ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਜਾਂਚ, ਸਜ਼ਾ, ਮੁਆਵਜ਼ਾ – ਲੋਕ ਵਫ਼ਾ ਏਨੀ ਸੀਮਤ ਕਿਉਂ ?

Posted On June - 24 - 2019

ਐੱਸ ਪੀ ਸਿੰਘ*

ਛੋਟਾ ਜਿਹਾ ਫਤਿਹਵੀਰ ਬੋਰਵੈੱਲ ’ਚ ਡਿੱਗ ਗਿਆ, ਸਾਥੋਂ ਕੱਢਿਆ ਨਹੀਂ ਗਿਆ। ਨੌਜਵਾਨ ਜਸਪਾਲ ਸਿੰਘ ਪੁਲੀਸ ਦੀ ਹਿਰਾਸਤ ’ਚ ਮਾਰਿਆ ਗਿਆ। ਦਿੱਲੀ ’ਚ ਪੁਲੀਸ ਨੇ ਪਿਓ-ਪੁੱਤ ਦੋ ਨਾਗਰਿਕਾਂ ਦੀ ਜੋੜੀ ਨੂੰ ਸਰੇ-ਬਾਜ਼ਾਰ ਬੇਤਹਾਸ਼ਾ ਕੁੱਟਿਆ। ਇਨ੍ਹਾਂ ਤਿੰਨਾਂ ਹੀ ਘਟਨਾਵਾਂ ਨਾਲ ਪੰਜਾਬੀ ਜਨਸਮੂਹ ਨੇ ਇੱਕ ਸਾਂਝ ਬਣਾਈ। ਤਿੰਨਾਂ ਘਟਨਾਵਾਂ ਨੇ ਇਹ ਵੀ ਮੁੜ ਰੇਖਾਂਕਿਤ ਕੀਤਾ ਕਿ ਸਾਡੀ ਸਿਆਸਤ ਅਤੇ ਨੇਤਾ ਕਿਵੇਂ ਅਸਲੋਂ ਹੀ ਨਾਗਰਿਕ ਅਤੇ ਕਾਨੂੰਨ ਤੋਂ ਤੋੜ-ਵਿਛੋੜਾ ਕਰੀ ਬੈਠੇ ਹਨ।
ਕਿਸੇ ਅਜਨਬੀ ਦਾ ਅੰਞਾਣਾ ਬਾਲ ਮੇਲੇ ਵਿੱਚ ਖਿਡੌਣੇ ਪਿੱਛੇ ਵਿਲਕਦਾ ਹੋਵੇ ਤਾਂ ਰਾਹ ਚੱਲਦਿਆਂ ਦੀਆਂ ਆਂਦਰਾਂ ਵਲੂੰਧਰੀਆਂ ਜਾਂਦੀਆਂ ਹਨ। ਫਿਰ ਦੋ ਸਾਲ ਦਾ ਫ਼ਤਹਿਵੀਰ ਤਾਂ ਸਵਾ ਸੌ ਫੁੱਟ ਡੂੰਘੇ ਬੋਰਵੈੱਲ ’ਚ ਡਿੱਗਿਆ ਸੀ।
24 x 7 ਟੀਵੀ ਦੇ ਕੈਮਰੇ ਅਤੇ ਸੋਸ਼ਲ ਮੀਡੀਆ ’ਤੇ ਮਿੰਟ-ਮਿੰਟ ਦਾ ਹਾਲ – ਸਾਡਾ ਸਾਂਝਾ ਅੰਦਰਲਾ, ਪ੍ਰਸ਼ਾਸਨ ਦੀ ਨਾਅਹਿਲੀ ਅਤੇ ਨਾਲਾਇਕੀ ਤੋਂ ਖਿੱਝਿਆ ਪਿਆ ਸੀ। ਅੰਞਾਣੇ ਬਾਲ ਨੂੰ ਬਚਾਉਣ ਲਈ ਹਰ ਸਲਾਹ ਸੁਣ ਰਿਹਾ ਸੀ। ਇਸ ਕੰਮ ਵਿੱਚ ਆਪਣੇ-ਆਪਣੇ ਅਕੀਦੇ ਅਨੁਸਾਰ ਰੱਬ ਨੂੰ ਵੀ ਡਿਊਟੀ ਵਿੱਚ ਕੁਤਾਹੀ ਨਾ ਵਰਤਣ ਲਈ ਮੁਖਾਤਬ ਹੋ ਰਿਹਾ ਸੀ। ਜਦੋਂ ਫਤਹਿਵੀਰ ਦੇ ਵਿਛੋੜੇ ਦੀ ਖ਼ਬਰ ਮਿਲੀ ਤਾਂ ਵਿਰਲੀ ਕੋਈ ਅੱਖ ਹੋਵੇਗੀ ਜਿਹੜੀ ਭਰ ਨਾ ਆਈ ਹੋਵੇ। ਜਾਂਦਾ ਜਾਂਦਾ ਪਿਆਰ ਉਹ ਏਨਾ ਕੁ ਅਜਨਬੀਆਂ ਤੋਂ ਲੈ ਗਿਆ ਕਿ ਕਈ ਤਾਂ ਉਹਦੀ ਖਾਤਰ ਉਹਦੇ ਘਰ ਵਾਲਿਆਂ ਤੇ ਵਰ੍ਹ ਰਹੇ ਸਨ ਜਿਨ੍ਹਾਂ ਬਾਲ ਦੀ ਉਂਗਲ ਛੱਡਣ ਦੀ ਬੱਜਰ ਗਲਤੀ ਕੀਤੀ।
ਨੌਜਵਾਨ ਜਸਪਾਲ ਸਿੰਘ ਲਈ ਹਜ਼ਾਰਾਂ ਲੋਕ ਕਈ ਕਿਲੋਮੀਟਰ ਲੰਬੇ ਮਾਰਚ ਵਿੱਚ ਤੁਰੇ ਸਨ। ਪੁਲਸੀਆ ਜਬਰ ਵਿਰੁੱਧ ਨਾਅਰੇ, ਵੱਟੀਆਂ ਮੁੱਠੀਆਂ ਅਤੇ ਤੁਰ ਗਏ ਦੇ ਪਰਿਵਾਰ ਨਾਲ ਹਮਦਰਦੀ – ਇਸ ਸਭ ਦਾ ਰੋਹ-ਭਰਿਆ ਪ੍ਰਦਰਸ਼ਨ ਨਜ਼ਰ ਆ ਰਿਹਾ ਸੀ।
ਦਿੱਲੀ ਵਿੱਚ 45-ਸਾਲਾ ਸਰਬਜੀਤ ਅਤੇ ਉਹਦੇ ਅੱਲ੍ਹੜ ਉਮਰ ਦੇ ਪੁੱਤਰ ਨੂੰ ਵਹਿਸ਼ੀਆਨਾ ਢੰਗ ਨਾਲ ਸੜਕ ’ਤੇ ਕੁੱਟਦੇ ਪੁਲੀਸ ਦੇ ਲੱਠਮਾਰਾਂ ਦੀ ਫ਼ਿਲਮ ਵੇਖ ਇੱਕ ਵੱਡੀ ਭੀੜ ਭੜਕ ਉੱਠੀ ਸੀ। ਲੋਕਾਂ ਨੂੰ ਇਹ ਦਲੀਲ ਬਿਲਕੁਲ ਵੀ ਗਵਾਰਾ ਨਹੀਂ ਸੀ ਕਿ ਪਹਿਲੋਂ ਸਰਬਜੀਤ ਨੇ ਪੁਲੀਸ ਨਾਲ ਆਢਾ ਡਾਹਿਆ ਸੀ। ਕਾਨੂੰਨ ਦੇ ਬੱਝਿਆਂ ਨੇ ਕਾਨੂੰਨ ਆਪਣੇ ਹੱਥ ਵਿੱਚ ਲਿਆ ਸੀ, ਇਸ ਦਾ ਰੋਸਾ ਸੀ। ਪਰ ਫ਼ਤਹਿਵੀਰ, ਜਸਪਾਲ ਅਤੇ ਸਰਬਜੀਤ ਨਾਲ ਜੋ ਵਾਪਰਿਆ, ਉਸ ਵਿੱਚ ਇੱਕ ਅਜੀਬ ਸਾਂਝ ਦਿਖਾਈ ਦੇਂਦੀ ਹੈ।
