ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਟਾਲਮਟੋਲ ਕਰਦਿਆਂ

Posted On June - 17 - 2019

ਬੀਤ ਰਹੇ ਵਕਤ ਦੀ ਕਵਿਤਾ

ਮਲਵਿੰਦਰ

ਘਰ ਵਿਚ ਕਿਤਾਬਾਂ ਏਨੀਆਂ ਹੋ ਗਈਆਂ ਹਨ ਕਿ ਰੱਖਣ ਨੂੰ ਥਾਂ ਨਹੀਂ ਲੱਭਦੀ। ਪੜ੍ਹਨ ਵਾਲਾ ਮੇਜ਼ ਵੀ ਕਿਤਾਬਾਂ ਨਾਲ ਭਰ ਗਿਆ ਹੈ ਤੇ ਖਾਣਾ ਖਾਣ ਵਾਲਾ ਮੇਜ਼ ਯਾਨੀ ਡਾਈਨਿੰਗ ਟੇਬਲ ਵੀ। ਕਈ ਵਾਰ ਸੋਚਿਆ ਕਿ ਇਨ੍ਹਾਂ ਵਿਚੋਂ ਕੁਝ ਕਿਤਾਬਾਂ ਦੀ ਚੋਣ ਕਰਕੇ ਕਿਸੇ ਲਾਇਬ੍ਰੇਰੀ ਨੂੰ ਦੇ ਆਵਾਂ। ਪਰ ਉਸ ਲਈ ਸਮਾਂ ਕੱਢਣਾ ਪੈਣਾ ਹੈ, ਮਨ ਬਣਾਉਣਾ ਪੈਣਾ ਹੈ। ਟਾਲਮਟੋਲ ਕਰੀ ਜਾ ਰਿਹਾ ਹਾਂ, ਵਕਤ ਬੀਤ ਰਿਹਾ ਹੈ। ਕਿਤਾਬਾਂ ਹੋਰ ਜਮ੍ਹਾਂ ਹੋਈ ਜਾ ਰਹੀਆਂ ਹਨ। ਘਰ ’ਚ ਇੱਧਰ ਉਧਰ ਪਈਆਂ ਇਨ੍ਹਾਂ ਕਿਤਾਬਾਂ ਦਾ ਖਿਲਾਰਾ ਵੇਖ ਕੇ ਮਨ ’ਤੇ ਹਰ ਵੇਲੇ ਬੋਝ ਰਹਿੰਦਾ ਹੈ। ਬਹੁਤ ਸਾਰੀ ਕਵਿਤਾ ਇਸ ਬੋਝ ਥੱਲੇ ਦਮ ਤੋੜ ਰਹੀ ਲੱਗਦੀ ਹੈ। ਘਰ ਵਿਚ ਇਸ ਗੱਲ ਨੂੰ ਲੈ ਕੇ ਕਈ ਵਾਰ ਬੋਲ-ਬੁਲਾਰਾ ਵੀ ਹੋਇਆ ਹੈ। ਮੈਂ ਮਹਿਸੂਸ ਕੀਤਾ ਕਿ ਇਸ ਟਾਲਮਟੋਲ ਦੇ ਚੱਕਰ ਵਿਚ ਜ਼ਿੰਦਗੀ ਦੇ ਕਈ ਸੁਨਹਿਰੀ ਛਿਣ ਹੱਥਾਂ ’ਚੋਂ ਨਿਕਲ ਜਾਂਦੇ ਹਨ। ਤੁਹਾਡਾ ਆਪਣੇ ਉਪਰ ਵਿਸ਼ਵਾਸ ਵੀ ਖੁਰਦਾ ਹੈ। ਇਸ ਵਰਤਾਰੇ ਦਾ ਤੁਹਾਡੀ ਜ਼ਿੰਦਗੀ ਉਪਰ ਨਾਕਾਰਾਤਮਿਕ ਅਸਰ ਪੈਦਾ ਹੈ। ਮਨੁੱਖੀ ਇਤਿਹਾਸ ਵਿਚ ਸ਼ਾਇਦ ਇਹ ਟਾਲਮਟੋਲ ਸਾਡਾ, ਖ਼ਾਸਕਰ ਸੂਖ਼ਮ ਕਲਾਵਾਂ ਨਾਲ ਜੁੜੇ ਲੋਕਾਂ ਦਾ, ਸਭ ਤੋਂ ਵੱਧ ਨੁਕਸਾਨ ਕਰਦੀ ਹੈ। ਸਾਡੇ ਬਹੁਤ ਸਾਰੇ ਸੁਪਨੇ ਅਧੂਰੇ ਰਹਿ ਜਾਂਦੇ ਹਨ। ਅਸੀਂ ਇਹ ਜਾਣਦੇ ਵੀ ਹਾਂ ਕਿ ਟਾਲਮਟੋਲ ਕੀਤਿਆਂ ਮਸਲੇ ਹੱਲ ਨਹੀਂ ਹੋਣੇ ਸਗੋਂ ਸਮੱਸਿਆਵਾਂ ਵਧਣੀਆਂ ਹਨ। ਕਿਸੇ ਕੰਮ ਨੂੰ ਟਾਲਦਿਆਂ ਸਾਡਾ ਮਨ ਇਕ ਬਹਾਨਾ ਵੀ ਘੜ ਰਿਹਾ ਹੁੰਦਾ ਹੈ। ਜਿਵੇਂ ਕੋਈ ਵਿਦਿਆਰਥੀ ਕਿਸੇ ਪਾਠ ਨੂੰ ਇਸ ਕਰਕੇ ਛੱਡ ਦਿੰਦਾ ਹੈ ਕਿ ਛੱਡ ਪਰ੍ਹਾਂ ਇਸ ਵਿਚੋਂ ਕਿਹੜਾ ਕੋਈ ਸਵਾਲ ਆਉਣਾ ਹੈ ਜਾਂ ਇਹ ਕਿਹੜਾ ਮੈਨੂੰ ਸਮਝ ਆਉਣਾ ਹੈ। ਡਾਕਟਰ ਕੋਲ ਜਾਣਾ ਅਸੀਂ ਇਸ ਕਰਕੇ ਮੁਲਤਵੀ ਕਰ ਛੱਡਦੇ ਹਾਂ ਕਿ ਡਾਕਟਰ ਕੋਈ ਭਿਆਨਕ ਬਿਮਾਰੀ ਨਾ ਦੱਸ ਦੇਵੇ। ਕਈ ਵਾਰ ਜਾਪਦਾ ਹੈ ਕਿ ਤਿਆਰੀ ਨਾਲ ਕਰਾਂਗੇ ਇਹ ਕੰਮ, ਕਾਹਲੀ ਨਹੀਂ ਕਰਨੀ। ਕਈ ਵਾਰ ਤਾਂ ਕਰਨ ਵਾਲੇ ਕੰਮ ਬਹੁਤੇ ਹੋ ਜਾਂਦੇ ਨੇ, ਸਮਝ ਨਹੀਂ ਆਉਂਦੀ ਕਿ ਪਹਿਲਾਂ ਕਿਹੜਾ ਕਰੀਏ। ਇੰਝ ਮਨ ਬਹਾਨੇ ਘੜਦਾ ਰਹਿੰਦਾ ਹੈ ਤੇ ਕੰਮ ਲਟਕੇ ਰਹਿੰਦੇ ਹਨ। ਕੰਮ ਨੂੰ ਟਾਲ ਕੇ ਮਨੁੱਖ ਵਕਤੀ ਰਾਹਤ ਵੀ ਮਹਿਸੂਸ ਕਰਦਾ ਹੈ। ਕੰਮ ਟਾਲਣ ਦਾ ਇਕ ਦਿਲਚਸਪ ਬਹਾਨਾ ਹੈ ਕਿ ਮਨੁੱਖ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇੰਟਰਨੈੱਟ ਸਮੇਤ ਕਿਤਾਬਾਂ, ਅਖ਼ਬਾਰਾਂ ਤੇ ਹੋਰ ਦੋਸਤਾਂ ਦੀ ਸਲਾਹ ਲੈਂਦਾ ਰਹਿੰਦਾ ਹੈ, ਯੋਜਨਾ ਬਣਾਉਂਦਾ ਰਹਿੰਦਾ ਹੈ। ਇਸ ਆਹਰ ’ਚ ਉਸ ਉਪਰੋਂ ਕੰਮ ਟਾਲਣ ਦਾ ਅਪਰਾਧ-ਬੋਧ ਵੀ ਟਲਿਆ ਰਹਿੰਦਾ ਹੈ। ਕਈ ਹੋਰ ਕਹਿਣਗੇ ਕਿ ਇਹ ਤਾਂ ਦਸ ਮਿੰਟ ਦਾ ਕੰਮ ਹੈ, ਕਰ ਲਵਾਂਗੇ ਯਾਰ। ਕਈ ਵਾਰ ਤਾਂ ਕੰਮ ਟਾਲਣ ਲਈ ਉਹ ਹੋਰ ਹਰ ਕੰਮ ਕਰਨ ਨੂੰ ਤਿਆਰ ਰਹਿੰਦਾ ਹੈ। ਕਈ ਕੰਮ ਅਜਿਹੇ ਹੁੰਦੇ ਹਨ ਜਿਹੜੇ ਅਸੀਂ ਕਰਨੇ ਵੀ ਚਾਹੁੰਦੇ ਹਾਂ, ਪਰ ਕਰਦੇ ਨਹੀਂ। ਸਾਡੇ ਇਕ ਦੋਸਤ ਪਿਛਲੇ ਤੀਹ ਸਾਲਾਂ ਤੋਂ ਬੂਟ ਖਰੀਦਣ ਦੀ ਸਲਾਹ ਕਰ ਰਹੇ ਹਨ ਤਾਂ ਜੋ ਸੈਰ ਸ਼ੁਰੂ ਕਰ ਸਕਣ। ਮੇਰੀ ਉਨ੍ਹਾਂ ਨੂੰ ਸਲਾਹ ਹੈ ਕਿ ਅੱਜ ਤੋਂ ਪੰਜ ਮਿੰਟ ਦੀ ਸੈਰ ਸ਼ੁਰੂ ਕਰਨ, ਇਹ ਕੁਝ ਦਿਨਾਂ ’ਚ ਹੀ ਇਕ ਘੰਟੇ ਦੀ ਰੁਟੀਨ ਬਣ ਜਾਵੇਗੀ। ਬਹੁਤ ਸਾਰੇ ਟਾਲੇ ਕੰਮਾਂ ਵਿਚੋਂ ਪਹਿਲਾਂ ਉਹ ਕੰਮ ਕਰ ਸਕਦੇ ਹਾਂ ਜਿਸ ਵਿਚ ਬੌਧਿਕਤਾ ਦੀ ਕਸਰਤ ਨਹੀਂ ਕਰਨੀ ਪੈਂਦੀ। ਜਦੋਂ ਇਕ ਇਕ ਕਰਕੇ ਕੰਮ ਨਿਪਟਣ ਲੱਗਣਗੇ ਤਾਂ ਰਹਿੰਦੇ ਕੰਮਾਂ ਨੂੰ ਕਰਨ ਦੀ ਉਤਸੁਕਤਾ ਵੀ ਵਧੇਗੀ। ਮਨ ਹਲਕਾ ਮਹਿਸੂਸ ਕਰੇਗਾ। ਕਈ ਆਹਰ ਬੇਲੋੜੇ ਹੀ ਸਾਡੇ ਕੰਮਾਂ ’ਚ ਸ਼ਾਮਲ ਹੋਏ ਰਹਿੰਦੇ ਹਨ। ਆਪਣੇ ਜ਼ਰੂਰੀ ਕੰਮ ਕਰਨ ਲਈ ਉਨ੍ਹਾਂ ਤੋਂ ਛੁਟਕਾਰਾ ਪਾਉਣਾ ਬਹੁਤ ਜ਼ਰੂਰੀ ਹੈ। ਟੈਲੀਵਿਜ਼ਨ ਤੇ ਮੋਬਾਇਲ ਅਜਿਹੇ ਹੀ ਆਹਰ ਹਨ। ਸੋਸ਼ਲ ਮੀਡੀਆ ’ਚ ਅਸੀਂ ਬਿਨਾਂ ਕੰਮ ਦੇ ਰੁੱਝੇ ਰਹਿੰਦੇ ਹਾਂ। ਖ਼ਬਰਾਂ ਦੇ ਚੈਨਲ ਸਾਨੂੰ ਫਜ਼ੂਲ ਦੀ ਬਹਿਸ ਵਿਚ ਉਲਝਾਈ ਰੱਖਦੇ ਹਨ। ਇਨ੍ਹਾਂ ’ਚੋਂ ਬਾਹਰ ਨਿਕਲ ਕੇ ਹੀ ਸਾਨੂੰ ਸਾਡੇ ਕੰਮ ਨਜ਼ਰ ਆਉਣਗੇ। ਬੋਝਲ ਕੰਮ ਨੂੰ ਦਿਲਚਸਪ ਬਣਾਉਣ ਦਾ ਹੁਨਰ ਸਾਨੂੰ ਆਪਣੇ ਅੰਦਰ ਆਪ ਪੈਦਾ ਕਰਨਾ ਪਵੇਗਾ। ਮੇਰੇ ਇਕ ਅਧਿਆਪਕ ਦੋਸਤ ਹਨ ਜਿਹੜੇ ਹਰ ਪੀਰੀਅਡ ਤੋਂ ਬਾਅਦ ਦਿਨ ਦੇ ਰਹਿੰਦੇ ਸਮੇਂ ਅਤੇ ਰਹਿੰਦੀ ਨੌਕਰੀ ਦਾ ਹਿਸਾਬ ਲਾ ਕੇ ਰਾਹਤ ਮਹਿਸੂਸ ਕਰਨ ਦਾ ਭਰਮ ਪਾਲਦੇ ਹਨ।
