ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਡਰਾਈਵਰ ਦਾ ਕਮਿਊਨਿਜ਼ਮ

Posted On June - 25 - 2019

ਬਲਦੇਵ ਸਿੰਘ (ਸੜਕਨਾਮਾ)

ਕਲਕੱਤੇ ਤੋਂ ਪੰਜਾਬ ਆਇਆਂ 34 ਵਰ੍ਹੇ ਹੋ ਗਏ ਹਨ। ਉਸ ਮਹਾਂਨਗਰ ਵਿਚ ਡਰਾਈਵਰੀ ਕਰਦਿਆਂ ਬੜੇ ਅਜੀਬੋ-ਗ਼ਰੀਬ ਅਨੁਭਵ ਹੁੰਦੇ ਸਨ। ਕਦੇ ਅਸੀਂ ਢੋਲੇ ਦੀਆਂ ਲਾਉਂਦੇ, ਚੜ੍ਹਦੀ ਕਲਾ ਵਿਚ ਹੁੰਦੇ ਸਾਂ। ਕਦੇ ਅਣ-ਕਿਆਸੇ ਸੰਕਟਾਂ ਵਿਚ ਫਸ ਜਾਂਦੇ ਸਾਂ। ਕਦੇ-ਕਦੇ ਟੈਕਸੀ ਚਲਾਉਂਦਿਆਂ ਅਜਿਹੇ ਸਿਆਣੇ ਬੰਦੇ ਮਿਲ ਜਾਂਦੇ ਸਨ, ਉਨ੍ਹਾਂ ਦੀਆਂ ਗੱਲਾਂ ਤਾਂ ਭਾਵੇਂ ਸਾਡੇ ਸਿਰਾਂ ਉੱਪਰੋਂ ਦੀ ਲੰਘ ਜਾਂਦੀਆਂ ਸਨ, ਪਰ ਹੁੰਦੀਆਂ ਬੜੀਆਂ ਉੱਚ ਪਾਏ ਦੀਆਂ ਸਨ। ਦੇਸ਼ ਦੀ ਚਿੰਤਾ, ਸਮਾਜ ਦੀ ਚਿੰਤਾ, ਲੋਕਾਂ ਦੀ ਚਿੰਤਾ… ਬੜਾ ਕੁਝ।
ਇਕ ਦਿਨ ਦੁਪਹਿਰ ਵੇਲੇ ਟਾਲੀਗੰਜ ਵੱਲੋਂ ਸਵਾਰੀ ਛੱਡ ਕੇ ਆ ਰਿਹਾ ਸਾਂ, ਤਿੰਨ ਬੰਗਾਲੀ ਬਾਬੂਆਂ ਨੇ ਟੈਕਸੀ ਰੋਕੀ। ਬੜੇ ਸਲੀਕੇ ਨਾਲ ਇਕ ਨੇ ਪੁੱਛਿਆ ‘ਸ਼ੋਰਦਾਰ ਜੀ, ਸ਼ਾਮ ਬਾਜ਼ਾਰ ਜਾਬੇਨ?’’ (ਸਰਦਾਰ ਜੀ ਸ਼ਾਮ ਬਾਜ਼ਾਰ ਜਾਓਗੇ?) ਇਹੋ ਜਿਹੀ ਸਵਾਰੀ ਨੂੰ ਨਾਂਹ ਨਹੀਂ ਕੀਤੀ ਜਾਂਦੀ। ਜਦ ਉਹ ਬੈਠ ਗਏ, ਮੈਂ ਮੀਟਰ ਡਾਊਨ ਕਰਕੇ ਤੁਰ ਪਿਆ। ਬੈਠਦਿਆਂ ਹੀ ਪਿੱਛੇ ਗੱਲਬਾਤ ਸ਼ੁਰੂ ਹੋ ਗਈ।
‘ਪੰਚਾਇਤ ਚੋਣਾਂ ਦਾ ਕੀ ਹੋਵੇਗਾ, ਇਸ ਵਾਰ?’
‘ਕਾਂਗਰਸ ਆਈ ਜੀਤਬੇ।’ (ਕਾਂਗਰਸ ਆਈ ਜਿੱਤੇਗੀ) ਦੂਸਰਾ ਬੋਲਿਆ।
‘ਅਰੇ ਕੀ ਬੋਲਵਨ ਦਾਦਾ, ਕਾਂਗਰਸ ਅੱਧੀਆਂ ਸੀਟਾਂ ਵੀ ਨਹੀਂ ਲੈ ਸਕਦੀ, ਸੋਤੀ ਕਥਾ ਬੋਲਚੀ।’ (ਸੱਚ ਕਹਿੰਦਾ ਹਾਂ) ਤੀਸਰਾ ਬੋਲਿਆ।
‘ਤਾਂ ਇਸ ਦਾ ਮਤਲਬ ਹੋਇਆ, ਸੀ.ਪੀ.ਐੱਮ. ਜਿੱਤੇਗੀ?’ ਪਹਿਲੇ ਨੇ ਸ਼ੱਕ ਜਿਹੀ ਨਾਲ ਪੁੱਛਿਆ।