ਇਨ੍ਹਾਂ ਤਿੰਨਾਂ ਨਾਲ ਵਾਪਰੇ ਦਾ ਖ਼ਲਕਤ ਨੂੰ ਰੋਸ ਹੈ। ਤਿੰਨਾਂ ਹੀ ਹਾਦਸਿਆਂ ਵਿੱਚ ਭੀੜ ਉਮੜ ਕੇ ਬਾਹਰ ਨਿਕਲੀ। ਹਰ ਵਾਰੀ ਭੀੜ ਦੇ ਗੁੱਸੇ ਦਾ ਨਿਸ਼ਾਨਾ ਸੱਤਾ ਸੀ। ਅਜਿਹੇ ਹਰ ਘਟਨਾਕ੍ਰਮ ਤੋਂ ਬਾਅਦ ਜਨਤਕ ਮੰਗ ਦਾ ਇੱਕ ਰਵਾਇਤੀ ਸਰੂਪ ਬਣ ਚੁੱਕਿਆ ਹੈ – ‘‘ਜਾਂਚ ਕਰਵਾਓ, ਦੋਸ਼ੀਆਂ ਨੂੰ ਸਜ਼ਾ ਦਿਓ ਅਤੇ ਮੁਲਜ਼ਮ ਨੂੰ ਮੁਆਵਜ਼ਾ ਦਿੱਤਾ ਜਾਵੇ।’’
ਉਮੜੀਆਂ ਭੀੜਾਂ ਦੀ ਪ੍ਰਤੀਬੱਧਤਾ ਨੂੰ ਸਿਜਦਾ ਕਰਦਿਆਂ ਇਹ ਕਹਿਣ ਦਾ ਵਕਤ ਆ ਗਿਆ ਹੈ ਕਿ ਬੁਲੰਦ ਆਵਾਜ਼ ਨਾਅਰਿਆਂ ਅਤੇ ਵੱਟੀਆਂ ਮੁੱਠੀਆਂ ਨੇ ਫ਼ਤਹਿਵੀਰ, ਜਸਪਾਲ ਅਤੇ ਸਰਬਜੀਤ ਨਾਲ ਆਪਣੀ ਵਫ਼ਾ ਬੜੀ ਸੀਮਤ ਹੱਦ ਤਕ ਹੀ ਨਿਭਾਈ। ਉਨ੍ਹਾਂ ਭੀੜਾਂ ਨੂੰ ਪਹਿਲੋਂ ਸਿਜਦਾ ਇਸ ਲਈ ਜ਼ਰੂਰੀ ਹੈ ਕਿ ਹਰ ਵਾਰੀ ਅਜਿਹੀਆਂ ਜਨਤਕ ਲੜਾਈਆਂ ਵਿੱਚ ਇਹੋ ਲੋਕ ਬਾਹਰ ਨਿਕਲ ਕੇ ਆਉਂਦੇ ਹਨ। ਤਨਕੀਦ ਇਸ ਲਈ ਜ਼ਰੂਰੀ ਹੈ ਤਾਂ ਕਿ ਖ਼ਲਕਤ ਦੀ ਫ਼ਤਹਿਵੀਰ, ਜਸਪਾਲ ਜਾਂ ਸਰਬਜੀਤ ਨਾਲ ਵਫ਼ਾ ਦੂਰ ਤੱਕ ਨਿਭੇ।
ਜਿੱਤ ਅਗਲੀ ਵਾਰੀ ਕਿਸੇ ਫ਼ਤਹਿਵੀਰ ਨੂੰ ਖੂਹ ਵਿੱਚ ਡਿੱਗਣੋਂ ਰੋਕਣ ਵਿੱਚ ਹੈ। ਲੜਾਈ ਦਾ ਹਾਸਲ ਭਵਿੱਖ ਵਿੱਚ ਕਿਸੇ ਜਸਪਾਲ ਜਾਂ ਸਰਬਜੀਤ ਨੂੰ ਤਸ਼ੱਦਦ ਤੋਂ ਬਚਾਉਣਾ ਹੀ ਹੋ ਸਕਦਾ ਹੈ। ਜੇ ਇਨ੍ਹਾਂ ਲੜਾਈਆਂ ਵਿੱਚ ਜਿੱਤ ਦੀ ਪ੍ਰਾਪਤੀ ਵੀ ਭਵਿੱਖ ਦੇ ਕਿਸੇ ਫ਼ਤਹਿਵੀਰ, ਜਸਪਾਲ ਜਾਂ ਸਰਬਜੀਤ ਦੇ ਕੰਮ ਨਾ ਆਵੇ ਤਾਂ ਸਾਨੂੰ ਆਪਣੀਆਂ ਵਿਉਂਤਬੰਦੀਆਂ ਮੁੜ ਵਿਚਾਰਨੀਆਂ ਚਾਹੀਦੀਆਂ ਹਨ।
ਬਹਿਸ ਦਾ ਇਸ ਤੋਂ ਅੱਗੇ ਜਾਣਾ ਬਹੁਤ ਜ਼ਰੂਰੀ ਹੈ ਕਿ ਫ਼ਤਹਿਵੀਰ ਨੂੰ ਖੂਹ ਵਿੱਚੋਂ ਕਿਵੇਂ ਕੱਢਿਆ ਜਾ ਸਕਦਾ ਸੀ। ਪ੍ਰਸ਼ਾਸਨ ਦੀਆਂ ਕੁਤਾਹੀਆਂ ਦੀ ਜ਼ਿੰਮੇਵਾਰੀ ਸੁਨਿਸ਼ਚਿਤ ਕਰਨ ਦਾ ਕੋਈ statutory mechanism ਨਹੀਂ ਹੈ। ਨੈਸ਼ਨਲ ਡਿਜਾਸਟਰ ਰਿਲੀਫ ਫੋਰਸ (NDRF) ਨੇ ਹਾਦਸੇ ਤੋਂ ਬਾਅਦ ਕਿਹੜੀਆਂ ਤਰੁੱਟੀਆਂ ਦੀ ਨਿਸ਼ਾਨਦੇਹੀ ਕੀਤੀ, ਇਸ ਬਾਰੇ ਅਸੀਂ ਹਨੇਰੇ ਵਿੱਚ ਹਾਂ। ਕੱਲ੍ਹ ਨੂੰ ਜੇ ਹੜ੍ਹ ਆ ਜਾਵੇ ਜਾਂ ਕਿਤੇ ਅੱਗ ਲੱਗ ਜਾਵੇ ਤਾਂ ਪ੍ਰਸ਼ਾਸਨ ਦੀ ਸਥਿਤੀ ਨਾਲ ਨਿਪਟਣ ਦੀ ਕੀ ਤਿਆਰੀ ਹੈ? ਸ਼ਹਿਰ ਵਿੱਚ ਇੱਕੋ ਸਮੇਂ ਤਿੰਨ ਥਾਂ ਅੱਗ ਲੱਗ ਜਾਵੇ ਤਾਂ ਕਿੰਨਾ ਅਮਲਾ-ਫੈਲਾ ਅਤੇ ਕਿਸ ਕਿਸਮ ਦੀ ਮਸ਼ੀਨਰੀ ਉਪਲੱਬਧ ਹੈ? ਅਖ਼ਬਾਰੀ ਕਾਲਮ ਵਿੱਚ ਸ਼ਬਦ ਗਿਣਕੇ ਹਿੱਸੇ ਆਉਂਦੇ ਹਨ, ਇਸ ਲਈ ਅੱਗ-ਬੁਝਾਊ ਗੱਡੀਆਂ, ਉੱਚੀਆਂ ਇਮਾਰਤਾਂ ਤੱਕ ਪਹੁੰਚ ਕਰਨ ਲਈ ਸਵੈਚਾਲਿਤ ਆਧੁਨਿਕ ਪੌੜੀਆਂ, ਜਲ ਭੰਡਾਰਾਂ, ਅਮਲਾ ਫੈਲਾ ਅਤੇ ਉਹਦੀ ਟ੍ਰੇਨਿੰਗ ਬਾਰੇ ਅੰਕੜਿਆਂ ਦੀ ਤਫ਼ਸੀਲ ਮੈਂ ਇੱਥੇ ਨਹੀਂ ਦੇ ਰਿਹਾ। ਬੱਸ ਇੰਨਾ ਹੀ ਵਿਸ਼ਵਾਸ ਕਰ ਲਵੋ ਕਿ ਪੜ੍ਹ ਕੇ ਤੁਹਾਡਾ ਤ੍ਰਾਹ ਨਿਕਲ ਜਾਣਾ ਸੀ।
ਬੋਰ ਵਿੱਚ ਫ਼ਤਹਿਵੀਰ ਡਿੱਗਿਆ ਤਾਂ ਸਰਕਾਰੀ ਟਵੀਟ ਆ ਗਿਆ ਕਿ ਚੌਵੀ ਘੰਟਿਆਂ ਵਿੱਚ ਇਨ੍ਹਾਂ ਜਾਣ-ਲੈਣੀਆਂ ਮੋਰੀਆਂ ਉੱਤੇ ਢੱਕਣ ਜੜ੍ਹ ਦਿੱਤੇ ਜਾਣ। ਜਿਸ ਦਿਨ ਮੇਰਾ ਤੁਹਾਡਾ ਬੱਚਾ ਛੱਤ ਉੱਤੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਚਿਪਕ, ਝੁਲਸ ਜਾਸੀ, ਤੁਸਾਂ ਇਹ ਵੀ ਯਕੀਨ ਕਰਨਾ ਕਿ ਸ਼ਾਮ ਤੱਕ ਸਰਕਾਰੀ ਇੱਕ ਟਵੀਟ ਵੀ ਆਸੀ। ਅਫ਼ਸਰਾਂ ਨੂੰ ਫ਼ਿਰ ਹੁਕਮ ਹੋਸੀ ਕਿ ਚੌਵੀ ਘੰਟਿਆਂ ਵਿੱਚ ਉਨ੍ਹਾਂ ਛੱਤਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਜਿੱਥੇ ਮੌਤ ਕੋਠਿਆਂ ਉੱਤੋਂ ਸਰਕਾਰੀ ਤੌਰ ਉੱਤੇ ਲਟਕਾਈ ਗਈ ਹੈ। ਫ਼ਤਹਿਵੀਰ ਦੀ ਕੁਰਬਾਨੀ ਅਜੇ ਢੱਕਣ ਹੀ ਲਵਾ ਸਕੀ ਹੈ, ਛੱਤਾਂ ਤੋਂ ਤਾਰਾਂ ਹਟਵਾਉਣ ਲਈ ਕਿਸੇ ਨੇ ਅਜੇ ਆਪਣੇ ਬੱਚੇ ਦੀ ਆਹੂਤੀ ਦੇਣੀ ਹੈ।

ਐੱਸ ਪੀ ਸਿੰਘ*

ਜਸਪਾਲ ਜਾਂ ਸਰਬਜੀਤ ਪੁਲਸੀਆ ਤਸ਼ੱਦਦ ਦਾ ਸ਼ਿਕਾਰ ਕਿਉਂ ਹੋਏ? ਇਸ ਲਈ ਕਿਉਂ ਜੋ ਅਸੀਂ ਇੱਕ ਅਜਿਹੀ ਪੁਲੀਸ ਸ਼ਕਤੀ ਦਾ ਨਿਰਮਾਣ ਕਰ ਲਿਆ ਹੈ ਜਿਸ ਉੱਤੇ ਇਸੇ ਢੰਗ ਨਾਲ ਵਿਚਰਨ ਦਾ ਬੋਝ ਲੱਦ ਦਿੱਤਾ ਗਿਆ ਹੈ।
ਕਿਸੇ ਭਰਵੇਂ ਜੁੱਸੇ ਅਤੇ ਕੜਕ ਸੁਭਾਅ ਵਾਲੇ ਅਤਿ-ਗ਼ਰੀਬ ਵਿਅਕਤੀ ਨੂੰ ਇਹ ਪੇਸ਼ਕਸ਼ ਕਰ ਵੇਖੋ ਕਿ ਉਹ ਕੁਝ ਹਜ਼ਾਰ ਰੁਪਏ ਲੈ ਕੇ ਕਿਸੇ ਪੰਜਾਹ ਸਾਲ ਦੇ ਚਿੱਟੀ ਦਾੜ੍ਹੀ ਵਾਲੇ ਆਦਮੀ ਨੂੰ ਕਮਰੇ ਵਿੱਚ ਘਸੁੰਨ-ਮੁੱਕੇ ਜੜੇ, ਲੱਤਾਂ ਨਾਲ ਹੁੱਜਾਂ ਮਾਰੇ ਅਤੇ ਬੈਲਟ ਨਾਲ ਉਹਦੀ ਚਮੜੀ ਉਧੇੜ ਦੇਵੇ। ਤੁਹਾਡੀ ਗੱਲ ਪੂਰੀ ਹੋਣ ਤੋਂ ਪਹਿਲਾਂ ਉਹ ਤੁਹਾਡਾ ਗਿਰੇਬਾਨ ਹੱਥ ਵਿੱਚ ਫੜ ਪੁੱਛ ਰਿਹਾ ਹੋਵੇਗਾ ਕਿ ਤੁਸਾਂ ਹੌਸਲਾ ਕਿਵੇਂ ਕੀਤਾ ਇਹ ਸੋਚਣ ਦਾ ਵੀ ਕਿ ਉਹ ਕਿਸੇ ਨੂੰ ਇਉਂ ਕੁੱਟ ਸਕਦਾ ਹੈ। ਹੋ ਸਕਦਾ ਹੈ ਉਹ ਪੈਸੇ-ਪੈਸੇ ਦਾ ਮੁਥਾਜ ਹੋਵੇ ਪਰ ਹਜ਼ਾਰਾਂ ਰੁਪਏ ਲਈ ਵੀ ਉਹ ਵਹਿਸ਼ੀ ਦਰਿੰਦਾ ਬਣਨ ਤੋਂ ਇਨਕਾਰੀ ਹੋਵੇਗਾ। ਫਿਰ ਪੁਲੀਸ ਵਿੱਚ ਵੀ ਤਾਂ ਨਾਗਰਿਕ ਹੀ ਭਰਤੀ ਹੁੰਦੇ ਹਨ।
