ਹੁਣ ਤਾਂ ਭੋਗਾਂ ’ਤੇ ਵੀ ਸਪੀਕਰ ਵੱਜਦੈ !    ਨਸ਼ਾ, ਕਾਰਨ ਅਤੇ ਬਚਾਅ !    ਸਾਵਣ !    ਲੋਕ ਇਨਸਾਫ ਪਾਰਟੀ ਵੱਲੋਂ ‘ਸਾਡਾ ਪਾਣੀ ਸਾਡਾ ਹੱਕ’ ਜਨ ਅੰਦੋਲਨ ਸ਼ੁਰੂ !    ਸਰਕਾਰ ਤੋਂ ਤੰਗ ਕਿਸਾਨ ਨੇ ਪੰਜ ਏਕੜ ਕਮਾਦ ਵਾਹਿਆ !    ਛੇੜਛਾੜ ਮਾਮਲਾ: ਬੱਚੀ ਦੇ ਹੱਕ ’ਚ ਸਕੂਲ ਅੱਗੇ ਧਰਨਾ !    ਜਵਾਹਰੇਵਾਲਾ ਗੋਲੀ ਕਾਂਡ: ਤੀਜੇ ਦਿਨ ਵੀ ਮ੍ਰਿਤਕਾਂ ਦਾ ਨਹੀਂ ਹੋਇਆ ਪੋਸਟਮਾਰਟਮ !    ਭਾਰਤ ਨੂੰ ਮੁੱਕੇਬਾਜ਼ੀ ਵਿੱਚ ਚਾਰ ਚਾਂਦੀ ਦੇ ਤਗ਼ਮੇ !    ਅਮਰੀਕ ਸਿੰਘ ਵਿਸ਼ਵ ਕਬੱਡੀ ਕੱਪ ’ਚ ਅਧਿਕਾਰੀ ਨਿਯੁਕਤ !    ਕੇਂਦਰੀ ਮੰਤਰੀ ਬੀਬਾ ਬਾਦਲ ਨੇ ਬਠਿੰਡਾ ਦੇ ਐੱਸਐੱਸਪੀ ਖ਼ਿਲਾਫ਼ ਮੋਰਚਾ ਖੋਲ੍ਹਿਆ !    

