਨਾ ਤੋਂ ਇਹ ਸ਼ਹਿਰ ਮਹਿਜ਼ 72 ਕਿਲੋਮੀਟਰ ਦੂਰ ਹੈ। ਉੱਥੇ ਦੇ ਮੈਡੀਕਲ ਕਾਲਜਾਂ ਤੋਂ ਵੀ ਇਨ੍ਹਾਂ ਬੱਚਿਆਂ ਲਈ ਕੋਈ ਮਦਦ ਲਈ ਨਹੀਂ ਜਾ ਸਕੀ। ਬਿਹਾਰ ਸਰਕਾਰ ਨੂੰ ਇਸ ਦਾ ਜੁਆਬ ਵੀ ਦੇਣਾ ਹੀ ਪਵੇਗਾ। ਜਿਸ ਮੁਲਕ ਵਿਚ ਸੱਤਾ ਉੱਤੇ ਕਾਬਜ਼ ਸਿਆਸਤਦਾਨ ਸਾਧਾਰਨ ਜਿਹੀਆਂ ਬਿਮਾਰੀਆਂ ਦੇ ਇਲਾਜ ਲਈ ਵੀ ਸਿੱਧੇ ਅਮਰੀਕਾ ਦੀ ਉਡਾਣ ਭਰਦੇ ਹਨ ਅਤੇ ਸਰਕਾਰੀ ਖਰਚ ਉੱਤੇ ਮਾਹਿਰਾਂ ਤੋਂ ਇਲਾਜ ਕਰਵਾਉਂਦੇ ਹਨ, ਉਸੇ ਦੇਸ਼ ਦੇ ਬੱਚੇ ਇਕ ਇਕ ਕਰਕੇ ਜੀਵਨ ਲਈ ਤੜਪਦੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਏਨੇ ਬੱਚਿਆਂ ਦੀ ਮੌਤ ਮਗਰੋਂ ਕੇਂਦਰੀ ਸਿਹਤ ਮੰਤਰਾਲਾ ਹਰਕਤ ਵਿਚ ਆਇਆ, ਪਰ ਇਹ ਈਦ ਪਿੱਛੋਂ ਤੰਬਾ ਫੂਕਣ ਵਾਲੀ ਕਾਰਵਾਈ ਹੀ ਸੀ। ਇਸ ਦੇ ਨਾਲ ਹੀ ਬਿਹਾਰ ਸਰਕਾਰ ਪੀੜਤ ਪਰਿਵਾਰਾਂ ਨੂੰ ਧਰਵਾਸ ਦੇਣ ਲਈ ਚਾਰ ਚਾਰ ਲੱਖ ਰੁਪਏ ਦੀ ਰਕਮ ਦੇ ਰਹੀ ਹੈ ਜਿਨ੍ਹਾਂ ਦੇ ਬੱਚੇ ਦੁਨੀਆਂ ਵਿਚ ਨਹੀਂ ਰਹੇ। ਕਿੰਨਾ ਚੰਗਾ ਹੁੰਦਾ ਜੇਕਰ ਬਿਹਾਰ ਸਰਕਾਰ ਨੇ ਬੱਚਿਆਂ ਨੂੰ ਬਿਹਤਰ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਖ਼ਜ਼ਾਨੇ ਦਾ ਮੂੰਹ ਪਹਿਲਾਂ ਖੋਲ੍ਹਿਆ ਹੁੰਦਾ। ਜੇਕਰ ਬੱਚਿਆਂ ਨੂੰ ਵਿਸ਼ੇਸ਼ ਹਵਾਈ ਜਹਾਜ਼ਾਂ ਰਾਹੀਂ ਦੇਸ਼ ਵਿਦੇਸ਼ ਵਿਚ ਇਲਾਜ ਲਈ ਪਹੁੰਚਾਇਆ ਜਾਂਦਾ ਤਾਂ ਨਿਸ਼ਚੇ ਹੀ ਬਹੁਤ ਸਾਰੇ ਬੱਚਿਆਂ ਦੀ ਜ਼ਿੰਦਗੀ ਬਚ ਜਾਂਦੀ, ਪਰ ਸਰਕਾਰਾਂ ਸ਼ਾਇਦ ਇਹ ਸੋਚਦੀਆਂ ਹਨ ਕਿ ਮੁੱਲ ਹੀ ਕੰਮ ਬਣਾਵੇਗਾ; ਗ਼ਰੀਬ ਆਦਮੀ ਚਾਰ ਲੱਖ ਰੁਪਏ ਦੇ ਨਾਂ ਨਾਲ ਹੀ ਸਭ ਕੁਝ ਭੁੱਲ ਕੇ ਸਰਕਾਰਾਂ ਦਾ ਗੁਣਗਾਨ ਕਰੇਗਾ।
