ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਝੋਨੇ ’ਚ ਪਾਣੀ ਦੇ ਸੁਚੱਜੇ ਪ੍ਰਬੰਧ ਦੇ ਨੁਕਤੇ

Posted On June - 22 - 2019

ਡਾ. ਬਲਵਿੰਦਰ ਸਿੰਘ ਢਿੱਲੋਂ
ਝੋਨਾ ਪੰਜਾਬ ਵਿੱਚ ਸਾਉਣੀ ਦੀ ਪ੍ਰਮੁੱਖ ਫ਼ਸਲ ਹੈ। ਇਹ ਫ਼ਸਲ ਵੱਧ ਤਾਪਮਾਨ, ਵਧੇਰੇ ਸਿੱਲ੍ਹ, ਲੰਮੇ ਸਮੇਂ ਲਈ ਸੂਰਜ ਦੀ ਰੋਸ਼ਨੀ ਤੇ ਯਕੀਨੀ ਪਾਣੀ ਪ੍ਰਬੰਧ ਵਾਲੇ ਇਲਾਕੇ ਲਈ ਬਹੁਤ ਢੁਕਵੀਂ ਹੈ। ਇਸ ਫ਼ਸਲ ਦੇ ਠੀਕ ਵਧਣ-ਫੁੱਲਣ ਲਈ 20 ਤੋਂ 37.5 ਡਿਗਰੀ ਸੈਂਟੀਗਰੇਡ ਤਾਪਮਾਨ ਬਹੁਤ ਚੰਗਾ ਹੈ। ਬੂਟੇ ਦੇ ਜਾੜ ਮਾਰਨ ਸਮੇਂ ਕੁਝ ਵਧੇਰੇ ਤਾਪਮਾਨ ਦੀ ਲੋੜ ਹੈ ਪਰ ਝੋਨੇ ਨੂੰ ਨਿਸਰਨ ਸਮੇਂ 26.5 ਤੋਂ 29.5 ਡਿਗਰੀ ਸੈਂਟੀਗ੍ਰੇਡ ਤਾਪਮਾਨ ਚਾਹੀਦਾ ਹੈ। ਨਿਰੰਤਰ ਪਾਣੀ ਵਿੱਚ ਰਹਿਣ ਕਰਕੇ ਇਸ ਫ਼ਸਲ ਵਿੱਚ ਨਦੀਨਾਂ ਦੀ ਸਮੱਸਿਆ ਘੱਟ ਹੁੰਦੀ ਹੈ ਅਤੇ ਕੁਝ ਖ਼ਾਸ ਪੌਸ਼ਟਿਕ ਤੱਤਾਂ ਦੀ ਉਪਲੱਬਧਤਾ ਜ਼ਿਆਦਾ ਹੁੰਦੀ ਹੈ। ਇਹ ਫ਼ਸਲ ਪਾਣੀ ਦੀ ਸਪਲਾਈ ਤੋਂ ਬਹੁਤ ਪ੍ਰਭਾਵਿਤ ਹੈ। ਝੋਨੇ ਨੂੰ ਰੋਜ਼ਾਨਾ 6-10 ਮਿਲੀਮੀਟਰ ਪਾਣੀ ਦੀ ਲੋੜ ਪੈਂਦੀ ਹੈ। ਝੋਨੇ ਨੂੰ ਪੂਰੇ ਸੀਜ਼ਨ ਵਿੱਚ ਕੁੱਲ 1200-1400 ਮਿਲੀਮੀਟਰ ਪਾਣੀ ਚਾਹੀਦਾ ਹੈ। ਇੱਕ ਕਿਲੋਗ੍ਰਾਮ ਚੌਲ ਪੈਦਾ ਕਰਨ ਲਈ 2000-3000 ਲਿਟਰ ਪਾਣੀ ਲਗਦਾ ਹੈ। ਖਾਰਾ ਪਾਣੀ ਇਸ ਫ਼ਸਲ ਲਈ ਉੱਚਿਤ ਨਹੀਂ ਹੈ।
ਝੋਨੇ ਵਿੱਚ ਪਾਣੀ ਪ੍ਰਬੰਧਨ ਦੀਆਂ ਸਿਫ਼ਾਰਸ਼ਾਂ:
ਘੱਟ ਸਮਾਂ ਲੈਣ ਵਾਲੀਆਂ ਉੱਨਤ ਕਿਸਮਾਂ: ਪੀਏਯੂ ਨੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ ਆਰ 121, ਪੀ ਆਰ 122, ਪੀ ਆਰ 124, ਪੀ ਆਰ 126 ਅਤੇ ਪੀ ਆਰ 127 ਵਿਕਸਿਤ ਕੀਤੀਆਂ ਹਨ। ਇਹ ਮੌਜੂਦਾ ਹਾਲਾਤ ਵਿੱਚ ਖੇਤੀ ਲਈ ਬੇਹੱਦ ਢੁੱਕਵੀਆਂ ਹਨ। ਇਹ ਘੱਟ ਸਮੇਂ ਵਿੱਚ ਅਤੇ ਘੱਟ ਪਾਣੀ ਦੀ ਖ਼ਪਤ ਨਾਲ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਹਨ। ਘੱਟ ਸਮੇਂ ਵਾਲੀਆਂ (120 ਦਿਨਾਂ) ਕਿਸਮਾਂ ਨੂੰ ਆਮ ਪੈਦਾਵਾਰ ਲਈ 100-120 ਸੈਂਟੀਮੀਟਰ ਪਾਣੀ ਦੀ ਲੋੜ ਹੁੰਦੀ ਹੈ। ਇਨ੍ਹਾਂ ਵਿੱਚੋਂ ਪੀ ਆਰ 126 ਵਿਸ਼ੇਸ਼ ਤੌਰ ’ਤੇ ਉਭਰਵੇਂ ਗੁਣਾਂ ਕਰਕੇ ਪ੍ਰਭੁੱਲਿਤ ਹੈ। ਇਹ ਘੱਟ ਸਮੇਂ ਵਿੱਚ ਪਨੀਰੀ ਦੀ ਲੁਆਈ ਤੋਂ 93 ਦਿਨ ਦੇ ਅੰਦਰ ਪੱਕਦੀ ਹੈ ਅਤੇ ਝਾੜ ਦੇ ਮਾਮਲੇ ਵਿੱਚ ਵਧੇਰੇ ਸਮਾਂ ਲੈਣ ਵਾਲੀਆਂ ਕਿਸਮਾਂ ਤੋਂ ਵੀ ਵਧੀਆ ਸਾਬਤ ਹੋਈ ਹੈ। ਘੱਟ ਸਮਾਂ ਲੈਣ ਕਰਕੇ ਇਹ ਕਿਸਮ ਹਨੇਰੀ, ਝੱਖੜ, ਸੋਕਾ, ਭਾਰੀ ਮੀਂਹ ਆਦਿ ਦੇ ਪ੍ਰਭਾਵ ਅਤੇ ਕੀੜੇ-ਮਕੌੜੇ ਬਿਮਾਰੀਆਂ ਦੇ ਹਮਲੇ ਤੋਂ ਬਚ ਜਾਂਦੀ ਹੈ। ਇਸ ਕਰਕੇ ਇਸ ਦੀ ਕਾਸ਼ਤ ਉੱਪਰ ਖ਼ਰਚੇ ਵੀ ਘਟ ਜਾਂਦੇ ਹਨ। ਇਸ ਤੋਂ ਇਲਾਵਾ ਪਰਾਲੀ ਦੀ ਸਾਂਭ-ਸੰਭਾਲ ਵੀ ਸੌਖੀ ਅਤੇ ਸੁਚੱਜੀ ਹੋ ਜਾਂਦੀ ਹੈ। ਘੱਟ ਸਮੇਂ ਵਿੱਚ ਪੱਕਣ ਕਰਕੇ ਫ਼ਸਲੀ ਚੱਕਰ ਵਿੱਚ ਤੀਜੀ ਫ਼ਸਲ ਵੀ ਬੀਜੀ ਜਾ ਸਕਦੀ ਹੈ। ਇਸ ਨਾਲ ਕਿਸਾਨ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ। ਇਨ੍ਹਾਂ ਕਾਰਨਾਂ ਕਰਕੇ ਪਹਿਲੇ ਸਾਲ ਹੀ ਇਸ ਕਿਸਮ ਦੀ 14 ਫ਼ੀਸਦੀ ਰਕਬੇ ਵਿੱਚ ਕਾਸ਼ਤ ਕੀਤੀ ਗਈ।
ਪਨੀਰੀ ਲਾਉਣ ਦਾ ਸਮਾਂ: ਝੋਨਾ ਜੂਨ ਦੇ ਸ਼ੁਰੂ ਵਿਚ ਲਗਾਉਣ ਨਾਲ ਜ਼ਿਆਦਾ ਗਰਮੀ ਹੋਣ ਕਰਕੇ ਅਤੇ ਹਵਾ ਵਿੱਚ ਨਮੀ ਦੀ ਮਾਤਰਾ ਘੱਟ ਹੋਣ ਕਰਕੇ ਵਾਸ਼ਪੀਕਰਨ ਜ਼ਿਆਦਾ ਹੁੰਦਾ ਹੈ। ਇਸ ਨਾਲ ਪਾਣੀ ਦੀ ਖ਼ਪਤ ਬਹੁਤ ਜ਼ਿਆਦਾ ਵਧ ਜਾਂਦੀ ਹੈ। ਜੇ ਝੋਨਾ 13 ਜੂਨ ਤੋਂ ਬਾਅਦ ਲਗਾਇਆ ਜਾਵੇ ਤਾਂ ਇਸ ਮਹੀਨੇ ਦੇ ਅਖੀਰ ਵਿੱਚ ਬਰਸਾਤ ਸ਼ੁਰੂ ਹੋਣ ਨਾਲ ਹਵਾ ਵਿੱਚ ਨਮੀ ਵਧਣ ਕਰ ਕੇ ਪਾਣੀ ਦਾ ਵਾਸ਼ਪੀਕਰਨ ਘਟ ਜਾਂਦਾ ਹੈ। ਇਸ ਨਾਲ ਪਾਣੀ ਦੀ ਖ਼ਪਤ ਘਟ ਜਾਂਦੀ ਹੈ।