‘ਬਿਨਾਂ ਸ਼ੱਕ ਪੱਕਾ।’ ਦੂਸਰਾ ਆਪਣੀ ਗੱਲ ’ਤੇ ਜ਼ੋਰ ਦੇ ਕੇ ਬੋਲਿਆ।
‘ਅਰੇ ਕੀ ਬੋਲਦੇ ਹੋ ਦਾਦਾ?’
‘ਠੀਕ ਤਾਂ ਬੋਲਿਆ।’
‘ਸੀ.ਪੀ.ਐੱਮ. ਨੇ ਕੀਤਾ ਹੀ ਕੀ ਹੈ?’ ਮੈਨੂੰ ਆਵਾਜ਼ ਸੁਣੀ।
‘ਬੰਗਾਲ ਕਾ ਡਿਵੈਲਪਮੈਂਟ ਦੇਖਾ ਹੈ?’
‘ਉਹ ਸਭ ਕਾਂਗਰਸ ਦੇ ਬੰਦੇ ਬਦਨਾਮ ਕਰਦੇ ਨੇ। ਸਾਰਿਆਂ ਥਰਮਲ ਪਲਾਂਟਾਂ ਵਿਚ ਉਨ੍ਹਾਂ ਦੇ ਬੰਦੇ ਨੇ। ਇਹ ਰਾਜਨੀਤੀ ਹੈ, ਮਾਈ ਡੀਅਰ…।’
ਹੁਣ ਮੈਨੂੰ ਪਤਾ ਨਹੀਂ ਸੀ ਲੱਗਦਾ ਤਿੰਨਾਂ ਵਿਚੋਂ ਕੌਣ ਬੋਲ ਰਿਹਾ ਹੈ, ਪਰ ਉਹ ਇਕ ਦੂਸਰੇ ਦੀ ਗੱਲ ਕੱਟ ਰਹੇ ਸਨ।
‘ਰਾਜਨੀਤੀ ਨਹੀਂ ਦਾਦਾ, ਜਿਹੜੀ ਪਾਰਟੀ ਕੋਲ ਝੰਡੀਆਂ ਵਾਲੀਆਂ ਕਾਰਾਂ ਆ ਗਈਆਂ, ਉਹ ਜਿੱਥੇ ਵੀ ਗੜਬੜ ਹੋਈ, ਵਿਰੋਧੀਆਂ ਦੇ ਨਾਮ ਧਰ ਦਿੰਦੇ ਨੇ। ਜਿਹੜੀ ਧਿਰ ਪੰਜ ਸਾਲ ਰਾਜ ਕਰ ਗਈ, ਸਮਝੋ ਉਨ੍ਹਾਂ ਦੀਆਂ ਆਉਣ ਵਾਲੀਆਂ ਤਿੰਨ ਪੁਸ਼ਤਾਂ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਰਹਿੰਦੀ, ਇਹ ਮਿਥਿਆ ਕਥਾ (ਝੂਠੀ ਗੱਲ) ਨਹੀਂ।’
‘ਓ.ਕੇ. ਛੋੜੋ ਇਹ ਸਭ, ਮੰਨ ਲਿਆ ਪਾਰਟੀਆਂ ਦੇ ਝੰਡੇ ਹੀ ਬਦਲਦੇ ਨੇ, ਇਨ੍ਹਾਂ ਦੀ ਜ਼ਹਿਨੀਅਤ ਨਹੀਂ ਬਦਲਦੀ।’
‘ਤੂੰ ਪਿਛਲੇ ਸਾਲ ਇੱਥੇ ਸੀ?’
ਪਹਿਲੇ ਬੰਗਾਲੀ ਨੇ ਸ਼ਾਇਦ ਵਿਸ਼ਾ ਬਦਲਣਾ ਚਾਹਿਆ।
‘ਅਰੇ ਕਿਆ ਹੂਆ ਭਾਈ ਪਿਛਲੇ ਸਾਲ?’
‘ਪਹਿਲਾਂ ਇਹ ਦੱਸ ਜੋ ਮੈਂ ਪੁੱਛਿਆ।’
‘ਕਲਕੱਤਾ ਵਿਚ ਇਕ ਬੜੀ ਰੈਲੀ ਹੋਈ ਸੀ।’
‘ਹਾਂ, ਮੈਨੂੰ ਜਾਣਕਾਰੀ ਹੈ।’
‘ਅਰੇ ਬਾਪ ਰੇ ਬਾਪ। ਰੈਲੀ ’ਚ ਭੀੜ ਦੇਖੀ ਸੀ? ਕੀ ਪਰਚੰਡ ਭੀੜ …।’
‘ਮਾਈ ਡੀਅਰ, ਤੂੰ ਸਮਝਦਾ ਕਿਉਂ ਨਹੀਂ? ਉਹ ਸਭ ਭਾੜੇ ਦੇ ਟੱਟੂਆਂ ਦੀ ਭੀੜ ਸੀ।’
‘ਭਾੜੇ ਕੇ ਟੱਟੂ ਮਾਅਨੇ?’ ਆਵਾਜ਼ ਦਾ ਲਹਿਜ਼ਾ ਕੁਝ ਤਿੱਖਾ ਸੀ।