ਟਟੀਹਰੀ ਵਾਂਗ ਦਿਸਣ ਵਾਲਾ ਕਰਵਾਂਕ

Posted On June - 15 - 2019

ਕਰਵਾਂਕ ਆਮ ਮਿਲਣ ਵਾਲਾ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿਚ ‘ਇੰਡੀਅਨ ਸਟੋਨ ਕਰਲਯੂ’ ਜਾਂ ਫਿਰ ‘ਇੰਡੀਅਨ ਥਿੱਕ ਨੀ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਕਿਸਮ ਭਾਰਤ, ਪਾਕਿਸਤਾਨ, ਨੇਪਾਲ ਅਤੇ ਸ੍ਰੀਲੰਕਾ ਦੇ ਮੈਦਾਨੀ ਇਲਾਕਿਆਂ ਵਿਚ ਮਿਲਦੀ ਹੈ। ਇਹ ਲੰਬੀ ਤੇ ਮੁੜੀ ਹੋਈ ਚੁੰਝ ਅਤੇ ਬਦਾਮੀ ਧਾਰੀਆਂ ਵਾਲਾ ਟਟੀਹਰੀ ਦੀ ਤਰ੍ਹਾਂ ਦਿਖਣ ਵਾਲਾ ਥਲ ਪੰਛੀ ਹੈ ਜਿਸ ਦੀਆਂ ਲੱਤਾਂ ਲੰਬੀਆਂ ਹੁੰਦੀਆਂ ਹਨ, ਪਰ ਗੋਡੇ ਜ਼ਿਆਦਾ ਮੋਟੇ ਹੁੰਦੇ ਹਨ। ਇਸ ਕਰਕੇ ਇਸ ਨੂੰ ਅੰਗਰੇਜ਼ੀ ਵਿਚ ‘ਥਿੱਕ ਨੀ’ ਵੀ ਕਿਹਾ ਜਾਂਦਾ ਹੈ। ਇਸ ਦਾ ਸਿਰ ਮੋਟਾ ਅਤੇ ਗੋਲ, ਅੱਖਾਂ ਪੀਲੀਆਂ ਅਤੇ ਮੋਟੀਆਂ ਹੁੰਦੀਆਂ ਹਨ। ਜ਼ਮੀਨ ’ਤੇ ਹੀ ਵਾਸ ਕਰਨ ਵਾਲੇ ਇਸ ਪੰਛੀ ਦੀ ਲੰਬਾਈ ਲਗਪਗ 41 ਸੈਂਟੀਮੀਟਰ ਹੁੰਦੀ ਹੈ। ਇਹ ਜ਼ਿਆਦਾਤਰ ਸ਼ਾਮ ਵੇਲੇ ਜਾਂ ਹਨੇਰੇ ਵਿਚ ਸਰਗਰਮ ਹੁੰਦੇ ਹਨ। ਨਰ ਮਾਦਾ ਦੋਵੇਂ ਇਕੋ ਜਿਹੇ ਹੁੰਦੇ ਹਨ ਅਤੇ ਛੋਟੇ ਬੱਚੇ ਜ਼ਿਆਦਾ ਪੀਲੇ ਰੰਗ ਵਾਲੇ ਹੁੰਦੇ ਹਨ। ਸ਼ਾਮ ਵੇਲੇ ਇਨ੍ਹਾਂ ਦੇ ਬੋਲਣ ਦੀਆਂ ਤਿੱਖੀਆਂ ਆਵਾਜ਼ਾਂ ਪਿੱਕ-ਪਿੱਕ-ਪਿੱਕ… ਅਤੇ ਕਦੇ-ਕਦੇ ਪਿੱਕ-ਵਿੱਕ, ਪਿੱਕ-ਵਿੱਕ… ਸੁਣਾਈ ਦਿੰਦੀਆਂ ਹਨ। ਉਹ ਛੋਟੇ ਸਮੂਹਾਂ ਵਿਚ ਮਿਲਦੇ ਹਨ ਅਤੇ ਦਿਨ ਦੌਰਾਨ ਉਨ੍ਹਾਂ ਨੂੰ ਝਾੜੀਆਂ ਦੀ ਛਾਂ ਹੇਠ ਖੜ੍ਹੇ ਵੇਖਿਆ ਜਾ ਸਕਦਾ ਹੈ। ਇਹ ਜ਼ਿਆਦਾਤਰ ਖੁਸ਼ਕ ਥਾਵਾਂ, ਵਣ ਰਕਬਿਆਂ ਦੇ ਨੇੜੇ, ਦਰਿਆ, ਝੀਲਾਂ, ਛੱਪੜਾਂ ਅਤੇ ਪਥਰੀਲੇ ਖੇਤਰਾਂ ਦੇ ਨੇੜੇ ਵੇਖਣ ਨੂੰ ਮਿਲਦਾ ਹੈ।
ਕਰਵਾਂਕ ਦਾ ਪ੍ਰਜਣਨ ਦਾ ਸਮਾਂ ਮੁੱਖ ਤੌਰ ’ਤੇ ਮਾਰਚ ਅਤੇ ਅਪਰੈਲ ਦੇ ਮਹੀਨੇ ਵਿਚ ਹੁੰਦਾ ਹੈ। ਆਮਤੌਰ ’ਤੇ ਦੋ ਜਾਂ ਤਿੰਨ ਆਂਡੇ ਘਾਹ-ਫੂਸ ਵਿਚ ਜਾਂ ਜ਼ਮੀਨ ’ਤੇ ਮਿੱਟੀ ਪੁੱਟ ਕੇ ਆਲ੍ਹਣੇ ਵਿਚ ਦਿੱਤੇ ਜਾਂਦੇ ਹਨ। ਆਂਡੇ ਹਲਕੇ ਪੀਲੇ ਰੰਗ ਦੇ ਹੁੰਦੇ ਹਨ ਜਿਨ੍ਹਾਂ ’ਤੇ ਬਦਾਮੀ ਜਾਂ ਕਾਸ਼ਨੀ ਚਟਾਕ ਹੁੰਦੇ ਹਨ। ਆਂਡਿਆਂ ਵਿਚੋਂ ਬੱਚੇ ਮਾਦਾ ਵੱਲੋਂ ਕੱਢੇ ਜਾਂਦੇ ਹਨ ਜਦੋਂਕਿ ਨਰ ਕਰਵਾਂਕ ਆਲ੍ਹਣੇ ਦੇ ਨੇੜੇ ਖੜ੍ਹਾ ਰਹਿੰਦਾ ਹੈ। 28 ਦਿਨਾਂ ਬਾਅਦ ਆਂਡਿਆਂ ਵਿਚੋਂ ਚੂਜ਼ੇ ਨਿਕਲ ਆਉਂਦੇ ਹਨ। ਛੋਟੇ ਚੂਜ਼ੇ ਥੋੜ੍ਹੀ ਦੇਰ ਬਾਅਦ ਮਾਂ ਕੋਲ ਚਲੇ ਜਾਂਦੇ ਹਨ ਅਤੇ ਥੋੜ੍ਹੀ ਜਿਹੀ ਆਵਾਜ਼ ਆਉਣ ’ਤੇ ਉਹ ਸ਼ਾਂਤ ਹੋ ਜਾਂਦੇ ਹਨ ਅਤੇ ਲੁਕ ਜਾਂਦੇ ਹਨ।