ਵਰਦੀ ਵਿੱਚ ਇਹ ਕੈਸਾ ਵਿਚਰਨ, ਕੈਸੀ ਟ੍ਰੇਨਿੰਗ ਹੁੰਦੀ ਹੈ ਕਿ ਕੋਈ ਜਸਪਾਲ ਸਿੰਘ ਨੂੰ ਕੁੱਟ-ਕੁੱਟ ਮਾਰ ਦਿੰਦਾ ਹੈ, ਫਿਰ ਕੋਈ ਉਹਦੀ ਲਾਸ਼ ਖੁਰਦ-ਬੁਰਦ ਕਰਦਾ ਹੈ? ਕਿਉਂ ਹੱਟੇ-ਕੱਟੇ ਵਰਦੀਧਾਰੀਆਂ ਦਾ ਗਰੋਹ ਦੇਸ਼ ਦੀ ਰਾਜਧਾਨੀ ਵਿੱਚ ਸਰੇ-ਬਾਜ਼ਾਰ ਕਿਸੇ ਨਾਗਰਿਕ ਪਿਓ-ਪੁੱਤ ਉੱਤੇ ਹੱਲਾ ਬੋਲ ਦਿੰਦਾ ਹੈ?
ਜੇ ਜਸਪਾਲ ਜਾਂ ਸਰਬਜੀਤ ਉੱਤੇ ਜ਼ੁਲਮ ਕਰਨ ਵਾਲੇ ਪੁਲੀਸ ਮੁਲਾਜ਼ਮ ਨੌਕਰੀਓਂ ਬਰਖ਼ਾਸਤ ਕਰ ਦਿੱਤੇ ਜਾਣ ਤਾਂ ਸੋਚੋ ਇਨਸਾਫ਼ ਮੰਗਦੇ ਸਾਡੇ ਕਾਰਕੁਨਾਂ ਦੀ ਭੀੜ ਦਾ ਕਹਿਣਾ ਕੀ ਹੋਵੇਗਾ? ਬਿਆਨ ਆਉਣਗੇ ਕਿ ਸਰਕਾਰ ਲੋਕ-ਰੋਹ ਅੱਗੇ ਝੁਕ ਗਈ ਅਤੇ ਇਨਸਾਫ਼-ਪਸੰਦਾਂ ਦੇ ਏਕੇ ਸਦਕਾ ਦੋਸ਼ੀਆਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ। ਬੱਸ ਸਾਡੀ ਏਸੇ ਮੰਗ ਦੇ ਮੰਨੇ ਜਾਣ ਵਿੱਚ ਹੀ ਸਾਡੀ ਹਾਰ ਵੱਟ ’ਤੇ ਪਈ ਹੈ।
ਦਿੱਲੀ ਦੇ ਮੁਖਰਜੀ ਨਗਰ ਥਾਣੇ ਵਿੱਚੋਂ ਸਰਬਜੀਤ ਨੂੰ ਕੁੱਟਣ ਨਿਕਲੇ ਲੱਠਮਾਰ ਪੁਲੀਸ ਵਾਲਿਆਂ ਦਾ ਕਸੂਰ ਕੇਵਲ ਏਨਾ ਸੀ ਕਿ ਉਸ ਦਿਨ ਉਹ ਡਿਊਟੀ ’ਤੇ ਸਨ ਅਤੇ ਸਰਬਜੀਤ ਮੁਖਰਜੀ ਨਗਰ ਥਾਣੇ ਦੇ ਇਲਾਕੇ ਵਿੱਚੋਂ ਲੰਘ ਰਿਹਾ ਸੀ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਥਾਣਾ ਦਿੱਲੀ ਵਿੱਚ ਹੁੰਦਾ ਜਾਂ ਪੰਜਾਬ ਵਿੱਚ, ਵਰਤਾਰਾ ਐਸਾ ਹੀ ਵਰਤਣਾ ਸੀ।