ਬਲੇਦਵ ਸਿੰਘ ਸੜਕਨਾਮਾ

‘ਹਾਲਤ ਵੇਖੀ ਸੀ ਉਨ੍ਹਾਂ ਦੀ? ਪੈਰੋਂ ਨੰਗੇ, ਤੇੜ ਕੱਪੜਾ ਨਹੀਂ, ਭੁੱਖ, ਅਨਪੜ੍ਹਤਾ ਜਿਨ੍ਹਾਂ ਵਰਗਲਾਇਆ, ਅੱਗੇ ਲਾ ਕੇ ਤੋਰ ਲਿਆ। ਮੁਫ਼ਤ ਦਾ ਭਾਤ, ਬਿਨਾਂ ਟਿਕਟ ਦੀਆਂ ਰੇਲਾਂ, ਬਿਨਾਂ ਭਾੜੇ ਦੀਆਂ ਬੱਸਾਂ ਤੇ ਮੁਫ਼ਤ ਦੀ ਕਲਕੱਤਾ ਸੈਰ। ਹੱਥਾਂ ’ਚ ਝੰਡੇ… ਕਦੇ ਲਾਲ, ਕਦੇ ਤਿੰਨ ਰੰਗੇ। …ਇਹੀ ਰਾਜਨੀਤੀ ਹੈ ਬਾਬੂ ਮੋਸ਼ਾਏ। ਜਿਹੜੀ ਪਾਰਟੀ ਵੱਡੀ ਭੀੜ ਇਕੱਠਾ ਕਰਨ ਵਿਚ ਕਾਮਯਾਬ ਹੋ ਗਈ, ਦਸ-ਪੰਦਰਾਂ ਮੀਲ ਲੰਬੇ ਰੋਡ ਸ਼ੋਅ ਹੋ ਗਏ, ਸਰਕਾਰ ਉਸ ਦੀ।’
‘ਫਿਰ ਤਾਂ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ।’ ਖੱਬੇ ਪਾਸੇ ਬੈਠੇ ਬੰਗਾਲੀ ਦੇ ਬੋਲਾਂ ਵਿਚ ਸੰਸਾ ਸੀ।
‘ਹਾਂ, ਪਰ ਪਹਿਲਾਂ ਸਾਰੀ ਬੁੱਢੀ ਲੀਡਰਸ਼ਿਪ ਨੂੰ…! ਛੋੜੋ ਅੱਗੇ ਦੀ ਬਾਤ ਇੱਥੇ ਪ੍ਰਸੰਗਿਕ ਨਹੀਂ ਹੈ।’ ਵਿਚਕਾਰਲਾ ਬੰਗਾਲੀ ਬੋਲਿਆ।
‘ਇਹੀ ਸਭ ਤਾਂ ਚਾਰੂ ਮਾਜੂਮਦਾਰ ਕਹਿੰਦਾ ਮਰ ਗਿਆ।’ ਫਿਰ ਪਹਿਲਾ ਬੋਲਿਆ।
‘ਮੈਂ ਸੋਚਦਾਂ, ਉਸ ਦੀ ‘ਸਫਾਇਆ ਮੁਹਿੰਮ’ ਦੇ ਗ਼ਲਤ ਐਕਸ਼ਨਾਂ ਨੇ ਵੀ ਪਾਰਟੀਆਂ ਨੂੰ ‘ਹਊਆ’ ਬਣਾ ਦਿੱਤਾ ਸੀ, ਦਾਦਾ।
…ਕੀ ਮੈਂ ਸਹੀ ਹਾਂ?’
‘ਹਾਂ, ਕਿਸੇ ਹੱਦ ਤਕ। ਲੋਕ ਲਾਲ ਕੱਪੜੇ ਵੇਖ ਕੇ ਡਰਨ ਲੱਗੇ ਸਨ।’
‘ਇਕ ਗੱਲ ਪੱਕੀ ਹੈ ਦਾਦਾ, ਲੀਡਰ ਜਿੱਥੇ ਮਰਜ਼ੀ ਭੱਜ ਲੈਣ, ਲੋਕ ਜਿੱਧਰ ਮਰਜ਼ੀ ਤੁਰ ਪੈਣ, ਕਮਿਊਨਿਜ਼ਮ ਬਿਨਾਂ ਸਮਾਜ ਦੀ ਗਤੀ ਨ੍ਹੀਂ ਹੋਣੀ। ਇਸ ਤੋਂ ਬਿਨਾਂ ਨਾ ਮਾਨਵ ਜਾਤੀ ਦਾ ਵਿਕਾਸ ਹੋਣਾ, ਨਾ ਦੇਸ਼ ਦਾ, ਨਾ ਵਿਅਕਤੀਤਵ ਦਾ, ਕੀ ਸੁਪਨਾ ਸੀ ਉਸ ਦਾ, ਸਭ ਕੁਝ ਮਨੁੱਖ ਲਈ, ਸਭ ਕੁਝ ਮਨੁੱਖ ਲਈ…।’ ਭਾਵੁਕ ਹੋ ਕੇ ਉਸ ਨੇ ਵਾਰ-ਵਾਰ ਦੁਹਰਾਇਆ ਤੇ ਹਾਊਕਾ ਲਿਆ।
ਟੈਕਸੀ ਧਰਮਤੱਲਾ ਕਦੋਂ ਦੀ ਪਾਰ ਕਰ ਗਈ ਸੀ। ਸੈਂਟਰਲ ਐਵੇਨਿਊ ਤੋਂ ਹੁੰਦਾ ਹੋਇਆ ਮੈਂ ਸ਼ਾਮ ਬਾਜ਼ਾਰ ਵੱਲ ਮੁੜ ਪਿਆ। ਇਕ ਮੋੜ ’ਤੇ ਉਨ੍ਹਾਂ ਨੇ ਟੈਕਸੀ ਰੁਕਵਾਈ, ਭਾੜਾ ਦਿੱਤਾ ਤੇ ਭੀੜ ਵਿਚ ਗੁੰਮ ਹੋ ਗਏ।
ਮੈਂ ਸੋਚਣ ਲੱਗਾ, ਅਸੀਂ ਟੈਕਸੀ ਡਰਾਈਵਰ ਗ਼ਰੀਬ ਨਹੀਂ ਵੇਖਦੇ, ਅਮੀਰ ਨਹੀਂ ਵੇਖਦੇ, ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਹਿੰਦੂ, ਮੁਸਲਮਾਨ, ਸਿੱਖ, ਦੇਸੀ-ਵਿਦੇਸ਼ੀ ਨਹੀਂ ਵੇਖਦੇ। ਸਭ ਨੂੰ ਇਕ ਸਮਾਨ ਸਮਝਦੇ ਹਾਂ। ਅਸੀਂ ਡਰਾਈਵਰ ਭਾਈਚਾਰਾ ਤਾਂ ਆਪਣਾ ਕਮਿਊਨਿਜ਼ਮ ਲਿਆਈ ਬੈਠੇ ਹਾਂ, ਇਨ੍ਹਾਂ ਲੀਡਰਾਂ ਦਾ ਪਤਾ ਨਹੀਂ ਕਦੋਂ ਆਵੇਗਾ? ਆਵੇਗਾ ਵੀ ਜਾਂ ਨਹੀਂ…।

ਸੰਪਰਕ: 98147-83069


Comments Off on ਡਰਾਈਵਰ ਦਾ ਕਮਿਊਨਿਜ਼ਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.