ਟਾਲਮਟੋਲ ਯਥਾਸਥਿਤੀ ਨੂੰ ਬਣਾਈ ਰੱਖਣ ਦੀ ਬੁਰੀ ਆਦਤ ਹੈ। ਮੁਲਤਵੀ ਕਰਦੇ ਰਹਿਣ ਦੀ ਅਕਾਊ ਮਾਨਸਿਕਤਾ। ਬਹੁਤ ਸਾਰੀਆਂ ਮਾਨਸਿਕ ਰੋਕਾਂ ਅਤੇ ਸ਼ਰਤਾਂ ਦੇ ਦੁਰਪ੍ਰਭਾਵ ਅਧੀਨ ਅਸੀਂ ਜ਼ਰੂਰੀ ਵਸਤਾਂ, ਵਰਤਾਰਿਆਂ, ਵਿਵਹਾਰਾਂ ਨੂੰ ਟਾਲਦੇ ਰਹਿੰਦੇ ਹਾਂ। ਸਾਡੇ ਟਾਲਣ ’ਚ ਸਮੇਂ ਦੇ ਛਿਣ ਕਿਰਦੇ ਰਹਿੰਦੇ ਹਨ। ਸੁਪਨੇ ਸਾਡੀ ਨੀਂਦ ਨੂੰ ਵੀ ਧੋਖਾ ਦੇ ਜਾਂਦੇ ਹਨ। ਅਸੀਂ ਅਣਛੋਹੇ ਰਹਿ ਗਏ ਕੰਮਾਂ ਦੇ ਦਰਦ ਨਾਲ ਭਰੇ ਰਹਿੰਦੇ ਹਾਂ। ਸਾਡੀ ਜ਼ਿੰਦਗੀ ਦੀ ਤਰਤੀਬ ਲੜਖੜਾ ਜਾਂਦੀ ਹੈ। ਹਰ ਕੰਮ ਸਾਡੇ ਲਈ ਬੋਝ ਬਣ ਜਾਂਦਾ ਹੈ। ਅਸੀਂ ਕੰਮ ਕਰਨ ਨੂੰ ਸਿਆਪਾ ਕਰਨਾ ਕਹਿੰਦੇ ਹਾਂ। ਡਰੇ ਡਰੇ ਰਹਿਣ ਲੱਗਦੇ ਹਾਂ, ਕੰਮ ਤੋਂ ਅੱਖਾਂ ਚੁਰਾਉਂਦੇ ਹਾਂ। ਕਵਿਤਾ ਉਦਾਸ ਤੇ ਉਪਰਾਮ ਹੋ ਜਾਂਦੀ ਹੈ। ਕਹਾਣੀ ਨੀਰਸ ਹੋ ਜਾਂਦੀ ਹੈ। ਜ਼ਿੰਦਗੀ ਵਿਚਲੇ ਚਾਅ ਮਰ ਜਾਂਦੇ ਹਨ। ਬਾਕਾਇਦਗੀ ਨਾਲ ਅਤੇ ਵੇਲੇ ਸਿਰ ਕੀਤੇ ਕੰਮ ਦਾ ਵੱਖਰਾ ਸਰੂਰ ਹੁੰਦਾ ਹੈ। ਕੰਮ ਨੂੰ ਅੱਗੇ ਲਾ ਲੈਣ ਵਾਲੀ ਕਹਾਵਤ ਦੇ ਅਰਥ ਬੜੇ ਗਹਿਰੇ ਹਨ। ਇਹ ਸਾਡੇ ਪੁਰਖਿਆਂ ਵੱਲੋਂ ਕਾਮੇ ਨੂੰ ਦਿੱਤੀ ਹੱਲਾਸ਼ੇਰੀ ਹੈ। ਮੈਂ ਅੱਜ ਦਾ ਦਿਨ ਕਿਤਾਬਾਂ ਦੇ ਲੇਖੇ ਲਾਉਣ ਦਾ ਸੋਚ ਲਿਆ ਹੈ। ਅੱਜ ਕਵਿਤਾ ਮੇਰੇ ਅੰਗ-ਸੰਗ ਰਹੇਗੀ, ਉੱਡਦੀ ਤਿਤਲੀ ਵਾਂਗ, ਚਹਿਕਦੀ ਚਿੜੀ ਵਾਂਗ। ਅੱਜ ਮੈਂ ਟਾਲਮਟੋਲ ਕਰਦਿਆਂ ਬੀਤ ਰਹੇ ਵਕਤ ਦੀ ਕਵਿਤਾ ਲਿਖਣੀ ਹੈ। ਤੁਸੀਂ ਵੀ ਆਪਣੇ ਦੇਰ ਤੋਂ ਟਾਲੇ ਕੰਮ ਨੂੰ ਸ਼ੁਰੂ ਕਰੋ, ਅੱਜ ਹੀ, ਹੁਣੇ ਹੀ…।

ਸੰਪਰਕ: 98720-42344


Comments Off on ਟਾਲਮਟੋਲ ਕਰਦਿਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.