ਜਿਹੜੇ ਸਰਬਜੀਤ ਦੇ ਸਿੱਖ ਹੋਣ ਦਾ ਹਵਾਲਾ ਦੇ ਕੇ ਇਸ ਵਿੱਚੋਂ ‘ਜੰਗ ਹਿੰਦ ਪੰਜਾਬ ਦਾ ਹੋਣ ਲੱਗਾ’ ਵਾਲੀ ਮਾਨਸਿਕਤਾ ਨਾਲ ਨਾਅਰੇ ਮਾਰ ਰਹੇ ਸਨ ਅਤੇ ਮੁੱਠੀਆਂ ਵੱਟ ਰਹੇ ਸਨ, ਉਹ ਆਪਣੇ ਆਪ ਨੂੰ ਇੱਕ ਹੋਰ ਵੱਖਰੀ ਗੰਭੀਰ ਸਮੱਸਿਆ ਦਾ ਹਿੱਸਾ ਸਮਝਣ, ਹੱਲ ਦਾ ਨਹੀਂ।
ਪੰਜਾਬ ਦੀ ਪੁਲੀਸ ਪੰਜਾਬੀ ਆਦਮੀ ਔਰਤ ਨਾਲ ਜਿਹੜਾ ਲਿਹਾਜ਼ੀ ਸੱਕ-ਪੁਣਾ ਰੋਜ਼ ਨਿਭਾਉਂਦੀ ਹੈ, ਉਹਦੇ ਬਥੇਰੇ ਸਿਹਰੇ ਪੜ੍ਹੇ-ਲਿਖੇ ਜਾ ਚੁੱਕੇ ਹਨ। ਇਸੇ ਪੁਲੀਸ ਵਿੱਚ ਬੈਠੇ ਸੰਵੇਦਨਸ਼ੀਲ ਵਿਅਕਤੀ ਕਿਵੇਂ ਹਰ ਰੋਜ਼ ਆਪਣੀ ਨੌਕਰੀ ਕਰਦੇ ਹਨ ਅਤੇ ਆਪਣੇ ਅੰਦਰਲੇ ਨੂੰ ਵਹਿਸ਼ੀ ਲਾਗ ਤੋਂ ਬਚਾਅ ਕੇ ਰੱਖਦੇ ਹਨ, ਇਹਦੇ ਬਾਰੇ ਗੱਲ ਕਰਨ ਲਈ ਤਾਂ ਅਜੇ ਸਾਡਾ ਕਾਰਕੁੰਨ ਵੀ ਵਿਹਲ ਨਹੀਂ ਕੱਢ ਸਕਿਆ ਕਿਉਂਕਿ ਅਜੇ ਤਾਂ ਅਸੀਂ ਸਿਰਫ਼ ਉਨ੍ਹਾਂ ਲੜਾਈਆਂ ਵਿੱਚ ਸੀਮਤ ਮੰਗਾਂ ਤੱਕ ਮਹਿਦੂਦ ਹਾਂ ਜਿਨ੍ਹਾਂ ਦੀਆਂ ਫ਼ਿਲਮਾਂ ਬਣ ਕੇ ਵਾਇਰਲ ਹੋ ਗਈਆਂ ਹੋਣ।
ਸੋਚ ਕੇ ਵੇਖੋ ਜੇ 24 x 7 ਟੀਵੀ ਤੋਂ ਬਿਨਾਂ ਫ਼ਤਹਿਵੀਰ ਉਸ ਹਨੇਰੀ ਮੋਰੀ ਵਿੱਚ ਡਿੱਗ ਜਾਂਦਾ ਜਾਂ ਮੁਖਰਜੀ ਨਗਰ ਵਿੱਚ ਕੋਈ ਫੋਨ ਦੇ ਕੈਮਰੇ ਨਾਲ ਫ਼ਿਲਮ ਨਾ ਬਣਾਉਂਦਾ, ਫਿਰ ਕੀ ਹੁੰਦਾ? ਕੁਝ ਵੀ ਨਹੀਂ।