ਖਾਦ ਪ੍ਰਬੰਧਨ: ਰੂੜੀ, ਗੰਡੋਇਆਂ ਜਾਂ ਹਰੀ ਖਾਦ ਦੀ ਵਰਤੋਂ ਨਾਲ ਝੋਨੇ ਦੀ ਫ਼ਸਲ ਵਿੱਚ ਪਾਣੀ ਦਾ ਵਾਸ਼ਪੀਕਰਨ ਘੱਟ ਹੋਵੇਗਾ ਅਤੇ ਜ਼ਮੀਨ ਵਿੱਚ ਵੀ ਪਾਣੀ ਘੱਟ ਰਿਸੇਗਾ। ਰੂੜੀ ਦੀ ਖਾਦ ਜਾਂ ਹਰੀ ਖਾਦ ਨੂੰ ਮਿੱਟੀ ਵਿੱਚ ਮਿਲਾਉਣ ਨਾਲ ਲੂਣ ਦੇ ਮਾੜੇ ਅਸਰ ਨੂੰ ਘੱਟ ਕਰ ਸਕਦੇ ਹਾਂ। ਰੂੜੀ ਦੀ ਖਾਦ ਜਾਂ ਗੰਡੋਇਆਂ ਦੀ ਖਾਦ ਜਾਂ ਹਰੀ ਖਾਦ ਨੂੰ ਮਿੱਟੀ ਵਿੱਚ ਰਲਾਉਣ ਨਾਲ ਹਲਕੀਆਂ ਜ਼ਮੀਨਾਂ ਵਿੱਚ ਪਾਣੀ ਦੀ ਸਮਰੱਥਾ ਵਧ ਜਾਂਦੀ ਹੈ।
ਸਿੰਜਾਈ ਪ੍ਰਬੰਧਨ: ਝੋਨੇ ਦੀ ਲੁਆਈ ਤੋਂ ਪਹਿਲੇ ਦੋ ਹਫ਼ਤੇ ਤੱਕ ਖੇਤ ਵਿਚ ਪਾਣੀ ਖੜ੍ਹਾ ਰੱਖਣ ਦੀ ਜ਼ਰੂਰਤ ਹੁੰਦੀ ਹੈ ਅਤੇ ਉਸ ਤੋਂ ਬਾਅਦ ਪਾਣੀ ਪਹਿਲੇ ਪਾਣੀ ਦੇ ਜ਼ੀਰਨ ਤੋਂ ਦੋ ਦਿਨ ਵਕਫ਼ੇ ’ਤੇ ਲਾਉਣ ਨਾਲ ਪੂਰਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਵੀ ਘਟਦਾ ਹੈ। ਨਿਰੰਤਰ ਪਾਣੀ ਖੜ੍ਹਾ ਕਰਕੇ ਰੱਖਣ ਦੇ ਮੁਕਾਬਲੇ, ਪਾਣੀ ਦਾ ਪੱਧਰ 5 ਤੋਂ 8 ਸੈਂਟੀਮੀਟਰ ਰੱਖਣ ਨਾਲ 50 ਫ਼ੀਸਦੀ ਤੱਕ ਪਾਣੀ ਦੀ ਬੱਚਤ ਕਰ ਸਕਦੇ ਹਾਂ ਅਤੇ ਅਜਿਹਾ ਕਰਨ ਨਾਲ ਝੋਨੇ ਦੇ ਝਾੜ ਵਿੱਚ ਕੋਈ ਗਿਰਾਵਟ ਨਹੀਂ ਆਉਂਦੀ।
ਟੈਂਸ਼ੀਓਮੀਟਰ ਅਨੁਸਾਰ ਝੋਨੇ ਦੀ ਸਿੰਜਾਈ: ਝੋਨੇ ਵਿੱਚ ਜ਼ਰੂਰਤ ਅਨੁਸਾਰ ਪਾਣੀ ਲਗਾਉਣ ਲਈ, ਟੈਂਸ਼ੀਓਮੀਟਰ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਫ਼ਸਲ ਦੀ ਸਿੰਜਾਈ ਲਈ ਢੁੱਕਵਾਂ ਸਮਾਂ ਪਤਾ ਕਰਨ ਲਈ ਇਹ ਵਿਧੀ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਾਸਤੇ ਫ਼ਾਇਦੇਵੰਦ ਹੈ। ਟੈਂਸ਼ੀਓਮੀਟਰ ਵਿੱਚ ਬਾਹਰਲੀ ਟਿਊਬ ਦੇ ਉੱਪਰਲੇ ਪਾਸੇ ਹਰੀ, ਪੀਲੀ ਅਤੇ ਲਾਲ ਰੰਗ ਦੀਆਂ ਪੱਟੀਆਂ ਲੱਗੀਆਂ ਹੁੰਦੀਆਂ ਹਨ। ਖੇਤ ਵਿੱਚ ਲਗਾਉਣ ਤੋਂ ਪਹਿਲਾਂ ਟੈਂਸ਼ੀਓਮੀਟਰ ਨੂੰ ਪਾਣੀ ਨਾਲ ਭਰਨ ਤੋਂ ਬਾਅਦ ਕਾਰਕ ਲਗਾ ਦਿੱਤਾ ਜਾਂਦਾ ਹੈ। ਖੇਤ ਵਿਚ ਝੋਨਾ ਲੱਗਣ ਤੋਂ ਦੋ ਹਫ਼ਤੇ ਤੱਕ ਪਾਣੀ ਖੜ੍ਹਾ ਰੱਖਣ ਤੋਂ ਬਾਅਦ ਕਿਸੇ ਪਾਈਪ ਨਾਲ ਟੈਂਸ਼ੀਓਮੀਟਰ ਦੇ ਅਕਾਰ ਦਾ 8 ਇੰਚ ਡੂੰਘਾ ਸੁਰਾਖ ਕਰ ਲਵੋ। ਇਸ ਸੁਰਾਖ ਵਿਚ ਪਾਣੀ ਨਾਲ ਭਰੇ ਟੈਂਸ਼ੀਓਮੀਟਰ ਨੂੰ ਲਗਾ ਕੇ ਖਾਲੀ ਦਰਜਾਂ ਨੂੰ ਮਿੱਟੀ ਅਤੇ ਪਾਣੀ ਦੇ ਘੋਲ ਨਾਲ ਭਰ ਦਿਓ, ਤਾਂ ਜੋ ਟੈਂਸ਼ੀਓਮੀਟਰ ਕੱਪ ਦਾ ਜ਼ਮੀਨ ਨਾਲ ਵਧੀਆ ਸਬੰਧ ਬਣ ਜਾਵੇ। ਜਿਵੇਂ-ਜਿਵੇਂ ਖੇਤ ਵਿੱਚ ਪਾਣੀ ਘਟੇਗਾ, ਟੈਂਸ਼ੀਓਮੀਟਰ ਦੀ ਅੰਦਰਲੀ ਟਿਊਬ ਵਿੱਚ ਵੀ ਪਾਣੀ ਦਾ ਪੱਧਰ ਘੱਟਦਾ ਜਾਵੇਗਾ। ਜਦੋਂ ਟੈਂਸ਼ੀਓਮੀਟਰ ਵਿੱਚ ਪਾਣੀ ਦਾ ਪੱਧਰ ਹਰੀ ਪੱਟੀ ਤੋਂ ਪੀਲੀ ਪੱਟੀ ਵਿੱਚ ਦਾਖ਼ਲ ਹੁੰਦਾ ਹੈ ਤਾਂ ਝੋਨੇ ਨੂੰ ਪਾਣੀ ਲਗਾਉਣ ਦੀ ਲੋੜ ਹੁੰਦੀ ਹੈ। ਟੈਂਸ਼ੀਓਮੀਟਰ ਦੀ ਵਰਤੋਂ ਕਰਨ ਨਾਲ ਤਕਰੀਬਨ 25-30 ਫ਼ੀਸਦੀ ਪਾਣੀ ਦੀ ਬੱਚਤ ਹੁੰਦੀ ਹੈ। ਇਹ ਟੈਂਸ਼ੀਓਮੀਟਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨ ਵਿਭਾਗ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਸੰਪਰਕ: 94654-20097


Comments Off on ਝੋਨੇ ’ਚ ਪਾਣੀ ਦੇ ਸੁਚੱਜੇ ਪ੍ਰਬੰਧ ਦੇ ਨੁਕਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.