ਪੱਛਮੀ ਬੰਗਾਲ ਵਿਚ ਡਾਕਟਰਾਂ ਦੀ ਹੜਤਾਲ ਵੀ ਬਹੁਤ ਸਾਰੇ ਮਰੀਜ਼ਾਂ ਨੂੰ ਨਾ ਮਿਟਣ ਵਾਲਾ ਦਰਦ ਦੇ ਗਈ। ਇਹ ਵੀ ਵਾਪਰਿਆ ਕਿ ਇਕ ਸਾਲ ਦਾ ਬੱਚਾ ਸਭ ਦੇ ਸਾਹਮਣੇ ਮੌਤ ਦੇ ਮੂੰਹ ’ਚ ਚਲਾ ਗਿਆ। ਪਰਿਵਾਰ ਮਦਦ ਲਈ ਪੁਕਾਰਦਾ ਰਿਹਾ, ਪਰ ਡਾਕਟਰ ਤਾਂ ਹੜਤਾਲ ’ਤੇ ਸਨ। ਮੇਰਾ ਇਹ ਮੰਨਣਾ ਹੈ ਕਿ ਡਿਊਟੀ ਕਰ ਰਹੇ ਡਾਕਟਰਾਂ ਨੂੰ ਸਨਮਾਨ ਅਤੇ ਸੁਰੱਖਿਆ ਮਿਲਣੀ ਹੀ ਚਾਹੀਦੀ ਹੈ। ਕਿਸੇ ਰੋਗੀ ਦੇ ਪਰਿਵਾਰ ਵੱਲੋਂ ਡਾਕਟਰਾਂ ਉੱਤੇ ਲਾਏ ਲਾਪਰਵਾਹੀ ਦੇ ਇਲਜ਼ਾਮ ਦੀ ਜਾਂਚ ਕਰਵਾਈ ਜਾ ਸਕਦੀ ਹੈ, ਪਰ ਉਸ ਦੀ ਮਾਰ-ਕੁੱਟ ਅਨੈਤਿਕ ਅਤੇ ਗ਼ੈਰਕਾਨੂੰਨੀ ਹੈ। ਕੁਝ ਲੋਕ ਖ਼ਾਸਕਰ ਅਜੋਕੇ ਯੁੱਗ ਦੇ ਸਿਆਸੀ ਕਾਰਕੁਨ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨਾਲ ਬਹੁਤ ਵਾਰ ਅਪਮਾਨਜਨਕ ਵਿਵਹਾਰ ਕਰਦੇ ਹਨ। ਖ਼ਾਸਕਰ ਜਦੋਂ ਉਹ ਕਿਸੇ ਵਿਰੁੱਧ ਗੰਭੀਰ ਅਪਰਾਧਾਂ ਦੇ ਦੋਸ਼ ਵਿਚ ਰਿਪੋਰਟ ਲਿਖਵਾਉਣਾ ਚਾਹੁਣ ਤੇ ਡਾਕਟਰ ਗ਼ਲਤ ਕੰਮ ਕਰਨ ਨੂੰ ਤਿਆਰ ਨਾ ਹੋਵੇ ਤਾਂ ਉਸ ਉੱਤੇ ਵਰ੍ਹਦੇ ਹੀ ਨਹੀਂ ਸਗੋਂ ਕੁਟਾਪਾ ਵੀ ਚਾੜ੍ਹ ਦਿੰਦੇ ਹਨ। ਕਾਨੂੰਨ, ਸਰਕਾਰ ਅਤੇ ਸਮਾਜ ਨੂੰ ਡਾਕਟਰਾਂ ਦੀ ਸੁਰੱਖਿਆ ਅਤੇ ਸਨਮਾਨ ਯਕੀਨੀ ਬਣਾਉਣਾ ਚਾਹੀਦਾ ਹੈ। ਕੋਈ ਵਿਅਕਤੀ ਬਹੁਤ ਮਿਹਨਤ ਕਰਕੇ ਡਾਕਟਰ ਬਣਦਾ ਹੈ। ਸਾਡੇ ਸਮਾਜ ਵਿਚ ਤਾਂ ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ। ਇਹ ਠੀਕ ਹੈ ਕਿ ਕੁਝ ਡਾਕਟਰ ਅਜਿਹੇ ਵੀ ਹਨ ਜੋ ਆਪਣੇ ਇਸ ਪਵਿੱਤਰ ਪੇਸ਼ੇ ਲਈ ਬਦਨਾਮੀ ਦਾ ਕਾਰਨ ਬਣਦੇ ਹਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਕਿਸੇ ਨੂੰ ਵੀ ਡਾਕਟਰਾਂ ਦੀ ਕੁੱਟ-ਮਾਰ ਕਰਨ ਦਾ ਅਧਿਕਾਰ ਮਿਲ ਜਾਵੇ। ਦੇਸ਼ ਵਿਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ, ਪਰ ਪੂਰੇ ਦੇਸ਼ ਦੇ ਡਾਕਟਰ ਪਹਿਲਾਂ ਸ਼ਾਇਦ ਹੀ ਕਦੇ ਕੰਮ ਛੱਡ ਕੇ ਸੜਕਾਂ ਉੱਤੇ ਆਏ ਹੋਣਗੇ। ਸਰਕਾਰਾਂ ਦੀ ਜ਼ਿੱਦ ਦੀ ਸਜ਼ਾ ਮੁਲਕ ਦੇ ਹਜ਼ਾਰਾਂ ਰੋਗੀਆਂ ਨੂੰ ਕਿਉਂ ਸਹਿਣੀ ਪਵੇ? ਆਈਐੱਮਏ ਨੇ ਇਸ ਮਾਮਲੇ ਵਿਚ ਦਖ਼ਲ ਦੇ ਕੇ ਪੂਰੇ ਦੇਸ਼ ਦੇ ਡਾਕਟਰਾਂ ਦੀ ਹੜਤਾਲ ਕਰਵਾ ਦਿੱਤੀ। ਬਿਹਤਰ ਸੀ ਕਿ ਆਈਐੱਮਏ ਉਸ ਸਮੇਂ ਵੀ ਹਰਕਤ ਵਿਚ ਆਏ ਜਦੋਂ ਰੋਗੀ ਇਹ ਚੀਕ ਪੁਕਾਰ ਕਰਦੇ ਹਨ ਕਿ ਕੁਝ ਨਰਸਿੰਗ ਹੋਮ ਐੱਮਆਰਪੀ ਦੇ ਨਾਮ ਉੱਤੇ ਮਹਿੰਗੀਆਂ ਦਵਾਈਆਂ ਦਿੰਦੇ ਹਨ। ਕੁਝ ਡਾਕਟਰ ਡਾਇਗਨੋਸਟਿਕ ਸੈਂਟਰਾਂ ਨਾਲ ਗੰਢ-ਤੁੱਪ ਕਰਕੇ ਮੋਟੀਆਂ ਕਮਾਈ ਕਰਦੇ ਹਨ ਅਤੇ ਬਹੁਤੇ ਪ੍ਰਾਈਵੇਟ ਮੈਡੀਕਲ ਕਾਲਜ ਲਾਇਕ ਵਿਦਿਆਰਥੀਆਂ ਤੋਂ ਵੀ ਲੱਖਾਂ ਕਰੋੜਾਂ ਰੁਪਏ ਦਾਨ ਜਾਂ ਕੈਪੀਟੇਸ਼ਨ ਫੀਸ ਦੇ ਨਾਮ ਉੱਤੇ ਰਿਸ਼ਵਤ ਲੈਂਦੇ ਹਨ। ਸਰਕਾਰਾਂ ਦੀਆਂ ਅੱਖਾਂ ਸਾਹਮਣੇ ਡਾਕਟਰ ਬਣਨ ਦੇ ਚਾਹਵਾਨ ਵਿਦਿਆਰਥੀਆਂ ਤੋਂ ਮੋਟੀਆਂ ਰਕਮ ਵਸੂਲੀਆਂ ਜਾਂਦੀਆਂ ਹਨ ਜੋ ਤਾਰਨ ਮਗਰੋਂ ਡਾਕਟਰਾਂ ਤੋਂ ਇਮਾਨਦਾਰੀ ਨਾਲ ਆਪਣਾ ਕੰਮ ਕਰਨ ਦੀ ਆਸ ਰੱਖਣਾ ਫਜ਼ੂਲ ਹੈ। ਆਈਐੱਮਏ ਅਤੇ ਦੇਸ਼ ਦੇ ਸ਼ਾਸਕਾਂ ਨੂੰ ਇਸ ਬੁਰਾਈ ਨੂੰ ਰੋਕਣ ਲਈ ਵੀ ਉਵੇਂ ਹੀ ਗੰਭੀਰਤਾ ਦਿਖਾਉਣੀ ਪਵੇਗੀ ਜਿਵੇਂ ਬੰਗਾਲ ਵਿਚ ਡਾਕਟਰਾਂ ਦੀ ਕੁੱਟ-ਮਾਰ ਸਮੇਂ ਵਿਖਾਈ ਗਈ। ਇਸ ਦੇ ਨਾਲ ਹੀ ਸਰਕਾਰਾਂ ਤੋਂ ਖ਼ਫ਼ਾ ਹੋਣ ਦੇ ਬਾਵਜੂਦ ਡਾਕਟਰ ਆਪਣੇ ਮਰੀਜ਼ਾਂ ਦੇ ਜੀਵਨ ਦੀ ਰੱਖਿਆ ਕਰਨ ਦਾ ਮਨੁੱਖੀ ਅਤੇ ਨੈਤਿਕ ਕਰਤੱਵ ਕਦੇ ਨਾ ਭੁੱਲਣ।


Comments Off on ਡਾਕਟਰਾਂ ਦਾ ਸਨਮਾਨ ਤੇ ਮਰੀਜ਼ਾਂ ਦੀ ਜਾਨ ਅਹਿਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.