ਅਫ਼ਸੋਸ ਇਸ ਦਾ ਨਹੀਂ ਕਿ ਨਾਗਰਿਕ ਦੀ ਜਾਨ ਅਤੇ ਉਹਦੇ ਮਾਣ-ਸਤਿਕਾਰ, ਉਹਦੇ ਮੌਲਿਕ ਅਧਿਕਾਰਾਂ ਦਾ ਵਿਸ਼ਾ ਵੱਡੇ ਰੂਪ ਵਿੱਚ ਲੋਕ ਲਹਿਰ ਨਹੀਂ ਬਣ ਪਾ ਰਿਹਾ। ਅਫ਼ਸੋਸ ਇਸ ਦਾ ਹੈ ਕਿ ਜਦੋਂ ਕਿਸੇ ਫ਼ਤਹਿਵੀਰ, ਜਸਪਾਲ ਜਾਂ ਸਰਬਜੀਤ ਲਈ ਲੋਕ ਲਹਿਰ ਠਾਠਾਂ ਮਾਰ ਕੇ ਉਮੜ ਵੀ ਪਈ ਤਾਂ ਇਹਨੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਅਤੇ ਉਨ੍ਹਾਂ ਦੀ ਸਦਾ ਸਲਾਮਤੀ ਵਾਲੇ ਵਡੇਰੇ ਮੁੱਦਿਆਂ ਵੱਲ ਮੋੜਾ ਨਹੀਂ ਘੱਤਿਆ।
‘‘ਜਾਂਚ ਕਰਵਾਓ, ਦੋਸ਼ੀਆਂ ਨੂੰ ਸਜ਼ਾ ਦਿਓ ਅਤੇ ਪਰਿਵਾਰ ਨੂੰ ਮੁਆਵਜ਼ਾ ਦਿਓ’’ ਵਾਲੀ ਮੰਗ ਉਸ ਭੀੜ ਦੀ ਮੰਗ ਹੁੰਦੀ ਹੈ ਜਿਹੜੀ ਮੁਕਾਮੀ ਤੌਰ ’ਤੇ ਹੋਈ ਘਟਨਾ ਤੋਂ ਬਾਅਦ ਘਰੋਂ ਬਾਹਰ ਨਿਕਲਦੀ ਹੈ। ਉਸ ਲੋਕ ਰੋਹ ਨੂੰ ਸਿਜਦਾ। ਮੁੱਦਿਆਂ ਨੂੰ ਵਿਸ਼ਾਲ ਕਰ, ਲੜਾਈ ਨੂੰ ‘ਸਰਬੱਤ ਦੇ ਭਲੇ’ ਤੱਕ ਦੇ ਦਿਸਹੱਦਿਆਂ ਤੱਕ ਲੈ ਜਾਣ ਵਿੱਚ ਨਾਕਾਮੀ ਦੀ ਕੀਮਤ ਅਗਲਾ ਫ਼ਤਹਿਵੀਰ, ਜਸਪਾਲ ਜਾਂ ਸਰਬਜੀਤ ਹੋਵੇਗਾ। ਕਸੂਰਵਾਰਾਂ ਦੀ ਸੂਚੀ ਵਿੱਚ ਉਸ ਵੇਲੇ ਅਸਾਂ ਤੁਸਾਂ ਆਪਣਾ ਨਾਮ ਆਪ ਲਿਖਣਾ ਹੋਵੇਗਾ।

(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਉਨ੍ਹਾਂ ਸਭਨਾਂ ਦਾ ਦੇਣਦਾਰ ਹੈ ਜਿਹੜੇ ਨਾਅਰਾ ਮਾਰ,

ਮੁੱਠੀ ਵੱਟ ਘਰੋਂ ਨਿਕਲਦੇ ਹਨ।)


Comments Off on ਜਾਂਚ, ਸਜ਼ਾ, ਮੁਆਵਜ਼ਾ – ਲੋਕ ਵਫ਼ਾ ਏਨੀ ਸੀਮਤ ਕਿਉਂ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.