ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਝੋਨੇ ਦੀ ਫ਼ਸਲ ਦਾ ਬਦਲ ਲੱਭਣ ਦੀ ਲੋੜ

Posted On June - 1 - 2019

ਕਮਲ ਬਰਾੜ
ਪੰਜਾਬ ਵਿਚ 70 ਫ਼ੀਸਦੀ ਲੋਕ ਸਿੱਧੇ ਜਾ ਅਸਿੱਧੇ ਤੌਰ ’ਤੇ ਖੇਤੀ ਨਾਲ ਜੁੜੇ ਹੋਏ ਹਨ। 1966 ਦੀ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਵਿਚ ਵੱਡੇ ਪੱਧਰ ’ਤੇ ਅੰਨ ਦਾ ਉਤਪਾਦਨ ਹੋਣ ਲੱਗਿਆ। ਇਸ ਤੋਂ ਪਹਿਲਾਂ ਪੰਜਾਬ ਆਪਣੇ ਖਾਣ ਜੋਗਾ ਅੰਨ ਪੈਦਾ ਕਰਦਾ ਸੀ ਪਰ ਹੁਣ ਵੱਡੇ ਪੱਧਰ ’ਤੇ ਪੰਜਾਬ ਦੇਸ਼ ਦੇ ਅੰਨ ਉਤਪਾਦਨ ਵਿਚ ਆਪਣਾ ਯੋਗਦਾਨ ਪਾਉਣ ਲੱਗਿਆ ਹੈ। ਪੰਜਾਬ ਵਿਚ ਲੰਬੇ ਸਮੇਂ ਤੋਂ ਕਣਕ ਝੋਨੇ ਦਾ ਰਵਾਇਤੀ ਫ਼ਸਲ ਚੱਕਰ ਚੱਲ ਰਿਹਾ ਹੈ। ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਜਿੱਥੇ ਪਾਣੀ ਦੀ ਸਮੱਸਿਆ ਹੈ, ਉਥੇ ਕਪਾਹ ਨਰਮੇ ਦੀ ਕਾਸ਼ਤ ਕੀਤੀ ਜਾਂਦੀ ਹੈ ਨਹੀਂ ਤਾਂ ਜ਼ਿਆਦਾਤਰ ਹਿੱਸੇ ’ਚ ਝੋਨਾ ਲਗਦਾ ਹੈ। ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਅਸੀਂ ਪੰਜਾਬ ਦੀ ਧਰਤੀ ਨੂੰ ਬੰਜਰ ਕਰ ਲਵਾਂਗੇ ਕਿਉਂਕਿ ਧਰਤੀ ਹੇਠ ਪਾਣੀ ਦੀਆਂ ਤਿੰਨ ਤਹਿਆਂ ਹੁੰਦੀਆਂ ਹਨ ਤੇ ਪਾਣੀ ਦੂਜੀ ਤਹਿ ਤੋਂ ਕੱਢਿਆ ਜਾਣ ਲੱਗ ਪਿਆ ਹੈ। ਹਰੇਕ ਸਾਲ ਪਾਣੀ ਡੂੰਘੇ ਹੁੰਦੇ ਜਾ ਰਹੇ ਹਨ। ਜੇ ਪੰਜਾਬ ਵਿਚ ਇਸ ਸਥਿਤੀ ’ਤੇ ਨਜ਼ਰਸਾਨੀ ਕੀਤੀ ਜਾਵੇ ਤਾਂ ਪੰਜਾਬ ਸਟੇਟ ਵਿਕਾਸ ਫੋਰਮ ਦੀ ਰਿਪੋਰਟ ਅਨੁਸਾਰ ਸਾਡੇ ਪੰਜਾਬ ਵਿਚ ਹੀ 23 ਫ਼ੀਸਦੀ ਜ਼ਮੀਨ ਨੂੰ ਨਹਿਰੀ ਪਾਣੀ ਦਿੱਤਾ ਜਾਂਦਾ ਹੈ। ਅੱਜਕੱਲ੍ਹ ਪੰਜਾਬ ਵਿਚ ਫ਼ਸਲਾਂ ਨੂੰ 540 ਲੱਖ ਏਕੜ ਫੁੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ। ਪੰਜਾਬ ਵਿਚ ਇਸ ਵੇਲੇ 14 ਲੱਖ ਤੋਂ ਜ਼ਿਆਦਾ ਟਿਊਬਵੈੱਲ ਹਨ। ਇਨ੍ਹਾਂ ਵਿੱਚੋਂ ਇੱਕ ਤਿਹਾਈ ਡੀਜ਼ਲ ’ਤੇ ਚੱਲਦੇ ਹਨ। ਧਰਤੀ ਵਿਚੋਂ ਜੋ ਹਜ਼ਾਰਾਂ ਸਾਲਾਂ ਵਿੱਚ ਪਾਣੀ ਜਮ੍ਹਾਂ ਹੋਇਆ ਸੀ, ਅੱਜ ਉਸ ਨੂੰ ਬੇਦਰਦ ਤਰੀਕੇ ਨਾਲ ਚੂਸਿਆ ਜਾ ਰਿਹਾ ਹੈ।
ਹੁਣ ਜਦੋਂ ਉਪਰਲੀ ਤਹਿ ਵਿਚ ਪਾਣੀ ਨਹੀਂ ਰਿਹਾ ਤਾਂ ਡੂੰਘੇ ਸਬਮਰਸੀਬਲ ਪੰਪ ਲਾ ਕੇ ਇਸ ਪਾਣੀ ਦੀ ਬਰਬਾਦੀ ਕੀਤੀ ਜਾ ਰਹੀ ਹੈ। ਇਹ ਡੂੰਘੇ ਪੰਪ 5 ਤੋਂ 6 ਸੌ ਫੁੱਟ ਤੱਕ ਧਰਤੀ ਵਿਚੋਂ ਪਾਣੀ ਚੂਸਦੇ ਹਨ ਜਿਸ ਕਾਰਨ ਪੰਜਾਬ ਵਿਚ ਵੀ ਕਾਫ਼ੀ ਇਲਾਕਿਆਂ ਨੂੰ ਡਾਰਕ ਜ਼ੋਨ ਐਲਾਨਿਆ ਜਾ ਚੁੱਕਿਆ ਹੈ। ਇਸ ਦਾ ਮੁੱਖ ਕਾਰਨ ਪੰਜਾਬ ਦੀ ਧਰਤੀ ’ਤੇ ਚੱਲ ਰਿਹਾ ਫ਼ਸਲੀ ਚੱਕਰ ਹੀ ਹੈ। ਇਹ ਹੀ ਨਹੀਂ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਵਧਣ ਕਾਰਨ ਇਸ ਦੇ ਬਹੁਤ ਸਾਰੇ ਲੋਕ ਘਾਤਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਵਿਚ ਕੈਂਸਰ ਤੇ ਚਮੜੀ ਆਦਿ ਦੀਆਂ ਬਿਮਾਰੀਆਂ ਪ੍ਰਮੁੱਖ ਹਨ। ਹਜ਼ਾਰਾਂ ਲੋਕ ਕੈਂਸਰ ਨਾਲ ਮਰ ਚੁੱਕੇ ਹਨ ਅਤੇ ਬਹੁਤ ਸਾਰੇ ਇਸ ਬਿਮਾਰੀ ਤੋਂ ਪੀੜਤ ਹਨ। ਇਸ ਦਾ ਮੁੱਖ ਕਾਰਨ ਪਾਣੀ ਵਿਚ ਘਾਤਕ ਰਿਸਾਇਣਾਂ ਦਾ ਮਿਲਣਾ ਹੈ। ਪਾਣੀ ਵਿਚ ਫੈਕਟਰੀਆਂ ਅਤੇ ਉਦਯੋਗਾਂ ਵੱਲੋਂ ਮਿਲਾਇਆ ਜਾ ਰਿਹਾ ਰਸਾਇਣ ਮਨੁੱਖੀ ਸਮਾਜ ਲਈ ਅੱਜ ਘਾਤਕ ਬਣਦਾ ਜਾ ਰਿਹਾ ਹੈ। ਇਹ ਹੀ ਨਹੀਂ ਪਾਣੀ ਦੀ ਘਾਟ ਵੱਡੇ ਦੁਖਾਂਤ ਦਾ ਰੂਪ ਲਵੇਗੀ।