ਗੁਰਮੀਤ ਸਿੰਘ*

ਕਰਵਾਂਕ ਦੀ ਖੁਰਾਕ ਵਿਚ ਮੁੱਖ ਤੌਰ ’ਤੇ ਕੀੜੇ- ਮਕੌੜੇ ਅਤੇ ਛੋਟੇ ਛੋਟੇ ਡੱਡੂ, ਕਿਰਲੀਆਂ, ਸੱਪ ਅਤੇ ਕਦੇ-ਕਦਾਈਂ ਛੋਟੇ ਛੋਟੇ ਜੀਵ ਜੰਤੂ ਵੀ ਆ ਜਾਂਦੇ ਹਨ। ਤੱਟੀ ਇਲਾਕਿਆਂ ਵਿਚ ਉਹ ਆਪਣੀ ਖੁਰਾਕ ਵਿਚ ਘੋਗੇ, ਸਿੱਪੀਆਂ ਆਦਿ ਨੂੰ ਵੀ ਸ਼ਾਮਲ ਕਰ ਲੈਂਦੇ ਹਨ। ਇਹ ਛੋਟੇ ਬੀਜ, ਫ਼ਲ ਆਦਿ ਵੀ ਖਾ ਲੈਂਦੇ ਹਨ। ਉਹ ਆਪਣੇ ਭੋਜਨ ਤੋਂ ਨਮੀਂ ਪ੍ਰਾਪਤ ਕਰਦੇ ਹਨ, ਇਸ ਲਈ ਉਨ੍ਹਾਂ ਨੂੰ ਪੀਣ ਦੀ ਜ਼ਰੂਰਤ ਨਹੀਂ ਪੈਂਦੀ। ਕਰਵਾਂਕ ਦੀ ਸਮੁੱਚੀ ਆਬਾਦੀ ਦਿਨ-ਬ-ਦਿਨ ਘੱਟ ਰਹੀ ਹੈ। ਵਾਤਾਵਰਨ ਵਿਚ ਵਿਗਾੜ ਅਤੇ ਇਸ ਦੇ ਵਾਸ ਦਾ ਦਿਨੋਂ ਦਿਨ ਖ਼ਾਤਮਾ ਹੋਣਾ ਅਤੇ ਲੋਕਾਂ ਵੱਲੋਂ ਸ਼ਿਕਾਰ ਕਰਨਾ ਆਦਿ ਕਰਵਾਂਕ ਦੀ ਸੰਖਿਆ ਘਟਣ ਦਾ ਮੁੱਖ ਕਾਰਨ ਹੈ। ਭਾਰਤ ਸਰਕਾਰ ਨੇ ਇਸ ਨੂੰ ਮੁਕੰਮਲ ਤੌਰ ’ਤੇ ਸੁਰੱਖਿਆ ਦਿੱਤੀ ਹੋਈ ਹੈ ਅਤੇ ਇਸਨੂੰ ਜੰਗਲੀ ਜੀਵ (ਸੁਰੱਖਿਆ) ਐਕਟ 1972 ਦੇ ਸ਼ਡਿਊਲ ਚਾਰ ਵਿਚ ਰੱਖਿਆ ਹੈ। ਇਹੋ ਜਿਹੇ ਪੰਛੀ ਜੋ ਨੁਕਸਾਨ ਕਰਦੇ ਕੀੜੇ-ਮਕੌੜਿਆਂ ਤੋਂ ਸਾਨੂੰ ਬਚਾਉਂਦੇ ਹਨ, ਸਾਨੂੰ ਉਨ੍ਹਾਂ ਨੂੰ ਹਰ ਤਰ੍ਹਾਂ ਨਾਲ ਬਚਾਉਣ ਲਈ ਸਹਿਯੋਗ ਦੇਣਾ ਚਾਹੀਦਾ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910


Comments Off on ਟਟੀਹਰੀ ਵਾਂਗ ਦਿਸਣ ਵਾਲਾ ਕਰਵਾਂਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.