ਪਾਣੀ ਦੀ ਗੁਣਵੱਤਾ ਸੁਧਾਰਨ ਲਈ ਹਰ ਇਨਸਾਨ ਪਹਿਲ ਕਰ ਸਕਦਾ ਹੈ। ਲੋਕਾਂ ਨੂੰ ਪਾਣੀ ਦੀ ਗੁਣਵੱਤਾ ਅਤੇ ਸਿਹਤ ਦੇ ਵਿਸ਼ੇ ’ਤੇ ਜਾਗਰੂਕ ਕੀਤਾ ਜਾ ਸਕਦਾ ਹੈ। ਸ਼ਹਿਰਾਂ ਵਿਚ ਜ਼ਿਆਦਾਤਰ ਹਿੱਸਿਆਂ ਵਿਚ ਪੱਕੇ ਫ਼ਰਸ਼ ਹੋਣ ਕਾਰਨ ਪਾਣੀ ਜ਼ਮੀਨ ਦੇ ਅੰਦਰ ਨਾ ਜਾ ਕੇ ਕਿਸੇ ਵੀ ਜਲ ਸਰੋਤ ਵਿਚ ਵਹਿ ਜਾਂਦਾ ਹੈ। ਰਸਤੇ ਵਿਚ ਇਹ ਸਾਡੇ ਵੱਲੋਂ ਸੁੱਟੇ ਖ਼ਤਰਨਾਕ ਰਸਾਇਣ, ਤੇਲ ਤੇ ਗ੍ਰੀਸ ਨੂੰ ਆਪਣੇ ਨਾਲ ਵਹਾਅ ਕੇ ਲੈ ਜਾਂਦਾ ਹੈ ਜਿਸ ਕਾਰਨ ਪੂਰੇ ਦਾ ਪੂਰਾ ਜਲ ਸਰੋਤ ਹੀ ਖ਼ਰਾਬ ਕਰ ਦਿੰਦਾ ਹੈ।
ਪੰਜਾਬ ਨੂੰ ਇਸ ਸਮੇਂ ਦੋਹਰੀ ਮਾਰ ਪੈ ਰਹੀ ਹੈ ਜਿੱਥੇ ਝੋਨੇ ਦੀ ਖੇਤੀ ਕਾਰਨ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ, ਉੱਥੇ ਫ਼ਸਲਾਂ ਤੇ ਕੀਤੇ ਜਾਂਦੇ ਰਸਾਇਣਾਂ ਨਾਲ ਧਰਤੀ ਹੇਠਲਾ ਪਾਣੀ ਪੀਣ-ਯੋਗ-ਨਹੀਂ ਰਿਹਾ। ਇੱਥੇ ਕਸੂਰਵਾਰ ਕਿਸਾਨਾਂ ਨੂੰ ਵੀ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਉਸ ਕੋਲ ਕੋਈ ਬਦਲ ਨਹੀਂ ਨਾ ਹੀ ਬਾਕੀ ਫ਼ਸਲਾਂ ਜਿਵੇਂ ਕਿ ਆਲੂ ਮੱਕੀ ਨਰਮੇ ਕਪਾਹ ਦੀਆਂ ਨਿਰਧਾਰਿਤ ਕੀਮਤਾਂ ਹਨ ਕਿ ਕਿਸਾਨ ਇਨ੍ਹਾਂ ਦੀ ਕਾਸ਼ਤ ਕਰ ਸਕੇ। ਇਸ ਮੁੱਦੇ ’ਤੇ ਸਰਕਾਰਾਂ ਬਿਲਕੁਲ ਚੁੱਪ ਹਨ।
ਸਾਨੂੰ ਸਾਡੇ ਜੀਵਨ ਦੀ ਅਤਿ ਲੋੜ ਨੂੰ ਬਚਾਉਣ ਲਈ ਵੱਡੇ ਪੱਧਰ ’ਤੇ ਉਪਰਾਲੇ ਕਰਨੇ ਪੈਣਗੇ। ਸਾਨੂੰ ਪਾਣੀ ਦੀ ਹਰ ਬੂੰਦ ਨੂੰ ਬਚਾਉਣ ਲਈ ਯਤਨ ਕਰਨੇ ਪੈਣਗੇ। ਘਰਾਂ ਵਿਚ ਪਾਣੀ ਵਰਤਣ ਵੇਲੇ ਸੰਕੋਚ ਤੋਂ ਕੰਮ ਲੈਣਾ ਪਵੇਗਾ। ਇਹ ਹੀ ਨਹੀਂ ਪਾਣੀ ਨੂੰ ਬਚਾਉਣ ਲਈ ਕੇਂਦਰ ਤੇ ਰਾਜ ਸਰਕਾਰਾਂ ਨੂੰ ਪਾਣੀ ਨੂੰ ਬਚਾਉਣ ਲਈ ਕੋਈ ਪੁਖ਼ਤਾ ਕਦਮ ਚੁੱਕਣੇ ਪੈਣਗੇ। ਹੁਣ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਦੀ ਲੋੜ ਮਹਿਸੂਸ ਕੀਤੀ ਜਾਣ ਲੱਗੀ ਹੈ। ਇਸ ਲਈ ਪਾਣੀ ਨੂੰ ਬਚਾਉਣ ਲਈ ਕਾਨੂੰਨਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ। ਕਿਸਾਨਾਂ ਨੂੰ ਘੱਟ ਪਾਣੀ ਵਾਲੀਆਂ ਫ਼ਸਲਾਂ ਉਗਾਉਣ ਦੀ ਸਲਾਹ ਦੇਣ ਦੇ ਨਾਲ ਨਾਲ ਇਸ ਤਰ੍ਹਾਂ ਦੇ ਬੀਜ ਵੀ ਤਿਆਰ ਕਰਨੇ ਚਾਹੀਦੇ ਹਨ। ਘਰਾਂ, ਪਾਰਕਾਂ ਅਤੇ ਸ਼ਹਿਰਾਂ ਵਿਚ ਅਜਾਈਂ ਡੁੱਲ੍ਹ ਰਹੇ ਪਾਣੀ ਨੂੰ ਬਚਾਉਣ ਤੋਂ ਰੋਕਣ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਸਹਾਰਾ ਲੈਣਾ ਚਾਹੀਦਾ ਹੈ।
ਖੇਤੀ ਮਾਹਿਰਾਂ ਦੀਆਂ ਟੀਮਾਂ ਨੂੰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਸਰਵੇਖਣ ਕਰਨ ਦੀ ਲੋੜ ਹੈ ਕਿ ਇਥੋਂ ਦੀ ਮਿੱਟੀ ਕਿਸ ਫ਼ਸਲ ਲਈ ਫ਼ਾਇਦੇਮੰਦ ਹੋ ਸਕਦੀ ਹੈ। ਉੱਥੇ ਉਸ ਤਰ੍ਹਾਂ ਦੀਆਂ ਫ਼ਸਲਾਂ ਨੂੰ ਉਗਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਦੀਆਂ ਫ਼ਸਲਾਂ ਦੇ ਮੰਡੀਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਪੰਜਾਬ ਦੇ ਕੁਝ ਇਲਾਕਿਆਂ ਵਿਚ ਫਲਾਂ ਤੇ ਸਬਜ਼ੀਆਂ ਲਈ ਭੂਮੀ ਉਪਯੋਗੀ ਹੈ, ਉਥੇ ਸਬਜ਼ੀਆਂ ਤੇ ਬਾਗ਼ਬਾਨੀ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦਾ ਕਿਸਾਨ ਬਰਕਤ ਭਰਪੂਰ ਤੇ ਮਿਹਨਤੀ ਹੈ। ਉਸ ਨੇ ਸਦੀਆਂ ਤੋਂ ਬੰਜਰ ਪਈਆਂ ਜ਼ਮੀਨਾਂ ’ਤੇ ਫ਼ਸਲਾਂ ਲਹਿਰਾਉਣ ਲਾ ਦਿੱਤੀਆਂ ਹਨ। ਉਸ ਨੂੰ ਇਸ ਸਮੇਂ ਸੇਧ ਦੀ ਲੋੜ ਹੈ ਤੇ ਰਵਾਇਤੀ ਫ਼ਸਲੀ ਚੱਕਰ ਤੋਂ ਉਸ ਨੂੰ ਕੱਢਿਆ ਜਾਵੇ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਕੇਂਦਰ ਤੇ ਰਾਜ ਸਰਕਾਰਾਂ ਮਿਲ ਕੇ ਖੇਤੀ ਨੀਤੀ ਬਣਾਉਣ ਕਿ ਬਾਕੀ ਫ਼ਸਲਾਂ ਦਾ ਵਧੀਆ ਮੰਡੀਕਰਨ ਹੋ ਸਕੇ।
ਸੰਪਰਕ: 73077-36899


Comments Off on ਝੋਨੇ ਦੀ ਫ਼ਸਲ ਦਾ ਬਦਲ ਲੱਭਣ ਦੀ ਲੋੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.